ਡਾ. ਵੇਦਪ੍ਰਤਾਪ ਵੈਦਿਕ
ਅੱਜ ਨਰਸਿਮ੍ਹਾ ਰਾਓ ਜੀ ਦਾ 99ਵਾਂ ਜਨਮ ਦਿਨ ਹੈ। ਮੈਂ ਇਹ ਮੰਨਦਾ ਹਾਂ ਕਿ ਹੁਣ ਤੱਕ ਭਾਰਤ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਹਨ, ਉਨ੍ਹਾਂ ’ਚ ਚਾਰ ਬੇਜੋੜ ਪ੍ਰਧਾਨ ਮੰਤਰੀਅਾਂ ਦਾ ਨਾਂ ਭਾਰਤ ਦੇ ਇਤਿਹਾਸ ’ਚ ਕਾਫੀ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਇਨ੍ਹਾਂ ਚਾਰਾਂ ਪ੍ਰਧਾਨ ਮੰਤਰੀਅਾਂ ਨੂੰ ਆਪਣਾ ਪੂਰਾ ਕਾਰਜਕਾਲ ਅਤੇ ਉਸ ਤੋਂ ਵੀ ਜ਼ਿਆਦਾ ਮਿਲਿਆ ਹੈ। ਇਹ ਹਨ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਨਰਸਿਮ੍ਹਾ ਰਾਓ ਅਤੇ ਅਟਲ ਬਿਹਾਰੀ ਵਾਜਪਾਈ। ਭਾਰਤ ਦੇ ਪਹਿਲੇ ਅਤੇ ਮੌਜੂਦਾ ਪ੍ਰਧਾਨ ਮੰਤਰੀ ਤੋਂ ਇਲਾਵਾ ਸਾਰੇ ਪ੍ਰਧਾਨ ਮੰਤਰੀਅਾਂ ਨਾਲ ਮੇਰੀ ਗੂੜ੍ਹੀ ਜਾਣ-ਪਛਾਣ ਰਹੀ ਹੈ ਅਤੇ ਵਿਚਾਰਿਕ ਮਤਭੇਦਾਂ ਦੇ ਬਾਵਜੂਦ ਸਾਰਿਅਾਂ ਨਾਲ ਕੰਮ ਕਰਨ ਦਾ ਤਜਰਬਾ ਵੀ ਮਿਲਿਆ ਹੈ। ਅਟਲ ਜੀ ਤਾਂ ਪਰਿਵਾਰਕ ਮਿੱਤਰ ਸਨ ਪਰ ਨਰਸਿਮ੍ਹਾ ਰਾਓ ਜੀ ਨਾਲ ਮੇਰੀ ਜਾਣ-ਪਛਾਣ 1966 ’ਚ ਦਿੱਲੀ ਦੀ ਇਕ ਸਭਾ ’ਚ ਭਾਸ਼ਣ ਦਿੰਦਿਅਾਂ ਹੋਈ ਸੀ। ਉਸ ਸਭਾ ’ਚ ਰਾਸ਼ਟਰ ਭਾਸ਼ਾ ਉਤਸਵ ਮਨਾਇਆ ਜਾ ਰਿਹਾ ਸੀ।
ਮੈਂ ਅਤੇ ਉਨ੍ਹਾਂ ਨੇ ਕਿਹਾ ਕਿ ਹਿੰਦੀ ਦੇ ਨਾਲ-ਨਾਲ ਸਮੁੱਚੀਅਾਂ ਭਾਰਤੀ ਭਾਸ਼ਾਵਾਂ ਦਾ ਉਚਿਤ ਸਨਮਾਨ ਹੋਣਾ ਚਾਹੀਦਾ ਹੈ। ਇਹ ਗੱਲ ਸਿਰਫ ਅਸੀਂ ਦੋਵਾਂ ਨੇ ਕਹੀ ਸੀ। ਦੋਵਾਂ ਦੀ ਆਪਸੀ ਜਾਣ-ਪਛਾਣ ਹੋਈ ਅਤੇ ਜਦੋਂ ਰਾਓ ਸਾਹਿਬ ਦਿੱਲੀ ਆ ਕੇ ਸ਼ਾਹਜਹਾਂ ਰੋਡ ਦੇ ਸੰਸਦ ਮੈਂਬਰਾਂ ਵਾਲੇ ਫਲੈਟ ’ਚ ਰਹਿਣ ਲੱਗੇ ਤਾਂ ਅਕਸਰ ਸਾਡੀਅਾਂ ਮੁਲਾਕਾਤਾਂ ਹੋਣ ਲੱਗੀਅਾਂ। ਹੈਦਰਾਬਾਦ ਦੇ ਕੁਝ ਪੁਰਾਣੇ ਆਰੀਆ ਸਮਾਜੀ ਅਤੇ ਕਾਂਗਰਸੀ ਨੇਤਾ ਉਨ੍ਹਾਂ ਦੇ ਅਤੇ ਮੇਰੇ ਸਾਂਝੇ ਦੋਸਤ ਨਿਕਲ ਆਏ। ਜਦੋਂ ਇੰਦਰਾ ਜੀ ਨੇ ਉਨ੍ਹਾਂ ਨੂੰ ਵਿਦੇਸ਼ ਮੰਤਰਾਲਾ ਸੌਂਪਿਆ ਤਾਂ ਸਾਡਾ ਸੰਪਰਕ ਲਗਭਗ ਰੋਜ਼ਮੱਰਾ ਦਾ ਹੋ ਗਿਆ।
ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਅੰਤਰਰਾਸ਼ਟਰੀ ਸਿਆਸਤ ’ਚ ਹੀ ਪੀ. ਐੱਚ. ਡੀ. ਕੀਤੀ ਸੀ। ਗੁਆਂਢੀ ਦੇਸ਼ਾਂ ਦੇ ਕਈ ਚੋਟੀ ਦੇ ਨੇਤਾਵਾਂ ਨਾਲ ਮੇਰਾ ਸੰਪਰਕ ਮੇਰੇ ਵਿਦਿਆਰਥੀ ਜੀਵਨ ’ਚ ਹੀ ਹੋ ਗਿਆ ਸੀ। ਅੰਤਰਰਾਸ਼ਟਰੀ ਮਸਲਿਅਾਂ ’ਤੇ ਇੰਦਰਾ ਜੀ, ਰਾਜਾ ਦਿਨੇਸ਼ ਸਿੰਘ ਅਤੇ ਸ. ਸਵਰਨ ਸਿੰਘ (ਵਿਦੇਸ਼ ਮੰਤਰੀ) ਨਾਲ ਮੇਰਾ ਪਹਿਲਾਂ ਤੋਂ ਲਗਾਤਾਰ ਸੰਪਰਕ ਬਣਿਆ ਹੋਇਆ ਸੀ। ਉਨ੍ਹਾਂ ਦੀ ਪਹਿਲ ’ਤੇ ਮੈਂ ਕਈ ਵਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਅਾਂ ਅਤੇ ਪ੍ਰਧਾਨ ਮੰਤਰੀਅਾਂ ਨੂੰ ਮਿਲਣ ਜਾਂਦਾ ਹੁੰਦਾ ਸੀ।
ਨਰਸਿਮ੍ਹਾ ਰਾਓ ਦੇ ਜ਼ਮਾਨੇ ’ਚ ਇਹੀ ਕੰਮ ਮੈਨੂੰ ਵੱਡੇ ਪੱਧਰ ’ਤੇ ਕਰਨਾ ਪੈਂਦਾ ਸੀ। ਜਿਸ ਰਾਤ ਰਾਜੀਵ ਗਾਂਧੀ ਦੀ ਹੱਤਿਆ ਹੋਈ, ਪੀ. ਟੀ. ਆਈ. (ਭਾਸ਼ਾ) ਤੋਂ ਉਹ ਖਬਰ ਸਭ ਤੋਂ ਪਹਿਲਾਂ ਅਸੀਂ ਜਾਰੀ ਕੀਤੀ ਅਤੇ ਸੋਨੀਆ ਜੀ ਅਤੇ ਪ੍ਰਿਯੰਕਾ ਨੂੰ ਮੈਂ ਖੁਦ 10-ਜਨਪਥ ਜਾ ਕੇ ਇਹ ਖਬਰ ਘੁਮਾ-ਫਿਰਾ ਕੇ ਦੱਸੀ। ਮੈਂ ਉਨ੍ਹੀਂ ਦਿਨੀਂ ‘ਪੀ.ਟੀ.ਆਈ.-ਭਾਸ਼ਾ’ ਦਾ ਸੰਪਾਦਕ ਸੀ। ਉਸ ਰਾਤ ਰਾਓ ਸਾਹਿਬ ਨਾਗਪੁਰ ’ਚ ਸਨ। ਉਨ੍ਹਾਂ ਨੂੰ ਵੀ ਮੈਂ ਖਬਰ ਦਿੱਤੀ। ਦੂਸਰੇ ਦਿਨ ਸਵੇਰੇ ਅਸੀਂ ਦੋਵੇਂ ਦਿੱਲੀ ’ਚ ਉਨ੍ਹਾਂ ਦੇ ਘਰ ’ਚ ਮਿਲੇ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਹੁਣ ਚੋਣਾਂ ’ਚ ਕਾਂਗਰਸ ਦੀ ਜਿੱਤ ਹੋਵੇਗੀ ਅਤੇ ਤੁਸੀਂ ਪ੍ਰਧਾਨ ਮੰਤਰੀ ਬਣੋਗੇ। ਰਾਓ ਸਾਹਿਬ ਨੂੰ ਰਾਮਟੇਕ ਤੋਂ ਸੰਸਦ ਮੈਂਬਰ ਦੀ ਟਿਕਟ ਨਹੀਂ ਮਿਲੀ ਸੀ। ਉਹ ਸਿਆਸਤ ਛੱਡ ਕੇ ਹੁਣ ਆਂਧਰਾ ਪਰਤਣ ਵਾਲੇ ਸਨ ਪਰ ਕਿਸਮਤ ਨੇ ਮੋੜਾ ਖਾਧਾ ਅਤੇ ਉਹ ਪ੍ਰਧਾਨ ਮੰਤਰੀ ਬਣ ਗਏ। ਹਰ ਸਾਲ 28 ਜੂਨ ਦੀ ਰਾਤ (ਉਨ੍ਹਾਂ ਦਾ ਜਨਮ ਦਿਨ) ਨੂੰ ਅਕਸਰ ਅਸੀਂ ਲੋਕ ਭੋਜਨ ਇਕੱਠੇ ਕਰਦੇ ਸੀ। 1991 ਦੀ 28 ਜੂਨ ਨੂੰ ਮੈਂ ਸਵੇਰੇ-ਸਵੇਰੇ ਉਨ੍ਹਾਂ ਦੇ ਇਥੇ ਪਹੁੰਚ ਗਿਆ ਕਿਉਂਕਿ ਰਾਮਾਨੰਦ ਜੀ ਸਾਗਰ ਦੀ ਇਕ ਵੱਡੀ ਬੇਨਤੀ ਸੀ। ਰਾਓ ਸਾਹਿਬ ਸਿੱਧੇ ਸਾਡੇ ਕੋਲ ਆਏ ਅਤੇ ਬੋਲੇ, ‘‘ਓਏ, ਤੁਸੀਂ ਇਸ ਵੇਲੇ ਇਥੇ! ਇਸ ਸਮੇਂ ਤਾਂ ਇਹ ਬੈਂਡ-ਵਾਜੇ ਅਤੇ ਹਾਰ-ਫੁੱਲ ਵਾਲੇ ਪ੍ਰਧਾਨ ਮੰਤਰੀ ਲਈ ਆਏ ਹੋਏ ਹਨ।’’ ਰਾਓ ਸਾਹਿਬ ’ਤੇ ਪ੍ਰਧਾਨ ਮੰਤਰੀ ਦਾ ਅਹੁਦਾ ਕਦੀ ਸਵਾਰ ਨਾ ਹੋਇਆ। ਉਨ੍ਹਾਂ ਨੇ ਭਾਰਤ ਦੀ ਸਿਆਸਤ, ਵਿਦੇਸ਼ ਨੀਤੀ ਅਤੇ ਅਰਥ ਨੀਤੀ ਨੂੰ ਨਵੀਂ ਦਿਸ਼ਾ ਦਿੱਤੀ। ਪਤਾ ਨਹੀਂ ਉਨ੍ਹਾਂ ਦੀ ਜਨਮ ਸ਼ਤਾਬਦੀ ਕੌਣ ਮਨਾਵੇਗਾ ਅਤੇ ਕਿਵੇਂ ਮਨਾਈ ਜਾਵੇਗੀ?
ਆਪਣੇ ਅਕੀਦਿਆਂ ਦੀ ਜ਼ਮੀਨ ਤੋਂ ਖਿਸਕ ਰਿਹੈ ਸ਼੍ਰੋਮਣੀ ਅਕਾਲੀ ਦਲ?
NEXT STORY