ਬੰਗਲਾਦੇਸ਼ ’ਚ ਵਾਦ-ਵਿਵਾਦ ਵਾਲੀ ਰਿਜ਼ਰਵੇਸ਼ਨ ਪ੍ਰਣਾਲੀ ਖਤਮ ਕਰਨ ਲਈ ਵਿਦਿਆਰਥੀਆਂ ਵਲੋਂ ਚਲਾਏ ਗਏ ਅੰਦੋਲਨ ਵਿਚਾਲੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬੀਤੀ 5 ਅਗਸਤ ਨੂੰ ਅਸਤੀਫਾ ਦੇ ਕੇ ਭਾਰਤ ਆ ਗਈ ਅਤੇ ਭਾਰਤ ’ਚ ਹੀ ਰਹਿ ਰਹੀ ਹੈ। ਇਸ ਤੋਂ ਬਾਅਦ ਫੌਜ ਵਲੋਂ ਮੁਹੰਮਦ ਯੂਨੁਸ ਦੀ ਅਗਵਾਈ ’ਚ ਅੰਤਰਿਮ ਸਰਕਾਰ ਦੇ ਗਠਨ ਦੇ ਸਮੇਂ ਤੋਂ ਹੀ ਬੰਗਲਾਦੇਸ਼ ਅਸ਼ਾਂਤੀ ਦਾ ਸ਼ਿਕਾਰ ਹੈ।
ਬੰਗਲਾਦੇਸ਼ ’ਚ ਕੱਟੜਪੰਥੀਆਂ ਵਲੋਂ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਥੋਂ ਦੀ ‘ਹਿੰਦੂ ਬੋਧ ਕ੍ਰਿਸ਼ਚੀਅਨ ਓਈਕਿਊ ਪ੍ਰੀਸ਼ਦ’ ਦੇ ਅਨੁਸਾਰ 5 ਅਗਸਤ, 2024 ਤੋਂ ਬਾਅਦ ਇਸ ਸਾਲ ਜੂਨ 2025 ਦੇ ਵਿਚਾਲੇ ਬੰਗਲਾਦੇਸ਼ ’ਚ ਧਾਰਮਿਕ ਅਤੇ ਜਾਤੀ ਘੱਟਗਿਣਤੀਆਂ ਦੇ ਵਿਰੁੱਧ ਫਿਰਕੂ ਹਿੰਸਾ ਦੀਆਂ ਕੁੱਲ 2442 ਘਟਨਾਵਾਂ ਹੋਈਆਂ ਹਨ। ਇਹ ਅਜੇ ਵੀ ਜਾਰੀ ਹਨ ਅਤੇ ਇਨ੍ਹਾਂ ’ਚ ਅਨੇਕ ਲੋਕ ਮਾਰੇ ਜਾ ਚੁੱਕੇ ਹਨ।
ਹੁਣ ਤਾਂ ਉਥੇ ਈਸਾਈ ਘੱਟਗਿਣਤੀਆਂ ’ਤੇ ਵੀ ਹਮਲੇ ਹੋਣ ਲੱਗੇ ਹਨ। ਅਜੇ ਹਾਲ ਹੀ ’ਚ ਉਥੇ 3 ਗਿਰਜਾਘਰਾਂ ਅਤੇ ਕੈਥੋਲਿਕ ਸਕੂਲ ’ਤੇ ਬੰਬਾਂ ਨਾਲ ਹਮਲੇ ਕੀਤੇ ਗਏ। ਬੰਗਲਾਦੇਸ਼ ਦੀ ਅੰਤ੍ਰਿਮ ਸਰਕਾਰ ਦੇ ਇਨ੍ਹਾਂ ਹਮਲਿਆਂ ਨੂੰ ਰੋਕਣ ’ਚ ਅਸਫਲ ਰਹਿਣ ਦੇ ਕਾਰਨ ਕੱਟੜਪੰਥੀਆਂ ਦੇ ਹੌਸਲੇ ਵਧ ਗੲੇ ਹਨ।
ਤਖਤਾਪਲਟ ਦੇ ਬਾਅਦ ਤੋਂ ਹੀ ਭਾਰਤ ਦੇ ਨਾਲ ਵੀ ਬੰਗਲਾਦੇਸ਼ ਦੀ ਸਰਕਾਰ ਦੇ ਰਿਸ਼ਤੇ ਉਤਰਾਅ-ਚੜ੍ਹਾਅ ਭਰੇ ਚੱਲ ਰਹੇ ਹਨ। ਬੰਗਲਾਦੇਸ਼ ਸਰਕਾਰ ਕਈ ਵਾਰ ਭਾਰਤ ਤੋਂ ਸ਼ੇਖ ਹਸੀਨਾ ਨੂੰ ਹਵਾਲੇ ਕਰਨ ਦੀ ਮੰਗ ਕਰ ਚੁੱਕੀ ਹੈ, ਜਦਕਿ ਭਾਰਤ ਉਥੇ ਹਿੰਦੂ ਧਾਰਮਿਕ ਸਥਾਨਾਂ ਅਤੇ ਘੱਟਗਿਣਤੀਆਂ ’ਤੇ ਹੋ ਰਹੇ ਹਮਲਿਆਂ ’ਤੇ ਚਿੰਤਾ ਜਤਾਉਂਦਾ ਰਿਹਾ ਹੈ।
ਦੂਜੇ ਪਾਸੇ ਪਾਕਿਸਤਾਨ ਅਤੇ ਚੀਨ ਦੇ ਨਾਲ ਬੰਗਲਾਦੇਸ਼ ਦੇ ਰਿਸ਼ਤਿਆਂ ’ਚ ਲਗਾਤਾਰ ਸੁਧਾਰ ਆ ਰਿਹਾ ਹੈ। ਮੁਹੰਮਦ ਯੂਨੁਸ ਪਿਛਲੇ ਇਕ ਸਾਲ ਦੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਦੋ ਵਾਰ ਮੁਲਾਕਾਤ ਕਰ ਚੁੱਕੇ ਹਨ ਅਤੇ 1971 ਤੋਂ ਬਾਅਦ ਨਵੰਬਰ 2024 ’ਚ ਪਹਿਲੀ ਵਾਰ ਇਕ ਪਾਕਿਸਤਾਨੀ ਕਾਰਗੋ ਜਹਾਜ਼ ਬੰਗਲਾਦੇਸ਼ ਦੀ ਚਟਗਾਂਵ ਬੰਦਰਗਾਹ ’ਤੇ ਪਹੁੰਚਿਆ।
ਇਸੇ ਸਾਲ ਮਈ ’ਚ ਯੂਨੁਸ ਸਰਕਾਰ ਨੇ ਸ਼ੇਖ ਹਸੀਨਾ ਦੀ ਪਾਰਟੀ ’ਤੇ ਪਾਬੰਦੀ ਲਗਾ ਦਿੱਤੀ ਅਤੇ ਭਾਰਤੀ ਵਸਤਾਂ ਲਈ ਕਈ ਬੰਦਰਗਾਹਾਂ ਵੀ ਬੰਦ ਕਰ ਦਿੱਤੀਆਂ ਹਨ।
ਲੋਕਾਂ ਦੀਆਂ ਸਮੱਿਸਆਵਾਂ ਹੱਲ ਕਰਨ ’ਚ ਨਾਕਾਮ ਰਹਿਣ ਦੇ ਕਾਰਨ ਬੰਗਲਾਦੇਸ਼ ਦੀ ਜਨਤਾ ’ਚ ਮੁਹੰਮਦ ਯੂਨੁਸ ਦੀ ਸਰਕਾਰ ਵਿਰੁੱਧ ਅਸੰਤੋਸ਼ ਭੜਕਿਆ ਹੋਇਆ ਹੈ। ਇਸੇ ਸਿਲਸਿਲੇ ’ਚ ਅਣਪਛਾਤੇ ਹਮਲਾਵਰਾਂ ਨੇ 10 ਨਵੰਬਰ, 2025 ਨੂੰ ਮੁਹੰਮਦ ਯੂਨੁਸ ਦੇ ‘ਗ੍ਰਾਮੀਣ ਬੈਂਕ’ ਦੇ ਮੁੱਖ ਦਫਤਰ ’ਤੇ ਪੈਟਰੋਲ ਬੰਬ ਦਾ ਧਮਾਕਾ ਕਰ ਕੇ ਉਸ ਨੂੰ ਸਾੜ ਦਿੱਤਾ।
ਇਸ ਦੌਰਾਨ 12 ਨਵੰਬਰ, 2025 ਨੂੰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਢਾਕਾ ਦੀ ਮੌਜੂਦਾ ਸਰਕਾਰ ਨੂੰ ਬੰਗਲਾਦੇਸ਼ ਲਈ ਖਤਰਾ ਦੱਸਦੇ ਹੋਏ ਮੁਹੰਮਦ ਯੂਨੁਸ ’ਤੇ ਪੂਰੀ ਤਰ੍ਹਾਂ ਕੱਟੜਪੰਥੀਆਂ ਦੇ ਹੱਥਾਂ ’ਚ ਖੇਡਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਰਤ ਨਾਲ ਸੰਬੰਧ ਖਰਾਬ ਕਰ ਕੇ ਕੱਟੜਪੰਥੀਆਂ ਨੂੰ ਉਤਸ਼ਾਹ ਦੇਣਾ ਯੂਨੁਸ ਦਾ ਆਤਮਘਾਤੀ ਕਦਮ ਹੈ। ਇਸ ’ਤੇ ਬੰਗਲਾਦੇਸ਼ ਦੀ ਸਰਕਾਰ ਭੜਕ ਉੱਠੀ ਹੈ।
ੰਮੁਹੰਮਦ ਯੂਨੁਸ ਦੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ’ਚ ਸੰਗੀਤ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਦੀ ਭਰਤੀ ਯੋਜਨਾ ਰੱਦ ਕਰ ਦਿੱਤੀ ਹੈ, ਜਿਸ ’ਤੇ ਵੀਰਵਾਰ ਨੂੰ ਢਾਕਾ ਯੂਨੀਵਰਸਿਟੀ ਅਤੇ ਜਗਨਨਾਥ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜ਼ੋਰਦਾਰ ਵਿਰੋਧ ਕੀਤਾ।
12 ਨਵੰਬਰ ਨੂੰ ਯੂਨੁਸ ਨੇ ਪਾਕਿਸਤਾਨੀ ਜਨਰਲ ਅਤੇ ਇਕ ਕੈਨੇਡੀਆਈ ਵਫਦ ਨੂੰ ਇਕ ਕਿਤਾਬ ਭੇਟ ਕਰ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ, ਜਿਸ ’ਚ ਦਿਖਾਏ ਗਏ ਨਕਸ਼ੇ ’ਚ ਭਾਰਤ ਦੇ ਕੁਝ ਹਿੱਸਿਆਂ ਨੂੰ ਬੰਗਲਾਦੇਸ਼ ’ਚ ਦਿਖਾਇਆ ਿਗਆ ਹੈ।
ਇਸ ਦੌਰਾਨ ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੇ ਵਿਰੁੱਧ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਉਥੇ ਹਿੰਸਾ ਭੜਕ ਉੱਠੀ ਹੈ ਅਤੇ ਇਕ ਦਿਨ ’ਚ 32 ਬੰਬ ਧਮਾਕੇ ਹੋਏ ਅਤੇ ਦਰਜਨਾਂ ਬੱਸਾਂ ਨੂੰ ਅੱਗ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਢਾਕਾ ਅਤੇ ਹੋਰਨਾਂ ਸ਼ਹਿਰਾਂ ’ਚ ਸਿਲਸਿਲੇਵਾਰ ਬੰਬ ਧਮਾਕੇ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਹੋ ਰਹੀਆਂ ਹਨ।
ਹਸੀਨਾ ਦੀ ਪਾਰਟੀ ‘ਅਵਾਮੀ ਲੀਗ’ ਨੇ ਬੰਗਲਾਦੇਸ਼ ’ਚ ਲਾਕਡਾਊਨ ਦੀ ਮੰਗ ਕੀਤੀ ਹੈ ਜਦਕਿ ਜਮਾਤ-ਏ-ਇਸਲਾਮੀ ਦੇ ਮੈਂਬਰਾਂ ਨੇ ਸੜਕਾਂ ’ਤੇ ਉਤਰ ਕੇ ਪ੍ਰਦਰਸ਼ਨ ਕੀਤਾ। ਹਾਲਾਂਕਿ ਬੰਗਲਾਦੇਸ਼ ’ਚ 2026 ਦੇ ਸ਼ੁਰੂ ’ਚ ਚੋਣਾਂ ਕਰਵਾਉਣ ਦਾ ਯੂਨੁਸ ਸਰਕਾਰ ਨੇ ਐਲਾਨ ਕੀਤਾ ਹੈ, ਪਰ ਬੰਗਲਾਦੇਸ਼ ’ਚ ਪਾਈ ਜਾ ਰਹੀ ਹਿੰਸਾ ਨੂੰ ਦੇਖਦੇ ਹੋਏ ਕਹਿਣਾ ਮੁਸ਼ਕਿਲ ਹੈ ਕਿ ਉਥੇ ਆਉਣ ਵਾਲੇ ਦਿਨਾਂ ’ਚ ਕੀ ਹੋਵੇਗਾ।
ਉੱਥੇ ਚੋਣਾਂ ਹੁੰਦੀਆਂ ਹਨ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ ਪਰ ਬੰਗਲਾਦੇਸ਼ ’ਚ ਜਲਦੀ ਤੋਂ ਜਲਦੀ ਲੋਕਤੰਤਰ ਦੀ ਬਹਾਲੀ ਭਾਰਤ ਦੇ ਨੇੜਲੇ ਗੁਆਂਢੀ ਹੋਣ ਦੇ ਨਾਤੇ ਬਹੁਤ ਜ਼ਰੂਰੀ ਹੈ।
–ਵਿਜੇ ਕੁਮਾਰ
ਪਾਕਿਸਤਾਨ ਦੀ 27ਵੀਂ ਸੋਧ : ਸੱਤਾ ਦਾ ਅੰਤਿਮ ਸਰੋਤ ਹੁਣ ਫੌਜ ਹੈ ਜਨਤਾ ਨਹੀਂ
NEXT STORY