ਬੀਤੇ ਕੁਝ ਸਾਲਾਂ ’ਚ ਜਿਸ ਤਰ੍ਹਾਂ ਖੱਬੇਪੱਖੀ ਅੱਤਵਾਦ –‘ਨਕਸਲਵਾਦ’ ਦਾ ਖਾਤਮਾ ਕੀਤਾ ਜਾ ਰਿਹਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀਆਂ ਸਭ ਤੋਂ ਮਹੱਤਵਪੂਰਨ ਉਪਲਬਧੀਆਂ ’ਚੋਂ ਇਕ ਹੈ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਵੀ ਆਪਣੇ ਕਾਰਜਕਾਲ (2004-14) ’ਚ ਨਕਸਲਵਾਦ ਨੂੰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਗੰਭੀਰ ਖਤਰਾ ਮੰਨਦੇ ਸਨ। ਸਾਲ 2011 ’ਚ ਬਤੌਰ ਪ੍ਰਧਾਨ ਮੰਤਰੀ 5 ਅਖਬਾਰਾਂ ਦੇ ਸੰਪਾਦਕਾਂ ਨਾਲ ਗੱਲਬਾਤ ਕਰਦੇ ਹੋਏ ਡਾ. ਸਿੰਘ ਨੇ ਨਕਸਲ ਪ੍ਰਭਾਵਿਤ ਖੇਤਰਾਂ ’ਚ ਵਿਕਾਸ ਅਤੇ ਖੁਫੀਆ ਤੰਤਰ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਸੀ।
ਬੀਤੇ ਦਿਨੀਂ ਜਿਸ ਤਰ੍ਹਾਂ ਸੁਰੱਖਿਆ ਬਲਾਂ ਨੇ ਚੋਟੀ ਦੇ ਨਕਸਲੀਆਂ ਨੂੰ ਟਿਕਾਣੇ ਲਗਾਇਆ ਹੈ, ਉਸ ਨਾਲ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮੋਦੀ ਸਰਕਾਰ ਨੇ ਨਕਸਲਵਾਦ ਨਾਲ ਨਜਿੱਠਣ ’ਚ ਦ੍ਰਿੜ੍ਹ ਇੱਛਾ ਸ਼ਕਤੀ ਦੇ ਨਾਲ ਸੁਰੱਖਿਆ ਬਲਾਂ ਨੂੰ ਹਰ ਸੰਭਵ ਸਾਧਨ ਮੁਹੱਈਆ ਕਰ ਕੇ ਨਕਸਲੀ ਖੇਤਰਾਂ ’ਚ ਵਿਕਾਸ ਕਾਰਜਾਂ ਦਾ ਮਾਰਗ ਪ੍ਰਭਾਵੀ ਤੌਰ ’ਤੇ ਪੱਧਰਾ ਕੀਤਾ ਹੈ।
ਨਕਸਲਵਾਦ ਦਹਾਕਿਆਂ ਤੋਂ ਦੇਸ਼ ਦੀ ਸੁਰੱਖਿਆ, ਪ੍ਰਭੂਸੱਤਾ, ਸਮਾਜਿਕ ਨਿਆਂ, ਸਿਆਸੀ ਸਥਿਰਤਾ ਅਤੇ ਆਰਥਿਕ ਵਿਕਾਸ ਨੂੰ ਚੁਣੌਤੀ ਦਿੰਦਾ ਆਇਆ ਹੈ। ਸਿਆਸੀ, ਵਿਚਾਰਕ ਕਾਰਨਾਂ ਕਰ ਕੇ ਸਾਲਾਂ ਤੱਕ ਉਸ ਅਣਮਨੁੱਖੀ ਵਿਵਸਥਾ ਨੂੰ ਬਰਦਾਸ਼ਤ ਕੀਤਾ ਗਿਆ, ਜਿਥੇ ਕਾਨੂੰਨ ਦਾ ਰਾਜ ਨਹੀਂ ਸਗੋਂ ਭੀੜ ਤੰਤਰ ਦੀ ਹਕੂਮਤ ਹੈ। ਸੁਭਾਵਿਕ ਤੌਰ ’ਤੇ ਇਸ ਅਰਾਜਕਤਾ ਦੇ ਸਭ ਤੋਂ ਵੱਧ ਸ਼ਿਕਾਰ ਕਮਜ਼ੋਰ, ਵਾਂਝੇ ਵਰਗ ਹੀ ਹੋਏ ਹਨ, ਜਿਨ੍ਹਾਂ ਨੂੰ ਨਕਸਲੀ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਿਕਾਸ, ਲੋਕਤੰਤਰ ਦੀ ਮੁੱਖ ਧਾਰਾ ਤੋਂ ਕੱਟ ਕੇ, ਭੈਅ ਦੇ ਜ਼ੋਰ ’ਤੇ ਕੰਟਰੋਲ ਕਰਨ ਦਾ ਯਤਨ ਕਰਦੇ ਹਨ।
ਇਨ੍ਹਾਂ ਖੱਬੇਪੱਖੀ ਅੱਤਵਾਦੀਆਂ ਦੇ ਪ੍ਰੇਰਣਾਸਰੋਤ ਮੌਜੂਦਾ ਸਮੇਂ ਸਾਮਵਾਦੀ ਚੀਨ ਦੇ ਸੰਸਥਾਪਕ ਮਾਓ ਤਸੇ ਤੁੰਗ ਹਨ, ਜਿਨ੍ਹਾਂ ਦੀ ਵਿਰਾਸਤ ਹੀ ਆਪਣੇ ਵਿਰੋਧੀਆਂ ਦੇ ਨਾਲ ਉਨ੍ਹਾਂ ਨਾਲ ਅਸਹਿਮਤੀ ਰੱਖਣ ਵਾਲਿਆਂ ਦੇ ਭਿਆਨਕ ਕਤਲੇਆਮ ਅਤੇ ਤਸ਼ੱਦਦਾਂ ਨਾਲ ਭਰੀ ਹੈ। ਇਕ ਅੰਕੜੇ ਅਨੁਸਾਰ, ਇਕੱਲੇ ਮਾਓ ਦੀ ‘ਸੰਸਕ੍ਰਿਤਿਕ ਕ੍ਰਾਂਤੀ’ ਵਿਚ 20 ਲੱਖ ਬੇਕਸੂਰ ਲੋਕਾਂ ਦੀ ਮੌਤ ਹੋਈ ਸੀ। ਭਾਵੇਂ ਹੀ ਚੀਨ ਬਦਲਦੇ ਸਮੇਂ ਦੇ ਨਾਲ ਮਾਓ ਦੀਆਂ ਅਸਫਲ ਆਰਥਿਕ ਨੀਤੀਆਂ ਤੋਂ ਤੌਬਾ ਕਰ ਚੁੱਕਾ ਹੈ ਪਰ ਉਸ ਦਾ ਵਿਚਾਰਕ-ਸਿਆਸੀ ਚਿੰਤਨ ਹੁਣ ਵੀ ਜਿਉਂ ਦਾ ਤਿਉਂ ਹੈ।
ਮੌਜੂਦਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸ਼ਾਸਨਕਾਲ ’ਚ ਮਨੁੱਖੀ ਅਧਿਕਾਰਾਂ ਅਤੇ ਮਜ਼੍ਹਬੀ ਆਜ਼ਾਦੀ ਦਾ ਗਲਾ ਘੋਟਨਾ ਰੁਕਿਆ ਨਹੀਂ ਹੈ। ਜਿਥੇ ਤਿੱਬਤ ’ਚ ਸੰਸਕ੍ਰਿਤਕ ਅਤੇ ਭਾਸ਼ਾਈ ਵਿਰਾਸਤ ਦਾ ਦਮਨ-ਚੱਕਰ ਆਪਣੇ ਸਿਖਰਾਂ ’ਤੇ ਹੈ, ਉਥੇ ਸ਼ਿਨਜਿਆਂਗ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਕਈ ਤਰ੍ਹਾਂ ਦੀਆਂ ਮਜ਼੍ਹਬੀ ਪਾਬੰਦੀਆਂ ਹਨ ਅਤੇ ਉਨ੍ਹਾਂ ਦੀਆਂ ਮਸਜਿਦਾਂ ਨੂੰ ਵੀ ਢਾਹ ਦਿੱਤਾ ਗਿਆ ਹੈ। ਭਾਰਤ ਦੇ ਪ੍ਰਤੀ ਦੁਸ਼ਮਣੀ ਰੱਖਣ ਦੇ ਕਾਰਨ ਚੀਨ ਸਿੱਧੇ ਅਤੇ ਅਸਿੱਧੇ ਤੌਰ ’ਤੇ ਮਾਓਵਾਦੀਆਂ (ਸ਼ਹਿਰੀ ਨਕਸਲੀਆਂ ਸਮੇਤ) ਨੂੰ ਆਪਣਾ ਮੋਹਰਾ ਬਣਾਉਂਦਾ ਰਿਹਾ ਹੈ।
ਨਕਸਲੀਆਂ ਦੀ ਕਾਰਜਪ੍ਰਣਾਲੀ ਉੱਤਰ ਕੋਰੀਆਂ ਦੇ ਸਾਮਵਾਦੀ ਤਾਨਾਸ਼ਾਹ ਕਿਮ ਜੋਂਗ ਉਨ ਦੇ ਸਭ ਤੋਂ ਕਰੀਬ ਹਨ। ਜਿਸ ਤਰ੍ਹਾਂ ਕਿਮ ਆਪਣੇ ਵਿਰੋਧੀਆਂ ਦੀਆਂ ਸ਼ਰੇਆਮ ਹੱਤਿਆਵਾਂ ਕਰਵਾਉਂਦੇ ਹਨ ਜਾਂ ਭਾਸ਼ਣ ਦੇ ਸਮੇਂ ਸਿਰਫ ਝਪਕੀ ਲੈਣ ਵਾਲਿਆਂ ਨੂੰ ਗੋਲੀ ਨਾਲ ਉਡਾ ਦਿੰਦੇ ਹਨ, ਉਸੇ ਤਰ੍ਹਾਂ ਹੀ ਨਕਸਲੀ ਆਪਣੀਆਂ ਕਥਿਤ ‘ਜਨ ਅਦਾਲਤਾਂ’ ਵਿਚ ਬੇਕਸੂਰ ਲੋਕਾਂ ਨੂੰ ਪੁਲਸ ਦਾ ਭੇਤੀ ਦੱਸ ਕੇ ਉਨ੍ਹਾਂ ਨੂੰ ਫਾਂਸੀ ਦੇਣ ਅਤੇ ਗੋਲੀ ਮਾਰਨ ਤੋਂ ਇਲਾਵਾ ਬੰਬ ਨਾਲ ਉਡਾਉਣ ਜਾਂ ਸਰੀਰ ਦੇ ਟੁਕੜੇ ਕਰ ਦਿੰਦੇ ਹਨ। ਇਸ ’ਚ ਦੋਸ਼ ਵੀ ਨਕਸਲੀ ਲਗਾਉਂਦੇ ਹਨ ਅਤੇ ਫੈਸਲਾ ਵੀ ਨਕਸਲੀ ਕਰਦੇ ਹਨ।
ਸਾਲ 1967 ਤੋਂ ਮਾਓਵਾਦੀ ਖੁਦ ਨੂੰ ਹਾਸ਼ੀਏ ’ਤੇ ਪਏ ਅੱਤਵਾਦੀਆਂ, ਵਾਂਝਿਆਂ ਅਤੇ ਗਰੀਬਾਂ ਦਾ ਰਹਿਨੁਮਾ ਦੱਸਦੇ ਰਹੇ ਹਨ ਕਿ ਉਹ ਉਨ੍ਹਾਂ ’ਤੇ ਹੋਏ ਕਥਿਤ ‘ਜ਼ੁਲਮ’ ਅਤੇ ਨਾ-ਇਨਸਾਫੀ ਦੇ ਵਿਰੁੱਧ ਲੜ ਰਹੇ ਹਨ। ਸੱਚ ਤਾਂ ਇਹ ਹੈ ਕਿ ਪੱਛੜੇ ਖੇਤਰਾਂ ਦੇ ਪ੍ਰਤੀ ਬ੍ਰਿਤਾਨੀ ਉਦਾਸੀਨਤਾ, ਆਜ਼ਾਦੀ ਤੋਂ ਬਾਅਦ ਮੁਢਲੀਆਂ ਸਰਕਾਰਾਂ ਦੀ ਬਰਖਾਸਤਗੀ ਦੇ ਬਾਅਦ ਨਕਸਲੀ ਬੰਦੂਕਾਂ ਦੀ ਨੋਕ ’ਤੇ ਇਨ੍ਹਾਂ ਖੇਤਰਾਂ ਨੂੰ ਮੁੱਖ ਧਾਰਾ ਤੋਂ ਕੱਟਣਾ, ਸਰਕਾਰੀ ਇਮਾਰਤਾਂ ਅਤੇ ਸਕੂਲਾਂ ਨੂੰ ਸਾੜਨਾਂ, ਸੜਕਾਂ-ਪੁਲਾਂ ਨੂੰ ਬੰਬ ਨਾਲ ਉਡਾਉਣਾ ਅਤੇ ਆਮ ਲੋਕਾਂ ਨਾਲ ਜਬਰੀ ਵਸੂਲੀ ਕਰਨਾ ਚਾਹੁੰਦੇ ਹਨ। ਇਸ ਅਰਾਜਕਤਾ ਦੇ ਕਾਰਨ ਆਦਿਵਾਸੀ ਖੇਤਰਾਂ ’ਚ ਦਹਾਕਿਆਂ ਤੱਕ ਉਦਯੋਗ-ਧੰਦੇ ਫਲ-ਫੁਲ ਨਹੀਂ ਸਕੇ ਹਨ ਜਿਸ ਦਾ ਸਿੱਧਾ ਅਰਥ ਇਹ ਹੋਇਆ ਕਿ ਉਥੇ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਏ ਅਤੇ ਵਿਕਾਸ ਜ਼ੀਰੋੋ ਦੇ ਬਰਾਬਰ ਰਿਹਾ।
ਨਕਸਲੀ ਜਿਸ ਖੱਬੇਪੱਖੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ, ਉਹ ਆਪਣੇ ਨਿਰੰਕੁਸ਼, ਹਿੰਸਕ ਅਤੇ ਮਨੁੱਖਤਾ ਵਿਰੋਧੀ ਚਿੰਤਨ ਦੇ ਕਾਰਨ 74 ਸਾਲਾਂ ਦੇ ਜੀਵਨਕਾਲ ’ਚ ਦੁਨੀਆ ’ਚ ਕਿਤੇ ਵੀ ਸੰਤੋਸ਼ਜਨਕ, ਖੁਸ਼ਹਾਲ ਅਤੇ ਮਨੁੱਖੀ ਅਧਿਕਾਰ ਵਾਲੇ ਸਮਾਜ ਦਾ ਨਿਰਮਾਣ ਨਹੀਂ ਕਰ ਸਕਿਆ ਹੈ। ਇਹ ਠੀਕ ਹੈ ਕਿ ਲੋਕਤੰਤਰ ’ਚ ਵੀ ਕੁਝ ਖਾਮੀਆਂ ਹੋ ਸਕਦੀਆਂ ਹਨ ਪਰ ਉਪਲਬਧ ਵਿਵਸਥਾਵਾਂ (ਸ਼ਰੀਅਤ ਸਮੇਤ) ’ਚ ਲੰਬੇ ਸਮੇਂ ’ਤੇ ਸਭ ਤੋਂ ਸਫਲ, ਸੁਹਿਰਦਤਾਪੂਰਨ, ਆਸ਼ਾਜਨਕ, ਸੰਤੋਸ਼ਜਨਕ ਅਤੇ ਮਨੁੱਖੀ ਅਧਿਕਾਰਾਂ ਨਾਲ ਲੈਸ ਉਦਾਰ ਸਮਾਜ ਦਾ ਨਿਰਮਾਣ, ਲੋਕਤੰਤਰ ਵਿਵਸਥਾ ਨੇ ਹੀ ਕੀਤਾ ਹੈ।
ਨਕਸਲੀਆਂ ਦੀ ਪ੍ਰਜਾਤੰਤਰ ’ਚ ਵਿਸ਼ਵਾਸ ਰੱਖਣ ਵਾਲਿਆਂ ਪ੍ਰਤੀ ਨਫਰਤ ਕਿੰਨੀ ਡੂੰਘੀ ਹੈ, ਇਹ ਉਨ੍ਹਾਂ ਵਲੋਂ 25 ਮਈ 2013 ਨੂੰ ਛੱਤੀਸਗੜ੍ਹ ਝੀਰਮ ਵਾਦੀ ’ਚ ਤਤਕਾਲੀ ਕਾਂਗਰਸ ਪ੍ਰਧਾਨ ਨੰਦਕੁਮਾਰ ਪਟੇਲ ਸਮੇਤ ਕਈ ਕਾਂਗਰਸੀ ਨੇਤਾਵਾਂ, ਵਰਕਰਾਂ ਅਤੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਸਪੱਸ਼ਟ ਹੈ।
ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਸਹੂਲਤਾਂ ਅਤੇ ਸੁਰੱਖਿਅਤਾ ਨੂੰ ਪਹਿਲ ਦੇ ਕੇ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ’ਚ ਨਕਸਲਵਾਦ ਦੀਆਂ ਜੜ੍ਹਾਂ ’ਤੇ ਗੋਲੀ ਦੇ ਨਾਲ ਵਿਕਾਸ ਦੇ ਜ਼ਰੀਏ ਸਿੱਧਾ ਵਾਰ ਕੀਤਾ ਹੈ। 14,000 ਕਿਲੋਮੀਟਰ ਤੋਂ ਵੱਧ ਸੜਕਾਂ ਹੁਣ ਦੂਰ-ਦੁਰਾਡੇ ਦੇ ਇਲਾਕਿਆਂ ਨੂੰ ਮੁੱਖ ਧਾਰਾ ਨਾਲ ਜੋੜ ਰਹੀਆਂ ਹਨ। ਅਜਿਹੇ ਖੇਤਰਾਂ ਨੂੰ ਹਜ਼ਾਰਾਂ ਮੋਬਾਇਲ ਟਾਵਰ ਫੋਰ-ਜੀ ਨੈੱਟਵਰਕ ਦੇ ਰਾਹੀਂ ਆਧੁਨਿਕਤਾ ਨਾਲ ਜੋੜ ਰਹੇ ਹਨ। ਇਸ ਸਭ ਦੇ ਕਾਰਨ ਹੀ 2010 ਦੀ ਤੁਲਨਾ ’ਚ ਨਕਸਲੀ ਘਟਨਾਵਾਂ ਅਤੇ ਉਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ’ਚ 80 ਫੀਸਦੀ ਤੋਂ ਵੱਧ ਦੀ ਭਾਰੀ ਕਮੀ ਆਈ ਹੈ।
ਨਕਸਲੀ ਉਹ ਭਟਕੇ ਹੋਏ ਨੌਜਵਾਨ ਹਨ, ਜਿਨ੍ਹਾਂ ਨੇ ਬਦਕਿਸਮਤੀ ਨਾਲ ਵਿਦੇਸ਼ੀ ਖੱਬੇਪੱਖੀ ਵਿਚਾਰਧਾਰਾ ਤੋਂ ਗੁੰਮਰਾਹ ਹੋ ਕੇ ਆਪਣੇ ਹੀ ਦੇਸ਼ ਦੇ ਵਿਰੁੱਧ ਜੰਗ ਛੇੜੀ ਹੋਈ ਹੈ। ਜਿਹੜੇ ਸਬਜ਼ਬਾਗ ਖੱਬੇਪੱਖੀ ਅੱਤਵਾਦੀਆਂ ਨੇ ਦਿਖਾਏ ਸਨ, ਉਸ ਦਾ ਅਸਲੀ ਚਿਹਰਾ ਪਰਤ ਦਰ ਪਰਤ ਉਤਰ ਕੇ ਸਾਹਮਣੇ ਆ ਚੁੱਕਾ ਹੈ। ਮੋਦੀ ਸਰਕਾਰ ਦਾ ਸਪੱਸ਼ਟ ਸੰਦੇਸ਼ ਹੈ ਕਿ ਮਾਰਚ 2026 ਤਕ ਮਾਓਵਾਦ ਦਾ ਜੜ੍ਹੋਂ ਸਫਾਇਆ ਕਰ ਦਿੱਤਾ ਜਾਵੇਗਾ।
ਬਲਬੀਰ ਪੁੰਜ
‘ਸ਼ਹਿਬਾਜ਼ ਸ਼ਰੀਫ ਦੀਆਂ ਦੋਮੂੰਹੀਂ ਗੱਲਾਂ ਤੋਂ ਸਾਵਧਾਨ’ ‘ਸ਼ਾਂਤੀ ਵਾਰਤਾ ਦੇ ਪ੍ਰਸਤਾਵ ਦੇ ਨਾਲ ਦੇ ਰਿਹਾ ਧਮਕੀ ਵੀ’
NEXT STORY