ਪੁਰਾਣੇ ਸਮੇਂ ’ਚ ਜਿੱਥੇ ਲੋਕ ਰਿਸ਼ਤਿਆਂ ਦਾ ਸਨਮਾਨ ਕਰਦੇ ਸਨ, ਉੱਥੇ ਹੀ ਅੱਜ ਭਾਰਤ ’ਚ ਰਿਸ਼ਤਿਆਂ ਦੀ ਡੋਰ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ। ਬਾਪ ਬੇਟੇ ਦਾ, ਬੇਟਾ ਬਾਪ ਦਾ, ਪਤੀ ਆਪਣੀ ਪਤਨੀ ਦਾ, ਭਰਾ-ਭਰਾ ਦਾ ਅਤੇ ਮਾਂ-ਬੇਟੇ ਦੁਸ਼ਮਣ ਬਣ ਕੇ ਪ੍ਰਾਪਰਟੀ, ਨਾਜਾਇਜ਼ ਸੰਬੰਧਾਂ, ਨਸ਼ੇ ਦੀ ਲਤ ਅਤੇ ਹੋਰ ਕਾਰਨਾਂ ਕਰ ਕੇ ਇਕ-ਦੂਜੇ ਦੀ ਜਾਨ ਲੈ ਰਹੇ ਹਨ, ਜਿਸ ਦੀਆਂ ਸਿਰਫ 8 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 10 ਫਰਵਰੀ ਨੂੰ ‘ਚਰਖੀ ਦਾਦਰੀ’ (ਹਰਿਆਣਾ) ਦੇ ‘ਲੋਹਾਰਵਾੜਾ’ ਵਿਚ ਨਸ਼ੇ ਦੇ ਆਦੀ ‘ਸੁਨੀਲ ਕੁਮਾਰ’ ਨਾਂ ਦੇ ਇਕ ਰਿਟਾਇਰਡ ਫੌਜੀ ਨੇ ਆਪਣੀ 70 ਸਾਲਾ ਮਾਂ ‘ਚੰਦਰਾਦੇਵੀ’ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
* 11 ਫਰਵਰੀ ਨੂੰ ‘ਮਾਂਡਿਆ’ (ਕਰਨਾਟਕ) ਦੀ ‘ਮਾਡੁਰ’ ਤਹਿਸੀਲ ’ਚ ‘ਕ੍ਰਿਸ਼ਨ ਗੌੜਾ’ ਨਾਂ ਦੇ ਵਿਅਕਤੀ ਵੱਲੋਂ ਛੋਟੇ ਭਰਾ ‘ਸ਼ਿਵੇਨੰਜੇ ਗੌੜਾ’ ਤੋਂ ਲਿਆ ਕਰਜ਼ਾ ਵਾਪਸ ਕਰਨ ’ਚ ਟਾਲ-ਮਟੋਲ ਕਰਨ ’ਤੇ ‘ਸ਼ਿਵੇਨੰਜੇ ਗੌੜਾ’ ਨੇ ਭਾੜੇ ਦੇ ਹੱਤਿਆਰਿਆਂ ਨੂੰ ਸੁਪਾਰੀ ਦੇ ਕੇ ਉਸ ਦੀ ਹੱਤਿਆ ਕਰਵਾ ਦਿੱਤੀ ਅਤੇ ਖੁਦ ਸ਼ੱਕ ਦੇ ਘੇਰੇ ’ਚ ਆਉਣ ਤੋਂ ਬਚਣ ਲਈ ਪ੍ਰਯਾਗਰਾਜ ‘ਮਹਾਕੁੰਭ’ ਵਿਚ ਚਲਾ ਗਿਆ, ਜਿਸ ਨੂੰ ਉਥੋਂ ਪਰਤਣ ’ਤੇ ਪੁਲਸ ਨੇ 16 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ।
* 13 ਫਰਵਰੀ ਨੂੰ ‘ਪ੍ਰਕਾਸ਼ਮ’ (ਆਂਧਰਾ ਪ੍ਰਦੇਸ਼) ਜ਼ਿਲੇ ’ਚ ਲਕਸ਼ਮੀ ਦੇਵੀ ਨਾਂ ਦੀ ਇਕ ਔਰਤ ਨੇ ਆਪਣੇ ਬੇਟੇ ‘ਪ੍ਰਸਾਦ’ ਤੋਂ ਤੰਗ ਆ ਕੇ ਕੁਹਾੜੀ ਨਾਲ ਉਸ ਦੀ ਹੱਤਿਆ ਕਰ ਕੇ ਲਾਸ਼ ਦੇ 5 ਟੁੱਕੜੇ ਕਰ ਕੇ ਤਿੰਨ ਬੋਰੀਆਂ ’ਚ ਭਰ ਕੇ ਨਹਿਰ ’ਚ ਸੁੱਟ ਦਿੱਤੇ।
* 13 ਫਰਵਰੀ ਨੂੰ ਹੀ ‘ਸੀਤਾਪੁਰ’ (ਉੱਤਰ ਪ੍ਰਦੇਸ਼) ’ਚ ਸ਼ਰਾਬ ਖਾਤਿਰ ਪੈਸਿਆਂ ਲਈ ਹਰ ਵੇਲੇ ਆਪਣੀ ਮਾਂ ‘ਊਸ਼ਾ ਅਵਸਥੀ’ ਨਾਲ ਝਗੜਦੇ ਰਹਿਣ ਵਾਲੇ ‘ਕਪਿਲ ਅਵਸਥੀ’ ਨਾਂ ਦੇ ਨੌਜਵਾਨ ਨੇ ਫਹੁੜੇ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 14 ਫਰਵਰੀ ਨੂੰ ਵਿਆਹੁਤਾ ਵਿਵਾਦ ਕਾਰਨ ਗਾਜ਼ੀਆਬਾਦ ’ਚ ਆਪਣੇ ਪੇਕੇ ’ਚ ਰਹਿ ਰਹੀ ਨਾਰਾਜ਼ ਪਤਨੀ ਨੂੰ ਮਿਲਣ ਗਏ ‘ਦਾਨਿਸ਼’ ਨਾਂ ਦੇ ਵਿਅਕਤੀ ’ਤੇ ਉਸ ਦੇ ਸਹੁਰੇ ਵਾਲਿਆਂ ਨੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ।
* 15 ਫਰਵਰੀ ਨੂੰ ਦੇਰ ਰਾਤ ਜੀਂਦ (ਹਰਿਆਣਾ) ਸਥਿਤ ਦੁਰਗਾ ਕਾਲੋਨੀ ’ਚ ਸੂਰਾਂ ਦੇ ਵਪਾਰੀ ‘ਰਾਮਮੇਹਰ’ ਉਰਫ ‘ਰਾਮਾ’ ਦੀ ਉਸ ਦੇ ਛੋਟੇ ਭਰਾ ਸੋਨੂੰ ਨੇ ਆਪਣੇ ਬੇਟਿਆਂ ਅਤੇ ਭਾਣਜਿਆਂ ਨਾਲ ਮਿਲ ਕੇ ਹੱਤਿਆ ਕਰ ਦਿੱਤੀ। ਦੋਵਾਂ ਭਰਾਵਾਂ ’ਚ ਸੂਰਾਂ ਨੂੰ ਵੇਚਣ ਨੂੰ ਲੈ ਕੇ ਪੈਸਿਆਂ ਦੇ ਮਾਮਲੇ ’ਚ ਝਗੜਾ ਹੋਇਆ ਸੀ।
* 15 ਫਰਵਰੀ ਨੂੰ ਹੀ ਬਠਿੰਡਾ (ਪੰਜਾਬ) ਦੇ ਪਿੰਡ ‘ਚੱਕ ਰੁਲਦੂ ਸਿੰਘ ਵਾਲਾ’ ਵਿਚ ਸੁਖਵਿੰਦਰ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਘਰੇਲੂ ਵਿਵਾਦ ਕਾਰਨ ਆਪਣੇ ਇਕਲੌਤੇ ਬੇਟੇ ਅਰਸ਼ਪ੍ਰੀਤ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 16 ਫਰਵਰੀ ਨੂੰ ਲੁਧਿਆਣਾ (ਪੰਜਾਬ) ’ਚ ਪਰਮਜੀਤ ਸਿੰਘ ਨਾਂ ਦੇ ਵਿਅਕਤੀ ਵੱਲੋਂ ਆਪਣੇ ਵੱਡੇ ਭਰਾ ਗੁਰਦਿਆਲ ਸਿੰਘ ਨੂੰ ਸ਼ਰਾਬ ਪੀਣ ਤੋਂ ਰੋਕਣ ’ਤੇ ਗੁਰਦਿਆਲ ਸਿੰਘ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
* 17 ਫਰਵਰੀ ਨੂੰ ਮੈਸੂਰੂ (ਕਰਨਾਟਕ) ’ਚ ਇਕ ਕੰਸਲਟੈਂਸੀ ਫਰਮ ਚਲਾਉਣ ਵਾਲੇ ਜੀ. ਐੱਮ. ਚੇਤਨ ਨਾਂ ਦੇ ਮਕੈਨੀਕਲ ਇੰਜੀਨੀਅਰ ਨੇ ਭਾਰੀ ਕਰਜ਼ ਕਾਰਨ ਆਪਣੀ ਪਤਨੀ ਅਤੇ ਬੇਟੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।
* 17 ਫਰਵਰੀ ਨੂੰ ਹੀ ਲੁਧਿਆਣਾ ’ਚ ਇਕ ਵਪਾਰੀ ਦੇ ਨਾਜਾਇਜ਼ ਸੰਬੰਧਾਂ ਦਾ ਉਸ ਦੀ ਪਤਨੀ ਨੂੰ ਪਤਾ ਲੱਗ ਜਾਣ ਕਾਰਨ ਵਪਾਰੀ ਵੱਲੋਂ ਸੁਪਾਰੀ ਦੇ ਕੇ ਪਤਨੀ ਦੀ ਹੱਤਿਆ ਕਰਵਾਉਣ ਦੇ ਦੋਸ਼ ’ਚ ਵਪਾਰੀ ਸਮੇਤ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
* 18 ਫਰਵਰੀ ਨੂੰ ਕੁਸ਼ੀਨਗਰ (ਉੱਤਰ ਪ੍ਰਦੇਸ਼) ਦੇ ‘ਤਮਕੁਹੀਰਾਜ’ ਪਿੰਡ ’ਚ ‘ਅਨੀਸ’ ਨਾਂ ਦੇ ਵਿਅਕਤੀ ਵੱਲੋਂ ਜ਼ਮੀਨ ਵੇਚਣ ਤੋਂ ਨਾਰਾਜ਼ ਉਸ ਦੇ 3 ਬੇਟਿਆਂ ਨੇ ਕੁੱਟ-ਕੁੱਟ ਕੇ ਅਤੇ ਸਿਰ ’ਤੇ ਇੱਟ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 18 ਫਰਵਰੀ ਨੂੰ ਹੀ ਫਰੀਦਾਬਾਦ (ਹਰਿਆਣਾ) ’ਚ ‘ਅਲੀਮ’ ਨਾਂ ਦੇ ਵਿਅਕਤੀ ਵੱਲੋਂ ਆਪਣੇ ਬੇਟੇ ਨੂੰ ਡਾਂਟਣ ’ਤੇ ਉਸ ਦੇ ਬੇਟੇ ਨੇ ਉਸ ਸਮੇਂ ਆਪਣੇ ਪਿਤਾ ’ਤੇ ਮਿੱਟੀ ਦਾ ਤੇਲ ਛਿੜਕ ਕੇ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਦੋਂ ਉਹ ਸੌਂ ਰਿਹਾ ਸੀ।
* 18 ਫਰਵਰੀ ਨੂੰ ਹੀ ਜਲੰਧਰ (ਪੰਜਾਬ) ’ਚ ਸਹੁਰਿਆਂ ਵੱਲੋਂ ਘੱਟ ਦਾਜ ਲਿਆਉਣ ਤੋਂ ਪ੍ਰੇਸ਼ਾਨ ਕੀਤੀ ਜਾ ਰਹੀ ਇਕ ਨਵ-ਵਿਆਹੁਤਾ ਨੇ ਖੁਦਕੁਸ਼ੀ ਕਰ ਲਈ।
* 18 ਫਰਵਰੀ ਨੂੰ ਹੀ ਸ਼ਾਹਕੋਟ (ਪੰਜਾਬ) ਦੇ ਪਿੰਡ ‘ਸ਼ੇਖੇਵਾਲ’ ਵਿਚ ਘਰੇਲੂ ਵਿਵਾਦ ਕਾਰਨ ਹੋਏ ਝਗੜੇ ’ਚ ਇਕ ਨੌਜਵਾਨ ਨੇ ਆਪਣੇ ਚਾਚੇ ਇੰਦਰਜੀਤ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਉਕਤ ਵਿਵਾਦ ਅਤੇ ਹੱਤਿਆਵਾਂ ਯਕੀਨਨ ਹੀ ਇਸ ਤੱਥ ਦਾ ਮੂੰਹ-ਬੋਲਦਾ ਸਬੂਤ ਹਨ ਕਿ ਅੱਜ ਰਿਸ਼ਤੇ ਇਸ ਕਦਰ ਸਵਾਰਥੀ ਅਤੇ ਪਲ ਭਰ ਦੇ ਹੋ ਗਏ ਹਨ ਕਿ ਲੋਕਾਂ ਨੂੰ ਆਪਣੇ ਹਿੱਤ ਤੋਂ ਅੱਗੇ ਕੁਝ ਦਿਖਾਈ ਹੀ ਨਹੀਂ ਦਿੰਦਾ। ਇਸ ਲਈ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਸਮਾਜ ’ਚ ਸਖਤ ਸੰਦੇਸ਼ ਜਾਵੇ ਅਤੇ ਇਨ੍ਹਾਂ ਦੇ ਅੰਜਾਮ ਤੋਂ ਦੂਜਿਆਂ ਨੂੰ ਨਸੀਹਤ ਮਿਲੇ।
–ਵਿਜੇ ਕੁਮਾਰ
ਤਿੰਨੋਂ ਗਾਂਧੀ ਸਿਆਸਤ ’ਚ ਫੇਲ ; ਤਿੰਨੋਂ ਮਿਲ ਕੇ ਵੀ ਇਕ ਇੰਦਰਾ ਗਾਂਧੀ ਨਹੀਂ
NEXT STORY