ਬਿਹਾਰ ਚੋਣਾਂ ਦੇ ਨਤੀਜੇ ਕੇਂਦਰ ’ਚ ਸੱਤਾਧਾਰੀ ਭਾਜਪਾ ਅਤੇ ਜਨਤਾ ਦਲ ਯੂਨਾਈਟਿਡ ਜਦ (ਯੂ) ਲਈ ਉਮੀਦ ਤੋਂ ਵਧ ਕੇ ਹਨ। ਐਗਜ਼ਿਟ ਪੋਲ ਜੋ ਜਿੱਤ ਦੱਸ ਰਹੇ ਸਨ, ਉਸ ਤੋਂ ਵੀ ਕਿਤੇ ਵਧ ਕੇ ਹੈ। ਉਹ ਵੀ ਉਦੋਂ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਇਸ ਗੱਠਜੋੜ ਲਈ ਵੱਧ ਤੋਂ ਵੱਧ 160 ਸੀਟਾਂ ਦੀ ਜਿੱਤ ਦੀ ਸੰਭਾਵਨਾ ਦੱਸ ਚੁੱਕੇ ਸਨ।
ਇਸ ਵਾਰ ਤਾਂ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) 243 ਮੈਂਬਰੀ ਵਿਧਾਨ ਸਭਾ ’ਚ 200 ਸੀਟਾਂ ਪਾਰ ਕਰ ਗਿਆ ਹੈ, ਇਹ 200 ਪਾਰ ਭਾਜਪਾ ਲਈ ਪਿਛਲੀਆਂ ਲੋਕ ਸਭਾ ਚੋਣਾਂ ਦੇ ਨਾਅਰੇ ‘ਅਬਕੀ ਬਾਰ 400 ਪਾਰ’ ਦੇ ਨਾਅਰੇ ਨੂੰ ਪੂਰਾ ਨਾ ਹੋ ਸਕਣ ਦੀ ਤਕਲੀਫ ਨੂੰ ਘੱਟ ਕਰਦਾ ਹੈ।
ਬਿਹਾਰ ’ਚ ਭਾਜਪਾ ਅਤੇ ਰਾਜਗ ਗੱਠਜੋੜ ਦੀ ਜਿੱਤ ਨਾਲ ਕਈ ਸੰਦੇਸ਼ ਨਿਕਲੇ ਹਨ। ਮੰਨਿਆ ਜਾ ਰਿਹਾ ਹੈ ਕਿ ਐੱਨ. ਡੀ. ਏ. ਦੀ ਜਿੱਤ ’ਚ ਮਹਿਲਾਵਾਂ ਦੀ ਵੱਡੀ ਭੂਮਿਕਾ ਰਹੀ ਹੈ। ਮਰਦਾਂ ਦੇ ਮੁਕਾਬਲੇ ਮਹਿਲਾਵਾਂ ਨੇ ਵੀ ਖੂਬ ਵੋਟਾਂ ਪਾਈਆਂ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਦੀ ਮੰਨੀਏ ਤਾਂ ਮਰਦਾਂ ਦੀ ਤੁਲਨਾ ’ਚ ਵੋਟ ਪਾਉਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਬਿਹਾਰ ਚੋਣਾਂ ’ਚ 8.15 ਫੀਸਦੀ ਜ਼ਿਆਦਾ ਰਹੀ। ਇਸ ਵਾਰ ਵੋਟਿੰਗ ’ਚ ਮਰਦਾਂ ਦੀ ਹਿੱਸੇਦਾਰੀ 62.96 ਫੀਸਦੀ ਰਹੀ, ਜਦਕਿ 71.78 ਫੀਸਦੀ ਮਹਿਲਾਵਾਂ ਵੋਟ ਪਾਉਣ ਨਿਕਲੀਆਂ। ਬੇਸ਼ੱਕ ਕੁੱਲ ਆਬਾਦੀ ’ਚ ਮਹਿਲਾ ਵੋਟਰਾਂ ਦੀ ਗਿਣਤੀ ਮਰਦਾਂ ਨਾਲੋਂ ਘੱਟ ਹੈ ਪਰ ਉਨ੍ਹਾਂ ਨੇ ਮਰਦਾਂ ਦੀ ਤੁਲਨਾ ’ਚ ਜ਼ਿਆਦਾ ਵੋਟਾਂ ਪਾ ਕੇ ਫਤਵੇ ਨੂੰ ਆਪਣੀ ਇੱਛਾ ਦੇ ਮੁਤਾਬਕ ਮੋੜ ਦਿੱਤਾ। ਬਿਹਾਰ ਦੇ ਕੁੱਲ 7.45 ਕਰੋੜ ਵੋਟਰਾਂ ’ਚੋਂ 3.93 ਕਰੋੜ ਮਰਦ ਅਤੇ 3.51 ਕਰੋੜ ਮਹਿਲਾਵਾਂ ਹਨ।
ਮਹਿਲਾਵਾਂ ਦੀ ਆਰਥਿਕ ਖੁਸ਼ਹਾਲੀ ਵੱਲ ਨਿਤੀਸ਼ ਸਰਕਾਰ ਦਾ ਧਿਆਨ ਪਹਿਲੀ ਵਾਰ ਕਿਸੇ ਸੱਤਾ ਭਾਵ 2005 ਤੋਂ ਹੀ ਰਿਹਾ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਰਥਿਕ ਤੌਰ ’ਤੇ ਪੱਛੜੀਆਂ ਮਹਿਲਾਵਾਂ ਲਈ ‘ਜੀਵਿਕਾ’ ਨਾਂ ਦੀ ਯੋਜਨਾ ਸ਼ੁਰੂ ਕੀਤੀ ਸੀ ਜੋ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ’ਚ ਇਕ ਵੱਡਾ ਕਦਮ ਸੀ। ਇਸ ਤੋਂ ਬਾਅਦ ਸ਼ਰਾਬਬੰਦੀ ਨੇ ਮਹਿਲਾਵਾਂ ’ਚ ਨਿਤੀਸ਼ ਕੁਮਾਰ ਦੀ ਲੋਕਪ੍ਰਿਯਤਾ ਨੂੰ ਵਧਾਇਆ ਅਤੇ ਹੁਣ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਤਹਿਤ ਮਹਿਲਾਵਾਂ ਦੇ ਖਾਤੇ ’ਚ 10-10 ਹਜ਼ਾਰ ਰੁਪਏ ਟਰਾਂਸਫਰ ਕੀਤੇ।
ਪਹਿਲਾਂ 75 ਲੱਖ ਮਹਿਲਾਵਾਂ ਦੇ ਖਾਤੇ ’ਚ ਇਹ ਪੈਸਾ ਪਾਇਆ ਗਿਆ ਅਤੇ ਉਸ ਦੇ ਬਾਅਦ ਇਹ ਅੰਕੜਾ ਵਧ ਕੇ 1.5 ਕਰੋੜ ਤੱਕ ਗਿਆ। ਉਂਝ ਅਾਪੋਜ਼ੀਸ਼ਨ ਇਹ ਦੋਸ਼ ਲਗਾਉਂਦਾ ਰਿਹਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਵੀ ਮਹਿਲਾਵਾਂ ਦੇ ਖਾਤੇ ’ਚ 10-10 ਹਜ਼ਾਰ ਰੁਪਏ ਟਰਾਂਸਫਰ ਕੀਤੇ ਗਏ। ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਵੀ ਗਈ ਪਰ ਉਸ ਨੇ ਇਸ ਨੂੰ ‘ਆਨ ਗੋਇੰਗ’ ਸਕੀਮ ਕਿਹਾ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜਦੋਂ ਇਕ ਵਾਰ ਯੋਜਨਾ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਨੂੰ ਰੋਕਣ ਦਾ ਕੰਮ ਉਸਦਾ ਨਹੀਂ ਹੈ, ਇਹ ਮਹਿਲਾਵਾਂ ਲਈ ਕਾਫੀ ਆਸ਼ਾਜਨਕ ਸੀ ਅਤੇ ਇਕ ਤਰ੍ਹਾਂ ਨਾਲ ਮਹਿਲਾਵਾਂ ਨੇ 6 ਨਵੰਬਰ ਨੂੰ ਪਹਿਲੇ ਪੜਾਅ ਅਤੇ 11 ਨਵੰਬਰ ਨੂੰ ਦੂਜੇ ਪੜਾਅ ਦੀ ਵੋਟਿੰਗ ’ਚ ਭਰ-ਭਰ ਵੋਟਾਂ ਦਿੱਤੀਆਂ। ਵੋਟਿੰਗ ਕੇਂਦਰਾਂ ’ਤੇ ਮਹਿਲਾਵਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਇਨ੍ਹਾਂ ਕਤਾਰਾਂ ਨੇ ਬਿਹਾਰ ਦੀ ਤਸਵੀਰ ਬਦਲ ਦਿੱਤੀ।
ਬਿਹਾਰ ’ਚ ਇਹ ਭਾਜਪਾ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਹ ਇਕੱਲੇ ਦਮ ’ਤੇ 90 ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। 2020 ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 74 ਸੀਟਾਂ ਜ਼ਰੂਰ ਜਿੱਤੀਆਂ ਸਨ, ਪਰ ਰਾਜਦ 75 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਰਹੀ ਸੀ।
2010 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਭਾਰਤੀ ਜਨਤਾ ਪਾਰਟੀ ਨੇ 91 ਸੀਟਾਂ ’ਤੇ ਕਬਜ਼ਾ ਕੀਤਾ ਸੀ। ਇਸ ਵਾਰ ਆਸਾਰ ਇਸ ਹੱਦ ਨੂੰ ਪਾਰ ਕਰ ਲੈਣ ਦੇ ਹਨ।
ਲੋਕਤੰਤਰ ’ਚ ਆਪੋਜ਼ੀਸ਼ਨ ਦਾ ਮਜ਼ਬੂਤ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਚੋਣਾਂ ’ਚ ਤਾਂ ਅਜਿਹਾ ਨਹੀਂ ਦਿਸ ਰਿਹਾ। ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਦੇ ਪ੍ਰਭੂਤਵ ਵਾਲੇ ਮਹਾਗੱਠਜੋੜ ’ਚ ਲੀਡਰਸ਼ਿਪ ਅਤੇ ਤਾਲਮੇਲ ਦੀ ਕਮੀ ਸਾਫ ਦਿਸੀ। ਤੁਸੀਂ ਇਸ ਦਾ ਪੂਰਾ ਦੋਸ਼ ਤੇਜਸਵੀ ਯਾਦਵ ਅਤੇ ਕਾਂਗਰਸ ਦੇ ਪ੍ਰਮੁੱਖ ਨੇਤਾ ਰਾਹੁਲ ਗਾਂਧੀ ’ਤੇ ਲਗਾ ਸਕਦੇ ਹੋ। ਉਂਝ ਤਾਂ ਰਾਹੁਲ ਗਾਂਧੀ ਨੇ ਆਪਣੀ ਬਿਹਾਰ ਯਾਤਰਾ ਦੇ ਸ਼ੁਰੂਆਤੀ ਦੌਰ ’ਚ ਕੁਝ ਉਮੀਦਾਂ ਜਤਾਈਆਂ ਸਨ, ਬਾਅਦ ’ਚ ਉਨ੍ਹਾਂ ਉਮੀਦਾਂ ’ਤੇ ਪਾਣੀ ਫਿਰ ਗਿਆ ਜਦੋਂ ਉਹ ਯਾਤਰਾ ਕਰਨ ਦੇ ਲਗਭਗ 1 ਮਹੀਨੇ ਤੱਕ ਚੋਣ ਦ੍ਰਿਸ਼ ਤੋਂ ਲਾਂਭੇ ਰਹੇ।
ਇਸੇ ਦੌਰਾਨ ਚੋਣਾਂ ਦੇ ਸ਼ੁਰੂਆਤੀ ਦੌਰ ’ਚ ਰਾਜਦ ਅਤੇ ਕਾਂਗਰਸ ਦੇ ਵਿਚਾਲੇ ਲੀਡਰਸ਼ਿਪ ਅਤੇ ਚਿਹਰੇ ਨੂੰ ਲੈ ਕੇ ਵਿਵਾਦ ਹੋਇਆ। ਉਸ ਨੂੰ ਵੋਟਰਾਂ ਨੇ ਗੰਭੀਰਤਾ ਨਾਲ ਲਿਆ। ਗੱਠਜੋੜ ਦੇ ਤਮਾਮ ਸਹਿਯੋਗੀ ਦਲਾਂ ’ਚ ਸੀਟਾਂ ਨੂੰ ਲੈ ਕੇ ਖਿੱਚੋਤਾਣ ਚੱਲਦੀ ਰਹੀ। ਮਹਾਗੱਠਜੋੜ ਦੇ ਨੇਤਾ ਨਵੀਆਂ ਗਿਣਤੀਆਂ-ਮਿਣਤੀਆਂ ਨੂੰ ਸਮਝਾਉਣ ’ਚ ਪੂਰੀ ਤਰ੍ਹਾਂ ਖੁੰਝ ਗਏ। ਕਾਂਗਰਸ ਪਾਰਟੀ ’ਚ ਟਿਕਟ ਵੰਡ ਨੂੰ ਲੈ ਕੇ ਵੀ ਖੁੱਲ੍ਹ ਕੇ ਨਾਰਾਜ਼ਗੀ ਜਤਾਈ ਗਈ। ਟਿਕਟ ਵੇਚਣ ਦੇ ਦੋਸ਼ ਲੱਗੇ ਅਤੇ ਪੂਰੇ ਸਮੀਕਰਨ ਵਿਗੜ ਗਏ।
ਪ੍ਰਸ਼ਾਂਤ ਕਿਸ਼ੋਰ ਨੇ ਪੂਰੇ ਬਿਹਾਰ ’ਚ ਘੁੰਮ-ਘੁੰਮ ਕੇ ਜੋ ਮੁੱਦੇ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਨ੍ਹਾਂ ਦਾ ਸ਼ੁਰੂਆਤੀ ਅਸਰ ਤਾਂ ਦੇਖਣ ਨੂੰ ਮਿਲਿਆ ਪਰ ਉਨ੍ਹਾਂ ਦੀ ਜਨਸੁਰਾਜ ਪਾਰਟੀ ਦਾ ਪ੍ਰਦਰਸ਼ਨ ਦੱਸ ਰਿਹਾ ਹੈ ਕਿ ਬੇਰੁਜ਼ਗਾਰੀ, ਹਿਜਰਤ ਅਤੇ ਵਿਕਾਸ ਜਿਸ ਨੂੰ ਪ੍ਰਸ਼ਾਂਤ ਕਿਸ਼ੋਰ ਬਿਹਾਰ ’ਚ ਬਹੁਤ ਵੱਡਾ ਮੁੱਦਾ ਸਮਝ ਰਹੇ ਸਨ, ਬਹੁਤ ਅੱਗੇ ਤੱਕ ਨਹੀਂ ਲਿਜਾ ਸਕੇ। ਬੇਰੁਜ਼ਗਾਰੀ ਬਿਹਾਰ ਲਈ ਵੱਡਾ ਮੁੱਦਾ ਹੈ ਪਰ ਉਸ ਦਾ ਹਾਲ ਕਿਹੋ ਜਿਹਾ ਹੋਵੇਗਾ, ਇਸ ਗੱਲ ਨੂੰ ਉਹ ਜਨਤਾ ਤੱਕ ਠੀਕ ਤਰ੍ਹਾਂ ਪਹੁੰਚਾ ਨਹੀਂ ਸਕੇ।
ਇਸੇ ਤਰ੍ਹਾਂ ਹਿਜਰਤ ਵੀ ਬਿਹਾਰ ਲਈ ਕੋਈ ਵੱਡਾ ਮੁੱਦਾ ਨਹੀਂ ਬਣ ਸਕਿਆ। ਨਤੀਜਿਆਂ ਦੌਰਾਨ ਚੋਣ ਕਮਿਸ਼ਨ ਦੀ ਸਾਈਟ ’ਤੇ ਜਨਸੁਰਾਜ ਪਾਰਟੀ ਦਾ ਨਾਂ ਤੱਕ ਨਜ਼ਰ ਨਹੀਂ ਆ ਰਿਹਾ ਸੀ। ਵੋਟ ਸ਼ੇਅਰ ’ਚ ਵੀ ਉਸ ਨੂੰ ਹੋਰਨਾਂ ’ਚ ਸ਼ਾਮਲ ਹੋਣਾ ਪਿਆ।
ਚੋਣਾਂ ਦੇ ਵਿਸਥਾਰਪੂਰਵਕ ਨਤੀਜੇ ਤਾਂ ਬਾਅਦ ’ਚ ਆਉਣਗੇ, ਪਰ ਫੌਰੀ ਤੌਰ ’ਤੇ ਲੱਗਦਾ ਹੈ ਕਿ ਜਨਸੁਰਾਜ ਪਾਰਟੀ ਨੂੰ ਨੋਟਾ ਤੋਂ ਵੀ ਘੱਟ ਵੋਟਾਂ ਮਿਲਣਗੀਆਂ। ਬਿਹਾਰ ’ਚ ਨੋਟਾ ਨੂੰ 1.82 ਫੀਸਦੀ ਵੋਟਾਂ ਮਿਲੀਆਂ ਹਨ।
ਜਿੱਥੋਂ ਤੱਕ ਵੋਟ ਫੀਸਦੀ ਦੀ ਗੱਲ ਹੈ ਤਾਂ ਆਰ. ਜੇ. ਡੀ. ਨੂੰ ਜ਼ਿਆਦਾ ਵੱਡਾ ਝਟਕਾ ਨਹੀਂ ਲੱਗਾ ਹੈ, ਉਸ ਦਾ ਆਪਣਾ ਵੋਟ ਜਨ ਆਧਾਰ ਅਜੇ ਵੀ ਕਾਇਮ ਦਿਸ ਰਿਹਾ ਹੈ। ਉਂਝ ਇਨ੍ਹਾਂ ਨਤੀਜਿਆਂ ਤੋਂ ਇਹ ਸਾਬਤ ਹੁੰਦਾ ਹੈ ਕਿ ਰਾਸ਼ਟਰੀ ਜਨਤਾ ਦਲ ਸੀਟ ਦੇ ਗਣਿਤ ’ਤੇ ਕੰਮ ਨਹੀਂ ਕਰ ਸਕੀ। ਕਾਂਗਰਸ ਨੂੰ ਇਸ ਵਾਰ 1 ਫੀਸਦੀ ਵੋਟਾਂ ਦੀ ਸੱਟ ਲੱਗੀ ਹੈ। ਉਹ ਬਿਹਾਰ ’ਚ ਇਸ ਤੋਂ ਵੱਡੀਆਂ-ਵੱਡੀਆਂ ਸੱਟਾਂ ਖਾਣ ਦੀ ਆਦੀ ਹੈ। ਭਾਜਪਾ ਨੂੰ ਕਰੀਬ ਡੇਢ ਫੀਸਦੀ ਵੋਟਾਂ ਦਾ ਫਾਇਦਾ ਹੋਇਆ ਹੈ। ਇਸ ਨਾਲ ਕਰੀਬ 20 ਸੀਟਾਂ ਵਧੀਆਂ ਹਨ।
ਵੋਟ ਸ਼ੇਅਰ ’ਚ ਸਭ ਤੋਂ ਜ਼ਿਆਦਾ ਫਾਇਦਾ ਜਨਤਾ ਦਲ-ਯੂ ਨੂੰ ਹੋਇਆ ਹੈ। ਨਿਤੀਸ਼ ਕੁਮਾਰ ਦੇ ਵੋਟ ਸ਼ੇਅਰ ’ਚ 3.5 ਫੀਸਦੀ ਉਛਾਲ ਹੈ। ਪਿਛਲੀਆਂ ਚੋਣਾਂ ’ਚ ਜਦ (ਯੂ) ਨੂੰ 15.3 ਫੀਸਦੀ ਵੋਟਾਂ ਮਿਲੀਆਂ ਸਨ, ਜਦਕਿ ਇਸ ਵਾਰ ਉਸ ਦਾ ਵੋਟ ਫੀਸਦੀ 18.8 ਤੋਂ ਵੱਧ ਹੈ। ਪਿਛਲੀਆਂ ਚੋਣਾਂ ’ਚ ਵੀ ਉਨ੍ਹਾਂ ਨੂੰ ਚਿਰਾਗ ਪਾਸਵਾਨ ਨੇ ਵੱਡੀ ਸੱਟ ਮਾਰੀ ਸੀ।
ਇਸ ਵਾਰ ਚਿਰਾਗ ਪਾਸਵਾਨ ਰਾਜਗ ਗੱਠਜੋੜ ਨਾਲ ਲੜੇ ਅਤੇ ਸਟੇਜਾਂ ’ਤੇ ਨਿਤੀਸ਼ ਕੁਮਾਰ ਦੇ ਪੈਰ ਛੂੰਹਦੇ ਦਿਖਾਈ ਦਿੱਤੇ। ਅਸਦੂਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਨੇ 6 ਸੀਟਾਂ ’ਤੇ ਆਪਣਾ ਦਬਦਬਾ ਬਰਕਰਾਰ ਰੱਖਿਆ ਹੈ। ਹਾਲਾਂਕਿ ਪਿਛਲੀ ਵਾਰ ਉਸ ਦੇ ਜੇਤੂ ਵਿਧਾਇਕ ਬਾਅਦ ’ਚ ਰਾਜਦ ’ਚ ਸ਼ਾਮਲ ਹੋ ਗਏ ਸਨ। ਰਾਮ ਦੁਲਾਰ ਯਾਦਵ ਦੀ ਹੱਤਿਆ ਤੋਂ ਬਾਅਦ ਚਰਚਾ ’ਚ ਆਈ ਮੋਕਾਮਾ ਸੀਟ ਤੋਂ ਬਾਹੂਬਲੀ ਅਨੰਤ ਸਿੰਘ ਦੀ ਜਿੱਤ ਦੱਸਦੀ ਹੈ ਕਿ ਬਿਹਾਰ ’ਚ ਰੰਗਬਾਜ਼ੀ ਕਾਇਮ ਹੈ ਅਤੇ ਚੋਣਾਂ ’ਚ ਗੁੰਡਾਗਰਦੀ ਦਾ ਦਬਦਬਾ ਕਮਜ਼ੋਰ ਪੈਣ ਵਾਲਾ ਨਹੀਂ ਹੈ।
ਬਿਹਾਰ ਚੋਣਾਂ ਕਈ ਸੰਦੇਸ਼ ਦੇ ਰਹੀਆਂ ਹਨ। ਸਭ ਤੋਂ ਵੱਡਾ ਸੰਦੇਸ਼ ਇਹੀ ਹੈ ਕਿ ਭਾਜਪਾ ਲਈ ਇਹ ਜਿੱਤ ਲੋਕ ਸਭਾ ਦੇ 400 ਪਾਰ ਦੇ ਨਾਅਰੇ ਦੀ ਪੂਰਤੀ ਕਰਨ ਵਾਲੀ ਹੈ।
ਅੱਕੂ ਸ਼੍ਰੀਵਾਸਤਵ
‘ਬੰਗਲਾਦੇਸ਼ ’ਚ ਨਹੀਂ ਰੁਕ ਰਹੀ ਹਿੰਸਾ’ ‘ਪਾਕਿਸਤਾਨ ਪ੍ਰਸਤ ਯੂਨੁਸ’ ਸਰਕਾਰ ਵਿਰੁੱਧ ਅਸੰਤੋਸ਼!
NEXT STORY