ਤਰੁਣ ਵਿਜੇ
ਸਰਦਾਰ ਪਟੇਲ ਬਾਰੇ ਬੀ. ਕ੍ਰਿਸ਼ਣਾ ਦੀ ਇਕ ਕਿਤਾਬ ਹੈ, ਜਿਸ ਦਾ ਸਿਰਲੇਖ ਹੈ–‘ਇੰਡੀਅਨ ਆਇਰਨ ਮੈਨ’। ਇਸ ’ਚ ਉਨ੍ਹਾਂ ਨੇ ਸਰਦਾਰ ਬਾਰੇ ਅਨੇਕ ਰੌਚਕ ਅਤੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਦੱਸੀਆਂ ਹਨ। ਉਹ ਲਿਖਦੇ ਹਨ ਕਿ ਸ਼ੁਰੂ ’ਚ ਮਹਾਤਮਾ ਗਾਂਧੀ ਸਰਦਾਰ ਪਟੇਲ ਦੇ ਨਾਂ ’ਤੇ ਵਿਚਾਰ ਕਰ ਰਹੇ ਸਨ ਪਰ ਮੌਲਾਨਾ ਆਜ਼ਾਦ ਨੇ ਉਨ੍ਹਾਂ ਨੂੰ ਨਹਿਰੂ ’ਤੇ ਵਿਚਾਰ ਕਰਨ ਲਈ ਕਿਹਾ ਤਾਂ ਕਿ ਸੈਕੁਲਰਵਾਦ ਦੇ ਸੰਦਰਭ ’ਚ ਕਾਂਗਰਸ ਦੀ ਦਿੱਖ ਬਚ ਸਕੇ। ਕਹਿੰਦੇ ਹਨ ਬਾਅਦ ’ਚ ਖੁਦ ਮੌਲਾਨਾ ਆਜ਼ਾਦ ਪਛਤਾਏ। ਚੱਕਰਵਰਤੀ ਰਾਜਗੋਪਾਲਾਚਾਰੀ ਨੇ ਤੱਤਕਾਲੀ ਮਦਰਾਸ ’ਚ ਇਕ ਸਭਾ ’ਚ ਕਿਹਾ ਸੀ ਕਿ ਪਛਤਾਵੇ ਵਜੋਂ ਅਤੇ ਆਪਣਾ ਮਨ ਹਲਕਾ ਕਰਨ ਲਈ ਉਹ ਕਹਿਣਾ ਚਾਹੁੰਦੇ ਸਨ ਕਿ ਸਰਦਾਰ ਪਟੇਲ ਦਾ ਸਮਰਥਨ ਨਾ ਕਰ ਕੇ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ। ਅਜਿਹਾ ਲੱਗਦਾ ਹੈ ਕਿ ਸਰਦਾਰ ਦਾ ਸਮਾਂ ਅਸਲ ’ਚ ਹੁਣ ਆਇਆ। ਅੱਜ ਦੇਸ਼ ’ਚ ਜੋ ਇਤਿਹਾਸਕ ਫੈਸਲੇ ਲਏ ਜਾ ਰਹੇ ਹਨ, ਉਹ ਅਸਲ ’ਚ ਵਿਵਹਾਰਿਕ ਸਰਦਾਰ ਹੀ ਕਹੇ ਜਾ ਸਕਦੇ ਹਨ ਪਰ ਇਹ ਸਮਝਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸਰਦਾਰ ਦੇ ਉਸ ਤੱਤ ਨੂੰ ਸਮਝੀਏ, ਜਿਸ ਨੇ ਉਨ੍ਹਾਂ ਨੂੰ ਲੋਹਪੁਰਸ਼ ਬਣਾਇਆ ਜਾਂ ਲੋਹਪੁਰਸ਼ ਦੇ ਨਾਤੇ ਪ੍ਰਸਿੱਧ ਕੀਤਾ।
ਦਿੱਲੀ ’ਚ ਇਕ ਲੋਹ ਥੰਮ੍ਹ ਹੈ। 1600 ਸਾਲ ਤੋਂ ਜ਼ਿਆਦਾ ਹੋ ਗਏ ਹਨ ਇਸ ਨੂੰ ਬਣੇ ਪਰ ਉਸ ’ਤੇ ਜ਼ੰਗ ਨਹੀਂ ਲੱਗੀ। ਅਜਿਹਾ ਲੋਹਾ, ਜਿਸ ਨੇ ਸਦੀਆਂ ਦੇ ਤੂਫਾਨ, ਹਮਲੇ ਅਤੇ ਉਲਟ ਹਾਲਾਤ ਝੱਲਦੇ ਹੋਏ ਵੀ ਆਪਣਾ ਲੋਹਾਪਣ ਬਣਾਈ ਰੱਖਿਆ। ਦੁਨੀਆ ਭਰ ਦੇ ਖੋਜਕਾਰ ਆ ਕੇ ਖੋਜ ਕਰ ਗਏ ਪਰ ਸਮਝ ਨਹੀਂ ਸਕੇ ਕਿ ਇਹ ਕਿਹੋ ਜਿਹਾ ਲੋਹਾ ਹੈ। ਮੈਂ ਅੱਜ ਦੱਸਦਾ ਹਾਂ, ਇਹ ਸਰਦਾਰ ਪਟੇਲ ਦੇ ਪਰਿਵਾਰ ਦਾ ਲੋਹਾ ਹੈ। ਸਰਦਾਰ ਇਸ ਲੋਹੇ ਦੀ ਪ੍ਰੰਪਰਾ ਦੇ ਸਨ। ਨਾ ਜ਼ੰਗ ਲੱਗੀ, ਨਾ ਝੁਕੇ, ਨਾ ਟੁੱਟੇ, ਨਾ ਰੁਕੇ।
ਡਾਂਡੀ ਸੱਤਿਆਗ੍ਰਹਿ ’ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਅੰਗਰੇਜ਼ ਡਰ ਗਏ ਸਨ ਤਾਂ ਉਸ ਸਮੇਂ ਭਾਵ 30-31 ’ਚ ਸਾਬਰਮਤੀ ਸਾਹਮਣੇ 75 ਹਜ਼ਾਰ ਲੋਕ ਇਕੱਠੇ ਹੋ ਗਏ ਸਨ ਅਤੇ ਕਿਹਾ ਸੀ ਕਿ ਸਰਦਾਰ ਦੀ ਇਕ ਗੱਲ ’ਤੇ ਅਸੀਂ ਸਭ ਕੁਝ ਦੇ ਦੇਵਾਂਗੇ। ਇਹ ਗੱਲ ਕਿਵੇਂ ਜਨਮੀ? ਕਿਉਂਕਿ ਸਰਦਾਰ ਨੇ ਜਨਤਾ ਦੇ ਦੁੱਖ-ਦਰਦ ਦੇ ਨਾਲ ਇਕਰੂਪਤਾ ਹਾਸਲ ਕਰ ਲਈ ਸੀ। 1923 ’ਚ ਬੋਰਸਦ ਵਿਚ ਡਕੈਤਾਂ ਦੀ ਵੀ ਦਹਿਸ਼ਤ ਸੀ, ਉਲਟਾ ਅੰਗਰੇਜ਼ਾਂ ਨੇ ਪਿੰਡ ਵਾਲਿਆਂ ’ਤੇ ਟੈਕਸ ਥੋਪ ਦਿੱਤਾ। ਸਰਦਾਰ ਚੱਟਾਨ ਵਾਂਗ ਖੜ੍ਹੇ ਹੋ ਗਏ। ਪਿੰਡ ਜਿੱਤ ਗਿਆ। ਟੈਕਸ ਦਾ ਹੁਕਮ ਵਾਪਸ ਹੋਇਆ। 1928 ’ਚ ਬਾਰਦੋਲੀ ਸੱਤਿਆਗ੍ਰਹਿ ਹੋਇਆ। ਸਰਦਾਰ ਨੇ ਮਹਿਲਾ ਸ਼ਕਤੀ ਨੂੰ ਜੁਟਾਇਆ, ਜਿਨ੍ਹਾਂ ’ਚ ਮਿੱਠੂ ਬੇਨ ਪੇਟਿਟ, ਭਗਤੀ ਬਾ, ਮਣੀਬੇਨ ਪਟੇਲ, ਸ਼ਾਰਦਾ ਬੇਨ ਸ਼ਾਹ ਅਤੇ ਸ਼ਾਰਦਾ ਮਹਿਤਾ ਵਰਗੀਆਂ ਜਾਗ੍ਰਿਤ ਮਹਿਲਾਵਾਂ ਨੇ ਅੰਦੋਲਨ ਨੂੰ ਤਾਕਤ ਦਿੱਤੀ। ਬਾਰਦੋਲੀ ਸੱਤਿਆਗ੍ਰਹਿ ਦਾ ਇਹ ਕਮਾਲ ਅਤੇ ਉਸ ਦੀ ਸਫਲਤਾ ਸੀ ਕਿ ਬਹਾਦਰ ਮਹਿਲਾ ਸੱਤਿਆਗ੍ਰਹੀਆਂ ਨੇ ਵੱਲਭ ਭਾਈ ਨੂੰ ਸਰਦਾਰ ਦੀ ਉਪਾਧੀ ਦੇ ਦਿੱਤੀ ਅਤੇ ਉਦੋਂ ਤੋਂ ਲੈ ਕੇ ਵੱਲਭ ਭਾਈ ਸਰਦਾਰ ਦੇ ਨਾਤੇ ਹੀ ਜਾਣੇ ਗਏ।
ਪਰ ਇਸ ਤੋਂ ਪਹਿਲਾਂ ਦੀ ਗੱਲ ਤਾਂ ਤੁਸੀਂ ਸਮਝੋ। 1919 ’ਚ ਜਦੋਂ ਨਾਮਿਲਵਰਤਨ ਅੰਦੋਲਨ ਹੋਇਆ ਸੀ ਤਾਂ ਸਰਦਾਰ ਪਟੇਲ ਨੇ ਗਾਂਧੀ ਜੀ ਲਈ ਗੁਜਰਾਤ ਦੇ ਪਿੰਡ-ਪਿੰਡ ’ਚ ਘੁੰਮ ਕੇ ਤਿੰਨ ਲੱਖ ਵਰਕਰ ਜੁਟਾਏ ਸਨ ਅਤੇ ਉਸ ਜ਼ਮਾਨੇ ’ਚ 15 ਲੱਖ ਰੁਪਏ ਇਕੱਠੇ ਕਰ ਕੇ ਗਾਂਧੀ ਜੀ ਨੂੰ ਦਿੱਤੇ ਸਨ।
1930 ਦੇ ਜਨ ਨਾਮਿਲਵਰਤਨ ਅੰਦੋਲਨ ’ਚ ਸਰਦਾਰ ਨੂੰ ਰਾਸ ਪਿੰਡ ’ਚੋਂ ਗ੍ਰਿਫਤਾਰ ਕਰ ਲਿਆ ਗਿਆ। ਸਰਦਾਰ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਕੀ ਤੁਸੀਂ ਟੈਕਸ ਦੇਣਾ ਬੰਦ ਕਰ ਸਕਦੇ ਹੋ? ਸਭ ਨੇ ਹਾਂ ਕੀਤੀ ਅਤੇ ਟੈਕਸ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਦੀਆਂ ਜ਼ਮੀਨਾਂ ਅੰਗਰੇਜ਼ਾਂ ਨੇ ਜ਼ਬਤ ਕਰ ਲਈਆਂ। ਸੋਚੋ, ਉਹ ਕਿਹੋ ਜਿਹੀ ਮਹਾਨ ਵਾਣੀ ਦਾ ਚਮਤਕਾਰ ਹੋਵੇਗਾ ਕਿ ਸਰਦਾਰ ਦੇ ਕਹਿਣ ’ਤੇ ਲੋਕਾਂ ਨੇ ਆਪਣੀ ਖੇਤੀ, ਆਪਣੀ ਜ਼ਮੀਨ ਗੁਆਉਣਾ ਮਨਜ਼ੂਰ ਕਰ ਲਿਆ ਪਰ ਸਮਝੌਤਾ ਨਹੀਂ ਕੀਤਾ। ਉਸ ਸਮੇਂ ਦੀ ਇਕ ਘਟਨਾ ਵੀ ਹੈ ਕਿ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਅੰਗਰੇਜ਼ ਪੁਲਸ ਵਾਲੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਲੇ ਹਨ ਤਾਂ ਉਹ ਗ੍ਰਿਫਤਾਰੀ ਤੋਂ ਬਚਣ ਲਈ ਘਰ ਦਾ ਸਾਰਾ ਸਾਮਾਨ, ਜੋ ਇਕੱਠਾ ਕਰ ਸਕਦੇ ਸਨ, ਲੈ ਕੇ ਸਰਹੱਦ ਪਾਰ ਕਰ ਗਏ ਪਰ ਅੰਗਰੇਜ਼ਾਂ ਸਾਹਮਣੇ ਝੁਕੇ ਨਹੀਂ। ਜ਼ਮੀਨ ਚਲੀ ਗਈ ਤਾਂ ਖਾਵਾਂਗੇ ਕੀ? ਸਰਦਾਰ ਨੇ ਅਹਿਮਦਾਬਾਦ ਦੇ ਉਦਯੋਗਪਤੀਆਂ ਨੂੰ ਕਹਿ ਕੇ 300 ਮਣ ਕਪਾਹ ਭਿਜਵਾਈ ਤਾਂ ਕਿ ਉਹ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ।
ਸਰਦਾਰ ਕਦੇ ਬਾਜ਼ਾਰ ਦੇ ਖਾਦੀ ਭੰਡਾਰ ’ਚੋਂ ਖਾਦੀ ਨਹੀਂ ਖਰੀਦਦੇ ਸਨ। ਉਨ੍ਹਾਂ ਦੀ ਬੇਟੀ ਮਣੀਬੇਨ ਜੋ ਸੂਤ ਕੱਤਦੀ ਸੀ, ਉਸੇ ਤੋਂ ਬਣੇ ਕੱਪੜੇ ਪਹਿਨਦੇ ਸਨ। ਇਕ ਵਾਰ ਜਦੋਂ ਸਰਦਾਰ ਕਾਫੀ ਬੀਮਾਰ ਹੋ ਕੇ ਦੇਹਰਾਦੂਨ ਦੇ ਸਰਕਟ ਹਾਊਸ ’ਚ ਇਲਾਜ ਕਰਵਾ ਰਹੇ ਸਨ ਤਾਂ ਉਸ ਸਮੇਂ ਉਨ੍ਹਾ ਦੀ ਉਮਰ 74 ਸਾਲ ਸੀ। ਉਸ ਸਮੇਂ ਦੇਹਰਾਦੂਨ ਦੇ ਸੰਸਦ ਮੈਂਬਰ ਮਹਾਵੀਰ ਤਿਆਗੀ ਉਨ੍ਹਾਂ ਨੂੰ ਮਿਲਣ ਆਏ ਤਾਂ ਦੇਖਿਆ, ਉਨ੍ਹਾਂ ਦੀ ਬੇਟੀ ਮਣੀਬੇਨ ਨੇ ਖਾਦੀ ਦੀ ਅਜਿਹੀ ਸਾੜ੍ਹੀ ਪਹਿਨੀ ਹੋਈ ਹੈ, ਜਿਸ ਦੇ ਇਕ ਕੋਨੇ ’ਤੇ ਦੂਸਰੇ ਕੱਪੜੇ ਨਾਲ ਪੈਚ ਲੱਗਾ ਹੋਇਆ ਸੀ। ਮਹਾਵੀਰ ਤਿਆਗੀ ਹਾਸਾ-ਮਜ਼ਾਕ ਕਰਨ ਵਾਲੇ ਨੇਤਾ ਸਨ। ਬੋਲੇ, ਮਣੀਬੇਨ, ਜਿਸ ਸਰਦਾਰ ਨੇ ਇਕ ਸਾਲ ’ਚ ਇੰਨਾ ਵੱਡਾ ਸਾਮਰਾਜ ਖੜ੍ਹਾ ਕਰ ਦਿੱਤਾ, ਜੋ ਨਾ ਅਸ਼ੋਕ ਦਾ ਸੀ, ਨਾ ਅਕਬਰ ਦਾ ਅਤੇ ਨਾ ਹੀ ਅੰਗਰੇਜ਼ਾਂ ਦਾ, ਉਸ ਦੀ ਬੇਟੀ ਪੈਚ ਲੱਗੀ ਸਾੜ੍ਹੀ ਪਹਿਨੇਗੀ ਅਤੇ ਸ਼ਹਿਰ ’ਚ ਜੇਕਰ ਚਲੀ ਗਈ ਤਾਂ ਲੋਕ ਭਿਖਾਰੀ ਸਮਝ ਕੇ ਪੈਸੇ ਦੇਣ ਲੱਗ ਜਾਣਗੇ। ਸਰਦਾਰ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸ ਪਏ ਅਤੇ ਬੋਲੇ ਦੇਹਰਾਦੂਨ ਦੇ ਬਾਜ਼ਾਰ ’ਚ ਭੀੜ ਬਹੁਤ ਹੁੰਦੀ ਹੈ। ਸ਼ਾਮ ਹੋਣ ਤਕ ਮਣੀ ਨੂੰ ਚੰਗੀ-ਖਾਸੀ ਰਕਮ ਮਿਲ ਜਾਵੇਗੀ। ਡਾ. ਸੁਸ਼ੀਲਾ ਨਈਅਰ ਵੀ ਇਹ ਮਜ਼ਾਕ ਸੁਣ ਕੇ ਹੱਸ ਰਹੀ ਸੀ। ਉਨ੍ਹਾਂ ਨੇ ਮਹਾਵੀਰ ਤਿਆਗੀ ਨੂੰ ਕਿਹਾ, ‘‘ਤਿਆਗੀ ਮਣੀਬੇਨ ਸਾਰਾ ਦਿਨ ਸਰਦਾਰ ਸਾਹਿਬ ਦੀ ਦੇਖਭਾਲ ’ਚ ਗੁਜ਼ਾਰਦੀ ਹੈ ਅਤੇ ਉਸ ਤੋਂ ਬਾਅਦ ਦਿਨ ਭਰ ਦੀ ਡਾਇਰੀ ਲਿਖਦੀ ਹੈ ਅਤੇ ਫਿਰ ਚਰਖੇ ’ਤੇ ਸੂਤ ਕੱਤਦੀ ਹੈ। ਉਸੇ ਸੂਤ ਨਾਲ ਸਰਦਾਰ ਦੇ ਕੱਪੜੇ ਬਣਦੇ ਹਨ ਕਿਉਂਕਿ ਉਹ ਖਾਦੀ ਭੰਡਾਰ ਤੋਂ ਤਾਂ ਕਦੇ ਕੱਪੜਾ ਖਰੀਦਦੇ ਨਹੀਂ। ਸਰਦਾਰ ਸਾਹਿਬ ਦੇ ਜੋ ਕੱਪੜੇ ਪੁਰਾਣੇ ਹੋ ਜਾਂਦੇ ਹਨ, ਉਨ੍ਹਾਂ ਨੂੰ ਸਿਊ ਕੇ ਮਣੀਬੇਨ ਆਪਣੇ ਕੱਪੜੇ ਬਣਾਉਂਦੀ ਹੈ। ਉਹ ਿਵਚਾਰੀ ਕਿੱਥੋਂ ਨਵੇਂ ਕੱਪੜੇ ਲਿਆਏ।’’ ਸਰਦਾਰ ਇਸ ’ਤੇ ਚੁੱਪ ਨਹੀਂ ਰਹੇ ਅਤੇ ਬੋਲੇ, ‘‘ਉਹ ਕਿਵੇਂ ਚੰਗੇ ਕੱਪੜੇ ਲੈ ਸਕਦੀ ਹੈ? ਉਸ ਦਾ ਬਾਪੂ ਤਾਂ ਕੁਝ ਕਮਾਉਂਦਾ ਹੀ ਨਹੀਂ ਹੈ।’’
ਅਜਿਹੇ ਸਨ ਸਰਦਾਰ, ਜਿਨ੍ਹਾਂ ਨੇ ਆਪਣੇ ਲਈ ਕੁਝ ਨਹੀਂ ਕਮਾਇਆ ਪਰ ਸਾਡੇ ਲਈ ਦੇਸ਼ ਦੀ ਏਕਤਾ ਕਮਾ ਕੇ ਦੇ ਗਏ।
ਪਰਵਾਸ ਦਾ ਵਰਤਾਰਾ : ਆਪਣੀ ਹੋਂਦ ਤੇ ਪਛਾਣ ਲਈ ਲੜ ਰਿਹੈ ਮਨੁੱਖ
NEXT STORY