-ਜਸਵੰਤ ਸਿੰਘ ਅਜੀਤ
ਹੁਣ ਮੰਨਿਆ ਜਾਂਦਾ ਹੈ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ’ਤੇ ਕਬਜ਼ਾ ਕੀਤਾ ਹੈ, ਉਦੋਂ ਤੋਂ ਹੀ ਉਹ (ਸ਼੍ਰੋਮਣੀ ਕਮੇਟੀ) ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਧਾਰਮਿਕ ਮਾਨਤਾਵਾਂ, ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਪਾਲਣਾ ਅਤੇ ਉਨ੍ਹਾਂ ਦੀ ਰੱਖਿਆ ਕਰਨ ਪ੍ਰਤੀ ਸਮਰਪਿਤ ਰਹਿਣ ਆਦਿ ਦੀਆਂ ਆਪਣੀਆਂ ਮੂਲ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਬਹੁਤ ਦੂਰ ਭਟਕ ਗਈ ਹੈ। ਉਸ ਤੋਂ ਬਾਅਦ ਤਾਂ ਉਹ ਪੂਰੀ ਤਰ੍ਹਾਂ ਸ. ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਿਆਸੀ ਹਿੱਤਾਂ ਦੇ ਰੱਖਿਅਕ ਦੇ ਰੂਪ ਵਿਚ ਸਮਰਪਿਤ ਚੱਲਦੀ ਆ ਰਹੀ ਹੈ। ਇਥੋਂ ਤੱਕ ਕਿ ਉਸ ਦੇ ਸਮੁੱਚੇ ਸਾਧਨ ਹੀ ਸ. ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਿਆਸੀ ਸਵਾਰਥ ਨੂੰ ਪੂਰਾ ਕਰਨ ਲਈ ਇਸਤੇਮਾਲ ਹੋਣ ਲੱਗੇ ਹਨ। ਇਸ ਦਾ ਮੁੱਖ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਅਹੁਦੇ ’ਤੇ ਉਹੀ ਬੈਠ ਸਕਦਾ ਹੈ, ਜਿਸ ’ਤੇ ਸ. ਬਾਦਲ ਦੀ ਕਿਰਪਾ ਦ੍ਰਿਸ਼ਟੀ ਹੋਵੇ। ਇਥੋਂ ਤੱਕ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਜੋ ਕਿਸੇ ਸਮੇਂ ਸ. ਬਾਦਲ ਦੇ ਬਰਾਬਰ ਦੇ ਸਿੱਖ ਨੇਤਾ ਅਤੇ ਉਨ੍ਹਾਂ ਦਾ ਸੱਜਾ ਹੱਥ ਮੰਨੇ ਜਾਂਦੇ ਸਨ, ਦੀਆਂ ਨਜ਼ਰਾਂ ਵਿਚ ਜਦੋਂ ਸ. ਬਾਦਲ ਨੂੰ ਵਿਦਰੋਹ ਦੀ ਝਲਕ ਦਿਖਾਈ ਦਿੱਤੀ ਤਾਂ ਉਨ੍ਹਾਂ ਨੂੰ ਵੀ ਉਨ੍ਹਾਂ ਨੇ ਅਪਮਾਨਿਤ ਕਰ ਕੇ ਨਾਂ ਸਿਰਫ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਇਆ ਸਗੋਂ ਅਕਾਲੀ ਦਲ ’ਚੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਦੀ ਵਾਪਸੀ ਉਦੋਂ ਹੀ ਸੰਭਵ ਹੋ ਸਕੀ, ਜਦੋਂ ਉਨ੍ਹਾਂ ਨੇ ਸ. ਬਾਦਲ ਸਾਹਮਣੇ ਹਥਿਆਰ ਸੁੱਟ ਦਿੱਤੇ। ਇਹੀ ਕਾਰਣ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ. ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਾਹਮਣੇ ਸਦਾ ਹੀ ਹੱਥ ਬੰਨ੍ਹੀ ਖੜ੍ਹੇ ਰਹਿਣਾ ਪੈਂਦਾ ਹੈ। ਸਿੱਟੇ ਵਜੋਂ ਉਸ ਦੇ ਅਤੇ ਉਸ ਦੇ ਸਾਥੀਆਂ ਲਈ ਆਪਣੀਆਂ ਮੂਲ ਜ਼ਿੰਮੇਵਾਰੀਆਂ ਦੀ ਪਾਲਣਾ ਕਰਨ ਪ੍ਰਤੀ ਸਮਰਪਿਤ ਹੋਣ ਦਾ ਕੋਈ ਮੂਲ ਨਹੀਂ ਰਹਿ ਜਾਂਦਾ।
ਇਸੇ ਦਾ ਨਤੀਜਾ ਹੈ
ਪੰਜਾਬ ਦੀ ਧਰਤੀ, ਜਿਥੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਦਾ ਪੌਦਾ ਲਾਇਆ, ਉਸ ਨੂੰ ਆਪਣੇ ਖੂਨ ਨਾ ਸਿੰਜਿਆ ਅਤੇ ਪ੍ਰਵਾਨ ਚੜ੍ਹਾਇਆ, ਅੱਜ ਉਸ ਦੇ ਲਈ ਉਜਾੜਾ ਬਣਦੀ ਨਜ਼ਰ ਆਉਣ ਲੱਗੀ ਹੈ। ਸਥਿਤੀ ਇਥੋਂ ਤੱਕ ਬਦਲ ਗਈ ਨਜ਼ਰ ਆਉਣ ਲੱਗੀ ਹੈ ਕਿ ਸਿੱਖ ਧਰਮ ਦੇ ਮੁੱਖ ਕੇਂਦਰ ਅੰਮ੍ਰਿਤਸਰ ਦੇ ਆਸ-ਪਾਸ ਅਤੇ ਸ਼੍ਰੋਮਣੀ ਕਮੇਟੀ ਦੇ ਨੱਕ ਹੇਠ ਈਸਾਈ ਮਿਸ਼ਨਰੀ ਆਪਣੇ ਪ੍ਰਚਾਰ ਨਾਲ ਸਿੱਖਾਂ ਤੱਕ ਨੂੰ ਈਸਾਈ ਧਰਮ ਅਪਣਾ ਲੈਣ ਲਈ ਪ੍ਰੇਰਿਤ ਕਰਨ ’ਚ ਸਫਲ ਹੁੰਦੇ ਦਿਖਾਈ ਦੇਣ ਲੱਗੇ ਹਨ। ਦੱਸਣ ਵਾਲੇ ਦੱਸਦੇ ਹਨ ਕਿ ਸਿੱਖੀ ਸਰੂਪ ਦੇ ਧਾਰਨੀ ਕਈ ਸਿੱਖਾਂ ਨੂੰ ਆਪਣੇ ਗਲੇ ਵਿਚ ਈਸਾਈ ਧਰਮ ਦਾ ‘ਕਰਾਸ’ ਚਿੰਨ੍ਹ ਵਾਲਾ ਲਾਕੇਟ ਲਟਕਾਈ ਖੁੱਲ੍ਹੇ ਆਮ ਘੁੰਮਦੇ ਦੇਖਿਆ ਜਾ ਸਕਦਾ ਹੈ।
ਖੁੱਲ੍ਹੇ ਦੋਸ਼ ਲੱਗੇ
ਇਨ੍ਹੀਂ ਦਿਨੀਂ ਆਈਆਂ ਖਬਰਾਂ ਅਨੁਸਾਰ ਪੰਜਾਬ ਕਾਂਗਰਸ ਦੇ ਇਕ ਸਾਬਕਾ ਮੁਖੀ ਮਨਦੀਪ ਸਿੰਘ ਮੰਨਾ ਨੇ ਦੋਸ਼ ਲਾਇਆ ਹੈ ਕਿ ਭ੍ਰਿਸ਼ਟਾਚਾਰ ਨੇ ਸ਼੍ਰੋਮਣੀ ਕਮੇਟੀ ਵਿਚ ਆਪਣੀਆਂ ਜੜ੍ਹਾਂ ਪੂਰੀ ਤਰ੍ਹਾਂ ਜਮਾ ਲਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਜਿਸ ਵਿਸ਼ੇਸ਼ ਕੰਪਨੀ ਤੋਂ ਦੇਸੀ ਘਿਓ ਖਰੀਦਿਆ ਜਾ ਰਿਹਾ ਹੈ, ਉਹ ਕੰਪਨੀ ਕਮੇਟੀ ਨੂੰ ਜਿਹੜੇ ਬੰਦ ਡੱਬਿਆਂ ਵਿਚ ਘਿਓ ਸਪਲਾਈ ਕਰਦੀ ਹੈ, ਉਨ੍ਹਾਂ ਵਿਚ ਘਿਓ ਨਿਸ਼ਚਿਤ ਤੋਲ ਤੋਂ ਬਹੁਤ ਘੱਟ ਹੁੰਦਾ ਹੈ। ਉਨ੍ਹਾਂ ਅਨੁਸਾਰ ਇਨ੍ਹਾਂ ਡੱਬਿਆਂ ਵਿਚ ਜਿੰਨਾ ਘਿਓ ਘੱਟ ਹੁੰਦਾ ਹੈ, ਓਨਾ ਘਿਓ ਉਸ ਕੰਪਨੀ ਵਲੋਂ ਇਕ ਅਕਾਲੀ ਨੇਤਾ ਦੇ ਹੋਟਲ ਅਤੇ ਰਿਜ਼ੋਰਟ ਨੂੰ ਸਪਲਾਈ ਕੀਤਾ ਜਾਂਦਾ ਹੈ। ਸ. ਮੰਨਾ ਨੇ ਇਹ ਦੋਸ਼ ਵੀ ਲਾਇਆ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਆਯੋਜਿਤ ਕੌਮਾਂਤਰੀ ਨਗਰ ਕੀਰਤਨ ਦੀ ਗੋਲਕ ’ਚ ਜੋ 12 ਕਰੋੜ ਰੁਪਿਆ ਆਇਆ ਸੀ, ਉਸ ਨੂੰ ਪਹਿਲੇ ਫੈਸਲੇ ਅਨੁਸਾਰ ਹਸਪਤਾਲ/ਸਕੂਲ ਦੀ ਸਥਾਪਨਾ ਲਈ ਵਰਤੇ ਜਾਣ ਦੀ ਥਾਂ ’ਤੇ ਬਾਦਲਾਂ ਦੀ ਖੁਸ਼ੀ ਲਈ ਇਕ ਪੰਡਾਲ ਦੀ ਸਜਾਵਟ ’ਤੇ ਖਰਚ ਕਰ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਈ ਰਣਜੀਤ ਸਿੰਘ ਅਨੁਸਾਰ ਪੰਡਾਲ ਦੀ ਸਜਾਵਟ ਲਈ ਜੋ ਲਾਈਟਾਂ ਦੋ ਕਰੋੜ ’ਚ ਲੱਗ ਸਕਦੀਆਂ ਸਨ, ਉਨ੍ਹਾਂ ਲਈ 12 ਕਰੋੜ ਰੁਪਏ ਅਦਾ ਕੀਤੇ ਗਏ। ਉਨ੍ਹਾਂ ਵਲੋਂ ਲਾਏ ਗਏ ਦੋਸ਼ਾਂ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਲੌਂਗੋਵਾਲ ਨੇ ਕਿਹਾ ਹੈ ਕਿ ਉਹ ਸ. ਮੰਨਾ ’ਤੇ ਮਾਣਹਾਨੀ ਦਾ ਦਾਅਵਾ ਠੋਕਣ ਜਾ ਰਹੇ ਹਨ। ਓਧਰ ਸ. ਮੰਨਾ ਨੇ ਉਨ੍ਹਾਂ ਦੇ ਦਾਅਵੇ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਵਲੋਂ ਲਾਏ ਗਏ ਦੋਸ਼ਾਂ ਨੂੰ ਅਦਾਲਤ ’ਚ ਸਾਬਤ ਕਰ ਦੇਣਗੇ।
ਗੱਲ ਸਿੱਖ ‘ਕਲਟ’ ਦੀ
ਦੱਸਿਆ ਗਿਆ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਵਿਦਵਾਨ ਜੱਜਾਂ ਦੇ ਪੰਜ ਮੈਂਬਰੀ ਬੈਂਚ ਨੇ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਵਿਵਾਦ ’ਤੇ ਜੋ ਫੈਸਲਾ ਦਿੱਤਾ ਹੈ, ਉਸ ’ਚ ਉਨ੍ਹਾਂ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਸਿੱਖ ਧਰਮ ਨੂੰ ‘ਸਿੱਖ ਕਲਟ’ ਭਾਵ ਪੰਥ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਵਿਵਾਦ ਦੇ ਫੈਸਲੇ ’ਚ ਇਕ ਗਵਾਹ ਦੇ ਬਿਆਨ ਦੇ ਆਧਾਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਯੁੱਧਿਆ ਯਾਤਰਾ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ’ਤੇ ਕਈ ਸਿੱਖ ਵਿਦਵਾਨਾਂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਸਿੱਖ ਕਲਟ ਦੇ ਮੁੱਦੇ ’ਤੇ ਵਿਚਾਰ-ਚਰਚਾ ਕਰ ਕੇ, ਰਿਪੋਰਟ ਦੇਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਡਵੋਕੇਟ ਫੂਲਕਾ ਸਮੇਤ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧ ’ਚ ਚਰਚਾ ਕਰਦੇ ਹੋਏ ਜਸਟਿਸ ਆਰ. ਐੱਸ. ਸੋਢੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਮੁੱਦਿਆਂ ਦਾ ਸਬੰਧ ਸਿੱਖ ਇਤਿਹਾਸ ਅਤੇ ਧਰਮ ਨਾਲ ਹੈ, ਇਸ ਲਈ ਇਨ੍ਹਾਂ ਦੀ ਜਾਂਚ ਲਈ ਐਡਵੋਕੇਟ ਦੀ ਜਗ੍ਹਾ, ਧਾਰਮਿਕ ਅਤੇ ਇਤਿਹਾਸ ਦੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਸਹਾਇਤਾ ਲੈਣ ਦੀ ਲੋੜ ਹੈ, ਉਹੀ ਇਤਿਹਾਸਕ ਅਤੇ ਧਾਰਮਿਕ ਮਾਨਤਾਵਾਂ ’ਤੇ ਅÅਾਧਾਰਿਤ ਤੱਥਾਂ ਦੀ ਰੌਸ਼ਨੀ ’ਚ ਇਨ੍ਹਾਂ ਦੀ ਪੁਸ਼ਟੀ ਜਾਂ ਅਪੁਸ਼ਟੀ ਕਰ ਸਕਦੇ ਹਨ। ਉਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ, ਐਡਵੋਕੇਟ ਅਦਾਲਤ ’ਚ ਅਪੀਲ ਕਰ ਕੇ ਇਨ੍ਹਾਂ ਕਥਿਤ ਤੱਥਾਂ ਨੂੰ ਫੈਸਲੇ ’ਚੋਂ ਹਟਾਉਣ ਦੀ ਮੰਗ ਕਰ ਸਕਦੇ ਹਨ।
ਜੀ. ਕੇ. ਦੀ ਸਰਗਰਮੀ
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਨਵੀਂ ਗਠਿਤ ਪਾਰਟੀ ‘ਜਾਗੋ’ ਦੇ ਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਆਪਣੀ ਪਾਰਟੀ ‘ਜਾਗੋ’ ਦੇ ਆਧਾਰ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਆਮ ਸਿੱਖਾਂ ਨਾਲ ਸਿੱਧਾ ਸੰਪਰਕ ਸਾਧਣ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਨੁੱਕੜ ਬੈਠਕਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਬੈਠਕਾਂ ’ਚ ਜਿਥੇ ਉਹ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਭਵਿੱਖ ਦੇ ਪ੍ਰੋਗਰਾਮ ਦੇ ਸਬੰਧ ’ਚ ਚਰਚਾ ਕਰਦੇ ਹਨ, ਉਥੇ ਹੀ ਬੈਠਕ ’ਚ ਆਏ ਸਿੱਖਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਹਨ। ਦੱਸਿਆ ਗਿਆ ਹੈ ਕਿ ਇਨ੍ਹਾਂ ਸਵਾਲਾਂ ’ਚ ਜਿਥੇ ਉਨ੍ਹਾਂ ਦੇ ਬਾਦਲ ਅਕਾਲੀ ਦਲ ਨਾਲ ਰਹੇ ਸਬੰਧਾਂ ਦੀ ਗੱਲ ਹੁੰਦੀ ਹੈ, ਉਥੇ ਹੀ ਉਨ੍ਹਾਂ ਦਾ ਸਬੰਧ ਉਨ੍ਹਾਂ ’ਤੇ ਲੱਗੇ ਅਤੇ ਲਾਏ ਜਾ ਰਹੇ ਦੋਸ਼ਾਂ ਨਾਲ ਵੀ ਹੁੰਦਾ ਹੈ। ਜੀ. ਕੇ. ਹਰ ਸਵਾਲ ਦਾ ਜਵਾਬ ਬਿਨਾਂ ਕਿਸੇ ਉਤੇਜਨਾ ’ਚ ਆਏ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਸ ਰਣਨੀਤੀ ਕਾਰਣ ਉਨ੍ਹਾਂ ਦੀ ਪਾਰਟੀ ਨੂੰ ਕਾਫੀ ਬਲ ਮਿਲ ਰਿਹਾ ਹੈ।
...ਅਤੇ ਅਾਖਿਰ ’ਚ
ਬੀਤੇ ਲੰਬੇ ਸਮੇਂ ਤੋਂ ਬਾਦਲ ਅਕਾਲੀ ਦਲ ਵਲੋਂ ਜਮਹੂਰੀ ਸੰਸਥਾਵਾਂ ਲੋਕ ਸਭਾ, ਵਿਧਾਨ ਸਭਾ ਆਦਿ ਦੀਆਂ ਚੋਣਾਂ ਲੜਨ ਲਈ ਧਰਮ ਨਿਰਪੱਖ ਪਾਰਟੀ ਹੋਣ ਦੇ ਦਾਅਵੇ ਨਾਲ ਅਤੇ ਧਾਰਮਿਕ ਸੰਸਥਾਵਾਂ ਦੀ ਚੋਣ ਲੜਨ ਲਈ ਧਾਰਮਿਕ ਜਥੇਬੰਦੀ ਹੋਣ ਦੇ ਨਾਂ ’ਤੇ ਵੱਖ-ਵੱਖ ਵਿਧਾਨ ਰੱਖੇ ਹੋਣ ਨੂੰ ਸਮਾਜਵਾਦੀ ਨੇਤਾ ਬਲਵੰਤ ਸਿੰਘ ਖੇੜਾ ਵਲੋਂ ਹੁਸ਼ਿਆਰਪੁਰ ਦੀ ਇਕ ਅਦਾਲਤ ’ਚ ਚੁਣੌਤੀ ਦਿੱਤੀ ਹੋਈ ਹੈ, ਜਿਸ ’ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਅਤੇ ਦਲਜੀਤ ਸਿੰਘ ਚੀਮਾ ਨੂੰ ਅਦਾਲਤ ਸਾਹਮਣੇ ਆਪਣਾ ਪੱਖ ਰੱਖਣ ਲਈ 3 ਦਸੰਬਰ ਨੂੰ ਅਦਾਲਤ ’ਚ ਪੇਸ਼ ਹੋਣ ਲਈ ਸੰਮਨ ਕੀਤਾ ਹੈ।
ਯੂਰਪ ’ਚ ਖੜ੍ਹੀ ਹੋ ਰਹੀ ਇਸਲਾਮੀਕਰਨ ਦੀ ਖਤਰਨਾਕ ਕੰਧ
NEXT STORY