3 ਮਈ, 2023 ਦੇ ਫੈਸਲੇ ਵਿਚ ‘ਮੈਤੇਈ’ ਭਾਈਚਾਰੇ ਨੂੰ ਅਨੁਸੂਚਿਤ ਜਾਤੀ ਦਾ ਦਰਜਾ ਦੇਣ ਦੀ ਮਣੀਪੁਰ ਹਾਈ ਕੋਰਟ ਦੀ ਸਿਫ਼ਾਰਸ਼ ਦੇ ਖ਼ਿਲਾਫ਼ ‘ਮੈਤੇਈ’ ਅਤੇ ‘ਕੁਕੀ’ ਭਾਈਚਾਰਿਆਂ ਦਰਮਿਆਨ ਸ਼ੁਰੂ ਹੋਈ ਜਾਤੀ ਹਿੰਸਾ 560 ਦਿਨਾਂ ਬਾਅਦ ਵੀ ਜਾਰੀ ਹੈ। ਇਸ ਦੇ ਸਿੱਟੇ ਵਜੋਂ ਘੱਟ ਤੋਂ ਘੱਟ 237 ਲੋਕਾਂ ਦੀ ਮੌਤ ਤੋਂ ਇਲਾਵਾ 2000 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਦੌਰਾਨ ਔਰਤਾਂ ਦੀ ‘ਨਗਨ ਪਰੇਡ’, ‘ਗੈਂਗ ਰੇਪ, ਜਿਊਂਦੇ ਸਾੜਨ ਅਤੇ ਗਲ਼ਾ ਵੱਢਣ ਵਰਗੀਆਂ ਅਣਮਨੁੱਖੀ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ।
ਬੀਤੀ 1 ਅਗਸਤ , 2024 ਨੂੰ ‘ਕੁਕੀ’ ਅਤੇ ‘ਮੈਤੇਈ’ ਧੜਿਆ ਦਰਮਿਆਨ ਸ਼ਾਂਤੀ ਸਮਝੌਤੇ ’ਤੇ ਦਸਤਖਤ ਅਤੇ ਫਿਰ 15 ਅਕਤੂਬਰ, 2024 ਨੂੰ ਦਿੱਲੀ ’ਚ ‘ਮੈਤੇਈ’ ਅਤੇ ‘ਕੁਕੀ’ ਵਿਧਾਇਕਾਂ ਦੀ ਮੀਟਿੰਗ ’ਚ ਭਵਿੱਖ ’ਚ ਹਿੰਸਕ ਘਟਨਾਵਾਂ ਨਾ ਹੋਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਇਹ ਸਿਲਸਿਲਾ ਜਾਰੀ ਹੈ। ਇਸ ਦੇ ਮੱਦੇਨਜ਼ਰ 17 ਅਕਤੂਬਰ, 2024 ਨੂੰ ਮਣੀਪੁਰ ’ਚ ਭਾਜਪਾ ਦੇ 19 ਵਿਧਾਇਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖ਼ਤ ਲਿਖ ਕੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੂੰ ਹਟਾਉਣ ਦੀ ਮੰਗ ਵੀ ਕਰ ਚੁੱਕੇ ਹਨ।
7 ਨਵੰਬਰ ਰਾਤ ਤੋਂ ਸ਼ੁਰੂ ਤਾਜ਼ਾ ਝੜਪਾਂ ’ਚ ‘ਕੁਕੀ’ ਅਤੇ ‘ਮੈਤੇਈ’ ਭਾਈਚਾਰਿਆਂ ਦੀ ਇਕ ਔਰਤ ਨਾਲ ਜਬਰ-ਜ਼ਨਾਹ ਅਤੇ ਜਿਊਂਦੇ ਸਾੜ ਦਿੱਤੇ ਜਾਣ ਪਿੱਛੋਂ ਥਾਂ-ਥਾਂ ’ਤੇ ਹਿੰਸਾ ਅਤੇ ਸਾੜ-ਫੂਕ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਇਸ ਦੌਰਾਨ ਡੇਢ ਸਾਲ ’ਚ ਪਹਿਲੀ ਵਾਰ ‘ਪੋਰੋਸਪੋਤ’ ਪਿੰਡ ’ਚ ‘ਮੈਤੇਈ’ ਭਾਈਚਾਰੇ ਦੇ ਇਕ ਡਾਕਟਰ ਨੂੰ ਗੋਲੀ ਮਾਰ ਦਿੱਤੀ ਗਈ। ਪੂਰਬੀ ਇੰਫਾਲ ਜ਼ਿਲੇ ’ਚ ਹਥਿਆਰਬੰਦ ਅੱਤਵਾਦੀਆਂ ਨੇ ਕਈ ਥਾਵਾਂ ’ਤੇ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ ਅਤੇ ਬੰਬ ਸੁੱਟੇ ਜਿਸ ਨਾਲ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਸੇ ਦਿਨ ‘ਮੈਤੇਈ’ ਅਤੇ ‘ਕੁਕੀ’ ਅੱਤਵਾਦੀਆਂ ਨੇ ਖੇਤਾਂ ’ਚ ਝੋਨੇ ਦੀ ਕਟਾਈ ਕਰ ਰਹੇ ਕਿਸਾਨਾਂ ’ਤੇ ਹੱਥਗੋਲੇ ਸੁੱਟੇ।
ਇਸੇ ਦਰਮਿਆਨ ‘ਕੁਕੀ’ ਸੰਗਠਨ ਵਲੋਂ ਦਾਇਰ ਪਟੀਸ਼ਨ ਦੇ ਆਧਾਰ ’ਤੇ ਪਿਛਲੇ ਦਿਨੀਂ ਮਣੀਪੁਰ ’ਚ ਵਾਇਰਲ ਹੋਏ ਕੁਝ ਆਡੀਓ ਕਲਿੱਪਾਂ ਦੀ ਜਾਂਚ ਕਰਨ ਦਾ ਸੁਪਰੀਮ ਕੋਰਟ ਨੇ ਹੁਕਮ ਦਿੱਤਾ, ਜਿਸ ’ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ‘ਕੁਕੀ’ ਲੋਕਾਂ ’ਤੇ ਬੰਬਾਰੀ ਕਰਨ ਅਤੇ ਹਥਿਆਰ ਲੁੱਟਣ ਦੀ ਗੱਲ ਕਹਿੰਦੇ ਸੁਣਾਈ ਦੇ ਰਹੇ ਹਨ।
ਸੁਰੱਖਿਆ ਲਈ ਅਹਿਮ ਮਣੀਪੁਰ ਵਰਗੇ ਸੂਬੇ ’ਚ ਇੰਨੇ ਲੰਬੇ ਸਮੇਂ ਤੋਂ ਜਾਰੀ ਹਿੰਸਾ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ। ਹਾਲਾਂਕਿ ਸੁਰੱਖਿਆ ਬਲਾਂ ਨੇ 11 ਨਵੰਬਰ ਨੂੰ ਮਣੀਪੁਰ ’ਚ 11 ਅੱਤਵਾਦੀ ਮਾਰ ਸੁੱਟੇ ਹਨ ਪਰ ਇਸ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ ਕਿਉਂਕਿ ਜਿੰਨੀ ਜਲਦੀ ਹੋ ਸਕੇ ਇਸ ਦਾ ਹੱਲ ਹੋਣਾ ਹੀ ਦੇਸ਼ ਅਤੇ ਇਸ ਅਸ਼ਾਂਤ ਸੂਬੇ ਦੇ ਹਿੱਤ ’ਚ ਹੈ।
-ਵਿਜੇ ਕੁਮਾਰ
ਦੇਸ਼ ਦੀ ਬਜਾਏ ਵੋਟ ਬੈਂਕ ਦੇ ਵਿਕਾਸ ਦੀ ਸਿਆਸਤ
NEXT STORY