ਇਹ ਆਮ ਕਰਕੇ ਹਰ ਇਨਸਾਨ ਦੀ ਹੀ ਫਿਤਰਤ ਹੁੰਦੀ ਹੈ ਕਿ ਜਦੋਂ ਉਹ ਅਸਮਾਨੀ ਉੱਡਦਾ ਹੈ ਤਾਂ ਜਮੀਨ ਨਾਲੋਂ ਟੁੱਟ ਜਾਂਦਾ ਹੈ। ਥੋੜੀ ਜਿਹੀ ਚੜ੍ਹਤ ਤੋਂ ਬਾਅਦ ਜਮੀਨ 'ਤੇ ਫਿਰਦੇ ਉਸ ਨੂੰ ਆਦਮੀ ਨਹੀ ਕੀੜੇ ਮਕੌੜੇ ਲੱਗਦੇ ਹਨ। ਪਰ ਕਹਿੰਦੇ ਹਨ ਉਹ ਇਨਸਾਨ ਹੀ ਅਸਲ ਕਾਮਜਾਬ ਹੁੰਦਾ ਹੈ ਜੋ ਹਰ ਹਲਾਤ ਵਿੱਚ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। 1990 ਦੇ ਕਰੀਬ ਸਾਨੂੰ ਸਕੂਲ ਦੇ ਬੱਚਿਆ ਨਾਲ ਮੂੰਬਈ ਗੋਆ ਦੇ ਵਿਦਿਅਕ ਟੂਰ 'ਤੇ ਜਾਣ ਦਾ ਮੌਕਾ ਮਿਲਿਆ। ਅਸੀਂ ਅਬੋਹਰ ਤੋਂ ਕਿਸੇ ਬਾਬੂ ਰਾਮ ਨਾਂ ਦੇ ਵਿਅਕਤੀ ਦੀ ਬੱਸ ਕਿਰਾਏ 'ਤੇ ਕਰ ਲਈ ਅਤੇ ਉਸ ਨੇ ਹੀ ਟੂਰ ਦੋਰਾਨ ਸਾਡੇ ਖਾਣੇ ਦੀ ਗੱਲਬਾਤ ਉਥੋਂ ਦੇ ਮਸ਼ਹੂਰ ਗਰੀਨ ਕੇਟਰਜ ਦੇ ਮਾਲਕ ਦੀਪਾ ਬਾਬੂ ਨਾਲ ਕਰਵਾ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਬੱਸ ਵਿੱਚ ਹੀ ਸਫਰ ਕਰਨਾ ਸੀ ਅਤੇ ਸਾਨੂੰ ਰਸਤੇ ਵਿੱਚ ਹੀ ਖਾਣਾ ਮੁਹੱਈਆ ਕਰਵਾਉਣਾ ਸੀ। ਸੇਠ ਬਾਬੂ ਰਾਮ ਜੋ ਬੱਸ ਲੈ ਕੇ ਗਿਆ ਸੀ ਉਹ ਖਟਾਰਾ ਬੱਸ ਸੀ ਤੇ ਲੰਬੇ ਟੂਰਾਂ ਤੇ ਜਾਣ ਦੇ ਲਾਈਕ ਨਹੀ ਸੀ। ਮੁਫਤ ਦੀ ਸੈਰ ਦਾ ਸੋਚ ਕੇ ਉਹ ਆਪਣੀ ਪਤਨੀ ਅਤੇ ਬੇਟੇ ਨੂੰ ਵੀ ਨਾਲ ਲੈ ਗਿਆ । ਮੁਬੰਈ ਗੋਆ ਤੱਕ ਦਾ ਸਫਰ ਅਸੀ ਬੜੀ ਮੁਸ਼ਕਲ ਨਾਲ ਕੀਤਾ। ਬਹੁਤੇ ਰਸਤੇ ਬੱਸ ਉਸ ਨੇ ਆਪ ਚਲਾਈ ਪਰ ਫਿਰ ਵੀ ਉਹ ਆਪਣੀ ਸਹੂਲੀਅਤ ਲਈ ਅਬੋਹਰ ਦੇ ਕਿਸੇ ਟਰੱਕ ਡਰਾਈਵਰ ਨੂੰ ਨਾਲ ਲੈ ਗਿਆ ।ਤਾਂ ਕਿ ਲੰਬੇ ਰੂਟ ਤੇ ਲਗਾਤਾਰ ਬੱਸ ਚਲਾਉਣ ਤੋਂ ਉਸ ਨੂੰ ਕੁਝ ਸਹਾਰਾ ਮਿਲ ਸਕੇ। ਸਾਡਾ ਬਹੁਤਾ ਸਮਾਂ ਤਾਂ ਬੱਸ ਦੀ ਮੁਰੰਮਤ ਕਰਾਉਣ ਵਿੱਚ ਹੀ ਗੁਜ਼ਰਿਆ। ਜਦੋਂ ਚਲਦੀ-ਚਲਦੀ ਬੱਸ ਰਾਹ ਵਿੱਚ ਹੀ ਰੁੱਕ ਜਾਂਦੀ ਤਾਂ ਬਾਬੂ ਰਾਮ ਤੇ ਉਹ ਡਰਾਇਵਰ ਬੱਸ ਨੂੰ ਠੀਕ ਕਰਨ ਵਿੱਚ ਜਾ ਕੋਈ ਪੁਰਜਾ ਲਿਆਉਣ ਵਿੱਚ ਉਲਝ ਜਾਣੇ ਪਰ ਕੇਟਰਿੰਗ ਵਾਲੇ ਦੇਵ ਰਾਜ ਅੰਕਲ ਖਾਣਾ ਬਣਾਉਣ ਦੀ ਤਿਆਰੀ ਸੁਰੂ ਕਰ ਦਿੰਦੇ। ਸਫਰ ਚਾਹੇ ਅਕਾ ਦੇਣ ਵਾਲਾ ਤੇ ਬੋਰਿੰਗ ਹੋ ਗਿਆ ਸੀ ਪਰ ਖਾਣਾ ਲਾਜਬਾਬ ਹੁੰਦਾ ਸੀ। ਅਸੀਂ ਹਰ ਚੀਜ਼ ਚਟਕਾਰੇ ਲੈ ਕੇ ਖਾਂਦੇ । ਸੜਕ ਦੇ ਕੰਢੇ 'ਤੇ ਖੁਲ੍ਹੇ ਵਿੱਚ ਖਾਣਾ ਖਾਣ ਦਾ ਮਜ਼ਾ ਹੀ ਅਜੀਬ ਹੁੰਦਾ ਹੈ। ਬੱਚੇ ਕੇਟਰਿੰਗ ਵਾਲੇ ਦੇਵ ਰਾਜ ਨੂੰ ਡੈਨੀ ਅੰਕਲ ਆਖਦੇ ਕਿਉਂਕਿ ਉਸ ਦੀ ਸ਼ਕਲ ਫਿਲਮ ਸਟਾਰ ਡੈਨੀ ਨਾਲ ਮਿਲਦੀ ਸੀ।
ਇੰਨੇ ਲੰਬੇ ਸਫਰ ਲਈ ਸਾਡਾ ਕੋਈ ਵੀ ਸਿਡਊਲ ਫਿਕਸ ਨਹੀ ਸੀ ਕੋਈ ਐਡਵਾਂਸ ਬੁਕਿੰਗ ਨਹੀ ਸੀ ਕਰਵਾਈ । ਸਾਨੂੰ ਜਿੱਥੇ ਦਿਨ ਛਿਪਦਾ ਜਾ ਅਰਾਮ ਦੀ ਲੋੜ ਮਹਿਸੂਸ ਕਰਦੇ ਹੋਟਲ, ਧਰਮਸਾਲਾ, ਮੰਦਿਰ, ਰੈਸਟਹਾਊਸ,ਸਕੂਲ ਜਾ ਗੁਰੂਘਰ ਵਿੱਚ ਰਾਤ ਕੱਟ ਲੈਦੇ ਅਤੇ ਕਈ-ਕਈ ਵਾਰ ਅਸੀਂ ਸਾਰੀ-ਸਾਰੀ ਰਾਤ ਸਫਰ ਕਰਦੇ ਰਹਿੰਦੇ। ਇਕ ਡਰਾਈਵਰ ਬੱਸ ਚਲਾਉਂਦਾ ਤੇ ਦੂਸਰਾ ਆਪਣੀ ਨੀਂਦ ਪੂਰੀ ਕਰ ਲੈਂਦਾ। ਬੱਚੇ ਤੇ ਨਾਲ ਗਏ ਸਟਾਫ ਮੈਂਬਰ ਵੀ ਬੱਸ ਦੀਆਂ ਸੀਟਾਂ ਤੇ ਹੀ ਨੀੱਦ ਦੀਆਂ ਝੱਪਕੀਆਂ ਲੈ ਲੈਂਦੇ।
ਗੁਜਰਾਤ ਵਿੱਚੋਂ ਗੁਜਰਦੇ ਵਕਤ ਅਸੀ ਇੱਕ ਛੋਟੇ ਜਿਹੇ ਕਸਬੇ ਵਿੱਚ ਰਾਤ ਕੱਟਣ ਦਾ ਸੋਚਿਆ। ਸ਼ਾਇਦ ਉਹ ਕੋਈ ਧਾਰਮਿਕ ਕਸਬਾ ਸੀ। ਕਸਬੇ ਵਿੱਚਲੇ ਚੋਕ ਚੋ ਅਸੀਂ ਕਿਸੇ ਮੰਦਿਰ ਧਰਮਸ਼ਾਲਾ ਬਾਰੇ ਪੁਛਿਆ ਅਤੇ ਉਨ੍ਹਾਂ ਦੇ ਦੱਸੇ ਅਨੁਸਾਰ ਹੀ ਕੋਈ ਤਿੰਨ ਚਾਰ ਜਣੇ ਪੈਦਲ ਹੀ ਨਜਦੀਕੀ ਮੰਦਿਰ ਵਿੱਚ ਰਾਤੀ ਆਰਾਮ ਲਈ ਜਗ੍ਹਾਂ ਵੇਖਣ ਚਲੇ ਗਏ। ਇਹ ਇੱਕ ਕੱਚਾ ਜਿਹਾ ਮੰਦਿਰ ਸੀ, ਜਿਸ ਵਿੱਚ ਫਰਸ ਵੀ ਨਹੀ ਸੀ ਲੱਗਿਆ ਹੋਇਆ । ਕੁਦਰਤੀ ਉਸ ਸਮੇਂ ਬੱਤੀ ਵੀ ਗੁੱਲ ਸੀ। ਹਨੇਰੇ ਕਾਰਨ ਸਾਨੂੰ ਉਹ ਜਗਾਂ ਅਜੀਬ ਜਿਹੀ ਲੱਗੀ।
ਮੰਦਿਰ ਦੇ ਪ੍ਰਬੰਧਕਾਂ ਨੇ ਰਾਤੀ ਸਾਉਣ ਲਈ ਸਾਨੂੰ ਜੋ ਹਾਲ ਕਮਰਾ ਦਿਖਾਇਆ ਉਹ ਕੱਚਾ ਸੀ ਉਸ 'ਤੇ ਲੱਕੜ ਦੀਆਂ ਕੜੀਆਂ ਤੇ ਫੂਸ ਦੀ ਛੱਤ ਪਾਈ ਹੋਈ ਸੀ। ਉਥੇ ਸੌਂਣਾ ਤਾਂ ਦੂਰ ਖੜ੍ਹਨ ਨੂੰ ਵੀ ਦਿਲ ਨਹੀ ਸੀ ਕਰਦਾ। ਸਾਨੂੰ ਬਹੁਤ ਨਿਰਾਸ਼ਾ ਹੋਈ। ਹੁਣ ਚਾਲੀ ਪੰਜਾਹ ਲੜਕੀਆਂ ਤੇ ਸਟਾਫ ਲਈ ਰਾਤ ਕੱਟਣ ਦਾ ਗੰਭੀਰ ਮਸਲਾ ਸਾਡੇ ਸਾਹਮਣੇ ਸੀ। ਕੋਈ ਹੋਰ ਸਹਿਰ ਵੀ ਨੇੜੇ ਨਹੀ ਸੀ। ਅਗਲਾ ਸਹਿਰ ਕੋਈ ਦੋ ਢਾਈ ਸੋ ਕਿਲੋਮੀਟਰ ਦੀ ਦੂਰੀ 'ਤੇ ਸੀ, ਜਿਥੇ ਪਹੁੰਚਣ ਲਈ ਪੰਜ ਛੇ ਘੰਟੇ ਲੱਗਣੇ ਸਨ। ਪ੍ਰੇਸ਼ਾਨੀ ਦੀ ਹਾਲਤ ਵਿੱਚ ਜਦੋਂ ਅਸੀਂ ਮੰਦਿਰ ਦੇ ਮੁੱਖ ਦੁਆਰ ਕੋਲ ਆਏ ਤਾਂ ਇੱਕ ਚਿੱਟਾ ਕੁੜਤਾ ਪਜਾਮਾ ਪਹਿਣੀ ਬਾਬੂ ਸਾਨੂੰ ਮਿਲਿਆ ਜਿਸ ਦੇ ਹੱਥ ਵਿੱਚ ਪੂਜਾ ਦੀ ਥਾਲੀ ਸੀ। ਲਗਦਾ ਸੀ ਉਹ ਮੰਦਿਰ ਚ ਪੂਜਾ ਕਰਕੇ ਹੀ ਬਾਹਰ ਆਇਆ ਸੀ। ਨਮਸਕਾਰ ਬੁਲਾਕੇ ਮੈਂ ਉਸ ਨੂੰ ਆਪਣੀ ਤੇ ਬੱਚਿਆ ਦੀ ਪਰਾਬਲਮ ਦੱਸੀ ਤੇ ਉਸ ਨੂੰ ਇਹ ਵੀ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਅਤੇ ਇਹ ਸਕੂਲੀ ਬੱਚੀਆਂ ਸਾਡੇ ਨਾਲ ਹਨ। ਉਸ ਆਦਮੀ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਦੱਸਿਆ ਇਹ ਬਹੁਤ ਛੋਟਾ ਕਸਬਾ ਹੈ ਇੱਥੇ ਕੋਈ ਹੋਰ ਮੰਦਿਰ ਧਰਮਸ਼ਾਲਾ ਨਹੀ ਹੈ ਅਤੇ ਨਾ ਹੀ ਕੋਈ ਸਕੂਲ ਹੈ। ਥੋੜਾ ਜਿਹਾ ਸੋਚ ਕੇ ਉਸ ਨੇ ਕਿਹਾ ਕਿ ਕਸਬੇ ਤੋਂ ਬਾਹਰ ਨਹਿਰ ਦੇ ਕੰਢੇ ਇੱਕ ਬਹੁਤ ਵਧੀਆ ਸਰਕਾਰੀ ਰੈਸਟ ਹਾਊਸ ਹੈ । ਮੈਂ ਪਤਾ ਕਰਕੇ ਉਸ ਰੈਸਟ ਹਾਊਸ ਵਿੱਚ ਤੁਹਾਡੇ ਲਈ ਪ੍ਰਬੰਧ ਕਰਵਾ ਦਿੰਦਾ ਹਾਂ। ਇਸ ਤਰਾਂ ਗੱਲਾਂ ਕਰਦਾ ਕਰਦਾ ਉਹ ਸਾਡੇ ਨਾਲ ਉਸੇ ਚੌਕ ਵਿੱਚ ਹੀ ਆ ਗਿਆ ਜਿੱਥੇ ਸਾਡੀ ਬੱਸ ਖੜੀ ਸੀ।
ਚੌਕ ਤੇ ਬਣੀ ਚੈਕ ਪੋਸਟ ਤੋ ਉਸ ਨੇ ਰੈਸਟ ਹਾਊਸ ਦਾ ਨੰਬਰ ਮਿਲਾਕੇ ਦੋ ਕੁ ਮਿੰਟ ਘੁਸਰ ਮੁਸਰ ਜਿਹੀ ਕੀਤੀ ਤੇ ਕਹਿੰਦਾ ਤੁਹਾਡੇ ਲਈ ਕਮਰੇ ਬੁੱਕ ਹੋ ਗਏ ਹਨ ਅਤੇ ਤੁਸੀਂ ਰੈਸਟ ਹਾਊਸ ਚਲੇ ਜਾਓ। ਕਿਉਂਕਿ ਅਸੀਂ ਉਸ ਇਲਾਕੇ ਤੋਂ ਬਿਲਕੁਲ ਅਣਜਾਣ ਸੀ ਅਤੇ ਰਸਤੇ ਦਾ ਸਾਨੂੰ ਪਤਾ ਨਹੀਂ ਸੀ। ਫਿਰ ਉਹ ਆਪ ਹੀ ਸਾਡੇ ਨਾਲ ਚੱਲਣ ਨੂੰ ਤਿਆਰ ਹੋ ਗਿਆ। ਢਾਈ ਤਿੰਨ ਕਿਲੋਂ ਮੀਟਰ ਦੂਰ ਉਹ ਸਾਡੇ ਨਾਲ ਬੱਸ ਚ ਬਹਿਕੇ ਸਾਨੂੰ ਰੈਸਟ ਹਾਉਸ ਲੈ ਗਿਆ। ਬੱਸ ਵਿੱਚ ਬੈਠਾ ਉਹ ਆਦਮੀ ਸਾਡੇ ਨਾਲ ਦੇਸ ਵਿਦੇਸ਼ ਅਤੇ ਰਾਜਨੀਤੀ ਦੀਆਂ ਗੱਲਾ ਕਰਦਾ ਰਿਹਾ। ਉਸ ਨੇ ਕਈ ਧਾਰਮਿਕ ਵਿਸ਼ਿਆ 'ਤੇ ਵੀ ਗੱਲ ਕੀਤੀ। ਉਸ ਦੀਆਂ ਗੱਲਾ ਤੋਂ ਉਹ ਆਦਮੀ ਕੋਈ ਲਾਲਾ ਨਹੀਂ ਸਗੋਂ ਕਾਫੀ ਪੜ੍ਹਿਆ ਲਿਖਿਆ ਲੱਗਿਆ। ਇਹ ਰੈਸਟ ਹਾਊਸ ਦੀ ਇਮਾਰਤ ਬਹੁਤ ਵਧੀਆ ਸੀ ਅਤੇ ਜਿੱਥੇ ਹਰ ਸਹੂਲੀਅਤ ਮੌਜੂਦ ਸੀ। ਬੱਚਿਆ ਨੂੰ ਕਮਰੇ ਅਲਾਟ ਕਰ ਦਿੱਤੇ ਗਏ।
ਕੇਟਰਜ ਨੇ ਆਪਣੀਆਂ ਭੱਠੀਆਂ ਬਾਲ ਲਈਆ ਅਤੇ ਤੜਕੇ ਲੱਗਣੇ ਸ਼ੁਰੂ ਹੋ ਗਏ।। ਫਿਰ ਮੈਂ ਅਤੇ ਮੇਰਾ ਸਹਿਕਰਮੀ ਦੋਸਤ ਉਸ ਨੂੰ ਬੱਸ ਰਾਹੀ ਵਾਪਿਸ ਉਸ ਦੇ ਘਰ ਛੱਡਣ ਲਈ ਤਿਆਰ ਹੋ ਗਏ ਪਰ ਉਸ ਨੇ ਸਾਡੇ ਨਾਲ ਜਾਣ ਤੋ ਸਾਫ ਇਨਕਾਰ ਕਰ ਦਿੱਤਾ ਤੇ ਕਹਿੰਦਾ । ਮੈਂ ਆਪਣੇ ਆਪ ਚਲਾ ਜਾਵਾਂਗਾ। ਇਸੇ ਬਹਾਨੇ ਮੇਰੀ ਸੈਰ ਹੋ ਜਾਵੇਗੀ। ਬੱਸ ਤੁਸੀਂ ਖੇਚਲ ਨਾ ਕਰੋ ।ਗੱਲਾਂ ਕਰਦੇ ਹੋਏ ਮੈਂ ਅਚਾਨਕ ਦੇਖਿਆ ਕਿ ਉਹ ਨੰਗੇ ਪੈਰੀ ਸੀ। ਜਦੋਂ ਮੈਂ ਇਸਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਘਰੋ ਨੰਗੇ ਪੈਰੀ ਹੀ ਮੰਦਿਰ ਆਉਂਦਾ ਹੈ। ਮੈਨੂੰ ਉਸ ਦੀ ਇਹ ਗੱਲ ਬਹੁਤ ਵਧੀਆ ਲੱਗੀ ।ਸਰ ਜੀ ਤੁਸੀਂ ਕੀ ਕੰਮ ਕਰਦੇ ਹੋ? ਅਚਾਨਕ ਮੇਰੇ ਮੂੰਹ 'ਚੋਂ ਨਿਕਲਿਆ। ਮੈਂ ਸੀ. ਜੇ. ਐਮ ਹਾਂ ਅਤੇ ਮੇਰੀ ਪੋਸਟਿੰਗ ਇੱਥੋਂ ਦੋ ਸੋ ਕਿਲੋਮੀਟਰ ਦੂਰ ਜਿਲਂ੍ਹੇ ਵਿੱਚ ਹੈ। ਮੈਂ ਹਰ ਵੀਕ ਐਂਡ 'ਤੇ ਇੱਥੇ ਆਪਣੇ ਬੁਢੇ ਮਾਂ ਬਾਪ ਨੂੰ ਮਿਲਣ ਆਉਂਦਾ ਹਾਂ। ਉਸਦੇ ਮੂੰਹੋਂ ਸੀ. ਜੇ. ਐਮ ਸ਼ਬਦ ਸੁਣਕੇ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ।
ਵਾਪਿਸੀ ਤੇ ਮੇਰਾ ਦੋਸਤ ਮੈਨੂੰ ਕਹਿੰਦਾ ਯਾਰ ਇਹ ਸੀ. ਜੇ. ਐਮ ਕੀ ਹੁੰਦਾ ਹੈ। ਮਖਿਆ ਚੀਫ ਜੂਡੀਸ਼ੀਅਲ ਮੈਜਿਸਟਰੇਟ। ਢਾਈ ਦਹਾਕੇ ਬੀਤਣ ਤੋਂ ਬਾਅਦ ਅੱਜ ਵੀ ਮੈਨੂੰ ਉਸ ਦੇਵਤਾ ਨੁਮਾ ਆਦਮੀ ਦਾ ਚੇਹਰਾ ਚੰਗੀ ਤਰਾਂ ਯਾਦ ਹੈ ਅਤੇ ਸਿਰ ਉਸ ਦੀ ਹਲੀਮੀ ਤੇ ਨਿਮਰਤਾ ਅੱਗੇ ਝੁਕਦਾ ਹੈ।
ਰਮੇਸ਼ ਸਿੰਘ ਸੇਠੀ
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਜਦੋਂ ਤਰਾਸ਼ਿਆ ਮੈਂ ਆਪਣੇ ਜਿਸਮ ਨੂੰ...
NEXT STORY