ਪਿਛਲੇ ਕੁਝ ਹਫ਼ਤਿਆਂ ’ਚ ਸਪਾਈਸਜੈੱਟ ਰੱਦ ਉਡਾਣਾਂ, ਬਹੁਤ ਜ਼ਿਆਦਾ ਦੇਰੀ ਤੇ ਗਾਹਕਾਂ ਦੀ ਵਧਦੀ ਅਸੰਤੁਸ਼ਟੀ ਨਾਲ ਜੂਝ ਰਹੀ ਹੈ। ਇਸ ਨਾਲ ਹਵਾਬਾਜ਼ੀ ਉਦਯੋਗ ਦੀ ਇਸ ਸਾਲ ਦੀ ਸਭ ਤੋਂ ਵੱਡੇ ਖਦਸ਼ੇ ਦੀ ਪੁਸ਼ਟੀ ਹੁੰਦੀ ਹੈ : ਸਪਾਈਜੈੱਟ ਦਾ ਪਤਨ।
ਸਤੰਬਰ-ਅਕਤੂਬਰ ’ਚ ਰੋਜ਼ਾਨਾ ਨਿਰਧਾਰਤ ਉਡਾਣਾਂ ਘੱਟ ਕੇ 5 ਤੋਂ ਵੀ ਘੱਟ ਰਹਿ ਗਈਆਂ, ਜੋ ਕੈਸ਼-ਐਂਡ-ਕੈਰੀ ਆਧਾਰ ’ਤੇ ਸੰਚਾਲਿਤ ਹੋ ਰਹੀਆਂ ਸਨ। ਇਹ ਤਦ ਹੋਇਆ ਜਦੋਂ ਪਿਛਲੇ 2 ਸਾਲਾਂ ’ਚੋਂ ਵਧੇਰੇ ਸਮਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਅਜੇ ਸਿੰਘ ਇਹ ਦਾਅਵਾ ਕਰਦੇ ਰਹੇ ਕਿ ਏਅਰਲਾਈਨ 100 ਜਹਾਜ਼ਾਂ ਦਾ ਬੇੜਾ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਦੇ ਦਾਅਵਿਆਂ ਦੇ ਉਲਟ ਅਕਤੂਬਰ ਦੇ ਅੰਤ ’ਚ ਏਅਰਲਾਈਨ ਦੇ ਏਅਰ ਆਪ੍ਰੇਟਰ ਸਰਟੀਫਿਕੇਟ ’ਚ 20 ਤੋਂ ਵੱਧ ਰਜਿਸਟਰਡ ਜਹਾਜ਼ਾਂ ਦਾ ਬੇੜਾ ਵਿਖਾਇਆ ਗਿਆ, ਹਾਲਾਂਕਿ ਇਨ੍ਹਾਂ ’ਚੋਂ ਸਿਰਫ਼ 11 ਹੀ ਚਾਲੂ ਹਾਲਤ ’ਚ ਸਨ।
22 ਸਤੰਬਰ ਨੂੰ ਏਅਰਲਾਈਨ ਨੂੰ ਕਾਫ਼ੀ ਦੇਰ ਨਾਲ ਹੀ ਸਹੀ, ਡੀ. ਜੀ. ਸੀ. ਏ. ਵੱਲੋਂ ਵਿੱਤੀ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ, ਜਿਸ ਨੇ ਨਕਦੀ ਦੀ ਤੰਗੀ ਤੇ ਇੰਜੀਨੀਅਰਿੰਗ ਸਟਾਫ਼ ਦੀ ਘਾਟ ਕਾਰਨ ਪੈਦਾ ਹੋ ਰਹੀਆਂ ਵਧਦੀਆਂ ਸੁਰੱਖਿਆ ਚਿੰਤਾਵਾਂ ਕਾਰਨ ਏਅਰਲਾਈਨ ਦੇ ਵਧਦੇ ਸੰਕਟ ਨੂੰ ਨਜ਼ਰਅੰਦਾਜ਼ ਕੀਤਾ ਸੀ।
ਇਸ ਦੌਰਾਨ ਨਿਯਮਾਂ ਅਤੇ ਪੈਮਾਨਿਆਂ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਜਿਨ੍ਹਾਂ ’ਚ ਪਹਿਲਾਂ ਹੀ ਇਨਵੈਂਟਰੀ ਵੇਚਣਾ ਤੇ ਆਖਰੀ ਸਮੇਂ ’ਚ ਰੱਦ ਹੋਈਆਂ ਉਡਾਣਾਂ ਲਈ ਅੈਡਵਾਂਸ ਪੇਮੈਂਟ ਲੈਣਾ, ਰੂਟ ਡਿਸਪਰਸ਼ਨ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਾ ਕਰਨਾ ਅਤੇ ਲਿਸਟਿਡ ਕੰਪਨੀ ਲਈ ਸੇਬੀ ਦੀਆਂ ਲੋੜਾਂ ਅਨੁਸਾਰ ਨਵੀਨਤਮ ਨਤੀਜੇ ਪ੍ਰਕਾਸ਼ਿਤ ਕਰਨ ’ਚ ਅਸਫ਼ਲ ਰਹਿਣਾ ਸ਼ਾਮਲ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਕ ਹੋਰ ਏਅਰਲਾਈਨ ਦੇ ਦੀਵਾਲੀਆ ਹੋਣ ਤੇ ਬੰਦ ਹੋਣ ਦੇ ਵਿਆਪਕ ਨਤੀਜਿਆਂ ਤੋਂ ਚਿੰਤਤ ਹੋ ਕੇ ਕਥਿਤ ਤੌਰ ’ਤੇ ਸੁਰੱਖਿਆ ਦੀ ਕੀਮਤ ’ਤੇ ਵੀ ਏਅਰਲਾਈਨ ਨੂੰ ਸਥਾਈ ਮੋਹਲਤ ਦੇ ਰਿਹਾ ਸੀ। ਇਸ ਘਟਨਾਚੱਕਰ ਨੇ ਹਵਾਬਾਜ਼ੀ ਖੇਤਰ ਨੂੰ ਉਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਮਜਬੂਰ ਕਰ ਦਿੱਤਾ ਹੈ ਜੋ ਸਿਰਫ਼ ਅਧਿਕਾਰੀ ਹੀ ਦੇ ਸਕਦੇ ਹਨ।
ਤਾਜ਼ਾ ਅੰਕੜੇ ਉਪਲਬਧ ਨਹੀਂ ਸਨ ਕਿਉਂਕਿ ਸਪਾਈਸਜੈੱਟ ਹੁਣ ਸੇਬੀ ਦੀਆਂ ਲੋੜਾਂ ਅਨੁਸਾਰ ਆਪਣੇ ਨਤੀਜੇ ਦਾਖ਼ਲ ਨਹੀਂ ਕਰ ਰਹੀ ਸੀ, ਪਰ ਕੁੱਲ ਇਕੱਠਾ ਘਾਟਾ ਕਥਿਤ ਤੌਰ ’ਤੇ 9,000 ਕਰੋੜ ਤੋਂ ਵੱਧ ਹੋ ਗਿਆ ਹੈ, ਜਿਸ ’ਚ ਬਕਾਇਆ 6,000 ਕਰੋੜ ਰੁਪਏ ਤੋਂ ਵੱਧ ਹੈ। ਟੀ. ਡੀ. ਐੱਸ., ਈ. ਪੀ. ਐੱਫ. ਅਤੇ ਜੀ. ਐੱਸ. ਟੀ. ਦੀਆਂ ਦੇਣਦਾਰੀਆਂ ਸਮੇਤ ਲੱਗਭਗ 600-650 ਕਰੋੜ ਦਾ ਬਕਾਇਆ ਹੋਣ ਦਾ ਅਨੁਮਾਨ ਹੈ।
ਸਤੰਬਰ 2025 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਵਿੱਤੀ ਸਾਲ 2026 ਦੀ ਦੂਜੀ ਤਿਮਾਹੀ ਦੇ ਵਿੱਤੀ ਖੁਲਾਸਿਆਂ ਤੋਂ ਬਾਅਦ ਏਅਰਲਾਈਨ ਨੇ 2,800 ਕਰੋੜ ਦੀ ਨੈਗੇਟਿਵ ਸ਼ੁੱਧ ਸੰਪਤੀ ਦੀ ਸੂਚਨਾ ਦਿੱਤੀ।
ਤਾਂ, ਪਿਛਲੇ ਕੁਝ ਸਾਲਾਂ ਵਿਚ ਏਅਰਲਾਈਨ ਵੱਲੋਂ ਜੁਟਾਏ ਗਏ ਲੱਗਭਗ 5,500 ਕਰੋੜ ਰੁਪਏ ਦਾ ਕੀ ਹੋਇਆ? ਸਮੇਂ-ਸਮੇਂ ’ਤੇ ਨਵਾਂ ਪੂੰਜੀ ਨਿਵੇਸ਼ ਕੀਤਾ ਗਿਅਾ, ਜੋ ਸਭ ਗਾਇਬ ਹੁੰਦਾ ਜਾਪਦਾ ਹੈ। 2023 ’ਚ ਸਪਾਈਸਜੈੱਟ ਨੇ ਕਾਰਲਾਈਲ ਏਵੀਏਸ਼ਨ ਪਾਰਟਨਰਜ਼ ਨੂੰ ਦੇਣਯੋਗ 100 ਮਿਲੀਅਨ ਡਾਲਰ ਤੋਂ ਵੱਧ ਦੇ ਬਕਾਏ ਦਾ ਪੁਨਰਗਠਨ ਕੀਤਾ, ਜਿਸ ’ਚੋਂ ਇਕ ਅਹਿਮ ਹਿੱਸਾ ਪੱਟੇਦਾਰ ਲਈ 7.5 ਫੀਸਦੀ ਇਕੁਇਟੀ ਹਿੱਸੇਦਾਰੀ ’ਚ ਤਬਦੀਲ ਹੋ ਗਿਆ।
ਜਨਵਰੀ 2024 ’ਚ ਏਅਰਲਾਈਨ ਨੇ 2250 ਕਰੋੜ ਰੁਪਏ ਤੋਂ ਵੱਧ ਜੁਟਾਉਣ ਦੀ ਇਕ ਵੱਡੀ ਯੋਜਨਾ ਅਧੀਨ 744 ਕਰੋੜ ਰੁਪਏ ਜੁਟਾਏ। ਇਸ ਨੇ ਮਹਾਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਦਾ ਵੀ ਲਾਭ ਲਿਆ ਤੇ 2022 ਦੇ ਅੰਤ ’ਚ ਸੋਧ ਯੋਜਨਾ ਅਧੀਨ ਲੱਗਭਗ 1,000 ਕਰੋੜ ਰੁਪਏ ਹਾਸਲ ਕੀਤੇ ਤਾਂ ਜੋ ਇਸ ਦੀ ਹੋਂਦ ਨੂੰ ਲੈ ਕੇ ਚਿੰਤਾਵਾਂ ਦਾ ਹੱਲ ਕੀਤਾ ਜਾ ਸਕੇ।
ਫਿਰ, ਸਤੰਬਰ 2024 ’ਚ ਕੰਪਨੀ ਨੇ ਇਕ ਕਿਊ. ਆਈ. ਪੀ. ਰਾਹੀਂ 3,000 ਕਰੋੜ ਰੁਪਏ ਜੁਟਾਉਣ ’ਚ ਸਫ਼ਲਤਾ ਹਾਸਲ ਕੀਤੀ। ਪਿਛਲੇ ਕੁਝ ਸਾਲਾਂ ’ਚ 5,500 ਕਰੋੜ ਰੁਪਏ ਤੋਂ ਵੱਧ ਜੁਟਾਉਣ ਦੇ ਬਾਵਜੂਦ ਕੰਪਨੀ ਸਪੱਸ਼ਟ ਰੂਪ ’ਚ ਜ਼ੀਰੋ ਨਕਦੀ ਭੰਡਾਰ ਅਤੇ ਦੀਵਾਲੀਆਪਨ ਦੇ ਕੰਢੇ ’ਤੇ ਸੀ। ਖ਼ਬਰਾਂ ਮੁਤਾਬਕ ਏਅਰਲਾਈਨ ਨੇ ਅਦਾਲਤਾਂ ਨੂੰ ਇਹ ਵੀ ਦੱਸਿਆ ਸੀ ਕਿ ਉਹ ਆਪਣੇ ਸਾਬਕਾ ਕੰਟਰੋਲਿੰਗ ਹਿੱਸੇਦਾਰ ਅਤੇ ਸਨ ਗਰੁੱਪ ਦੇ ਚੇਅਰਮੈਨ ਕਲਾਨਿਧੀ ਮਾਰਨ ਤੇ ਉਨ੍ਹਾਂ ਦੀ ਨਿਵੇਸ਼ ਕੰਪਨੀ ਕੇ. ਏ. ਐੱਲ. ਏਅਰਵੇਜ਼ ਨੂੰ ਬਕਾਇਆ ਚੁਕਾਉਣ ਲਈ ਈ. ਸੀ. ਐੱਲ. ਜੀ. ਐੱਸ. ਤੋਂ ਹੋਰ ਫੰਡ ਮਿਲਣ ਦੀ ਉਡੀਕ ਕਰ ਰਹੀ ਹੈ।
ਇਸ ਦਾ ਸਿੱਧਾ ਮਤਲਬ ਹੈ ਕਿ ਉਹ ਭਾਰਤ ਸਰਕਾਰ ਨੂੰ ਆਪਣੇ ਬਿੱਲ ਚੁਕਾਉਣ ਦੀ ਅਪੀਲ ਕਰ ਰਹੀ ਹੈ! ਇਸ ਤੋਂ ਇਲਾਵਾ ਪਹਿਲਾਂ ਵਾਂਗ ਹੀ ਏਅਰਲਾਈਨ ਦੇ ਪ੍ਰਬੰਧਕਾਂ ’ਤੇ ਮਨੀ ਲਾਂਡਰਿੰਗ ਤੇ ਫੰਡਾਂ ਦੀ ਹੇਰਾਫੇਰੀ ਦੇ ਦੋਸ਼ ਲੱਗਦੇ ਰਹੇ। ਉਦਯੋਗ ਜਗਤ ਦੇ ਸੂਤਰਾਂ ਦਾ ਮੰਨਣਾ ਸੀ ਕਿ ਈ. ਡੀ. ਤੇ ਹੋਰ ਜਾਂਚ ਏਜੰਸੀਆਂ ਨੂੰ ਦਖ਼ਲ ਦੇ ਕੇ ਪਿਛਲੇ ਸਾਲਾਂ ’ਚ ਕਾਰੋਬਾਰ ਨੂੰ ਸੁਰਜੀਤ ਕਰਨ ਲਈ ਜੁਟਾਏ ਗਏ ਫੰਡਾਂ ਦੀ ਵਰਤੋਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਏਅਰਲਾਈਨ ਨੂੰ ਬਚਾਈ ਰੱਖਣ ਲਈ ਅਜੇ ਸਿੰਘ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਨੇ 'ਸਕਾਈਹੌਪ' ਨਾਂ ਦੀ ਇਕ ਪਰਿਵਾਰਕ ਮਲਕੀਅਤ ਵਾਲੀ ਕੰਪਨੀ ਸ਼ੁਰੂ ਕੀਤੀ ਹੈ, ਜੋ ਸੀ-ਪਲੇਨ ਸੇਵਾਵਾਂ ਸ਼ੁਰੂ ਕਰਨ ਵਾਲੀ ਹੈ। ਇਸ ਨੂੰ 16 ਸਤੰਬਰ ਨੂੰ ਲਕਸ਼ਦੀਪ ’ਚ ਲਾਂਚ ਕੀਤਾ ਜਾਣਾ ਸੀ, ਪਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਵਾਪਸ ਲੈਣ ਦੇ ਕੁਝ ਹੀ ਦਿਨਾਂ ਬਾਅਦ ਲਾਂਚਿੰਗ ਰੋਕ ਦਿੱਤੀ ਗਈ।
ਇਸ ਉੱਦਮ ਦੀ ਸ਼ੁਰੂਆਤੀ ਪੂੰਜੀ ਇਸ ਦੇ ਪ੍ਰਮੋਟਰਾਂ ਨੇ ਉਦੋਂ ਲਾਈ ਸੀ ਜਦੋਂ ਉਨ੍ਹਾਂ ਦਾ ਮੁੱਖ ਕਾਰੋਬਾਰ ਦੀਵਾਲੀਆ ਹੋ ਰਿਹਾ ਸੀ। ਇਸ ਨਵੇਂ ਉੱਦਮ ਲਈ ਪੈਸਾ ਕਿੱਥੇ ਆ ਰਿਹਾ ਹੈ, ਇਸ ’ਤੇ ਸਵਾਲ ਉੱਠ ਰਹੇ ਹਨ।
ਭਾਰਤ ’ਚ ਦੀਵਾਲੀਆ ਹੋਣ ਵਾਲੀ ਲੱਗਭਗ ਹਰ ਏਅਰਲਾਈਨ ਵਾਂਗ ਇਸ ਮਾਮਲੇ ’ਚ ਵੀ ਪ੍ਰਮੋਟਰਾਂ ਅਤੇ ਸੰਸਥਾਪਕਾਂ ਦੀ ਨਿੱਜੀ ਜਾਇਦਾਦ ਵਿਚ ਬੇਮਿਸਾਲ ਵਾਧਾ ਵੇਖਿਆ ਗਿਆ ਹੈ, ਜਦੋਂ ਕਿ ਉਨ੍ਹਾਂ ਦੇ ਕਾਰੋਬਾਰ ਦੀਵਾਲੀਆ ਹੋ ਗਏ ਹਨ। ਇਸ ਤਰ੍ਹਾਂ ਦੀ ਬੇਧਿਅਾਨੀ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਉਦਯੋਗ ਲਈ ਗੰਭੀਰ ਨਤੀਜੇ ਲਿਆ ਸਕਦੀ ਹੈ।
—ਅੰਜੁਲੀ ਭਾਰਗਵ
(‘ਬੀ. ਐੱਸ.’ ਤੋਂ ਧੰਨਵਾਦ ਸਹਿਤ)
ਕਿਰਪਾ ਕਰ ਕੇ ਸਾਬਤ ਕਰੋ ਕਿ ਤੁਸੀਂ ਇਨਸਾਨ ਹੋ ..!
NEXT STORY