ਪਰਮਜੀਤ ਸਿੰਘ ਕੱਟੂ
‘‘ਤੁਸੀਂ ਬੀਮਾਰ ਹੋ ਗਏ ਜਾਂ ਸੱਟ ਲੱਗੀ ਤਾਂ ਸਮਝੋ ਮਾਰੇ ਗਏ। ਮੈਂ ਜੰਗਲ ’ਚ ਕਈ ਲਾਸ਼ਾਂ ਸੜਦੀਆਂ ਦੇਖੀਆਂ, ਸਾਡੀ ਪਿੱਛੇ ਆਉਂਦੀ ਟੋਲੀ ਦੇ 3 ਮੁੰਡੇ ਮਾਰੇ ਗਏ, ਮੇਰੇ ਨਾਲ ਦਾ ਇਕ ਬੰਦਾ ਮਰ ਗਿਆ, ਨਾਲ ਦਿਆਂ ਨੇ ਅਰਦਾਸ ਕਰ ਕੇ ਜਹਾਜ਼ ਤੋਂ ਰੋੜ੍ਹ ਦਿੱਤਾ’’ ਮੈਕਸੀਕੋ ਤੋਂ ਪਰਤੇ ਇਕ ਪੰਜਾਬੀ ਮੁੰਡੇ ਦੀ ਹੱਡਬੀਤੀ। ਇਸੇ ਤਰ੍ਹਾਂ ਦੀਆਂ ਘਟਨਾਵਾਂ ਨਾਲ ਭਰੀ ਪਈ ਹੈ ਪੰਜਾਬੀਆਂ ਦੇ ਪਰਵਾਸ ਦੀ ਚਰਚਿਤ ਪੁਸਤਕ ‘ਸ਼ਾਰਟ ਕੱਟ ਵਾਇਆ ਲਾਂਗ ਰੂਟ’ ਅਤੇ ਲਘੂ ਫਿਲਮ ‘ਸਟਰੇਅ ਸਟਾਰ’ (Stray Star)।
ਕੋਈ ਵੀ ਸੰਕਟ ਚਿੰਤਨ ਲਈ ਸਭ ਤੋਂ ਜ਼ਰੂਰੀ ਸਮਾਂ ਹੁੰਦਾ ਹੈ ਤਾਂ ਕਿ ਸੰਕਟ ਨਵਿਰਤੀ ਵੀ ਹੋ ਜਾਵੇ ਤੇ ਸੰਕਟ ਦੁਬਾਰਾ ਵੀ ਨਾ ਆਵੇ ਪਰ ਹੁੰਦਾ ਅਕਸਰ ਇਹ ਹੈ ਕਿ ਸੰਕਟ ਦੌਰਾਨ ਚਲੰਤ ਜਿਹੇ ਹੱਲ ਕੱਢ ਲਏ ਜਾਂਦੇ ਹਨ ਤੇ ਸੰਕਟ ਦੀ ਜੜ੍ਹ ਉਵੇਂ ਦੀ ਉਵੇਂ ਰਹਿੰਦੀ ਹੈ। ਸੰਕਟ ਸਾਡੀ ਸਮਰੱਥਾ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੇ ਹਨ। ਸੰਕਟਾਂ ਵਿਚੋਂ ਹੀ ਸਾਡੀਆਂ ਸੰਭਾਵਨਾਵਾਂ ਦਾ ਪਤਾ ਚੱਲਦਾ ਹੈ। ਮੈਕਸੀਕੋ ਤੋਂ ਪਰਤੇ ਪੰਜਾਬੀਆਂ ਦੇ ਸੰਕਟ ਦਾ ਸੇਕ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੈ, ਇਹ ਗੱਲ ਵੱਖਰੀ ਹੈ ਕਿ ਕਈ ਇਸ ਸੇਕ ਨਾਲ ਝੁਲਸੇ ਜਾ ਰਹੇ ਹਨ ਤੇ ਕਈ ਇਸ ਸੇਕ ਨਾਲ ‘ਰੋਟੀਆਂ’ ਸੇਕਣਗੇ।
ਪਰਵਾਸ ਨਾਲ ਸਬੰਧਤ ਹੈਰਾਨੀਜਨਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਦਵਿੰਦਰ ਪਾਲ ਸਿੰਘ ਦੀ ਰਿਪੋਰਟ ਅਨੁਸਾਰ ਪੰਜਾਬੀਆਂ ਨੇ 1 ਜਨਵਰੀ 2014 ਤੋਂ ਅਗਸਤ 2019 (ਪੌਣੇ ਛੇ ਵਰ੍ਹਿਆਂ ’ਚ) ਤਕ ਕਰੀਬ 914.45 ਕਰੋੜ ਰੁਪਏ ਖਰਚੇ ਹਨ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਦੇਸ਼ ਭਰ ’ਚ 1 ਜਨਵਰੀ 2014 ਤੋਂ ਅਗਸਤ 2019 ਤਕ 5.81 ਕਰੋੜ ਪਾਸਪੋਰਟ ਜਾਰੀ ਕੀਤੇ ਗਏ ਹਨ। ਪੰਜਾਬ ’ਚ ਇਸੇ ਸਮੇਂ ਦੌਰਾਨ (ਪੌਣੇ ਛੇ ਵਰ੍ਹਿਆਂ ’ਚ) 45.72 ਲੱਖ ਪਾਸਪੋਰਟ ਬਣੇ ਹਨ, ਜਦਕਿ ਲੰਘੇ ਢਾਈ ਸਾਲਾਂ (1 ਜਨਵਰੀ 2017 ਤੋਂ ਅਗਸਤ 2019 ਤਕ) ’ਚ ਪੰਜਾਬ ਵਿਚ 26.99 ਲੱਖ ਪਾਸਪੋਰਟ ਬਣੇ ਹਨ।
ਵੱਡੀ ਗਿਣਤੀ ਸਟੱਡੀ ਵੀਜ਼ੇ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੈ। ਢਾਈ ਵਰ੍ਹਿਆਂ ਦੀ ਔਸਤ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ ਕਰੀਬ 2800 ਪਾਸਪੋਰਟ ਬਣ ਰਹੇ ਹਨ। ਇਕ ਹੋਰ ਜਾਣਕਾਰੀ ਅਨੁਸਾਰ ਹਰੇਕ ਸਾਲ 3.36 ਲੱਖ ਨੌਜਵਾਨ ‘ਆਈਲੈਟਸ’ ਦੀ ਪ੍ਰੀਖਿਆ ਦਿੰਦੇ ਹਨ, ਜਿਸ ਦੀ ਫੀਸ ਕਰੀਬ 425 ਕਰੋੜ ਰੁਪਏ ਬਣਦੀ ਹੈ। ਸੰਨ 2017 ਵਿਚ ਡੇਢ ਲੱਖ ਨੌਜਵਾਨ ਵਿਦੇਸ਼ਾਂ ’ਚ ਪੜ੍ਹਨ ਲਈ ਗਏ ਸਨ, ਜਿਨ੍ਹਾਂ ਦਾ ਇਕ ਸਾਲ ਦਾ ਖਰਚਾ 65 ਹਜ਼ਾਰ ਕਰੋੜ ਰੁਪਏ ਬਣਦਾ ਹੈ।
ਅਸਲ ਵਿਚ ਮਾਨਵ ਜਾਤੀ ਦੇ ਪੈਦਾ ਹੋਣ ਦਾ ਸਥਾਨ ਅਫਰੀਕਾ ਮੰਨਿਆ ਜਾਂਦਾ ਹੈ। ਇਸ ਲਈ ਮਨੁੱਖ ਤਾਂ ਅਫਰੀਕਾ ਦਾ ਮੂਲਵਾਸੀ ਹੋਇਆ ਤੇ ਮਨੁੱਖ ਆਪਣੇ ਮੂਲ ਸੁਭਾਅ ਪੱਖੋਂ ਨਾ ਮੂਲਵਾਸੀ ਸੀ ਅਤੇ ਨਾ ਹੀ ਪਰਵਾਸੀ। ਇਹ ਸਾਰਾ ਕੁਝ ਸਮੇਂ ਦੀਆਂ ਲੋੜਾਂ ’ਚੋਂ ਪੈਦਾ ਹੋਇਆ।
ਇਸ ਲਈ ਕਹਿ ਸਕਦੇ ਹਾਂ ਕਿ ਪਰਵਾਸ ਜਿਹੇ ਹਰ ਵਰਤਾਰੇ ਸਟੇਟ ਦੀ ਲੋੜ ਵਿਚੋਂ ਪੈਦਾ ਹੁੰਦੇ ਹਨ ਤੇ ਇਨ੍ਹਾਂ ਦੀ ਪ੍ਰਕਿਰਤੀ ਵਿਚ ਸਟੇਟ ਦੀਆਂ ਲੋੜਾਂ ਅਨੁਸਾਰ ਤਬਦੀਲੀ ਹੁੰਦੀ ਰਹਿੰਦੀ ਹੈ। ਮਿਸਾਲ ਦੇ ਤੌਰ ’ਤੇ ਪਾਕਿਸਤਾਨ ਦੀ ਹੋਂਦ ਤੋਂ ਪਹਿਲਾਂ ਪਾਕਿਸਤਾਨ ਦੇ ਮੂਲਵਾਸੀ ਹੋਣ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਅਜਿਹਾ ਉਦੋਂ ਵਾਪਰਦਾ ਹੈ, ਜਦੋਂ ਨਵੀਂ ਸਟੇਟ ਦਾ ਜਨਮ ਹੁੰਦਾ ਹੈ।
ਕਈ ਵਾਰ ਸਟੇਟ ਆਪਣਾ ਰੂਪ ਬਦਲਦੀ ਹੈ ਤਾਂ ਵੀ ਮੂਲਵਾਸ ਤੇ ਪਰਵਾਸ ਦੇ ਅਰਥ ਬਦਲ ਜਾਂਦੇ ਹਨ। ਹਿਟਲਰ ਤੋਂ ਪਹਿਲਾਂ ਜਰਮਨ ਵਿਚ ਯਹੂਦੀ ਮੂਲਵਾਸੀ ਸਨ ਪਰ ਸਟੇਟ ਦਾ ਫ਼ਾਸ਼ੀਵਾਦੀ ਰੂਪ ਉਨ੍ਹਾਂ ਹੀ ਮੂਲਵਾਸੀਆਂ ਨੂੰ ਜਾਂ ਤਾਂ ਪਰਵਾਸ ਕਰਨ ਲਈ ਮਜਬੂਰ ਕਰ ਦਿੰਦਾ ਹੈ ਜਾਂ ਉਨ੍ਹਾਂ ਦਾ ਨਸਲਘਾਤ ਕਰਦਾ ਹੈ। ਭਾਰਤ ਦੇ ਸੰਦਰਭ ਵਿਚ ਇਹ ਸਮੀਕਰਨ ਬੜੀ ਗੁੰਝਲਦਾਰ ਤੇ ਰੌਚਕ ਵੀ ਹੈ। ਵੰਡ ਤੋਂ ਪਹਿਲਾਂ ਪੰਜਾਬੀ ਸਿੱਖ ਲਾਹੌਰ ਵਰਗੇ ਸ਼ਹਿਰਾਂ ’ਚ ਵਸਦੇ ਸਨ। ਵੰਡ ਨੇ ਮੂਲਵਾਸੀਆਂ ਨੂੰ ਅਜਿਹਾ ਉਜਾੜਿਆ ਕਿ ਉਹ ਪਰਵਾਸੀ ਹੋ ਗਏ। ਭਾਰਤੀ ਪੰਜਾਬ ਤੇ ਮੁੱਖ ਤੌਰ ’ਤੇ ਦਿੱਲੀ ਵਿਚ ਵਸੇ ਤਾਂ ’84 ਵੇਲੇ ਦਿੱਲੀ ਵਿਚ ਹੀ ਸੁਰੱਖਿਅਤ ਨਾ ਰਹੇ। ਸਵਾਲ ਹਾਲੇ ਤਕ ਬਰਕਰਾਰ ਹੈ ਕਿ ਇਹ ਸਿੱਖ ਕਿੱਥੋਂ ਦੇ ਮੂਲਵਾਸੀ ਹਨ? ਸਿੱਖ ਹੀ ਕਿਉਂ, ਯੂ. ਪੀ., ਬਿਹਾਰ, ਮਹਾਰਾਸ਼ਟਰ, ਹਰਿਆਣਾ ਵਰਗੇ ਸੂਬਿਆਂ ਦੇ ਦਲਿਤ ਕਿੱਥੋਂ ਦੇ ਮੂਲਵਾਸੀ ਹਨ? ਗੁਜਰਾਤ ਵਰਗੇ ਸੂਬਿਆਂ ਵਿਚ ਕਤਲ ਹੋ ਰਹੇ ਮੁਸਲਮਾਨ ਕਿੱਥੋਂ ਦੇ ਮੂਲਵਾਸੀ ਹਨ? ਕਸ਼ਮੀਰ ਦੇ ਬ੍ਰਾਹਮਣ ਕਿੱਥੋਂ ਦੇ ਮੂਲਵਾਸੀ ਹਨ?
ਪਰਵਾਸ ਦੇ ਕਾਰਣਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਸ ਵਿਚੋਂ Push-Pull ਸਿਧਾਂਤ ਸਭ ਤੋਂ ਮਹੱਤਵਪੂਰਨ ਹੈ। Push-Pull ਸਿਧਾਂਤ ਰਾਹੀਂ ਪਰਵਾਸ ਦੇ ਕਾਰਣਾਂ ਦਾ ਬਹੁਤ ਸਾਰੇ ਵਿਦਵਾਨਾਂ ਨੇ ਵਿਸ਼ਲੇਸ਼ਣ ਕਰਦੇ ਹੋਏ ਪਰਵਾਸ ਨੂੰ ਇਨ੍ਹਾਂ ਦੋ ਸ਼ਕਤੀਆਂ ਅਨੁਸਾਰ ਹੀ ਸਮਝਣ ਦਾ ਯਤਨ ਕੀਤਾ ਹੈ। ਪਹਿਲੀ ਸ਼ਕਤੀ ਨੂੰ ਉਨ੍ਹਾਂ ਤਾਕਤਾਂ ਦਾ ਸਮੂਹ ਮੰਨਿਆ ਜਾਂਦਾ ਹੈ, ਜੋ ਆਦਮੀ ਨੂੰ ਇਕ ਜਗ੍ਹਾ ਤੋਂ ਧੱਕਦੀਆਂ ਹਨ; ਜਿਵੇਂ ਬੇਰੋਜ਼ਗਾਰੀ, ਗਰੀਬੀ, ਭਾਈਚਾਰੇ ਤੋਂ ਉਦਾਸੀਨਤਾ, ਯੁੱਧ, ਸਰਕਾਰੀ ਨੀਤੀ, ਦੇਸ਼ ਦੀ ਵੰਡ ਆਦਿ ਇਹ ਕੁਝ ਅਜਿਹੀਆਂ ਹਾਲਤਾਂ ਹੋ ਸਕਦੀਆਂ ਹਨ, ਜੋ ਇਨਸਾਨ ਨੂੰ ਪਰਵਾਸ ਧਾਰਨ ਕਰਨ ਲਈ ਪ੍ਰੇਰਿਤ ਕਰ ਸਕਦੀਆਂ ਹਨ।
ਦੂਜੀ ਸ਼ਕਤੀ ਅਨੁਸਾਰ ਪਰਵਾਸ ਲਈ ਚੁਣੀ ਜਗ੍ਹਾ ਵਿਚ ਕੋਈ ਖਿੱਚ ਹੁੰਦੀ ਹੈ, ਜੋ ਇਨਸਾਨ ਨੂੰ ਆਪਣੇ ਪ੍ਰਤੀ ਆਕਰਸ਼ਿਤ ਕਰ ਕੇ ਪਰਵਾਸ ਲਈ ਰੁਚਿਤ ਕਰਦੀ ਹੈ; ਜਿਵੇਂ ਰੋਜ਼ਗਾਰ ਮਿਲਣ ’ਤੇ ਛੇਤੀ ਅਮੀਰ ਹੋਣ ਦੀ ਸੰਭਾਵਨਾ, ਵਧੀਆ ਲੋਕ, ਉਚੇਰੀਆਂ ਸੁੱਖ-ਸਹੂਲਤਾਂ ਵਾਲੇ ਸਮਾਜ ਅਤੇ ਜੀਵਨ ਦੀ ਇੱਛਾ ਆਦਿ। ਇਨ੍ਹਾਂ ਦੋਹਾਂ ਸ਼ਕਤੀਆਂ ਦਾ ਕੇਂਦਰ ਸਟੇਟ ਦੀ ਲੋੜ ਹੀ ਹੁੰਦੀ ਹੈ, ਜੋ ਆਪਣੀਆਂ ਲੋੜਾਂ ਅਨੁਸਾਰ ਕਿਸੇ ਨੂੰ Push ਕਰਦੀ ਹੈ ਤੇ ਕਿਸੇ ਨੂੰ Pull ਕਰਦੀ ਹੈ।
20ਵੀਂ ਸਦੀ ਦੇ ਆਰੰਭ ਵਿਚ ਹੀ ਪਰਵਾਸੀਆਂ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਕੈਨੇਡਾ ਸਰਕਾਰ ਫਿਕਰਮੰਦ ਹੋ ਗਈ ਤੇ ਇਸੇ ਫਿਕਰਮੰਦੀ ਵਿਚੋਂ 1908 ਈ. ਵਿਚ ਇਮੀਗ੍ਰੇਸ਼ਨ ਸਬੰਧੀ ਕੈਨੇਡਾ ਦੇ ਡਿਪਟੀ ਮਨਿਸਟਰ ਆਫ ਲੇਬਰ ਮਕੈਂਜੀ ਕਿੰਗ ਵਲੋਂ ਪੇਸ਼ ਰਿਪੋਰਟ ਵਿਚ ਦੋ ਕਾਨੂੰਨ ਬਣਾਉਣ ਲਈ ਕਿਹਾ ਗਿਆ। ਕਾਨੂੰਨ ਅਨੁਸਾਰ ਏਸ਼ੀਆ ਦੇ ਕਿਸੇ ਵੀ ਵਿਅਕਤੀ ਦੇ ਕੈਨੇਡਾ ਵਿਚ ਦਾਖਲ ਹੋਣ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ। ਇਸ ਦੇ ਨਾਲ-ਨਾਲ ਇਹ ਸ਼ਰਤ ਵੀ ਲਾ ਦਿੱਤੀ ਗਈ ਕਿ ਜੇਕਰ ਕੋਈ ਏਸ਼ੀਆਈ ਵਿਅਕਤੀ ਆਪਣੇ ਮੂਲ ਦੇਸ਼ ਤੋਂ ਸਿੱਧਾ ਸਫਰ ਕਰ ਕੇ ਕੈਨੇਡਾ ਆਵੇ ਤਾਂ ਉਸ ਕੋਲ ਸਫਰ ਦੀ ਟਿਕਟ ਵੀ ਮੂਲ ਦੇਸ਼ ਤੋਂ ਖਰੀਦੀ ਹੋਈ ਹੋਵੇ। ਦੂਜੇ ਕਾਨੂੰਨ ਅਨੁਸਾਰ ਕੈਨੇਡਾ ਆਉਣ ਵਾਲੇ ਵਿਅਕਤੀ ਕੋਲ 200 ਡਾਲਰ ਹੋਣ ਦੀ ਸੂਰਤ ਵਿਚ ਹੀ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਆਗਿਆ ਹੋਵੇਗੀ। ਇਨ੍ਹਾਂ ਕਾਨੂੰਨਾਂ ਰਾਹੀਂ ਕੈਨੇਡਾ ਸਰਕਾਰ ਏਸ਼ੀਆਈ ਲੋਕਾਂ ਦੇ ਕੈਨੇਡਾ ਵਿਚਲੇ ਪਰਵਾਸ ਉੱਤੇ ਰੋਕ ਲਾਉਣਾ ਚਾਹੁੰਦੀ ਸੀ।
ਇਹ ਕਾਨੂੰਨ ਆਖਿਰ ਵਿਦਰੋਹ ਦਾ ਕਾਰਣ ਵੀ ਬਣੇ। ਇਹ ਮਨੁੱਖੀ ਸੁਭਾਅ ਦੀ ਵਿਲੱਖਣ ਖਾਸੀਅਤ ਹੈ ਕਿ ਮੂਲ ਰੂਪ ਵਿਚ ਮਨੁੱਖ ਆਜ਼ਾਦ ਸੁਭਾਅ ਦਾ ਮਾਲਕ ਹੈ, ਇਸੇ ਲਈ ਉਹ ਲੋੜ ਅਤੇ ਸਮਰੱਥਾ ਅਨੁਸਾਰ ਹਰ ਕਾਨੂੰਨ ਤੇ ਬੰਧਨ ਨੂੰ ਤੋੜਦਾ ਹੈ। ਇਹ ਸੁਭਾਅ ਆਦਮ ਤੇ ਹਵਾ ਦੀ ਮਿੱਥ ਤੋਂ ਲੈ ਕੇ ਅੱਜ ਤਕ ਚੱਲਦਾ ਆ ਰਿਹਾ ਹੈ। ਇਸੇ ਤਰ੍ਹਾਂ ਕੈਨੇਡਾ ਪਰਵਾਸ ਵਿਚ ਅੜਿੱਕਾ ਬਣੇ ਕਾਨੂੰਨਾਂ ਦੇ ਹੱਲ ਵਜੋਂ ਕਾਮਾਗਾਟਾਮਾਰੂ ਘਟਨਾ ਵਾਪਰੀ ਸੀ।
ਆਵਾਸ ਤੇ ਪਰਵਾਸ ਇਕਨਾਮਿਕਸ ਦੀ ਭਾਸ਼ਾ ਵਿਚ ਮਨੁੱਖਾਂ ਦੀ ਬਰਾਮਦ ਤੇ ਦਰਾਮਦ ਹੀ ਹਨ, ਜਿਸ ਦਾ ਸਬੰਧ ਮੁੱਲ ਤੇ ਮੁਨਾਫੇ ਨਾਲ ਜੁੜਿਆ ਹੋਇਆ ਹੈ। ਪੂੰਜੀਵਾਦੀ ਸਟੇਟ ਲਈ ਮਨੁੱਖ ਬਹੁ-ਮੰਤਵੀ ਕਾਰਜ ਕਰਨ ਵਾਲੀ ਵਸਤੂ ਹੈ। ਇਸ ਤੋਂ ਆਵਾਸ ਵਿਚ ਵੀ ਤੇ ਪਰਵਾਸ ਵਿਚ ਵੀ ਲੋੜ ਅਨੁਸਾਰ ਕਈ ਕੰਮ ਕਰਵਾ ਲਏ ਜਾਂਦੇ ਹਨ।
ਪਰਵਾਸ ਦਾ ਵਰਤਾਰਾ ਏਨਾ ਗੁੰਝਲਦਾਰ ਅਤੇ ਘਾਤਕ ਹੈ ਕਿ ਇਸ ਨੂੰ ਸਟੇਟ ਨੇ ਆਪਣੇ ਮਨੋਰਥ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪੂੰਜੀਵਾਦ ਵਿਰੁੱਧ ਵਿਦਰੋਹ ਕਰਨ ਲਈ ਲੋਕਾਂ ਦਾ ਇਕੱਠੇ ਹੋਣਾ ਜਿੰਨਾ ਵਧੇਰੇ ਜ਼ਰੂਰੀ ਹੈ, ਪੂੰਜੀਵਾਦੀ ਸਟੇਟ ਲੋਕਾਂ ਨੂੰ ਓਨਾ ਵਧੇਰੇ ਵੰਡ ਰਹੀ ਹੈ। ਇਸ ਵੰਡ ਨਾਲ ਮਨੁੱਖ ਸਾਹਮਣੇ ਆਪਣੀ ਹੋਂਦ ਤੇ ਪਛਾਣ ਦਾ ਸੰਕਟ ਪੈਦਾ ਹੋ ਗਿਆ ਹੈ। ਉਹ ਕਿਸੇ ਇਨਕਲਾਬ ਤੋਂ ਪਹਿਲਾਂ ਆਪਣੀ ਹੋਂਦ ਤੇ ਪਛਾਣ ਲਈ ਜੰਗ ਲੜ ਰਿਹਾ ਹੈ ਤੇ ਇਸ ਜੰਗ ਵਿਚ ਜਿੱਤ ਦੇ ਯਕੀਨ ਨਾਲੋਂ ਹਾਰ ਦਾ ਵਧੇਰੇ ਡਰ ਹੈ।
(pkattu@yahoo.in)
ਗਰੀਬਾਂ ਦਾ ਢਿੱਡ ਭਰਨ ਵਾਲੇ ‘ਫੂਡ ਏ. ਟੀ. ਐੱਮਜ਼’
NEXT STORY