ਪ੍ਰਦੂਸ਼ਣ ਸਾਡੀ ਜ਼ਿੰਦਗੀ ’ਤੇ ਕਈ ਤਰ੍ਹਾਂ ਨਾਲ ਪ੍ਰਭਾਵ ਪਾ ਰਿਹਾ ਹੈ। ਇਕ ਪਾਸੇ ਉਦਯੋਗਿਕ ਇਕਾਈਆਂ ਵਾਤਾਵਰਣ ਅਤੇ ਜਲ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ, ਤਾਂ ਦੂਜੇ ਪਾਸੇ ਫਸਲਾਂ ’ਤੇ ਛਿੜਕੇ ਜਾਣ ਵਾਲੇ ਵੱਖ-ਵੱਖ ਪ੍ਰਕਾਰ ਦੇ ਰਸਾਇਣਾਂ ਨਾਲ ਸਾਡਾ ਭੋਜਨ ਪ੍ਰਦੂਸ਼ਿਤ ਹੋ ਕੇ ਜ਼ਿੰਦਗੀ ’ਚ ਜ਼ਹਿਰ ਘੋਲ ਰਿਹਾ ਹੈ। ਦਰਅਸਲ ਜਲ ਪ੍ਰਦੂਸ਼ਣ ਦਾ ਅਸਰ ਵੀ ਅਖੀਰ ਫਸਲਾਂ ’ਤੇ ਹੀ ਪੈਂਦਾ ਹੈ। ਨਤੀਜੇ ਵਜੋਂ ਸਾਨੂੰ ਜ਼ਹਿਰੀਲਾ ਭੋਜਨ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਹਾਲ ਹੀ ’ਚ ਪ੍ਰਕਾਸ਼ਿਤ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਦੂਸ਼ਿਤ ਅਤੇ ਖਰਾਬ ਭੋਜਨ ਖਾਣ ਨਾਲ ਹਰ ਸਾਲ ਲਗਭਗ 86.6 ਕਰੋੜ ਲੋਕ ਬੀਮਾਰ ਪੈਂਦੇ ਹਨ ਅਤੇ ਲੱਗਭਗ 15 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਦੂਸ਼ਿਤ ਭੋਜਨ ਅਤੇ ਉਸ ਨਾਲ ਹੋਣ ਵਾਲੀਆਂ ਬੀਮਾਰੀਆਂ ਕਿਸੇ ਇਕ ਦੇਸ਼ ’ਚ ਨਹੀਂ, ਸਗੋਂ ਸਾਰੇ ਦੇਸ਼ਾਂ ’ਚ ਹਨ।
ਇਸ ਸਮੱਸਿਆ ਦਾ ਸਭ ਤੋਂ ਵੱਧ ਪ੍ਰਭਾਵ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਦੇਖਿਆ ਜਾ ਰਿਹਾ ਹੈ। ਦਰਅਸਲ ਵਿਕਸਿਤ ਦੇਸ਼ਾਂ ਕੋਲ ਵੱਧ ਸਰੋਤ ਹੁੰਦੇ ਹਨ। ਇਸ ਲਈ ਉੱਥੇ ਪ੍ਰਦੂਸ਼ਣ ਨਾਲ ਨਜਿੱਠਣ ਦੀਆਂ ਯੋਜਨਾਵਾਂ ਦੇ ਅਮਲ ’ਚ ਵੀ ਤੇਜ਼ੀ ਦੇਖੀ ਗਈ ਹੈ। ਇਨ੍ਹਾਂ ਦੇਸ਼ਾਂ ’ਚ ਸਾਫ਼-ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਵਿਕਸਿਤ ਦੇਸ਼ਾਂ ਨੇ ਭੋਜਨ ਸਮੇਤ ਸਾਰੇ ਖੇਤਰਾਂ ’ਚ ਆਪਣੇ ਮਾਪਦੰਡ ਤੈਅ ਕੀਤੇ ਹੋਏ ਹਨ, ਜਿਨ੍ਹਾਂ ਦਾ ਸਖ਼ਤੀ ਨਾਲ ਧਿਆਨ ਰੱਖਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਰਿਪੋਰਟ ’ਚ ਇਹ ਸੰਕੇਤ ਵੀ ਦਿੱਤਾ ਗਿਆ ਹੈ ਕਿ ਖਰਾਬ ਅਤੇ ਦੂਸ਼ਿਤ ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਦਬਾਅ ਸਾਰੇ ਦੇਸ਼ਾਂ ’ਚ ਇਕੋ ਜਿਹਾ ਨਹੀਂ ਹੈ। ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ’ਚ ਇਨ੍ਹਾਂ ਦਾ ਵੱਧ ਪ੍ਰਭਾਵ ਦੇਖਣ ਨੂੰ ਮਿਲਿਆ ਹੈ।
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਛੋਟੇ ਬੱਚੇ ਦੁਨੀਆ ਦੀ ਆਬਾਦੀ ਦਾ ਲੱਗਭਗ 9 ਫੀਸਦੀ ਹਿੱਸਾ ਹਨ ਪਰ ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਲਗਭਗ ਇਕ-ਚੌਥਾਈ ਮਾਮਲੇ ਇਨ੍ਹਾਂ ’ਚ ਹੀ ਪਾਏ ਜਾਂਦੇ ਹਨ। ਦਰਅਸਲ ਬੱਚਿਆਂ ਦਾ ਸਰੀਰ ਕਮਜ਼ੋਰ ਹੁੰਦਾ ਹੈ ਅਤੇ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦੀ। ਇਹੋ ਕਾਰਨ ਹੈ ਕਿ ਬੱਚਿਆਂ ’ਤੇ ਪ੍ਰਦੂਸ਼ਣ ਦਾ ਅਸਰ ਵੀ ਵੱਧ ਪੈਂਦਾ ਹੈ। ਭੋਜਨ ’ਚ ਜ਼ਹਿਰੀਲੇ ਰਸਾਇਣਾਂ ਜਿਵੇਂ ਕੀਟਨਾਸ਼ਕ, ਮਿਲਾਵਟੀ ਪਦਾਰਥ ਅਤੇ ਭਾਰੀ ਧਾਤਾਂ ਦਾ ਬੱਚਿਆਂ ਦੇ ਸਰੀਰ ਅਤੇ ਦਿਮਾਗ ’ਤੇ ਬਹੁਤ ਹੀ ਗੰਭੀਰ ਅਸਰ ਪੈਂਦਾ ਹੈ। ਬੱਚੇ ਵਡੇਰਿਆਂ ਦੀ ਤੁਲਨਾ ’ਚ ਇਨ੍ਹਾਂ ਰਸਾਇਣਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੁੰਦੇ ਹਨ। ਰਸਾਇਣਾਂ ਦੇ ਕਾਰਨ ਬੱਚਿਆਂ ਦੇ ਸਿੱਖਣ ਅਤੇ ਸਮਝਣ ਦੀ ਸਮਰੱਥਾ ਘੱਟ ਹੋ ਸਕਦੀ ਹੈ। ਬੱਚੇ ਵੱਧ ਹਮਲਾਵਰੀ, ਚਿੜਚਿੜੇ ਜਾਂ ਹਾਈਪਰ ਐਕਟਿਵ ਹੋ ਸਕਦੇ ਹਨ। ਇਸ ਤੋਂ ਇਲਾਵਾ ਸੀਸਾ ਅਤੇ ਮਿਥਾਈਲਮਰਕਰੀ ਜਿਹੇ ਰਸਾਇਣਕ ਤੱਤ ਬੱਚਿਆਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕੁਝ ਸਮਾਂ ਪਹਿਲਾਂ ਅਮਰੀਕਾ ਦੇ 61 ਬ੍ਰਾਂਡਾਂ ਦੇ 168 ਬੇਬੀ ਫੂਡਜ਼ ’ਚ ਜ਼ਹਿਰੀਲੀਆਂ ਭਾਰੀ ਧਾਤੂਆਂ ਪਾਈਆਂ ਗਈਆਂ ਸਨ। ਇਸ ਦੇ ਨਾਲ ਹੀ ਕਈ ਬੇਬੀ ਫੂਡ ਕੰਟੇਨਰਾਂ ’ਚ ਵੀ ਜ਼ਹਿਰੀਲੀਆਂ ਧਾਤੂਆਂ ਮਿਲੀਆਂ ਸਨ। ਖੋਜਕਰਤਾਵਾਂ ਦਾ ਕਹਿਣਾ ਸੀ ਕਿ ਭੋਜਨ ’ਚ ਅਸ਼ੁੱਧੀ ਹੋਣਾ ਓਨਾ ਚਿੰਤਾਜਨਕ ਨਹੀਂ ਸੀ, ਕਿਉਂਕਿ ਮਾਤਰਾ ਬਹੁਤ ਘੱਟ ਸੀ। ਚਿੰਤਾ ਦੀ ਗੱਲ ਇਹ ਸੀ ਕਿ ਇਹ ਭੋਜਨ ਬੱਚਿਆਂ ਨੂੰ ਲਗਾਤਾਰ ਦਿੱਤਾ ਜਾ ਰਿਹਾ ਸੀ। ਜਦੋਂ ਅਜਿਹਾ ਭੋਜਨ ਵਾਰ-ਵਾਰ ਸਰੀਰ ’ਚ ਜਾਂਦਾ ਹੈ ਤਾਂ ਭਾਰੀ ਧਾਤੂਆਂ ਸਰੀਰ ’ਚ ਜਮ੍ਹਾ ਹੁੰਦੀਆਂ ਚਲੀਆਂ ਜਾਂਦੀਆਂ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਕਰਦੀਆਂ ਹਨ।
ਰਿਪੋਰਟ ਅਨੁਸਾਰ ਮੁੱਖ ਤੌਰ ’ਤੇ 2 ਕਾਰਨਾਂ ਨਾਲ ਭੋਜਨ ਤੋਂ ਹੋਣ ਵਾਲੀਆਂ ਬੀਮਾਰੀਆਂ ਹੁੰਦੀਆਂ ਹਨ। ਇਕ ਹੈ ਜੈਵਿਕ ਕਾਰਕ ਅਤੇ ਦੂਜਾ ਹੈ ਰਸਾਇਣਕ ਕਾਰਕ। ਜੈਵਿਕ ਕਾਰਕ ’ਚ ਬੈਕਟੀਰੀਆ, ਵਾਇਰਸ ਅਤੇ ਪਰਜੀਵੀ ਸੰਕਰਮਣ ਆਉਂਦੇ ਹਨ। ਵਾਇਰਸ, ਪਰਜੀਵੀ ਅਤੇ ਕਵਕ ਉਸ ਵਾਤਾਵਰਣ ’ਚ ਮੌਜੂਦ ਹੋ ਸਕਦੇ ਹਨ, ਜਿੱਥੋਂ ਭੋਜਨ ਜਾਂ ਪਾਣੀ ਆਉਂਦਾ ਹੈ। ਕੋਈ ਇਨਫੈਕਟਿਡ ਵਿਅਕਤੀ ਜੇਕਰ ਭੋਜਨ ਨੂੰ ਛੂੰਹਦਾ ਹੈ, ਤਾਂ ਇਹ ਰੋਗਾਣੂ ਭੋਜਨ ’ਚ ਤਬਦੀਲ ਹੋ ਸਕਦੇ ਹਨ। ਦੂਸ਼ਿਤ ਭੋਜਨ ਜਾਂ ਪਾਣੀ ਪੀਣ ਨਾਲ ਫੂਡ ਪੁਆਇਜ਼ਨਿੰਗ ਹੋ ਜਾਂਦੀ ਹੈ। ਇਹ ਖੁਰਾਕ ਜ਼ਹਿਰੀਲਾਪਣ ਕਦੇ-ਕਦੇ ਗੁੰਝਲਦਾਰ ਵੀ ਹੋ ਸਕਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਾਲ 2021 ’ਚ ਕਰੀਬ 86 ਕਰੋੜ ਮਾਮਲੇ ਇਨ੍ਹਾਂ ਕਾਰਨਾਂ ਨਾਲ ਜੁੜੇ ਪਾਏ ਗਏ।
ਦੂਜੇ ਪਾਸੇ ਰਸਾਇਣਕ ਕਾਰਕ ’ਚ ਪ੍ਰਦੂਸ਼ਣ ਦਾ ਵੱਡਾ ਯੋਗਦਾਨ ਹੁੰਦਾ ਹੈ। ਰਸਾਇਣਕ ਖਤਰੇ ਜ਼ਿਆਦਾ ਮਾਮਲਿਆਂ ’ਚ ਨਹੀਂ ਹੁੰਦੇ ਪਰ ਇਨ੍ਹਾਂ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਰਸਾਇਣਕ ਤੱਤ ਕਈ ਮਾਮਲਿਆਂ ’ਚ ਇੰਨੇ ਖਤਰਨਾਕ ਹੁੰਦੇ ਹਨ ਕਿ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ’ਚ ਵੀ ਚਲੇ ਜਾਂਦੇ ਹਨ। ਇਹ ਤੱਤ ਲੰਬੇ ਸਮੇਂ ਤੱਕ ਸਰੀਰ ’ਚ ਰਹਿ ਕੇ ਕਈ ਤਰ੍ਹਾਂ ਦੇ ਰੋਗ ਪੈਦਾ ਕਰਦੇ ਹਨ। ਦਰਅਸਲ ਸਾਨੂੰ ਇਹ ਸਮਝਣਾ ਹੋਵੇਗਾ ਕਿ ਵਾਤਾਵਰਣ ਅਤੇ ਭੋਜਨ ਦਾ ਇਕ ਡੂੰਘਾ ਅੰਤਰ-ਸਬੰਧ ਹੈ। ਜੇਕਰ ਅਸੀਂ ਇਸ ਅੰਤਰ-ਸਬੰਧ ਨੂੰ ਨਹੀਂ ਸਮਝਦੇ ਹਾਂ ਤਾਂ ਇਹ ਸਾਡੀ ਅਗਿਆਨਤਾ ਹੀ ਹੋਵੇਗੀ।
ਇਸ ਦੌਰ ’ਚ ਜਿਸ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਪ੍ਰਦੂਸ਼ਣ ਵਧ ਰਹੇ ਹਨ ਅਤੇ ਉਨ੍ਹਾਂ ਦਾ ਅਸਰ ਸਾਡੇ ਭੋਜਨ ’ਤੇ ਪੈ ਰਿਹਾ ਹੈ, ਉਹ ਭਵਿੱਖ ’ਚ ਇਕ ਵੱਡੇ ਖਤਰੇ ਵੱਲ ਸੰਕੇਤ ਕਰ ਰਹੇ ਹਨ। ਜੇਕਰ ਸਾਡਾ ਵਾਤਾਵਰਣ ਸਾਫ਼ ਹੋਵੇਗਾ ਤਾਂ ਭੋਜਨ ਨੂੰ ਦੂਸ਼ਿਤ ਕਰਨ ਵਾਲੇ ਜੈਵਿਕ ਕਾਰਕ ਅਤੇ ਰਸਾਇਣਕ ਕਾਰਕ ਵੀ ਘੱਟ ਹੋ ਜਾਣਗੇ। ਇਸ ਦੌਰ ’ਚ ਜੈਵਿਕ ਭੋਜਨ ਦਾ ਰੁਝਾਨ ਵੀ ਵਧ ਰਿਹਾ ਹੈ ਪਰ ਜੈਵਿਕ ਭੋਜਨ ਵੀ ਉਦੋਂ ਹੀ ਕਾਰਗਰ ਹੋਵੇਗਾ ਜਦੋਂ ਪ੍ਰਦੂਸ਼ਣ ਨਹੀਂ ਹੋਵੇਗਾ ਅਤੇ ਸਾਡਾ ਵਾਤਾਵਰਣ ਸਵੱਛ ਰਹੇਗਾ। ਇਸ ਲਈ ਭੋਜਨ ਨੂੰ ਖਰਾਬ ਅਤੇ ਦੂਸ਼ਿਤ ਹੋਣ ਤੋਂ ਬਚਾਉਣਾ ਹੈ ਤਾਂ ਸਾਨੂੰ ਆਪਣੇ ਵਾਤਾਵਰਣ ’ਤੇ ਵਿਸ਼ੇਸ਼ ਤੌਰ ’ਤੇ ਧਿਆਨ ਦੇਣਾ ਹੀ ਹੋਵੇਗਾ।
-ਰੋਹਿਤ ਕੌਸ਼ਿਕ
ਈਜ਼ ਆਫ ਡੂਇੰਗ ਬਿਜ਼ਨੈੱਸ, ‘ਪਹਿਲਾਂ ਕਮਾਓ ਫਿਰ ਚੁਕਾਓ’ ਦੀ ਨੀਤੀ ਜ਼ਰੂਰੀ
NEXT STORY