ਇਤਿਹਾਸ ਇਕ ਆਮ ਜਗ੍ਹਾ ਵਾਂਗ ਹੈ। ਕੋਈ ਵੀ ਉਸ ਆਮ ਜਗ੍ਹਾ ’ਚ ਜਾ ਕੇ ਇਤਿਹਾਸ ਲਿਖ ਜਾਂ ਦੁਬਾਰਾ ਲਿਖ ਸਕਦਾ ਹੈ–ਜਦੋਂ ਤੱਕ ਕਿ ਬਾਅਦ ਦੀ ਰਿਸਰਚ ਅਤੇ ਸਟੱਡੀ ਨਾਲ ਉਨ੍ਹਾਂ ਮਿੱਥਕਾਂ ਦਾ ਪਰਦਾਫਾਸ਼ ਨਾ ਹੋ ਜਾਵੇ। ਯੂਰਪੀ ਸਿਧਾਂਤਕਾਰਾਂ ਅਤੇ ਕੁਝ ਨਕਲਚੀ ਭਾਰਤੀ ਇਤਿਹਾਸਕਾਰਾਂ ਨੇ ਆਰੀਅਨਾਂ ਨੂੰ ਇਕ ਬਿਹਤਰ ਨਸਲ ਦੇ ਰੂਪ ’ਚ ਦਿਖਾਇਆ, ਜਿਨ੍ਹਾਂ ਨੇ ਭਾਰਤ ਤੇ ਦੂਜੀਆਂ ਜ਼ਮੀਨਾਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਸੱਭਿਅਕ ਬਣਾਇਆ। ਇਹ ਇਕ ਮਿੱਥ ਸੀ। ਇੰਡੋ-ਆਰੀਅਨ ਅੰਦੋਲਨਾਂ ਤੋਂ ਬਹੁਤ ਪਹਿਲਾਂ ਭਾਰਤ ਦੇ ਕਈ ਹਿੱਸਿਆਂ ’ਚ ਪ੍ਰਾਚੀਨ ਸੱਭਿਅਤਾਵਾਂ ਫਲੀਆਂ-ਫੁੱਲੀਆਂ ਸਨ, ਉਦਾਹਰਣ ਵਜੋਂ ਤਾਮਿਲਨਾਡੂ ’ਚ ਕਿਲਾਡੀ ਅਤੇ ਦੂਜੀਆਂ ਥਾਵਾਂ ’ਤੇ ਪੁਰਾਤੱਤਵ ਖੋਜਾਂ ਨੇ 3500 ਈਸਾ ਪੂਰਵ ਦੀ ਇਕ ਫਲਦੀ-ਫੁਲਦੀ ਸੱਭਿਅਤਾ ਦਾ ਪਤਾ ਲਗਾਇਆ ਹੈ।
ਕ੍ਰਿਸਟੋਫਰ ਕੋਲੰਬਸ ਨੇ ਅਮਰੀਕਾ ਦੀ ‘ਖੋਜ’ ਕੀਤੀ, ਇਹ ਇਤਿਹਾਸ ਦਾ ਇਕ ਸ਼ੁਰੂਆਤੀ ਸਬਕ ਸੀ ਜੋ ਅਸੀਂ ਸਾਰਿਆਂ ਨੇ ਸਕੂਲ ’ਚ ਸਿੱਖਿਆ ਸੀ। ਇਹ ਕਈ ਤਰੀਕਿਆਂ ਨਾਲ ਗਲਤ ਸੀ-ਜਿਸ ਜ਼ਮੀਨ ਨੂੰ ਹੁਣ ਅਮਰੀਕਾ ਕਿਹਾ ਜਾਂਦਾ ਹੈ, ਉਥੇ ਕੋਲੰਬਸ ਦੇ ਮਹਾਦੀਪ ’ਤੇ ਉਤਰਨ ਤੋਂ ਕਈ ਸਦੀਆਂ ਪਹਿਲਾਂ ਤੋਂ ਹੀ ਮਰਦ ਅਤੇ ਔਰਤਾਂ ਰਹਿੰਦੇ ਸਨ। ਰਿਸਰਚ ਨੇ ਸਾਬਤ ਕੀਤਾ ਹੈ ਕਿ ਉੱਤਰੀ ਵਾਈਕਿੰਗਸ ਕੋਲੰਬਸ ਤੋਂ ਲੱਗਭਗ 500 ਸਾਲ ਪਹਿਲਾਂ ਉੱਤਰੀ ਅਮਰੀਕਾ ਪਹੁੰਚ ਗਏ ਸਨ।
ਇਤਿਹਾਸ ਨੂੰ ਤੋੜਨ-ਮਰੋੜਨ ਵਾਲੇ ਬਹੁਤ ਹਨ
ਰਾਜਨੇਤਾਵਾਂ ਨੂੰ ਇਤਿਹਾਸ ਦੇ ਨਾਲ ਛੇੜਛਾੜ ਕਰਨਾ ਪਸੰਦ ਹੈ। ਭਾਜਪਾ (ਅਤੇ ਸਰਕਾਰ) ਨੇ ਕਾਂਗਰਸ ’ਤੇ ਰਾਸ਼ਟਰੀ ਗੀਤ, ਵੰਦੇ ਮਾਤਰਮ ਨੂੰ ਵਿਗਾੜਨ ਦਾ ਦੋਸ਼ ਲਗਾਇਆ ਅਤੇ ਸਰਦ ਰੁੱਤ ਸੈਸ਼ਨ ’ਚ ਸੰਸਦ ਦੇ ਦੋਵਾਂ ਸਦਨਾਂ ’ਚ ਪੂਰੇ ਦਿਨ ਦੀ ਬਹਿਸ ’ਤੇ ਜ਼ੋਰ ਦਿੱਤਾ। ਪਾਰਟੀ ਦੇ ਬੁਲਾਰਿਆਂ ਨੇ ‘ਇਤਿਹਾਸ’ ਦਾ ਆਪਣਾ ਸੰਸਕਰਨ ਸੁਣਾਇਆ-ਇਹ ਤੋੜਿਆ-ਮਰੋੜਿਆ ਹੋਇਆ ਇਤਿਹਾਸ ਸੀ। ਮੁੱਖ ਵਿਨਾਸ਼ਕਾਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਨ। ਉਨ੍ਹਾਂ ਦੇ ਸ਼ਬਦਾਂ ਵਿਚ :
‘‘ਵੰਦੇ ਮਾਤਰਮ ਦੀ ਰਚਨਾ ਉਸ ਸਮੇਂ ਹੋਈ ਸੀ, ਜਦੋਂ 1857 ਦੇ ਆਜ਼ਾਦੀ ਅੰਦੋਲਨ ਤੋਂ ਬਾਅਦ, ਬ੍ਰਿਟਿਸ਼ ਸਾਮਰਾਜ ਅਸਥਿਰ ਸੀ ਅਤੇ ਉਸ ਨੇ ਭਾਰਤ ’ਤੇ ਕਈ ਤਰ੍ਹਾਂ ਦੇ ਜ਼ੁਲਮ ਅਤੇ ਅਨਿਆਂ ਥੋਪੇ ਸਨ...। ਇਸੇ ਦੌਰਾਨ ਬੰਕਿਮ-ਦਾ ਨੇ ਇਕ ਚੁਣੌਤੀ ਦਿੱਤੀ ਅਤੇ ਜ਼ਿਆਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦਿੱਤਾ ਅਤੇ ਉਸੇ ਵਿਰੋਧ ਨਾਲ ਵੰਦੇ ਮਾਤਰਮ ਦਾ ਜਨਮ ਹੋਇਆ...।’’
‘‘...ਮੁਹੰਮਦ ਅਲੀ ਜਿੱਨਾਹ ਨੇ 15 ਅਕਤੂਬਰ, 1937 ਨੂੰ ਲਖਨਊ ਤੋਂ ਵੰਦੇ ਮਾਤਰਮ ਦੇ ਵਿਰੁੱਧ ਨਾਅਰਾ ਲਗਾਇਆ। ਮੁਸਲਿਮ ਲੀਗ ਦੇ ਬੇਬੁਨਿਆਦੀ ਬਿਆਨਾਂ ਦਾ ਮਜ਼ਬੂਤੀ ਨਾਲ ਮੁਕਾਬਲਾ ਕਰਨ ਅਤੇ ਉਨ੍ਹਾਂ ਦੀ ਨਿੰਦਾ ਕਰਨ ਦੀ ਬਜਾਏ ਤਤਕਾਲੀ ਕਾਂਗਰਸ ਪ੍ਰਧਾਨ ਜਵਾਹਰ ਲਾਲ ਨਹਿਰੂ ਨੇ ਵੰਦੇ ਮਾਤਰਮ ਪ੍ਰਤੀ ਆਪਣੀ ਅਤੇ ਕਾਂਗਰਸ ਪਾਰਟੀ ਦੀ ਵਚਨਬੱਧਤਾ ਦੀ ਪੁਸ਼ਟੀ ਨਹੀਂ ਕੀਤੀ ਅਤੇ ਖੁਦ ਵੰਦੇ ਮਾਤਰਮ ’ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ। ਜਿੱਨਾਹ ਦੇ ਵਿਰੋਧ ਦੇ ਠੀਕ 5 ਦਿਨ ਬਾਅਦ, 20 ਅਕਤੂਬਰ 1937 ਨੂੰ ਨਹਿਰੂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਇਕ ਪੱਤਰ ਲਿਖਿਆ ਜਿਸ ’ਚ ਉਨ੍ਹਾਂ ਨੇ ਜਿੱਨਾਹ ਦੀ ਭਾਵਨਾ ਨਾਲ ਸਹਿਮਤੀ ਜਤਾਈ...।’’
‘‘...(ਨਹਿਰੂ ਨੇ ਕਿਹਾ) ਮੈਂ ਵੰਦੇ ਮਾਤਰਮ ਗੀਤ ਦਾ ਪਿਛੋਕੜ ਪੜ੍ਹਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਪਿਛੋਕੜ ਮੁਸਲਮਾਨਾਂ ਨੂੰ ਭੜਕਾਅ ਸਕਦਾ ਹੈ।’’
‘‘...ਬਦਕਿਸਮਤੀ ਨਾਲ, 26 ਅਕਤੂਬਰ, 1937 ਨੂੰ ਕਾਂਗਰਸ ਨੇ ਵੰਦੇ ਮਾਤਰਮ ’ਤੇ ਸਮਝੌਤਾ ਕਰ ਲਿਆ ਅਤੇ ਆਪਣੇ ਫੈਸਲੇ ਵਿਚ, ਇਸ ਨੂੰ ਟੁਕੜਿਆਂ ’ਚ ਵੰਡ ਦਿੱਤਾ.... ਇਤਿਹਾਸ ਗਵਾਹ ਹੈ ਕਿ ਆਈ. ਐੱਨ. ਸੀ. ਮੁਸਲਿਮ ਲੀਗ ਅੱਗੇ ਝੁਕ ਗਈ, ਉਸਦੇ ਦਬਾਅ ’ਚ ਕੰਮ ਕੀਤਾ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਅਪਣਾਈ। ... ਆਈ. ਐੱਨ. ਸੀ. ਹੁਣ ਐੱਮ. ਐੱਮ. ਸੀ. (ਮੁਸਲਿਮ ਲੀਗ-ਮਾਓਵਾਦੀ ਕਾਂਗਰਸ) ਬਣ ਗਈ ਹੈ।’’
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਗਾਨ ਨੂੰ ਵੰਡਣ ਨਾਲ ਤੁਸ਼ਟੀਕਰਨ ਦੀ ਰਾਜਨੀਤੀ ਹੋਈ, ਜਿਸ ਕਾਰਨ ਦੇਸ਼ ਦੀ ਵੰਡ ਹੋਈ। ਇਹ ਕਲਪਨਾ ਦੀ ਅਜਿਹੀ ਬੇਤੁਕੀ ਛਾਲ ਸੀ ਕਿ ਇਤਿਹਾਸਕਾਰ ਵੀ ਆਪਣੀਆਂ ਸੀਟਾਂ ’ਤੇ ਬੇਚੈਨ ਹੋ ਜਾਣਗੇ।
ਇਕ ਸੰਖੇਪ ਇਤਿਹਾਸ
ਇੱਥੇ ਗੀਤ ਦੀ ਇਕ ਸੰਖੇਪ ਸਮਾਂ-ਰੇਖਾ ਦਿੱਤੀ ਗਈ ਹੈ :
1870 ਦੇ ਦਹਾਕੇ ’ਚ, ਬੰਕਿਮ ਚੰਦਰ ਚੈਟਰਜੀ ਨੇ ਇਕ ਭਜਨ ਦੀਆਂ ਕੁਝ ਪੰਕਤੀਆਂ ਲਿਖੀਆਂ ਜੋ ਅਣਪ੍ਰਕਾਸ਼ਿਤ ਰਹੀਆਂ।
1881 ’ਚ, ਕਵਿਤਾ ਦਾ ਇਕ ਵਿਸਤ੍ਰਿਤ ਸੰਸਕਰਨ ਨਾਵਲ, ਆਨੰਦਮਠ ਵਿਚ ਸ਼ਾਮਲ ਕੀਤਾ ਗਿਆ।
1905 ’ਚ, ਰਬਿੰਦਰਨਾਥ ਟੈਗੋਰ ਨੇ ਰਾਸ਼ਟਰਵਾਦੀਆਂ ਦੇ ਵਿਰੋਧ ਮਾਰਚਾਂ ਦੀ ਅਗਵਾਈ ਕਰਦੇ ਹੋਏ ਕਵਿਤਾ ਗਾਈ- ਵੰਦੇ ਮਾਤਰਮ ਇਕ ਰਾਜਨੀਤਿਕ ਨਾਅਰਾ ਬਣ ਗਿਆ।
1908 ’ਚ, ਤਾਮਿਲ ਕਵੀ ਸੁਬਰਾਮਣੀਅਮ ਭਾਰਤੀ ਨੇ ਆਪਣੀ ਕਵਿਤਾ ਅੰਥਯਮ ਥਯਮ ਵਿਚ ਵੰਦੇ ਮਾਤਰਮ ਵਾਕੰਸ਼ ਨੂੰ ਅਮਰ ਕਰ ਦਿੱਤਾ...
ਬੰਕਿਮ ਚੰਦਰ ਚੈਟਰਜੀ ਦਾ ਗੀਤ ਹਰ ਆਜ਼ਾਦੀ ਘੁਲਾਟੀਏ ਦੀ ਜ਼ੁਬਾਨ ’ਤੇ ਸੀ।
1930 ਦੇ ਦਹਾਕੇ ਵਿਚ ਫਿਰਕੂ ਰਾਜਨੀਤੀ ਵਧ ਰਹੀ ਸੀ, ਗੀਤ ਵਿਵਾਦਪੂਰਨ ਹੋ ਗਿਆ।
28 ਸਤੰਬਰ, 1937 ਨੂੰ, ਰਾਜੇਂਦਰ ਪ੍ਰਸਾਦ ਨੇ ਸਰਦਾਰ ਪਟੇਲ ਨੂੰ ਪੱਤਰ ਲਿਖ ਕੇ ਇਸ ਗੀਤ ਦੇ ਵਿਆਪਕ ਵਿਰੋਧ ਬਾਰੇ ਆਪਣੇ ਖਦਸ਼ੇ ਪ੍ਰਗਟ ਕੀਤੇ ਅਤੇ ਕਾਂਗਰਸ ਦੀ ਨੀਤੀ ਨੂੰ ਹੱਲ ਕਰਨ ਦਾ ਸੁਝਾਅ ਦਿੱਤਾ।
ਸੀ. ਡਬਲਯੂ. ਸੀ. ਦੀ ਮੀਟਿੰਗ ਦੀ ਪੂਰਵ ਸੰਧਿਆ ’ਤੇ, ਨੇਤਾਜੀ ਬੋਸ ਨੇ ਟੈਗੋਰ ਦੀ ਸਲਾਹ ਮੰਗੀ।
17 ਅਕਤੂਬਰ, 1937 ਨੂੰ, ਨੇਤਾ ਜੀ ਬੋਸ ਨੇ ਜਵਾਹਰ ਲਾਲ ਨਹਿਰੂ ਨੂੰ ਸੀ. ਡਬਲਯੂ. ਸੀ ਵਿਚ ਇਸ ਗੀਤ ’ਤੇ ਚਰਚਾ ਕਰਨ ਲਈ ਲਿਖਿਆ।
20.10.1937 ਨੂੰ ਨਹਿਰੂ ਨੇ ਬੋਸ ਨੂੰ ਲਿਖਿਆ ਕਿ ਵਿਵਾਦ ਫਿਰਕਾਪ੍ਰਸਤ ਲੋਕਾਂ ਵਲੋਂ ਘੜਿਆ ਿਗਆ ਸੀ ਅਤੇ ਉਹ ਇਸ ਮਾਮਲੇ ’ਤੇ ਟੈਗੋਰ ਅਤੇ ਹੋਰ ਲੋਕਾਂ ਨਾਲ ਚਰਚਾ ਕਰਨਗੇ।
26.10.1937 ਨੂੰ ਟੈਗੋਰ ਨੇ ਨਹਿਰੂ ਨੂੰ ਲਿਖਿਆ ਕਿ ਗੀਤ ਦਾ ਪਹਿਲਾ ਭਾਗ ਆਪਣੇ ਆਪ ’ਚ ਪੂਰਾ ਹੈ ਅਤੇ ਇਸ ’ਚ ਪ੍ਰੇਰਣਾਦਾਇਕ ਗੁਣ ਹੈ, ਜੋ ਕਿਸੇ ਵੀ ਧਾਰਮਿਕ ਭਾਈਚਾਰੇ ਲਈ ਇਤਰਾਜ਼ਯੋਗ ਨਹੀਂ ਹਨ।
28.10.1937 ਨੂੰ ਸੀ. ਡਬਲਯੂ. ਸੀ. ਨੇ ਕਵਿਤਾ ਦੇ ਦੋ ਛੰਦਾਂ ਨੂੰ ਰਾਸ਼ਟਰਗਾਨ ਦੇ ਰੂਪ ’ਚ ਅਪਣਾਇਆ।
ਜਨਵਰੀ 1939 ’ਚ ਸੀ. ਡਬਲਯੂ. ਸੀ. ਨੇ ਮਹਾਤਮਾ ਗਾਂਧੀ ਦੀ ਹਾਜ਼ਰੀ ’ਚ ਵਰਧਾ ’ਚ ਇਕ ਬੈਠਕ ’ਚ ਪ੍ਰਸਤਾਵ ਨੂੰ ਦੁਹਰਾਇਆ।
ਰਾਸ਼ਟਰਗਾਨ ਜਾਂ ਗੀਤ ਲਈ ਕੁਝ ਛੰਦਾਂ ਦੀ ਚੋਣ ਗੈਰ-ਸਾਧਾਰਨ ਨਹੀਂ ਹੈ। ਜਨ ਗਣ ਮਨ, ਜੋ ਰਾਸ਼ਟਰਗਾਨ ਹੈ, ਰਬਿੰਦਰਨਾਥ ਟੈਗੋਰ ਦੀ ਪੂਰੀ ਕਵਿਤਾ ਦਾ ਇਕ ਸੰਖੇਪ ਸੰਸਕਰਨ ਹੈ। ਕਈ ਦੇਸ਼ਾਂ ਦੇ ਰਾਸ਼ਟਰਗਾਨ ਲੰਬੇ ਗੀਤਾਂ ਦੇ ਸੰਖੇਪ ਸੰਸਕਰਨ ਹਨ।
ਸ਼੍ਰੀ ਮੋਦੀ ਨੇ ਇਸ ਤੋਂ ਸਾਵਧਾਨੀ ਨਾਲ ਪ੍ਰਹੇਜ਼ ਕੀਤਾ। ਇਹ ਸੱਚ ਹੈ ਕਿ ਆਰ. ਐੱਸ. ਐੱਸ. ਅਤੇ ਭਾਜਪਾ ਦੇ ਪੂਰਵਗਾਮੀ ਸੰਗਠਨ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ’ਚ ਜਾਂ ਵੰਦੇ ਮਾਤਰਮ ਗਾਉਣ ਜਾਂ ਪ੍ਰਸਿੱਧ ਕਰਨ ’ਚ ਕੋਈ ਭੂਮਿਕਾ ਨਹੀਂ ਸੀ। ਦਰਅਸਲ, ਆਰ. ਐੱਸ. ਐੱਸ. ਨੇ 52 ਸਾਲਾਂ ਤਕ ਆਪਣੇ ਰਾਸ਼ਟਰੀ ਹੈੱਡਕੁਆਰਟਰ ’ਚ ਰਾਸ਼ਟਰੀ ਝੰਡਾ ਨਹੀਂ ਲਹਿਰਾਇਆ।
ਗਲਤ ਤਰਜੀਹਾਂ
1937 ਤੋਂ, ਕਿਸੇ ਨੇ ਵੀ ਦੋ-ਸ਼ਬਦਾਂ ਵਾਲੇ ਰਾਸ਼ਟਰੀ ਗੀਤ ’ਤੇ ਕੋਈ ਵਿਵਾਦ ਨਹੀਂ ਉਠਾਇਆ। ਹੁਣ ਕਿਉਂ? ਸੰਸਦ ਅਤੇ ਸਰਕਾਰਾਂ ਨੂੰ ਅੱਜ ਦੇ ਲੋਕਾਂ ਦੀਆਂ ਜ਼ਰੂਰੀ ਸਮੱਸਿਆਵਾਂ ਅਤੇ ਭਵਿੱਖ ਲਈ ਦੇਸ਼ ਦੇ ਵੱਡੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਭਾਰਤ ਦੀ ਸੰਸਦ ਨੂੰ ਮੌਜੂਦਾ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ : ਗਰੀਬੀ, ਸਿੱਖਿਆ, ਸਿਹਤ ਸੰਭਾਲ, ਬੁਨਿਆਦੀ ਢਾਂਚਾ, ਸਾਰਿਆਂ ਲਈ ਬਰਾਬਰ ਸੇਵਾਵਾਂ ਦਾ ਉਤਪਾਦਨ ਅਤੇ ਉਪਲਬਧਤਾ, ਵਿੱਤੀ ਸਥਿਰਤਾ, ਵਪਾਰ ਘਾਟਾ, ਜਲਵਾਯੂ ਪਰਿਵਰਤਨ ਅਤੇ ਹੋਰ ਜਾਣੇ-ਪਛਾਣੇ ਮੁੱਦੇ ਹਨ। ਭਵਿੱਖ ਵਿਚ, ਭਾਰਤ ਦੀਆਂ ਚੁਣੌਤੀਆਂ ਵਧਦੀ ਅਸਮਾਨਤਾ, ਆਬਾਦੀ, ਅੰਦਰੂਨੀ ਪ੍ਰਵਾਸ, ਧਰਮਨਿਰਪੱਖਤਾ, ਵਿਗਿਆਨ ਅਤੇ ਤਕਨਾਲੋਜੀ ਅਤੇ ਹੋਰ ਅਣਜਾਣ ਮੁੱਦੇ ਹੋਣਗੇ।
ਇਤਿਹਾਸ ਨੂੰ ਵਿਗਾੜਨਾ ਕਾਫ਼ੀ ਬੁਰਾ ਹੈ, ਪਰ ਭਵਿੱਖ ਨੂੰ ਨਜ਼ਰਅੰਦਾਜ਼ ਕਰਨਾ ਮੁਆਫ਼ ਕਰਨ ਯੋਗ ਨਹੀਂ ਹੈ।
–ਪੀ. ਚਿਦਾਂਬਰਮ
ਸਰਕਾਰ ਨੇ 6 ਸਾਲਾਂ ’ਚ ਮਹਿਲਾ ਸਟਾਰਟਅਪਸ ’ਚ ਕੀਤਾ 3,100 ਕਰੋੜ ਰੁਪਏ ਤੋਂ ਵੱਧ ਨਿਵੇਸ਼
NEXT STORY