ਵੱਖ-ਵੱਖ ਕਾਰਨਾਂ ਨਾਲ ਦੇਸ਼ ’ਚ ਲੋਕਾਂ ਵੱਲੋਂ ਖੁਦਕੁਸ਼ੀਆਂ ਕਰਨ ਦੀ ਪ੍ਰਵਿਰਤੀ ਵਧ ਰਹੀ ਹੈ ਅਤੇ 2024 ’ਚ ਦੇਸ਼ ’ਚ ਖੁਦਕੁਸ਼ੀਆਂ ਦੇ 170746 ਮਾਮਲੇ ਸਾਹਮਣੇ ਆਏ। ਮਨੋਵਿਗਿਆਨੀਆਂ ਅਨੁਸਾਰ ਜਦੋਂ ਵਿਅਕਤੀ ਨੂੰ ਆਪਣੀ ਪ੍ਰੇਸ਼ਾਨੀ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਾਈ ਦਿੰਦਾ ਉਦੋਂ ਉਹ ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕ ਲੈਂਦਾ ਹੈ।
ਤਣਾਅ ਦੇ ਮੁੱਖ ਕਾਰਨਾਂ ’ਚ ਪਰਿਵਾਰਕ ਸਮੱਸਿਆਵਾਂ, ਬਿਮਾਰੀ, ਵਿਆਹ ਸੰਬੰਧੀ ਸਮੱਸਿਆਵਾਂ, ਲਵ ਅਫੇਅਰ, ਕਰਜ਼ਾ, ਰੈਗਿੰਗ, ਕੰਮ ’ਚ ਘਾਟਾ ਆਦਿ ਸ਼ਾਮਲ ਹਨ ਜਿਨ੍ਹਾਂ ਦੀਆਂ ਲਗਭਗ ਪਿਛਲੇ 3 ਹਫ਼ਤੇ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
*25 ਜੁਲਾਈ ਨੂੰ ‘ਸੀਕਰ’ (ਰਾਜਸਥਾਨ) ’ਚ ਇਕ ਕਿਸਾਨ ਦੇ ਪੁੱਤਰ ਅਤੇ ‘ਨੀਟ’ ਉਮੀਦਵਾਰ ‘ਪ੍ਰਦੀਪ ਕੁਮਾਰ’ (22) ਨੇ ਖੁਦਕੁਸ਼ੀ ਕਰ ਲਈ। ਉਸ ਦੇ ਪਿਤਾ ਨੇ ਪੜ੍ਹਾਈ ਲਈ ਜ਼ਮੀਨ ਵੇਚ ਕੇ ਕਰਜ਼ਾ ਲਿਆ ਸੀ। ਪ੍ਰੀਖਿਆ ਰੱਦ ਹੋਣ ਤੋਂ ਬਾਅਦ ‘ਪ੍ਰਦੀਪ’ ਆਪਣੇ ਪਿਤਾ ਦੇ ਸਿਰ ’ਤੇ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਸੀ ਅਤੇ ਉਹ ਉਨ੍ਹਾਂ ’ਤੇ ਕਰਜ਼ੇ ਦਾ ਹੋਰ ਬੋਝ ਨਹੀਂ ਪਾਉਣਾ ਚਾਹੁੰਦਾ ਸੀ।
* 2 ਅਗਸਤ ਨੂੰ ‘ਠਾਣੇ’ (ਮਹਾਰਾਸ਼ਟਰ) ’ਚ ਰੇਲਵੇ ਪਟੜੀਆਂ ’ਤੇ ਇਕ 17 ਸਾਲਾ ਅੱਲੜ੍ਹ ਦੀ ਮੌਤ ਦੇ ਮਾਮਲੇ ’ਚ ਪੋਸਟਮਾਰਟਮ ਰਿਪੋਰਟ ’ਚ ਪਤਾ ਲੱਗਾ ਕਿ ਅੱਲੜ੍ਹ ਗਰਭਵਤੀ ਸੀ, ਜਿਸ ਤੋਂ ਬਾਅਦ ਡੋਂਬਿਵਲੀ ਰੇਲਵੇ ਪੁਲਸ ਨੇ ਉਸ ਦੇ ਪ੍ਰੇਮੀ ਨੂੰ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
* 9 ਅਗਸਤ ਨੂੰ ‘ਬਾਂਦਰਾ’ (ਮੁੰਬਈ) ’ਚ ਸਥਿਤ ਇਕ ਬਹੁ-ਮੰਜ਼ਲਾ ਇਮਾਰਤ ਦੀ 13ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇਕ 24 ਸਾਲਾ ਨੌਜਵਾਨ ਨੇ ਜਾਨ ਦੇ ਦਿੱਤੀ। ਪੁਲਸ ਜਾਂਚ ਅਨੁਸਾਰ, ਨੌਜਵਾਨ ਦੀ ਸਾਬਕਾ ਪ੍ਰੇਮਿਕਾ ਅਤੇ ਉਸ ਦੀ ਭੈਣ ਵੱਲੋਂ ਉਸ ਨੂੰ ਝੂਠੇ ਮਾਮਲੇ ’ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ।
* 10 ਅਗਸਤ ਨੂੰ ‘ਝਾਂਸੀ’ (ਉੱਤਰ ਪ੍ਰਦੇਸ਼) ਜ਼ਿਲੇ ’ਚ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ ’ਚ ‘ਗੁਰਸਰਾਏ’ ਥਾਣੇ ’ਚ ਲਿਆਂਦੇ ਗਏ ਇਕ ਪੁਜਾਰੀ ‘ਰਾਜਿੰਦਰ ਪ੍ਰਸਾਦ’ ਨੇ ਥਾਣਾ ਕੰਪਲੈਕਸ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
* 10 ਅਗਸਤ ਨੂੰ ਹੀ ‘ਜਲਾਲਾਬਾਦ’ (ਪੰਜਾਬ) ਦੇ ਪਿੰਡ ‘ਭੰਬਾਬਟੂ’ ’ਚ ਇਕ ਜੋੜੇ ਨੇ ਫਾਹਾ ਲਗਾ ਕੇ ਖੁਦਕੁਸ਼ੀਆਂ ਕਰ ਲਈ। ਦੋਵਾਂ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰ ਵਿਚ ਅੌਲਾਦ ਨਾ ਹੋਣ ਕਾਰਨ ਦੋਵੇਂ ਪ੍ਰੇਸ਼ਾਨ ਰਹਿੰਦੇ ਸਨ।
* 12 ਅਗਸਤ ਨੂੰ ‘ਸੂਰਤ’ (ਗੁਜਰਾਤ) ਦੇ ਮੈਡੀਕਲ ਕਾਲਜ ’ਚ ਰੈਗਿੰਗ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੇ ਇਕ ਜੂਨੀਅਰ ਡਾਕਟਰ ਦੇ ਮਾਮਲੇ ’ਚ ਪੁਲਸ ਨੇ 4 ਸੀਨੀਅਰ ਰੈਜ਼ੀਡੈਂਟ ਡਾਕਟਰਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ।
* 13 ਅਗਸਤ ਨੂੰ ‘ਨਵਾਂਸ਼ਹਿਰ’ (ਪੰਜਾਬ) ਦੇ ‘ਪਿੰਡ ਗੜ੍ਹਪਧਾਨਾ’ ’ਚ ਸ਼ੇਅਰ ਬਾਜ਼ਾਰ ’ਚ ਘਾਟਾ ਪੈਣ ਤੋਂ ਦੁਖੀ ਇਕ ਨੌਜਵਾਨ ਦਿਲਪ੍ਰੀਤ ਸਿੰਘ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਉਸ ਨੂੰ ਦੇਖ ਕੇ ਉਸ ਦੇ 2 ਦੋਸਤ ਅੱਲੜ੍ਹ ਸਾਥੀਆਂ ਨੇ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਸ ਦੇ ਨਤੀਜੇ ਵਜੋਂ ਦਿਲਪ੍ਰੀਤ ਸਿੰਘ ਅਤੇ ਉਸ ਦੇ ਇਕ ਸਾਥੀ ਦੀ ਮੌਤ ਹੋ ਗਈ ਅਤੇ ਦੂਜਾ ਸਾਥੀ ਗੰਭੀਰ ਤੌਰ ’ਤੇ ਬਿਮਾਰ ਹੋ ਗਿਆ।
* 14 ਅਗਸਤ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਘਰੇਲੂ ਵਿਵਾਦ ਦੇ ਇਕ ਮਾਮਲੇ ’ਚ 32 ਸਾਲਾ ਇਕ ਸਿਵਲ ਇੰਜੀਨੀਅਰ ਨੇ ਆਪਣੀ 29 ਸਾਲਾ ਸਾਫਟਵੇਅਰ ਇੰਜੀਨੀਅਰ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਖ਼ੁਦ ਵੀ ਖੁਦਕੁਸ਼ੀ ਕਰ ਲਈ।
* 15 ਅਗਸਤ ਨੂੰ ‘ਮੁੰਬਈ’ ’ਚ ਨੌਸੈਨਾ ਨਗਰ ਦੇ ਇਕ ਮਕਾਨ ’ਚ ਭਾਰਤੀ ਸਮੁੰਦਰੀ ਫੌਜ ਦੇ ਇਕ ਜਵਾਨ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਫਾਂਸੀ ਲਗਾ ਕੇ ਖੁਦਕੁਸ਼ੀ ਕੀਤੀ ਹੈ।
* 16 ਅਗਸਤ ਨੂੰ ‘ਹੈਦਰਾਬਾਦ’ (ਤੇਲੰਗਾਨਾ) ਦੇ ‘ਉੱਪਲ’ ਥਾਣਾ ਖੇਤਰ ’ਚ ‘ਉਸਮਾਨੀਆ ਮੈਡੀਕਲ ਕਾਲਜ’ ’ਚ ਐੱਮ. ਬੀ. ਬੀ. ਐੱਸ. ਦੇ ਪਹਿਲੇ ਸਾਲ ਦੇ ਡਿਪ੍ਰੈਸ਼ਨ ਨਾਲ ਜੂਝ ਰਹੇ 19 ਸਾਲਾ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ।
* ਅਤੇ ਹੁਣ 16 ਅਗਸਤ ਨੂੰ ਹੀ ‘ਰਾਮਪੁਰਹਾਟ’ (ਪੱਛਮੀ ਬੰਗਾਲ) ’ਚ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਲਾਸ਼ ਪਾਰਟੀ ਦਫ਼ਤਰ ’ਚ ਫਾਹੇ ਨਾਲ ਲਟਕੀ ਹੋਈ ਮਿਲੀ। ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਜਿਸ ’ਚ ਉਸ ਨੇ ਲਿਖਿਆ ਹੈ ਕਿ, ‘‘ਮੈਂ ਪਾਰਟੀ ਦੇ ਸਾਰੇ ਗਲਤ ਕੰਮਾਂ ਨੂੰ ਹਮੇਸ਼ਾ ਪ੍ਰਵਾਨ ਨਹੀਂ ਕਰ ਸਕਦਾ ਸੀ ਪਰ ਮੈਂ ਵਿਰੋਧ ਵੀ ਨਹੀਂ ਕਰ ਸਕਿਆ। ਮੈਂ ਆਪਣੀ ਪੂਰੀ ਜ਼ਿੰਦਗੀ ’ਚ ਕੰਮ ਬਦਲੇ ਇਕ ਪੈਸਾ ਵੀ ਨਹੀਂ ਲਿਆ।’’ ਆਸ਼ੀਸ਼ ਨੇ ਲਿਖਿਆ ਕਿ ਉਨ੍ਹਾਂ ਦੀ ਮੌਤ ਲਈ ਕੋਈ ਜ਼ਿੰਮੇਵਾਰ ਨਹੀਂ ਹੈ ਅਤੇ ਉਨ੍ਹਾਂ ਨੇ ਸਿਆਸਤ ’ਚ ਆਉਣ ’ਤੇ ਅਫ਼ਸੋਸ ਪ੍ਰਗਟਾਇਆ।
ਖੁਦਕੁਸ਼ੀ ਵਰਗਾ ਵੱਡਾ ਕਦਮ ਚੁੱਕਣਾ ਯਕੀਨੀ ਤੌਰ ’ਤੇ ਬੜਾ ਹੀ ਦੁਖਦਾਈ ਹੈ। ਇਸ ਲਈ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਹਾਰ ’ਚ ਅਚਾਨਕ ਬਦਲਾਅ ਨਜ਼ਰ ਆਉਂਦਿਆਂ ਹੀ ਇਸ ਬਦਲਾਅ ਦਾ ਪਤਾ ਲਗਾ ਕੇ ਉਸ ਦੀ ਕਾਊਂਸਲਿੰਗ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮਾਂ ਰਹਿੰਦਿਆਂ ਉਸ ਨੂੰ ਅਜਿਹਾ ਕਦਮ ਚੁੱਕਣ ਤੋਂ ਰੋਕਿਆ ਅਤੇ ਪਰਿਵਾਰ ਨੂੰ ਉਜੜਨ ਤੋਂ ਬਚਾਇਆ ਜਾ ਸਕੇ। ਖੁਦਕੁਸ਼ੀ ਵਰਗਾ ਕਦਮ ਚੁੱਕਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਇਸ ਕਦਮ ਨਾਲ ਉਨ੍ਹਾਂ ਦੇ ਪਰਿਵਾਰ ’ਤੇ ਕਿੰਨਾ ਬੁਰਾ ਅਸਰ ਪੈਣ ਵਾਲਾ ਹੈ।
—ਵਿਜੇ ਕੁਮਾਰ
‘ਦਿਮਾਗੀ ਨਕਸਲੀ’ ਸ਼ਬਦ ’ਤੇ ਹੰਗਾਮਾ ਕਿਉਂ?
NEXT STORY