ਪਿਛਲੇ ਦਿਨੀਂ ਮੇਰੀ ਇਕ ਬਚਪਨ ਦੀ ਸਹੇਲੀ ਨਾਲ ਗੱਲ ਹੋ ਰਹੀ ਸੀ। ਉਹ ਰਾਜਸਥਾਨ ਦੇ ਇਕ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਹੈ। ਸਾਡੀਆਂ ਅਕਸਰ ਗੱਲਾਂ ਹੁੰਦੀਆਂ ਹਨ। ਉਸ ਨੇ ਕਿਹਾ ਕਿ ਧੀ ਦਾ ਵਿਆਹ ਤੈਅ ਕਰ ਦਿੱਤਾ ਹੈ। ਇਸ ਲੇਖਿਕਾ ਨੇ ਕਿਹਾ ਵਧਾਈ ਹੋਵੇ, ‘‘ਲੜਕਾ ਕੀ ਕਰਦਾ ਹੈ।’’ ਉਸ ਨੇ ਕਿਹਾ ਕਾਲਜ ਵਿਚ ਪੜ੍ਹਾਉਂਦਾ ਹੈ। ਫਿਰ ਗੱਲਾਂ ਹੀ ਗੱਲਾਂ ’ਚ ਕੁਝ ਉਦਾਸ ਸੁਰ ਵਿਚ ਬੋਲੀ, ‘‘ਮੈਂ ਆਪਣਾ ਘਰ ਵੇਚ ਦਿੱਤਾ ਹੈ।’’ ਉਹੋ ਪਰ ਕਿਉਂ? ਤੁਸੀਂ ਤਾਂ ਦੱਸ ਰਹੇ ਸੀ ਕਿ ਆਪਣੀ ਸਾਰੀ ਜਮ੍ਹਾ ਪੂੰਜੀ ਨਾਲ ਘਰ ਬਣਵਾਇਆ ਸੀ। ਉਹ ਬੋਲੀ, ‘‘ਕੀ ਕਰਾਂ ਮਜਬੂਰੀ ਹੈ। ਵਿਆਹ ਜੋ ਕਰਨਾ ਹੈ।’’
ਮੈਂ ਪੁੱਛਿਆ ਤਾਂ ਕੀ ਲੜਕੇ ਵਾਲੇ ਦਾਜ ਮੰਗ ਰਹੇ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਬਾਰਾਤ ਦਾ ਸਵਾਗਤ ਕਿਸੇ ਫਾਈਵ ਸਟਾਰ ਹੋਟਲ ਵਿਚ ਹੀ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਆਹ ਉਨ੍ਹਾਂ ਦੇ ਹੀ ਸ਼ਹਿਰ ’ਚ ਜਾ ਕੇ ਕਰਨਾ ਹੋਵੇਗਾ। ਅੱਜਕਲ ਤਾਂ ਲੜਕੇ ਵਾਲੇ ਨਹੀਂ, ਲੜਕੀ ਵਾਲੇ ਲੜਕੇ ਦੇ ਸ਼ਹਿਰ ’ਚ ਬਾਰਾਤ ਲੈ ਕੇ ਜਾਂਦੇ ਹਨ। ਸਾਨੂੰ ਭੋਪਾਲ ਦਸ ਦਿਨ ਪਹਿਲਾਂ ਹੀ ਜਾਣਾ ਪਵੇਗਾ, ਉਸ ਨੇ ਫਿਰ ਕਿਹਾ ਕਿ ਲੜਕੇ ਵਾਲਿਆਂ ਤੋਂ ਵੀ ਵੱਧ ਮੁਸੀਬਤ ਲੜਕੀ ਦੀ ਹੈ। ‘‘ਕੀ ਮਤਲਬ।’’
ਹੁਣ ਕੀ-ਕੀ ਦੱਸਾਂ। ਮੇਰੀ ਇਕ ਹੀ ਧੀ ਹੈ ਪਰ ਉਸ ਨੂੰ ਭੋਰਾ ਵੀ ਚਿੰਤਾ ਨਹੀਂ ਕਿ ਸਾਡੇ ’ਤੇ ਕੀ ਬੀਤ ਰਹੀ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਅਜਿਹਾ ਹਾਰ ਚਾਹੀਦਾ ਹੈ ਜੋ ਦੀਪਿਕਾ ਪਾਦੁਕੋਣ ਨੇ ਆਪਣੇ ਵਿਆਹ ’ਚ ਪਾਇਆ ਸੀ। ਹਰ ਫੰਕਸ਼ਨ ਲਈ ਕਿਸੇ ਵੱਡੇ ਡਿਜ਼ਾਈਨਰ ਦੇ ਕੱਪੜੇ ਚਾਹੀਦੇ ਹਨ। ਜੁੱਤੀਆਂ-ਚੱਪਲਾਂ ਸਭ ਬ੍ਰਾਂਡੇਡ ਹੋਣ। ਹਲਦੀ ਤੋਂ ਲੈ ਕੇ ਮਹਿੰਦੀ ਤੱਕ ਦੇ ਸਾਰੇ ਆਯੋਜਨ ਫਾਈਵ ਸਟਾਰ ’ਚ ਹੀ ਹੋਣ। ਨਹੀਂ ਤਾਂ ਉਹ ਆਪਣੀਆਂ ਸਾਥਣਾਂ-ਸਹੇਲੀਆਂ ਨੂੰ ਕੀ ਮੂੰਹ ਦਿਖਾਵੇਗੀ ਕਿ ਉਸ ਦੇ ਮਾਤਾ-ਪਿਤਾ ਇੰਨਾ ਵੀ ਨਹੀਂ ਕਰ ਸਕੇ, ਜਦਕਿ ਉਹ ਉਨ੍ਹਾਂ ਦੀ ਇਕਲੌਤੀ ਧੀ ਹੈ। ਇਹੀ ਨਹੀਂ, ਉਹ ਕਹਿ ਰਹੀ ਹੈ ਕਿ ਉਸ ਨੇ ਹਨੀਮੂਨ ਲਈ ਫਰਾਂਸ ਜਾਣਾ ਹੈ ਅਤੇ ਘੱਟੋ-ਘੱਟ 15 ਦਿਨ ਉਥੇ ਰਹਿਣਾ ਹੈ।
ਇਸ ਟੂਰ ਦਾ ਪ੍ਰਬੰਧ ਵੀ ਅਸੀਂ ਹੀ ਕਰੀਏ। ਉਹ ਸਹੁਰਿਆਂ ਕੋਲ ਇਸ ਦੀ ਮੰਗ ਨਹੀਂ ਕਰੇਗੀ। ਅਜਿਹੇ ’ਚ ਪੈਸੇ ਕਿਥੋਂ ਲਿਆਈਏ। ਪੈਨਸ਼ਨ ਤਾਂ ਬਸ ਇੰਨੀ ਕੁ ਹੀ ਮਿਲਦੀ ਹੈ ਕਿ ਸਾਡਾ ਗੁਜ਼ਾਰਾ ਹੋ ਜਾਵੇ। ਸੋਚਿਆ ਕਿ ਅੱਜ ਨਹੀਂ ਤਾਂ ਕਲ, ਘਰ ਲੜਕੀ ਨੂੰ ਹੀ ਮਿਲੇਗਾ ਤਾਂ ਕੀ ਕਰੀਏ। ਵੇਚਣਾ ਪਿਆ। ਇੰਨਾ ਪੈਸਾ ਆਖਿਰ ਕਿਥੋਂ ਲਿਆਉਂਦੇ। ਨਾਂਹ ਕਰਦੇ ਤਾਂ ਲੜਕੀ ਇੰਨਾ ਕਲੇਸ਼ ਕਰਦੀ ਕਿ ਜਿਊਣਾ ਮੁਸ਼ਕਲ ਹੋ ਜਾਂਦਾ। ਖੁਦ 7 ਸਾਲ ਤੋਂ ਨੌਕਰੀ ਕਰਦੀ ਹੈ ਪਰ ਬੱਚਤ ਕਿਸ ਨੂੰ ਕਹਿੰਦੇ ਹਨ, ਨਹੀਂ ਜਾਣਦੀ।
ਸਹੇਲੀ ਦੀ ਗੱਲ ਸੁਣ ਕੇ ਹੈਰਾਨੀ ਵੀ ਹੋਈ ਅਤੇ ਗੁੱਸਾ ਵੀ ਆਇਆ। ਕਹਿੰਦੇ ਤਾਂ ਇਹ ਹਨ ਕਿ ਲੜਕੀਆਂ ਆਪਣੇ ਮਾਤਾ-ਪਿਤਾ ਦੀ ਪ੍ਰੇਸ਼ਾਨੀ ਅੱਖ ਝਪਕਦੇ ਹੀ ਸਮਝਦੀਆਂ ਹਨ ਪਰ ਇਥੇ ਉਲਟਾ ਹੀ ਦਿਖਾਈ ਦੇ ਰਿਹਾ ਸੀ। ਇਹ ਵੀ ਜਾਪਿਆ ਕਿ ਇਨ੍ਹੀਂ ਦਿਨੀਂ ਜਿਸ ਤਰ੍ਹਾਂ ਬੜਾ ਜ਼ਿਆਦਾ ਖਰਚ ਅਤੇ ਦਿਖਾਵਾ ਵਧਿਆ ਹੈ, ਉਸ ਵਿਚ ਉਨ੍ਹਾਂ ਨੂੰ ਤਾਂ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ, ਜਿਨ੍ਹਾਂ ਦੇ ਕੋਲ ਬੇਸ਼ੁਮਾਰ ਦੌਲਤ ਹੈ ਪਰ ਉਨ੍ਹਾਂ ਦੀ ਦੇਖਾ-ਦੇਖੀ ਦਰਮਿਆਨਾ ਵਰਗ ਵੀ ਉਹੋ ਜਿਹਾ ਹੀ ਕਰਨ ’ਤੇ ਉਤਾਰੂ ਹੋ ਜਾਂਦਾ ਹੈ। ਉਸ ਦੇ ਲਈ ਭਾਵੇਂ ਉਸ ਨੂੰ ਆਪਣਾ ਘਰ ਵੇਚਣਾ ਪਵੇ ਜਾਂ ਉਧਾਰ ਲੈਣਾ ਪਵੇ।
ਜਦੋਂ ਤੋਂ ਮੀਡੀਆ ਵਿਚ ਸੈਲੀਬ੍ਰਿਟੀਜ਼ ਦੀ ਜੀਵਨਸ਼ੈਲੀ ਨੂੰ ਵੱਧ ਤੋਂ ਵੱਧ ਦਿਖਾਉਣ ਦਾ ਰਿਵਾਜ਼ ਵਧਿਆ ਹੈ, ਉਦੋਂ ਤੋਂ ਵਧੇਰੇ ਨੌਜਵਾਨ ਲੜਕੇ, ਲੜਕੀਆਂ ਉਹੋ ਜਿਹਾ ਹੀ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਦਿਸ ਰਿਹਾ ਹੈ। ਇਕ ਵਾਰ ਦੱਸਿਆ ਗਿਆ ਸੀ ਕਿ ਆਪਣੇ ਵਿਆਹ ਵਿਚ ਅਨੁਸ਼ਕਾ ਸ਼ਰਮਾ ਨੇ ਜੋ ਸਾੜ੍ਹੀ ਪਹਿਨੀ ਸੀ ਅਤੇ ਜਿਸ ਦੁਕਾਨ ਤੋਂ ਖਰੀਦੀ ਸੀ ਉਹੋ ਜਿਹੀਆਂ ਸਾੜ੍ਹੀਆਂ ਇਕ ਦਿਨ ਵਿਚ ਹੀ 400 ਵਿਕ ਗਈਆਂ ਸਨ ਅਤੇ ਉਨ੍ਹਾਂ ਦੀ ਭਾਰੀ ਮੰਗ ਸੀ। ਇਕ ਪਾਸੇ ਵਿਆਹਾਂ ’ਚ ਦਿਖਾਵਾ ਨਾ ਹੋਵੇ, ਦਾਜ ਨਾ ਹੋਵੇ, ਇਸ ਦੀ ਮੰਗ ਕੀਤੀ ਜਾਂਦੀ ਹੈ ਪਰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿੰਨਾ ਦਾਜ ਅਤੇ ਦਿਖਾਵੇ ਦਾ ਵਿਰੋਧ ਹੁੰਦਾ ਹੈ, ਉਹ ਓਨਾ ਹੀ ਵਧਦਾ ਜਾਂਦਾ ਹੈ। ਉਂਝ ਵੀ ਇਨ੍ਹੀਂ ਦਿਨੀਂ ਦਾਜ ਦੇ ਵਿਰੋਧ ’ਚ ਬਹੁਤ ਘੱਟ ਆਵਾਜ਼ਾਂ ਸੁਣਾਈ ਦਿੰਦੀਆਂ ਹਨ।
ਇਸ ਦੇ ਇਲਾਵਾ ਇਹ ਸੋਚ ਕਿ ਵਿਆਹ ਇਕ ਵਾਰ ਹੀ ਹੁੰਦਾ ਹੈ, ਇਸ ਲਈ ਉਹ ਅਜਿਹਾ ਹੋਵੇ ਕਿ ਦੁਨੀਆ ਕਹੇ ਕਿ ਅਜਿਹਾ ਵਿਆਹ ਨਾ ਕਦੇ ਦੇਖਿਆ ਨਾ ਸੁਣਿਆ ਅਤੇ ਹਮੇਸ਼ਾ ਯਾਦ ਰੱਖੇ। ਪਰ ਅਸੀਂ ਜਾਣਦੇ ਹਾਂ ਕਿ ਵਿਆਹ ਵਾਲੀ ਥਾਂ ਤੋਂ ਬਾਹਰ ਨਿਕਲਦੇ ਹੀ ਅਕਸਰ ਉਸ ਦੀ ਆਲੋਚਨਾ ਸ਼ੁਰੂ ਹੋ ਜਾਂਦੀ ਹੈ। ਕੋਈ ਖਾਣੇ ਦੀ ਬੁਰਾਈ ਕਰਦਾ ਹੈ, ਕੋਈ ਸਾਜ-ਸੱਜਾ ਦੀ ਤਾਂ ਕੋਈ ਲਾੜੇ-ਲਾੜੀ ਦੀ ਅਤੇ ਇਹ ਦਿਖਾਵੇ ਸਿਰਫ ਉਨ੍ਹਾਂ ਵਿਆਹਾਂ ’ਚ ਹੀ ਨਹੀਂ ਹੁੰਦੇ ਜੋ ਮਾਤਾ-ਪਿਤਾ ਵੱਲੋਂ ਤੈਅ ਕੀਤੇ ਜਾਂਦੇ ਹਨ, ਉਨ੍ਹਾਂ ’ਚ ਵੀ ਹੁੰਦੇ ਹਨ, ਜਿੱਥੇ ਲੜਕੇ-ਲੜਕੀਆਂ ਆਪਣੀ ਪਸੰਦ ਨਾਲ ਵਿਆਹ ਕਰਦੇ ਹਨ।
ਸਮੇਂ ਦੇ ਨਾਲ ਵਿਆਹਾਂ ਦੇ ਇੰਨੇ ਖਰਚੇ ਵਧ ਗਏ ਹਨ ਕਿ ਮਾਤਾ-ਪਿਤਾ ਤਰਾਹ-ਤਰਾਹ ਕਰ ਰਹੇ ਹਨ ਪਰ ਅਜਿਹਾ ਕਿਉਂ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ। ਹਾਲ ਹੀ ’ਚ ਭਾਰਤ ਵਿਚ ਵਿਆਹ ਦੇ ਵਪਾਰ ’ਤੇ ਇਕ ਰਿਪੋਰਟ ਪ੍ਰਕਾਸ਼ਿਤ ਹੋਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਭਾਰਤ ਵਿਚ ਵਿਆਹ ਦਾ ਬਾਜ਼ਾਰ 130 ਬਿਲੀਅਨ ਡਾਲਰ ਦਾ ਹੈ। ਇਸੇ ’ਚ ਇਹ ਕਿਹਾ ਗਿਆ ਸੀ ਕਿ ਅਕਸਰ ਇਕ ਵਿਆਹ ’ਚ ਸਾਢੇ 12 ਲੱਖ ਰੁਪਏ ਖਰਚ ਹੁੰਦੇ ਹਨ।
ਇਨ੍ਹੀਂ ਦਿਨੀਂ ਜਦੋਂ ਆਮ ਤੌਰ ’ਤੇ ਮਹਿੰਗਾਈ ਅਤੇ ਬੇਰੋਜ਼ਗਾਰੀ ਕਾਰਨ ਲੋਕਾਂ ਦੀ ਆਮਦਨ ਘੱਟ ਹੁੰਦੀ ਜਾ ਰਹੀ ਹੈ, ਤਾਂ ਸਾਢੇ 12 ਲੱਖ ਇਕ ਵੱਡੀ ਰਕਮ ਹੈ। ਅੱਜ ਵੀ ਭਾਰਤ ’ਚ ਇਹ ਹਰ ਇਕ ਦੇ ਕੋਲ ਨਹੀਂ ਹੋ ਸਕਦੀ ਪਰ ਨੌਜਵਾਨਾਂ ਨੂੰ ਜਾਪਦਾ ਹੈ ਕਿ ਵਿਆਹ ਹੀ ਉਹ ਆਯੋਜਨ ਹੈ ਜਿਸ ਵਿਚ ਉਹ ਆਪਣੇ ਬਹੁਤ ਸਾਰੇ ਸੁਫਨੇ ਪੂਰੇ ਕਰ ਸਕਦੇ ਹਨ। ਦਰਮਿਆਨੇ ਵਰਗ ’ਚ ਇਕ ਸੋਚ ਲੋੜ ਤੋਂ ਵੱਧ ਹੈ। ਉਹ ਅੱਖਾਂ ਮੀਚ ਕੇ ਉਹੀ ਕਰਦੇ ਹਨ ਜੋ ਦੇਖਦੇ ਹਨ ਅਤੇ ਕਹਿੰਦੇ ਤਾਂ ਹਨ ਕਿ ਜੋ ਦਿਸਦਾ ਹੈ ਉਸ ਨੂੰ ਹੀ ਲੋਕ ਅਪਣਾਉਂਦੇ ਹਨ, ਉਹੀ ਵਿਕਦਾ ਵੀ ਹੈ। ਆਖਿਰ ਆਪਣੇ ਦੇਸ਼ ’ਚ ਸਾਦਗੀ ਦੇ ਪ੍ਰਤੀ ਇੰਨੀ ਅਣਦੇਖੀ ਕਿਉਂ ਪੈਦਾ ਹੋ ਗਈ ਹੈ ਕਿ ਦਿਖਾਵੇ ’ਚ ਬੜਾ ਕੁਝ ਬਲੀ ਚੜ੍ਹ ਰਿਹਾ ਹੈ।
ਸ਼ਮਾ ਸ਼ਰਮਾ
ਐਮਰਜੈਂਸੀ ਦੇ ਭੂਤ ਨੂੰ 50 ਸਾਲ ਬਾਅਦ ਜਗਾਉਣਾ ਸਹੀ ਨਹੀਂ
NEXT STORY