ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਵਿਚ ਜੇਕਰ ਕਿਸੇ ਇਕ ਸ਼ਖਸੀਅਤ ਦੀ ਮੌਜੂਦਗੀ ਸਦੀਆਂ ਤੋਂ ਅਡੋਲ, ਉੱਜਵਲ ਅਤੇ ਅਮਰ ਰਹੀ ਹੈ ਤਾਂ ਉਹ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਪੀੜ੍ਹੀ ਦਰ ਪੀੜ੍ਹੀ ਮਨੁੱਖਤਾ ਦੇ ਸੱਚੇ ਰੱਖਿਅਕ, ਅੱਤਿਆਚਾਰ ਦੇ ਵਿਰੁੱਧ ਅਦੁੱਤੀ ਹਿੰਮਤ ਦੇ ਪ੍ਰਤੀਕ ਅਤੇ ਧਾਰਮਿਕ ਆਜ਼ਾਦੀ ਦੇ ਮਹਾਨ ਰੱਖਿਅਕ ਦੇ ਰੂਪ ਵਿਚ ਜਾਣੇ ਜਾਂਦੇ ਹਨ। ਉਨ੍ਹਾਂ ਦਾ ਬਲਿਦਾਨ ਸਿਰਫ ਇਕ ਭਾਈਚਾਰੇ ਜਾਂ ਖੇਤਰ ਦੇ ਲਈ ਨਹੀਂ ਸੀ ਸਗੋਂ ਸੰਪੂਰਨ ਮਨੁੱਖਤਾ ਦੇ ਲਈ ਸੀ। ਇਕ ਅਜਿਹਾ ਬਲਿਦਾਨ, ਜਿਸ ਨੇ ਭਾਰਤ ਦੀ ਅਧਿਆਤਮਕ ਆਤਮਾ ਨੂੰ ਸੁਰੱਖਿਅਤ ਰੱਖਿਆ ਅਤੇ ‘ਵਸੁਧੈਵ ਕੁਟੰਬਕਮ’ ਦੇ ਸਿਧਾਂਤ ਨੂੰ ਜੀਵਨ ਵਿਚ ਲਿਆਂਦਾ।
ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਨੌਵੇਂ ਨਾਨਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਬਚਪਨ ਦਾ ਨਾਂ ਤਿਆਗ ਮੱਲ ਸੀ। ਉਹ ਛੇਵੇਂ ਪਾਤਿਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੀ ਸੰਤਾਨ ਸਨ। ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਚ ਹੋਇਆ। ਉਥੇ ਅੱਜ ਗੁਰਦੁਆਰਾ ‘ਗੁਰੂ ਕੇ ਮਹੱਲ’ ਦੇ ਨਾਂ ਨਾਲ ਸੁਸ਼ੋਭਿਤ ਹੈ।
ਭਾਰਤ ਵਿਚ ਉਸ ਸਮੇਂ ਬਹੁਤਾਤ ਸਨਾਤਨ ਨੂੰ ਮੰਨਣ ਵਾਲਿਆਂ ਦੀ ਸੀ। ਔਰੰਗਜ਼ੇਬ ਵੱਲੋਂ ਧਰਮ ਤਬਦੀਲੀ ਲਈ ਕੀਤੇ ਜਾ ਰਹੇ ਅੱਤਿਆਚਾਰ ਤੋਂ ਸਤਾਏ ਹੋਏ ਉਸ ਸਮੇਂ ਦੇ ਹਿੰਦੂ ਨੇਤਾ ਪੰਡਿਤ ਕ੍ਰਿਪਾ ਰਾਮ ਜੀ ਨੇ ਕਸ਼ਮੀਰ ਤੋਂ ਆਪਣੇ ਸਾਥੀਆਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ (ਪੰਜਾਬ) ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਕੇ ਕੀਤੇ ਜਾ ਰਹੇ ਜ਼ੁਲਮ ਨੂੰ ਰੋਕਣ ਅਤੇ ਧਰਮ ਦੀ ਰੱਖਿਆ ਕਰਨ ਦੀ ਬੇਨਤੀ ਕੀਤੀ।
ਗੁਰੂ ਜੀ ਨੇ ਉਨ੍ਹਾਂ ਦੀ ਫਰਿਆਦ ਸੁਣ ਕੇ ਕਿਹਾ ਕਿ ਅਜਿਹੇ ਅੱਤਿਆਚਾਰ ਨੂੰ ਰੋਕਣ ਲਈ ਕਿਸੇ ਮਹਾਪੁਰਖ ਨੂੰ ਬਲਿਦਾਨ ਦੇਣਾ ਪਵੇਗਾ। ਉਸ ਸਮੇਂ ਬਾਲਕ ਗੋਬਿੰਦ ਰਾਏ ਨੇ ਪੂਰੀ ਗੱਲਬਾਤ ਸੁਣ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਕਿ ਆਪ ਜੀ ਤੋਂ ਵੱਡਾ ਕੋਈ ਹੋਰ ਮਹਾਪੁਰਸ਼ ਨਹੀਂ ਹੈ, ਇਸ ਲਈ ਬਲਿਦਾਨ ਤੁਹਾਨੂੰ ਹੀ ਦੇਣਾ ਚਾਹੀਦਾ ਹੈ। ਇਹ ਸੁਣ ਕੇ, ਗੁਰੂ ਜੀ ਨੇ ਅੰਤਰਧਿਆਨ ਹੁੰਦੇ ਹੋਏ ਆਏ ਫਰਿਆਦੀਆਂ ਨੂੰ ਕਿਹਾ ਕਿ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਧਰਮ ਪਰਿਵਰਤਨ ਕਰ ਲੈਣਗੇ, ਤਾਂ ਪੂਰਾ ਭਾਰਤ ਵਰਸ਼ ਇਸਲਾਮ ਕਬੂਲ ਕਰ ਲਵੇਗਾ। ਇਹ ਸੰਦੇਸ਼ ਜਦੋਂ ਔਰੰਗਜ਼ੇਬ ਨੂੰ ਮਿਲਿਆ ਤਾਂ ਉਸ ਨੇ ਗੁਰੂ ਜੀ ਨੂੰ ਦਿੱਲੀ ਦਰਬਾਰ ਵਿਚ ਹਾਜ਼ਰ ਹੋ ਕੇ ਇਸਲਾਮ ਕਬੂਲ ਕਰਨ ਲਈ ਕਿਹਾ।
ਉਦੋਂ ਉਨ੍ਹਾਂ ਨੇ ਦ੍ਰਿੜ੍ਹਤਾਪੂਰਵਕ ਫਤਵਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਬਾਦਸ਼ਾਹ ਨੇ ਆਪਣੇ ਹੁਕਮ ਦੀ ਉਲੰਘਣਾ ਦਾ ਨਤੀਜਾ ਮੌਤ ਦੇ ਰੂਪ ਵਿਚ ਕਬੂਲਣ ਲਈ ਕਿਹਾ। ਸਜ਼ਾ ਦੀ ਤਾਰੀਖ 11 ਨਵੰਬਰ 1675 ਤਹਿ ਕਰ ਕੇ ਚਾਂਦਨੀ ਚੌਕ, ਦਿੱਲੀ ਵਿਚ ਗੁਰੂ ਜੀ ਦੇ ਨਾਲ ਗਏ ਤਿੰਨ ਸ਼ਰਧਾਲੂਆਂ-ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਮਤੀ ਦਾਸ ਜੀ ਨੂੰ ਤਰਤੀਬਵਾਰ : ਦੇਗ ਵਿਚ ਉਬਾਲ ਕੇ, ਰੂੰ ਵਿਚ ਲਪੇਟ ਤੇ ਸਾੜ ਕੇ ਅਤੇ ਆਰੇ ਨਾਲ ਚੀਰ ਕੇ ਸ਼ਹੀਦ ਕਰਨ ਦੇ ਬਾਅਦ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਨਾ ਘਬਰਾਏ, ਸਗੋਂ ਦ੍ਰਿੜ੍ਹ ਰਹੇ ਤਾਂ ਗੁਰੂ ਜੀ ਦਾ ਸੀਸ ਵੀ ਧੜ ਤੋਂ ਵੱਖ ਕਰ ਦਿੱਤਾ ਗਿਆ।
ਇੰਨਾ ਹੀ ਨਹੀਂ, ਭਾਈ ਜੈਤਾ ਜੀ ਨੂੰ ਦਿੱਲੀ ਤੋਂ ਆਉਂਦੇ ਹੋਏ ਪਿੰਡ ਗੜ੍ਹੀਕੁਸ਼ਾਲਾ (ਬਡ ਖਾਲਸਾ) ਸੋਨੀਪਤ ਵਿਚ ਸੀਸ ਸਮੇਤ ਮੁਗਲ ਫੌਜ ਨੇ ਘੇਰ ਲਿਆ। ਇਸ ਪਿੰਡ ਦੇ ਗੁਰੂਘਰ ਦੇ ਇਕ ਸਮਰਪਿਤ ਸੇਵਕ ਭਾਈ ਕੁਸ਼ਾਲਾ ਸਿੰਘ ਦਹੀਆ ਨੇ ਆਪਣੇ ਸੀਸ ਨੂੰ ਪੁੱਤਰ ਰਾਹੀਂ ਫੌਜ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਭਾਈ ਜੈਤਾ ਜੀ ਫੌਜ ਨੂੰ ਝਕਾਨੀ ਦੇ ਕੇ ਸੀਸ ਸਮੇਤ ਤਰਾਵੜੀ, ਅੰਬਾਲਾ ਤੋਂ ਹੰੁਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਜੀ ਦੇ ਸੀਸ ਨੂੰ ਅਨੰਦਪੁਰ ਸਾਹਿਬ ਪਹੁੰਚਾਉਣ ਲਈ ਭਾਈ ਜੈਤਾ ਜੀ ਨੇ ਸੇਵਾ ਨਿਭਾਈ। ਪਵਿੱਤਰ ਸਰੀਰ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ, ਜੋ ਕਿ ਉਸ ਸਮੇਂ ਦੇ ਵਿਸ਼ਵ ਦੇ ਸਭ ਤੋਂ ਵੱਡੇ ਅਮੀਰ ਲੋਕਾਂ ਵਿਚ ਸ਼ੁਮਾਰ ਸਨ, ਨੇ ਆਪਣੇ ਪਿੰਡ ਰਾਏਸੀਨਾ (ਦਿੱਲੀ) ਵਿਚ ਆਪਣੇ ਘਰ ਵਿਚ ਰੱਖ ਕੇ ਕੀਤਾ। ਇਸ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਦੇ ਬਾਅਦ ਹੀ ਮੁਗਲੀਆ ਸਲਤਨਤ ਦਾ ਪਤਨ ਹੋਣਾ ਤੈਅ ਹੋ ਗਿਆ।
ਇਹ ਸਾਡਾ ਮਾਣ ਹੈ ਕਿ ਸਾਡਾ ਹਿੰਦੋਸਤਾਨ ਗੁਰੂਆਂ, ਸੰਤਾਂ, ਮਹਾਪੁਰਸ਼ਾਂ ਤੇ ਫਕੀਰਾਂ ਦਾ ਦੇਸ਼ ਹੈ। ਇਥੇ ਹੀ ਹਰਿਆਣਾ ਪ੍ਰਦੇਸ਼ ਵਿਚ ਕੁਰੂਕਸ਼ੇਤਰ ਦੀ ਧਰਤੀ ’ਤੇ ਅਧਰਮ ਦੇ ਵਿਰੁੱਧ ਧਰਮ ਦੀ ਰੱਖਿਆ ਲਈ ਮਹਾਭਾਰਤ ਦਾ ਯੁੱਧ ਹੋਇਆ। ਇਥੇ ਹੀ ਮਹਾਰਾਜ ਕੁਰੂ ਨੇ ਸਵਰਨ ਮੰਡਿਤ (ਸੋਨਾ ਲੱਗਾ) ਹੱਲ ਚਲਾਇਆ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ। ਇਸ ਲਈ ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹਾਦਤ ਸਮਾਗਮ ਜੋਤੀਸਰ (ਕੁਰੂਕਸ਼ੇਤਰ) ਵਿਚ ਮਨਾਉਣ ਦਾ ਫੈਸਲਾ ਲਿਆ।
ਹਰਿਆਣਾ ਵਿਚ ਹੀ, ਸਿੱਖ ਭਾਈਚਾਰੇ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਜਧਾਨੀ ਲੋਹਗੜ੍ਹ (ਯਮੁਨਾ ਨਗਰ) ਵਿਚ ਮਾਰਸ਼ਲ ਆਰਟ ਇੰਸਟੀਚਿਊਟ, ਸ੍ਰੀ ਗੁਰੂ ਤੇਗ ਬਹਾਦਰ ਮੈਡੀਕਲ ਕਾਲਜ, ਯਮੁਨਾ ਨਗਰ ਬਣਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਚਿੱਲਾ ਸਾਹਿਬ (ਸਿਰਸਾ) ਦੀ 72 ਕਨਾਲ ਜ਼ਮੀਨ ਬਿਨਾਂ ਕੋਈ ਕੀਮਤ ਲਏ ਮੁਫਤ ਦਿੱਤੀ ਗਈ। ਸਾਰੇ ਸੂਬੇ ਵਿਚ ਹੋਰਨਾਂ ਥਾਵਾਂ ’ਤੇ ਵੀ ਯਾਦਗਾਰੀ ਗੇਟਾਂ, ਕਾਲਜ ਅਤੇ ਸੰਸਥਾਵਾਂ ਦਾ ਨਾਮਕਰਨ ਗੁਰੂ ਸਾਹਿਬਾਨ ਦੇ ਨਾਂ ’ਤੇ ਕੀਤਾ ਗਿਆ ਹੈ।
ਮੌਜੂਦਾ ਹਰਿਆਣਾ ਸੂਬੇ ਦੇ ਲੋਕਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਗੂੜ੍ਹਾ ਪਿਆਰ ਸੀ। ਇਥੇ ਉਨ੍ਹਾਂ ਦੀ ਯਾਦ ਵਿਚ ਲੱਗਭਗ 28 ਗੁਰਦੁਆਰਾ ਸਾਹਿਬਾਨ ਹਨ ਅਤੇ ਉਨ੍ਹਾਂ ਦੇ ਸਹੁਰਿਆਂ ਦਾ ਪਿੰਡ ਲਖਨੌਰ ਸਾਹਿਬ (ਅੰਬਾਲਾ) ਵਿਚ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 25 ਨਵੰਬਰ 2025 ਦਿਨ ਮੰਗਲਵਾਰ ਨੂੰ ਕੁਰੂਕਸ਼ੇਤਰ ਆ ਰਹੇ ਹਨ।
ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਸਾਰੇ ਵਿਸ਼ਵ ਵਿਚ ਲੱਗਭਗ 142 ਵਿਦੇਸ਼ੀ ਦੂਤਘਰ ਹਨ, ਉਥੋਂ ਦੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਗੁਰੂ ਜੀ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਜਾ ਿਰਹਾ ਹੈ। ਕੁਰੂਕਸ਼ੇਤਰ ਦੀ ਪਾਵਨ ਧਰਤੀ ’ਤੇ 8 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਏ ਜੀ, ਸ੍ਰੀ ਗੁਰੂ ਹਰਿਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ-ਸਮੇਂ ’ਤੇ ਇਸ ਧਰਤੀ ’ਤੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ।
ਰਾਜ ਭਰ ਵਿਚ ਚਾਰਾਂ ਦਿਸ਼ਾਵਾਂ ਤੋਂ ਨਿਕਲੀਆਂ ਸ਼ਰਧਾ ਯਾਤਰਾਵਾਂ ਇਕ ਅਨੋਖਾ ਅਧਿਆਤਮਕ ਅਤੇ ਸੱਭਿਆਚਾਰ ਉਤਸਵ ਬਣ ਗਈਆਂ ਹਨ। ਰਾਜ ਵਿਚ 8 ਨਵੰਬਰ ਨੂੰ ਰੋੜੀ (ਸਿਰਸਾ), 11 ਨਵੰਬਰ ਨੂੰ ਪਿੰਜੌਰ (ਪੰਚਕੂਲਾ), 14 ਨਵੰਬਰ ਨੂੰ ਫਰੀਦਾਬਾਦ ਅਤੇ 18 ਨਵੰਬਰ ਨੂੰ ਕਪਾਲ ਮੋਚਨ (ਯਮੁਨਾ ਨਗਰ) ਵਿਚ ਆਯੋਜਿਤ ਸ਼ੋਭਾ ਯਾਤਰਾਵਾਂ ਨੇ ਹਰਿਆਣਾ ਨੂੰ ਸੱਚਮੁੱਚ ਇਕ ਅਧਿਆਤਮਕ ਅਤੇ ਭਾਈਚਾਰੇ ਦੀ ਇਕਜੁੱਟਤਾ ਦੇ ਧਾਗੇ ਵਿਚ ਪਿਰੋ ਦਿੱਤਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਸੂਬਾ ਸਰਕਾਰ ਵੱਲੋਂ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿਚ ‘ਗੁਰੂ ਤੇਗ ਬਹਾਦਰ ਚੇਅਰ’ ਦੀ ਸਥਾਪਨਾ ਕੀਤੀ। ਅੰਬਾਲਾ ਦੇ ਪੋਲੀਟੈਕਨਿਕ ਕਾਲਜ ਦਾ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ’ਤੇ ਰੱਖਣ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ ਹੈ। ਕਰਨਾਲ ਵਿਚ ਇਕ ਵਿਸ਼ਾਲ ਮੈਰਾਥਨ ਅਤੇ ਟੋਹਾਣਾ-ਜੀਂਦ-ਨਰਵਾਣਾ ਮਾਰਗ ਨੂੰ ‘ਗੁਰੂ ਤੇਗ ਬਹਾਦਰ ਮਾਰਗ’ ਨਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਲੇਸਰ ਖੇਤਰ ਵਿਚ ‘ਗੁਰੂ ਤੇਗ ਬਹਾਦਰ ਵਨ’ ਵਿਕਸਿਤ ਕੀਤਾ ਜਾ ਰਿਹਾ ਹੈ। ਯਮੁਨਾ ਨਗਰ ਦੇ ਕਿਸ਼ਨਪੁਰ ਵਿਚ ‘ਜੀ. ਟੀ. ਬੀ. ਖੇਤੀਬਾੜੀ ਕਾਲਜ’ ਦੀ ਸਥਾਪਨਾ ਵੀ ਪ੍ਰਸਤਾਵਿਤ ਹੈ। ਗੁਰੂ ਜੀ ਦੀ ਸ਼ਹਾਦਤ ਸਬੰਧੀ ਗੁਰੂ ਪ੍ਰੰਪਰਾ ਦੇ ਸਮਕਾਲੀ ਕਵੀ ‘ਸੈਨਾਪਤੀ’ ਨੇ ਢੁਕਵਾਂ ਅਤੇ ਅਤਿ ਸੁੰਦਰ ਕਿਹਾ ਹੈ :
‘ਪ੍ਰਗਟ ਭਯੋ ਗੁਰੂ ਤੇਗ ਬਹਾਦਰ, ਸਕਲ ਸ੍ਰਿਸ਼ਟ ਪੈ ਢਾਪੀ ਚਾਦਰ’
-ਨਾਇਬ ਸਿੰਘ ਸੈਣੀ
ਮੁੱਖ ਮੰਤਰੀ (ਹਰਿਆਣਾ)
‘ਝੋਲਾ ਛਾਪ’ ਡਾਕਟਰ ਕਰ ਰਹੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ!
NEXT STORY