ਅਕਸਰ ਅਜਿਹੇ ਫ਼ਰਮਾਨ ਸਰਕਾਰ, ਰਾਜੇ ਅਤੇ ਸਮਾਜ ਭਾਵ ਪਰਿਵਾਰ ਤੋਂ ਆਉਂਦੇ ਰਹਿੰਦੇ ਹਨ, ਜਿਨ੍ਹਾਂ ਦਾ ਮਕਸਦ ਸਿਰਫ਼ ਇਹ ਤੈਅ ਕਰਨਾ ਹੀ ਨਹੀਂ ਹੁੰਦਾ, ਸਗੋਂ ਉਨ੍ਹਾਂ ਨੂੰ ਜ਼ਬਰਦਸਤੀ ਲਾਗੂ ਕਰਨਾ ਵੀ ਹੁੰਦਾ ਹੈ, ਜਿਸ ਨੂੰ ਸਿੱਧੇ ਸ਼ਬਦਾਂ ਵਿਚ ਨਿੱਜੀ ਆਜ਼ਾਦੀ ਦੀ ਉਲੰਘਣਾ ਕਿਹਾ ਜਾਂਦਾ ਹੈ। ਆਧੁਨਿਕ ਵਿਸ਼ਵੀਕਰਨ ਦੇ ਦੌਰ ਵਿਚ ਸੂਚਨਾ ਪ੍ਰਣਾਲੀ ਅਤੇ ਤਕਨਾਲੋਜੀ ਨੇ, ਦੁਨੀਆ ਹੋਵੇ ਜਾਂ ਸਾਡਾ ਮਨ, ਸਾਰਿਆਂ ਦੇ ਬੰਦ ਖਿੜਕੀਆਂ ਅਤੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸੱਤਾ ਵਿਚ ਆਉਣ ਵਾਲੇ ਮੁੱਠੀ ਭਰ ਲੋਕ, ਅਜਿਹੇ ਸਿਆਸਤਦਾਨ, ਜੋ ਆਰਥਿਕ ਤੌਰ ’ਤੇ ਖੁਸ਼ਹਾਲ ਹਨ ਜਾਂ ਜੋ ਆਪਣੇ ਦਬਦਬੇ ਰਾਹੀਂ ਡਰ ਦਾ ਮਾਹੌਲ ਪੈਦਾ ਕਰਨ ਵਿਚ ਮਾਹਿਰ ਹਨ, ਆਪਣੀ ਮਰਜ਼ੀ ਅਨੁਸਾਰ ਸਾਡੇ ਵਿਸ਼ਾਲ ਦੇਸ਼ ’ਤੇ ਤਾਨਾਸ਼ਾਹੀ ਨਾਲ ਰਾਜ ਕਰਨਾ ਚਾਹੁੰਦੇ ਹਨ।
ਜੜ੍ਹ ਅਤੇ ਰੁੱਖ : ਦੇਸ਼ ਦੀ ਪ੍ਰਜਾ ਇਕ ਰੁੱਖ ਦੀ ਜੜ੍ਹ ਵਾਂਗ ਹੁੰਦੀ ਹੈ ਜਿਸ ਦੇ ਆਸਰੇ ਤਣਾ, ਟਾਹਣੀਆਂ, ਪੱਤੇ ਅਤੇ ਫਲ-ਫੁੱਲ ਪਲਦੇ ਅਤੇ ਵਧਦੇ ਹਨ। ਇਹ ਉਸ ਵੇਲੇ ਹੀ ਹੁੰਦਾ ਹੈ ਜਦੋਂ ਜੜ੍ਹ ਨੂੰ ਖਾਦ, ਪਾਣੀ ਅਤੇ ਹੋਰ ਪੌਸ਼ਟਿਕ ਤੱਤਾਂ ਨਾਲ ਮਜ਼ਬੂਤ ਬਣਾਈ ਰੱਖਿਆ ਜਾਂਦਾ ਹੈ। ਰੁੱਖ ਰਾਜਾ ਜਾਂ ਲੋਕਤੰਤਰ ’ਚ ਸਰਕਾਰ ਵਰਗਾ ਹੁੰਦਾ ਹੈ। ਜਦੋਂ ਉਹ ਆਪਣੇ ਹੰਕਾਰ ਵਿਚ ਚੂਰ ਹੋ ਕੇ ਜੜ੍ਹ ਨੂੰ ਹੀ ਪੁੱਟ ਕੇ ਉਸ ਨੂੰ ਭਾਵ ਲੋਕਾਂ ਨੂੰ ਹੀ ਤਬਾਹ ਕਰਨਾ ਚਾਹੇ, ਤਾਂ ਇਹੀ ਹੋਵੇਗਾ ਨਾ ਕਿ ਜਿਸ ਟਾਹਣੀ ’ਤੇ ਬੈਠੇ ਉਸੇ ਨੂੰ ਸੱਤਾ ਦੀ ਤਲਵਾਰ ਨਾਲ ਕੱਟ ਰਹੇ ਹਨ। ਇਹ ਸਵਾਲ ਸੋਚਣ ਅਤੇ ਵਿਚਾਰਨਯੋਗ ਹੈ ਕਿਉਂਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਸਮੇਤ ਸਾਡੇ ਨੇਤਾ ਲੋਕਾਂ ਦੀਆਂ ਨਿੱਜੀ ਜ਼ਿੰਦਗੀਆਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਵਲੋਂ ਜਦੋਂ ਇਹੋ ਜਿਹੀਆਂ ਨਸੀਹਤਾਂ ਅਤੇ ਉਨ੍ਹਾਂ ਨੂੰ ਮੰਨਣ ਦੇ ਹੁਕਮ ਆਉਂਦੇ ਹਨ ਤੇ ਮਜ਼ਾ ਤਾਂ ਇਹ ਹੈ ਕਿ ਉਹ ਕਾਨੂੰਨ ਤੱਕ ਵੀ ਬਣਾ ਦਿੰਦੇ ਹਨ ਕਿ ਕੋਈ ਕੀ ਖਾਵੇਗਾ, ਕੀ ਪੀਵੇਗਾ, ਕੀ ਪਹਿਨੇਗਾ, ਕਿਵੇਂ ਉੱਠਣਾ, ਤੁਰਨਾ ਅਤੇ ਬੋਲਣਾ ਚਾਹੀਦਾ ਹੈ।
ਅਜਿਹੀ ਸਥਿਤੀ ਵਿਚ ਸਮਾਜ ਦੇ ਕੱਟੜਪੰਥੀਆਂ ਦੀਆਂ ਪੌ ਬਾਰਾਂ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਸਰਕਾਰ ਦੀ ਸੁਰੱਖਿਆ ਹੁੰਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਨੌਜਵਾਨਾਂ ਨੂੰ ਆਪਣੇ ਹੀ ਰੂੜੀਵਾਦੀ ਪਰਿਵਾਰ ਦੇ ਕੰਟਰੋਲ ਦੀਆਂ ਜੰਜ਼ੀਰਾਂ ਤੋੜ ਕੇ ਕਿਤੇ ਹੋਰ ਜਾਣਾ ਹੀ ਬਿਹਤਰ ਲੱਗਦਾ ਹੈ। ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ, ਉਹ ਪੜ੍ਹਾਈ ਅਤੇ ਨੌਕਰੀ ਲਈ ਦੂਰ ਚਲੇ ਜਾਂਦੇ ਹਨ ਅਤੇ ਪਰਿਵਾਰ ਨਾਲ ਮਾਮੂਲੀ ਜਿਹਾ ਰਿਸ਼ਤਾ ਵੀ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਉਥੇ ਪਾਬੰਦੀਆਂ ਤੋਂ ਇਲਾਵਾ ਕੁਝ ਨਹੀਂ ਹੈ ਅਤੇ ਇੱਥੇ ਰਹਿਣ ਅਤੇ ਉਡਾਣ ਭਰਨ ਲਈ ਖੁੱਲ੍ਹਾ ਆਸਮਾਨ ਹੈ।
ਸਮਾਜਿਕ ਮਨਾਹੀਆਂ : ਜਦੋਂ ਲੜਕੇ ਅਤੇ ਲੜਕੀਆਂ ਇਕੱਠੇ ਪੜ੍ਹਦੇ ਹਨ, ਨੌਕਰੀ ਜਾਂ ਕਾਰੋਬਾਰ ਕਰਨਾ ਸ਼ੁਰੂ ਕਰਦੇ ਹਨ, ਤਾਂ ਉਨ੍ਹਾਂ ’ਚ ਨੇੜਤਾ ਹੋਣੀ ਸੁਭਾਵਿਕ ਹੈ। ਉਹ ਲਿਵ-ਇਨ ਅਪਣਾ ਲੈਂਦੇ ਹਨ ਅਤੇ ਵਿਆਹ ਦੇ ਬੰਧਨ ਵਿਚ ਬੱਝਣ ਦੀ ਬਜਾਏ, ਉਹ ਜਿੰਨਾ ਚਿਰ ਨਿਭ ਜਾਵੇ ਇਕੱਠੇ ਰਹੋ, ਜਦੋਂ ਮੁਸ਼ਕਲ ਹੋ ਜਾਵੇ ਤਾਂ ਵੱਖ ਹੋ ਜਾਵੋ ਜਾਂ ਕੋਈ ਨਵਾਂ ਸਾਥੀ, ਜਿਸ ਨਾਲ ਮਨ ਮਿਲ ਜਾਵੇ, ਨਾਲ ਰਹਿਣ ਲੱਗੋ। ਨਤੀਜਾ ਇਹ ਹੁੰਦਾ ਹੈ ਕਿ ਉਹ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ। ਇਹ ਸਮੱਸਿਆ ਭਾਰਤ ਲਈ ਨਵੀਂ ਹੈ ਪਰ ਬਰਤਾਨੀਆ, ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਲੰਬੇ ਸਮੇਂ ਤੋਂ ਹੈ। ਉੱਥੇ ਲੋਕ ਹੁਣ ਆਪਣੇ ਤੋਂ ਇਲਾਵਾ ਕਿਸੇ ਹੋਰ ਵੱਲ ਧਿਆਨ ਨਹੀਂ ਦਿੰਦੇ ਕਿ ਉਸ ਨੇ ਕੀ ਪਹਿਨਿਆ, ਕੀ ਖਾਧਾ-ਪੀਤਾ ਅਤੇ ਕਿਵੇਂ ਜੀਵਿਆ।
ਸਾਡੇ ਇਕ ਸੀਨੀਅਰ ਕੇਂਦਰੀ ਮੰਤਰੀ ਕਹਿੰਦੇ ਹਨ ਕਿ ਨੌਜਵਾਨ ਵਰਗ ਕੁਰਾਹੇ ਪੈ ਗਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਵਿਚ ਰੱਖਣ ਦੀ ਲੋੜ ਹੈ। ਵਿਆਹ ਕੀਤੇ ਬਿਨਾਂ ਇਕੱਠੇ ਰਹਿਣਾ ਉਨ੍ਹਾਂ ਦੀ ਕਲਪਨਾ ਵਿਚ ਵੀ ਨਹੀਂ ਸੀ। ਅਸਲੀਅਤ ਇਹ ਹੈ ਕਿ ਅੱਜ ਦੇ ਨੌਜਵਾਨਾਂ ਨੂੰ ਆਪਣੇ ਹੀ ਪਰਿਵਾਰ ਵਿਚ ਮਾਂ ਨਾਲ ਪਿਤਾ ਦੇ ਦੁਰਵਿਵਹਾਰ ਅਤੇ ਕੁੱਟਮਾਰ ਦੇਖ ਕੇ ਅਤੇ ਉਨ੍ਹਾਂ ਦੇ ਕਦੇ ਵੀ ਵੱਖ ਨਾ ਹੋਣ ਦੀ ਦਹਿਸ਼ਤ ਨੂੰ ਦੇਖ ਕੇ, ਇਹ ਡਰ ਸਤਾਉਣ ਲੱਗ ਪਿਆ ਹੈ ਕਿ ਜੇਕਰ ਉਨ੍ਹਾਂ ਦਾ ਵਿਆਹ ਹੋ ਗਿਆ ਤਾਂ ਉਨ੍ਹਾਂ ਦੀ ਜ਼ਿੰਦਗੀ ਤਲਾਕ ਲੈਣ ’ਚ ਹੀ ਗਰਕ ਹੋ ਜਾਵੇਗੀ। ਹਾਲਾਂਕਿ ਐੱਲ. ਜੀ. ਬੀ. ਟੀ. ਕਾਨੂੰਨ ਹੈ ਪਰ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ। ਜੇਕਰ ਇਸ ਵਰਗ ਦੇ ਲੋਕ ਇਕ ਪਰਿਵਾਰ ਵਾਂਗ ਰਹਿਣਾ ਚਾਹੁੰਦੇ ਹਨ ਤਾਂ ਇਨ੍ਹਾਂ ਥੋੜ੍ਹੇ ਲੋਕਾਂ ਨੂੰ ਇਕੱਠੇ ਰਹਿਣ ਦਿਓ, ਤੁਸੀਂ ਇਨ੍ਹਾਂ ਨੂੰ ਖ਼ਤਰਾ ਕਿਉਂ ਸਮਝਦੇ ਹੋ।
ਜੇਕਰ ਸ਼ਾਸਨ ਨੇ ਹੀ ਸਿਰਫ਼ ਖਾਣ-ਪੀਣ ਅਤੇ ਕੱਪੜਿਆਂ ਬਾਰੇ ਹੀ ਨਹੀਂ, ਕਿਹੜੀ ਫ਼ਿਲਮ ਦੇਖਣੀ ਹੈ, ਕਿਸ ਤਰ੍ਹਾਂ ਦਾ ਸੰਗੀਤ ਸੁਣਨਾ ਹੈ ਜਾਂ ਕਿਸੇ ਕਲਾਕਾਰ, ਚਿੱਤਰਕਾਰ ਜਾਂ ਸ਼ਿਲਪਕਾਰ ਨੂੰ ਕਿਸ ਤਰ੍ਹਾਂ ਦੀ ਕਲਾ ਦਾ ਕੰਮ ਕਰਨਾ ਚਾਹੀਦਾ ਹੈ, ਨਿਰਧਾਰਤ ਕਰਨਾ ਹੈ ਤਾਂ ਇਹ ਤਾਨਾਸ਼ਾਹੀ ਤੋਂ ਇਲਾਵਾ ਹੋਰ ਕੀ ਹੋਵੇਗਾ?
ਜਾਤ-ਪਾਤ ਅਤੇ ਧਰਮ : ਇਕ ਹੋਰ ਮੁੱਦਾ ਜੋ ਅਕਸਰ ਸ਼ਾਂਤੀ ਪਸੰਦ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ, ਉਹ ਹੈ ਜਾਤ-ਬਿਰਾਦਰੀ ਅਤੇ ਧਰਮ, ਰਵਾਇਤੀ ਰੀਤੀ-ਰਿਵਾਜਾਂ ਅਤੇ ਮਾਨਤਾਵਾਂ। ਸਾਡੇ ਦੇਸ਼ ਵਿਚ ਅੱਜ ਤੋਂ ਨਹੀਂ ਸਗੋਂ ਪੁਰਾਤਨ ਅਤੇ ਪੌਰਾਣਿਕ ਕਾਲ ਤੋਂ ਹੀ ਅੰਤਰ-ਜਾਤੀ ਵਿਆਹ ਹੁੰਦੇ ਆ ਰਹੇ ਹਨ ਅਤੇ ਅੰਤਰ-ਧਾਰਮਿਕ ਵਿਆਹਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਅੱਜ ਅਜਿਹੇ ਹਜ਼ਾਰਾਂ ਜੋੜੇ ਹੋਣਗੇ ਜੋ ਕਿਸੇ ਹੋਰ ਜਾਤ ਦੇ ਲੜਕੇ ਜਾਂ ਲੜਕੀ ਨਾਲ ਵਿਆਹ ਕਰਾਉਣ ਤੋਂ ਬਾਅਦ ਆਪਣੇ ਹੀ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹੋਣਗੇ।
ਇਹ ਨੌਜਵਾਨ ਆਪਣੇ ਮਾਤਾ-ਪਿਤਾ ਜਾਂ ਭੈਣ-ਭਰਾ ਦਾ ਮੂੰਹ ਦੇਖਣ ਨੂੰ ਵੀ ਤਰਸਦੇ ਹਨ, ਪਰ ਪਰਿਵਾਰ ਦੀ ਨਕਲੀ ਇੱਜ਼ਤ ਦੀਆਂ ਬੇੜੀਆਂ ਵਿਚ ਜਕੜੇ ਇਹ ਲੋਕ ਸਾਰੀ ਉਮਰ ਪੱਥਰ ਵਾਂਗ ਨਹੀਂ ਪਸੀਜਦੇ। ‘ਕੌਨ ਬਨੇਗਾ ਕਰੋੜਪਤੀ’ ’ਚ ਅਜਿਹੇ ਕਈ ਪਤੀ-ਪਤਨੀ ਦੀਆਂ ਕਹਾਣੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਹਨ ਕਿ ਕਿਵੇਂ ਦੂਜੀ ਜਾਤ ਜਾਂ ਧਰਮ ਦੇ ਵਿਅਕਤੀ ਨਾਲ ਵਿਆਹ ਕਰਨ ’ਤੇ ਉਹ ਬੇਕਸੂਰ ਹੋਣ ਦੇ ਬਾਵਜੂਦ ਅਪਰਾਧੀ ਵਰਗਾ ਜੀਵਨ ਬਤੀਤ ਕਰ ਰਹੇ ਹਨ। ਸਾਡੇ ਸੰਵਿਧਾਨ ਵਿਚ ਸਮਾਜਿਕ ਚੇਤਨਾ, ਭਾਈਚਾਰਾ, ਸਮਾਨਤਾ ਅਤੇ ਸੁਰੱਖਿਆ ਦੇ ਸਬੰਧਾਂ ਦੀ ਵੀ ਬਹੁਤ ਗਹਿਰਾਈ ਨਾਲ ਵਿਆਖਿਆ ਕੀਤੀ ਗਈ ਹੈ। ਕਿਸੇ ਨੂੰ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਝਾਕਣ ਦਾ ਅਧਿਕਾਰ ਨਹੀਂ ਹੈ। ਵਿਅਕਤੀ ਨੂੰ ਉਸ ਦੀ ਸਰੀਰਕ ਅਤੇ ਮਾਨਸਿਕ ਸਮਰੱਥਾ ਅਤੇ ਆਪਣੇ ਵਿਵੇਕ ਦੇ ਆਧਾਰ ’ਤੇ ਫੈਸਲੇ ਲੈਣ ਦੀ ਆਜ਼ਾਦੀ ਹੈ।
ਉਹ ਆਪਣੀ ਇੱਛਾ ਅਨੁਸਾਰ ਅਤੇ ਜਿਵੇਂ ਰਹਿਣ ਨਾਲ ਉਸ ਨੂੰ ਖੁਸ਼ੀ ਮਿਲਦੀ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ। ਇਹ ਗੱਲ ਸਿਰਫ਼ ਸੰਵਿਧਾਨ ਵਿਚ ਹੀ ਨਹੀਂ ਸਗੋਂ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿਚ ਵੀ ਸਪੱਸ਼ਟ ਸ਼ਬਦਾਂ ਵਿਚ ਦੱਸੀ ਗਈ ਹੈ। ਹੁਣ ਜਾਂ ਤਾਂ ਇਹ ਸਭ ਜੋ ਸਾਨੂੰ ਸਿਖਾਇਆ ਗਿਆ ਹੈ, ਗਲਤ ਹੈ ਜਾਂ ਇਹ ਕੁਝ ਲੋਕਾਂ ਦਾ ਢਕਵੰਜ, ਜੋ ਚਾਹੁੰਦੇ ਹਨ ਕਿ ਨੌਜਵਾਨ ਪੜ੍ਹੇ-ਲਿਖੇ ਲੋਕ ਉਨ੍ਹਾਂ ਦੀ ਕਠਪੁਤਲੀ ਬਣ ਕੇ ਰਹਿਣ।
ਕਿਸੇ ਦੇਸ਼ ਲਈ ਇਹ ਨਾ ਤਾਂ ਸੰਭਵ ਹੈ ਅਤੇ ਨਾ ਹੀ ਕਦੇ ਸੰਭਵ ਹੋਵੇਗਾ ਕਿ ਉਹ ਆਪਣੇ ਨੌਜਵਾਨਾਂ ਨੂੰ ਮਾਨਸਿਕ ਤੌਰ ’ਤੇ ਗੁਲਾਮ ਬਣਾ ਕੇ ਰੱਖੇ ਅਤੇ ਉਹ ਕੁਝ ਨਾ ਕਹਿਣ ਪਰ ਚੁੱਪ-ਚਾਪ ਸੁਣਦੇ ਅਤੇ ਮੰਨਦੇ ਰਹਿਣ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਕਿ ਜੇਕਰ ਸਰਕਾਰ ਅਤੇ ਕੁਝ ਕੱਟੜਪੰਥੀ ਨਾ ਸੁਧਰੇ ਤਾਂ ਨੌਜਵਾਨ ਆਪਣੀ ਏਕਤਾ ਅਤੇ ਆਧੁਨਿਕ ਵਿਗਿਆਨਕ ਸੋਚ ਦੇ ਸਹਾਰੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਸੰਘਰਸ਼ ਕਰਨ ਨਾ ਨਿਕਲ ਪੈਣ?
-ਪੂਰਨ ਚੰਦ ਸਰੀਨ
ਬੱਚਿਆਂ ਦੇ ਮਿਡ-ਡੇ ਮੀਲ ’ਚ ਹੋ ਰਹੀ ਵੱਡੇ ਪੈਮਾਨੇ ’ਤੇ ਹੇਰਾਫੇਰੀ
NEXT STORY