ਜੀ ਹਾਂ, 5 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਐਲਾਨ ਹੋਣ ਵਿਚ ਦੇਰੀ ਹੈ ਪਰ ਚੋਣ ਅਖਾੜੇ ਦੇ ਪਹਿਲਵਾਨ ਪਹਿਲਾਂ ਹੀ ਗੁੱਥਮਗੁੱਥਾ ਹੋਣ ਲੱਗੇ ਹਨ। ਅਜਿਹਾ ਹੋ ਤਾਂ ਰਿਹਾ ਹੈ ਸਾਰੀਆਂ ਥਾਵਾਂ ’ਤੇ, ਪਰ ਬੰਗਾਲ ਦੀ ਲੜਾਈ ਤਾਂ ਸੜਕ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਗਈ ਹੈ। ਸ਼ੁਰੂਆਤ ਵਿਚ ਇਹ ਹਾਲ ਹੈ ਤਾਂ ਅੱਗੇ ਚੋਣਾਂ ਪੂਰੀਆਂ ਹੋਣ ਤੱਕ ਮਾਮਲਾ ਕਿੱਥੇ ਪਹੁੰਚੇਗਾ, ਕਹਿਣਾ ਮੁਸ਼ਕਲ ਹੈ। ਚੋਣਾਂ ਮਈ ਤੋਂ ਪਹਿਲਾਂ ਹੋ ਜਾਣਗੀਆਂ। ਅਸਾਮ, ਪੱਛਮੀ ਬੰਗਾਲ ਅਤੇ ਪੁੱਡੂਚੇਰੀ ਲਈ ਚੋਣਾਂ ਮਾਰਚ/ਅਪ੍ਰੈਲ ਵਿਚ ਹੋਣਗੀਆਂ, ਜਦਕਿ ਤਾਮਿਲਨਾਡੂ ਅਤੇ ਕੇਰਲ ਵਿਧਾਨ ਸਭਾਵਾਂ ਲਈ ਅਪ੍ਰੈਲ/ਮਈ ਵਿਚ।
ਨਿਸ਼ਚਿਤ ਰੂਪ ਵਿਚ ਚੋਣਾਂ ਦਾ ਜ਼ਿਆਦਾ ਰੌਲਾ ਪੈਣ ਦੀ ਵਜ੍ਹਾ ਖਾਸ ਸ਼ੈਲੀ ਨਾਲ ਚੋਣ ਲੜਨ ਵਾਲੀ ਭਾਜਪਾ ਦਾ ਮੈਦਾਨ ਵਿਚ ਹੋਣਾ ਅਤੇ ਮੁੱਖ ਖਿਡਾਰੀ ਰਹਿਣਾ ਹੈ ਅਤੇ ਬੰਗਾਲ ਵਿਚ ਵੀ ਜਦੋਂ ਈ. ਡੀ. ਕੋਲਾ ਘਪਲੇ ਦੀ ਜਾਂਚ ਦਾ ਨਾਂ ਲੈ ਕੇ ਸਿੱਧੇ ਤ੍ਰਿਣਮੂਲ ਦੀ ਸਲਾਹਕਾਰ ਕੰਪਨੀ ਦੇ ਦਫ਼ਤਰ ਤੋਂ ਫਾਈਲਾਂ ਚੁੱਕਣ ਲੱਗੀ, ਤਾਂ ਪੁਲਸ ਬਲ ਸਮੇਤ ਆ ਕੇ ਖੁਦ ਮਮਤਾ ਬੈਨਰਜੀ ਨੇ ਉਹ ਫਾਈਲਾਂ ਖੋਹ ਲਈਆਂ। ਹੁਣ ਕੌਣ ਗਲਤ, ਕੌਣ ਸਹੀ ਦੀ ਲੜਾਈ ਸੜਕ ’ਤੇ ਅਤੇ ਸੁਪਰੀਮ ਕੋਰਟ ਵਿਚ ਚੱਲਣ ਲੱਗੀ ਹੈ। ਚੋਣਾਂ ਤੋਂ ਪਹਿਲਾਂ ਇਸ ਦਾ ਨਿਪਟਾਰਾ ਵੀ ਸੰਭਵ ਨਹੀਂ ਲੱਗਦਾ।
ਹਾਲੇ ਦੀ ਸਥਿਤੀ ਵਿਚ ਭਾਜਪਾ ਇਕ ਰਾਜ ਵਿਚ ਸ਼ਾਸਨ ਵਿਚ ਹੈ ਅਤੇ ਦੂਜੇ ਵਿਚ ਕਾਫ਼ੀ ਪੱਛੜ ਕੇ ਮੁੱਖ ਵਿਰੋਧੀ ਧਿਰ ਹੈ ਪਰ ਇਕ ਰਾਜ, ਪੁੱਡੂਚੇਰੀ ਵਿਚ ਉਸ ਨੇ ਜਿਸ ਤਰ੍ਹਾਂ ਸਰਕਾਰ ਬਣਾ ਲਈ, ਉਹ ਉਸਦੇ ਰਾਜਨੀਤਿਕ ਲੜਾਈ ਲੜਨ ਦਾ ਤਰੀਕਾ ਹੈ ਅਤੇ ਜੇਕਰ ਚੋਣਾਂ ਨੂੰ ਲੈ ਕੇ ਅਜੇ ਤੋਂ ਗਰਮਾਹਟ ਆ ਗਈ ਹੈ, ਤਾਂ ਇਹ ਭਾਜਪਾ ਦੇ ਚੋਣ ਲੜਨ ਦਾ ਤਰੀਕਾ ਹੈ ਜੋ ਨਗਰਪਾਲਿਕਾ ਚੋਣਾਂ ਤੱਕ ਨੂੰ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਸਾਖ ਨਾਲ ਜੋੜ ਦਿੰਦਾ ਹੈ। ਮੁਸ਼ਕਲ ਇਹ ਹੈ ਕਿ 3 ਹੋਰ ਰਾਜਾਂ ਵਿਚ ਉਹ ਕਮਜ਼ੋਰ ਹੈ ਤਾਂ ਬੰਗਾਲ ਵਿਚ ਮਮਤਾ ਬੈਨਰਜੀ ਵੀ ਲੜਾਈ ਨੂੰ ਜੁਝਾਰੂ ਤਰੀਕੇ ਨਾਲ ਹੀ ਲੜਨ ਲਈ ਤਿਆਰ ਹਨ।
ਹੋਰ ਰਾਜਾਂ ਦੇ ਮੁਕਾਬਲੇ ਪੱਛਮੀ ਬੰਗਾਲ ਵਿਚ ਇਹ ਸਭ ਤੋਂ ਜ਼ਿਆਦਾ ਦਿਖਾਈ ਦੇ ਰਹੀ ਹੈ ਕਿਉਂਕਿ ਭਾਜਪਾ ਇਸ ਨੂੰ ਜਿੱਤਣ ਲਈ ਕਾਫ਼ੀ ਬੇਚੈਨ ਹੈ। 2 ਲੋਕ ਸਭਾ ਅਤੇ 2 ਵਿਧਾਨ ਸਭਾ ਚੋਣਾਂ ਵਿਚ ਤ੍ਰਿਣਮੂਲ ਕਾਂਗਰਸ ਨੂੰ ਮੁੱਖ ਟੱਕਰ ਦੇਣ ਤੋਂ ਬਾਅਦ ਉਸ ਨੂੰ ਲੱਗ ਰਿਹਾ ਹੈ ਕਿ 15 ਸਾਲ ਦੇ ਮਮਤਾ ਰਾਜ ਤੋਂ ਲੋਕਾਂ ਦੀ ਜੋ ਨਾਰਾਜ਼ਗੀ ਵਧੀ ਹੈ, ਉਸਦਾ ਲਾਭ ਲੈ ਕੇ ਉਹ ਇਸ ਵਾਰ ਬੰਗਾਲ ਦਾ ਕਿਲ੍ਹਾ ਫਤਹਿ ਕਰ ਸਕਦੀ ਹੈ ਪਰ ਉਸਦੀ ਮੁਸ਼ਕਲ ਇਹ ਹੈ ਕਿ ਉਸਦੇ ਪੱਖ ਵਿਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਜੋ ਉਭਾਰ ਆਉਣ ਲੱਗਾ ਸੀ, ਉਹ ਉਤਾਰ ’ਤੇ ਆਉਂਦਾ ਦਿਖਾਈ ਦੇਣ ਲੱਗਾ ਹੈ। ਉਸਦਾ ਵੋਟ ਪ੍ਰਤੀਸ਼ਤ ਡਿੱਗਿਆ ਹੈ ਅਤੇ ਤ੍ਰਿਣਮੂਲ ਦਾ ਵਧਿਆ ਹੈ। ਨਾਲ ਹੀ ਉਸਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਘੱਟ ਚੁਣੇ ਗਏ ਹਨ।
ਦਲ-ਬਦਲ ਵਿਚ ਵੀ ਹੁਣ ਮੌਕਾਪ੍ਰਸਤ ਜਾਂ ਕਿਸੇ ਦਬਾਅ ਵਿਚ ਉਸ ਵੱਲ ਆਉਣ ਵਾਲਿਆਂ ਦੀ ਰਫ਼ਤਾਰ ਘਟੀ ਹੈ। ਇਸਦੇ ਨਾਲ ਹੀ ਉੱਥੋਂ ਦੇ ਲਗਭਗ ਇਕ-ਚੌਥਾਈ ਮੁਸਲਮਾਨ ਵੋਟਰ ਵੀ ਹੁਣ ਪੂਰੀ ਤਰ੍ਹਾਂ ਤ੍ਰਿਣਮੂਲ ਦੇ ਨਾਲ ਆ ਗਏ ਹਨ। ਪਹਿਲਾਂ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੂੰ ਵੀ ਇਹ ਵੋਟਾਂ ਮਿਲਦੀਆਂ ਸਨ। ਭਾਜਪਾ ਨੇ ਇਕ ਵਾਰ ਹਿੰਦੂ-ਮੁਸਲਮਾਨ ਧਰੁਵੀਕਰਨ ਤਾਂ ਦੂਜੀ ਵਾਰ ਨਾਮਸ਼ੂਦਰਾਂ ਦੀ ਗੋਲਬੰਦੀ ਕਰਕੇ ਸਫਲਤਾ ਪਾਉਣੀ ਚਾਹੀ, ਜੋ ਅੰਸ਼ਿਕ ਰੂਪ ਵਿਚ ਹੀ ਸਫਲ ਹੋਈ। ਬੰਗਾਲ ਵਿਚ ਸਮਾਜ ਸੁਧਾਰ ਅੰਦੋਲਨਾਂ ਕਾਰਨ ਜਾਤੀ ਦੀ ਗੋਲਬੰਦੀ ਘੱਟ ਹੈ ਅਤੇ ਸਮਾਜ ’ਤੇ ਪ੍ਰਭਾਵੀ ਭੱਦਰਲੋਕ ਵਿਚ ਭਾਜਪਾ ਦੀ ਘੁਸਪੈਠ ਨਹੀਂ ਹੈ। ਭਾਜਪਾ ਦੀ ਮੁਸ਼ਕਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦੇ ਬਿਲਕੁਲ ਪਸਤ ਹੋਣ ਨਾਲੋਂ ਵੀ ਵੱਡੀ ਹੈ, ਜਿਨ੍ਹਾਂ ਦੀ ਵੋਟ ਉਸ ਵੱਲ ਆਉਣ ਤੋਂ ਜ਼ਿਆਦਾ ਤ੍ਰਿਣਮੂਲ ਵੱਲ ਗਈ ਹੈ।
ਅਸਾਮ ਵਿਚ ਵੀ ਭਾਜਪਾ ਦੀ ਪ੍ਰੇਸ਼ਾਨੀ 10 ਸਾਲ ਸ਼ਾਸਨ ਕਰਨ ਅਤੇ ਨਾਗਰਿਕਤਾ ਜਾਂ ਘੁਸਪੈਠ ਵਰਗੇ ਕਿਸੇ ਮੁੱਦੇ ’ਤੇ ਜ਼ਿਆਦਾ ਕੁਝ ਨਾ ਕਰ ਸਕਣ ਨਾਲ ਜੁੜੀ ਹੈ। ਕਾਂਗਰਸ ਨੇ ਪ੍ਰਿਅੰਕਾ ਗਾਂਧੀ ਨੂੰ ਅਸਾਮ ਦਾ ਚਾਰਜ ਦੇ ਕੇ ਲੜਾਈ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਕਾਂਗਰਸ ਨੇ ਜਦੋਂ ਤੋਂ ਮੌਲਾਨਾ ਬਦਰੂਦੀਨ ਵਾਲੀ ਮੁਸਲਮਾਨਾਂ ਦੀ ਪਾਰਟੀ ਨਾਲੋਂ ਰਿਸ਼ਤਾ ਤੋੜਿਆ ਹੈ, ਉਸ ਨੂੰ ਮੁਸਲਮਾਨਾਂ ਦੀਆਂ ਭਰਪੂਰ ਵੋਟਾਂ ਤਾਂ ਮਿਲੀਆਂ ਹੀ ਹਨ, ਭਾਜਪਾ ਲਈ ਉਸ ’ਤੇ ਹਮਲਾ ਕਰਨਾ ਅਤੇ ਚੋਣਾਂ ਨੂੰ ਹਿੰਦੂ-ਮੁਸਲਮਾਨ ਬਣਾਉਣਾ ਮੁਸ਼ਕਲ ਹੋਇਆ ਹੈ।
ਇਸ ਵਾਰ ਭਾਜਪਾ ਲਈ ਜ਼ਿਆਦਾ ਪ੍ਰੇਸ਼ਾਨੀ ਅਹੋਮ ਸਰਵਾਨੰਦ ਸੋਨੋਵਾਲ ਨੂੰ ਹਟਾ ਕੇ ਹੇਮੰਤ ਬਿਸਵਾ ਸਰਮਾ ਨੂੰ ਮੁੱਖ ਮੰਤਰੀ ਬਣਾਉਣ ਨਾਲ ਵੀ ਜੁੜੀ ਹੈ। ਸਰਮਾ ਪ੍ਰਸ਼ਾਸਨਿਕ ਤੌਰ ’ਤੇ ਕੁਸ਼ਲ ਹਨ ਪਰ ਅਸਾਮੀ ਸਮਾਜ ਵਿਚ ਸ਼ਾਸਕ ਰਹੇ ਅਹੋਮ ਸਮਾਜ ਨੂੰ ਸੱਤਾ ਜਾਣ ਦਾ ਦੁੱਖ ਹੈ। ਅਸਾਮ ਵਿਚ ਬਹੁਤ ਕਿਸਮ ਦੀਆਂ ਪਛਾਣਾਂ ਕੰਮ ਕਰਦੀਆਂ ਹਨ ਪਰ ਨਾਗਰਿਕਤਾ, ਸੀ. ਏ. ਏ., ਪਾਪੂਲੇਸ਼ਨ ਰਜਿਸਟਰ, ਜਨਗਣਨਾ ਅਤੇ ਡੂੰਘੇ ਵੋਟਰ ਸਰਵੇਖਣ ਵਰਗੇ ਕਿਸੇ ਵੀ ਸਵਾਲ ’ਤੇ ਸਪੱਸ਼ਟ ਫੈਸਲਾ ਨਾ ਲੈਣਾ ਅਤੇ ਕੋਈ ਨਤੀਜਾ ਨਾ ਦੇਣਾ ਭਾਜਪਾ ਨੂੰ ਪ੍ਰੇਸ਼ਾਨ ਕਰੇਗਾ ਪਰ ਜਿਸ ਤਰ੍ਹਾਂ ਭਾਜਪਾ ਚੋਣ ਲੜਦੀ ਹੈ, ਉਸ ਤਰ੍ਹਾਂ ਹੋਰ ਕੋਈ ਨਹੀਂ ਲੜਦਾ, ਇਹ ਸੱਚਾਈ ਵੀ ਯਾਦ ਰੱਖਣੀ ਹੋਵੇਗੀ।
ਤਾਮਿਲਨਾਡੂ ਦੀਆਂ ਚੋਣਾਂ ਵਿਚ ਭਾਜਪਾ ਹੀ ਨਹੀਂ, ਪੂਰੀ ਵਿਰੋਧੀ ਧਿਰ ਅਜੇ ਪਹਿਲਾਂ ਨਾਲੋਂ ਕਮਜ਼ੋਰ ਲੱਗ ਰਹੀ ਹੈ। ਅੰਨਾਦ੍ਰਮੁਕ ਵਿਚ ਟੁੱਟ ਅਤੇ ਭਾਜਪਾ ਦਾ ਉਸ ਤੋਂ ਵੱਖ ਹੋਣਾ ਹੀ ਨਹੀਂ ਹੋਇਆ ਹੈ, ਭਾਜਪਾ ਵਨੀਆਰਿਆਂ ਵਾਲੀ ਪਾਰਟੀ ਪੀ. ਐੱਮ. ਕੇ. ਦੇ ਦੋ-ਫਾੜ ਹੋਣ ਤੋਂ ਬਾਅਦ ਅੰਬੂਮਣੀ ਧੜੇ ਨਾਲ ਹੱਥ ਮਿਲਾਉਣ ਅਤੇ ਅਦਾਕਾਰ ਵਿਜੇਕਾਂਤ ਦੀ ਗਵਾਂਡੀਅਰਾਂ ਵਾਲੀ ਪਾਰਟੀ ਨੂੰ ਨਾਲ ਲੈਣ ਲਈ ਯਤਨ ਕਰ ਰਹੀ ਹੈ। ਅੰਨਾਦ੍ਰਮੁਕ ਤੋਂ ਨਿਕਲੇ ਥੇਵਰ ਨੇਤਾ ਪਨੀਰਸੇਲਵਮ ਅਤੇ ਦਿਨਾਕਰਨ ਵੀ ਅਜੇ ਟਿਕਾਣਾ ਨਹੀਂ ਪਾ ਸਕੇ ਹਨ। ਕਦੇ ਵਿਜੇਕਾਂਤ ਨੂੰ ਨਾਲ ਲੈ ਕੇ ਕਾਂਗਰਸ ਤੀਜਾ ਮੋਰਚਾ ਬਣਾਉਣਾ ਚਾਹੁੰਦੀ ਹੈ, ਕਦੇ ਦ੍ਰਮੁਕ ਸਰਕਾਰ ਵਿਚ ਮੰਤਰੀ ਅਹੁਦਾ। ਦੂਜੇ ਪਾਸੇ ਦ੍ਰਮੁਕ, ਕਾਂਗਰਸ ਅਤੇ ਖੱਬੀਆਂ ਪਾਰਟੀਆਂ ਦਾ ਗੱਠਜੋੜ ਹਰ ਤਰ੍ਹਾਂ ਨਾਲ ਮਜ਼ਬੂਤ ਅਤੇ ਇਕਜੁੱਟ ਦਿਖਾਈ ਦੇ ਰਿਹਾ ਹੈ। ਲੋਕ ਸਭਾ ਚੋਣਾਂ ਦੇ ਨਤੀਜੇ ਦੱਸ ਰਹੇ ਹਨ ਕਿ ਵਿਰੋਧੀ ਗੱਠਜੋੜ ਬਣ ਵੀ ਜਾਵੇ ਤਾਂ ਐੱਮ. ਕੇ. ਸਟਾਲਿਨ ਨੂੰ ਹਰਾਉਣ ਲਾਇਕ ਦਮ ਜੁਟਾਉਣਾ ਮੁਮਕਿਨ ਨਹੀਂ।
ਕੇਰਲ ਨੂੰ ਲੈ ਕੇ ਭਾਜਪਾ ਜ਼ਰੂਰ ਇਸ ਵਾਰ ਉਤਸ਼ਾਹਿਤ ਹੈ, ਹਾਲਾਂਕਿ ਉੱਥੇ ਵੀ ਲੋਕ ਸਭਾ ਚੋਣਾਂ ਵਿਚ ਉਹ ਸਿਫਰ ’ਤੇ ਹੀ ਆ ਗਈ ਸੀ ਪਰ ਉਸ ਨੂੰ ਠੀਕ-ਠਾਕ ਵੋਟਾਂ ਮਿਲੀਆਂ ਹਨ ਅਤੇ ਅਜੇ ਤ੍ਰਿਵੇਂਦਰਮ ਦੀ ਸਥਾਨਕ ਸਰਕਾਰ ’ਤੇ ਉਸਦੇ ਕਬਜ਼ੇ ਨਾਲ ਉਸਦਾ ਉਤਸ਼ਾਹ ਵਧਿਆ ਹੈ ਪਰ ਬਹੁਤ ਸਾਫ਼ ਜਾਤੀਗਤ ਅਤੇ ਫਿਰਕੂ ਗੋਲਬੰਦੀ ਵਾਲੇ ਕੇਰਲ ਸਮਾਜ ਵਿਚ ਭਾਜਪਾ ਕੁੱਲ ਮਿਲਾ ਕੇ ਹਿੰਦੂ ਨਾਇਰਾਂ ਅਤੇ ਕੁਝ ਅਸੰਬਧ ਨੌਜਵਾਨਾਂ ਨੂੰ ਹੀ ਆਕਰਸ਼ਿਤ ਕਰ ਸਕੀ ਹੈ ਅਤੇ ਇਹ ਵੋਟਾਂ ਜਿੰਨੀਆਂ ਵਧਣਗੀਆਂ, 10 ਸਾਲਾਂ ਤੋਂ ਸ਼ਾਸਨ ਕਰ ਰਹੀ ਖੱਬੇਪੱਖੀ ਮੋਰਚੇ ਦੀ ਸਰਕਾਰ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਭਾਜਪਾ ਲਈ ਈਸਾਈ ਅਤੇ ਮੁਸਲਮਾਨ ਵੋਟ ਪਾਉਣੀ ਸੰਭਵ ਨਹੀਂ ਹੈ। ਇਹ ਸਥਿਤੀ ਕਾਂਗਰਸ ਲਈ ਚੰਗੀ ਬਣ ਜਾਂਦੀ ਹੈ, ਜਿਸ ਕੋਲ ਜ਼ਿਆਦਾ ਕੁਝ ਨਹੀਂ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਇੱਥੋਂ ਚੋਣ ਲੜਨ ਕਾਰਨ ਆਇਆ ਉਤਸ਼ਾਹ ਹੀ ਹੈ।
20 ਲੱਖ ਤੋਂ ਘੱਟ ਆਬਾਦੀ ਵਾਲੇ ਪੁੱਡੂਚੇਰੀ ਦੀ ਆਬਾਦੀ ਦਾ ਸੰਤੁਲਨ ਬਹੁਤ ਨਾਜ਼ੁਕ ਹੈ ਅਤੇ ਜਿਸ ਤਰ੍ਹਾਂ ਪਿਛਲੀ ਵਾਰ ਭਾਜਪਾ ਨੇ ਉੱਥੇ ਨਾਮਜ਼ਦਗੀ ਵਾਲੇ 3 ਵਿਧਾਇਕਾਂ ਅਤੇ ਰਾਜਪਾਲ ਦੇ ਸਹਾਰੇ ਸਰਕਾਰ ਬਣਾ ਲਈ, ਉਸ ਨਾਲ ਨਾਰਾਜ਼ਗੀ ਹੈ। ਇਸ ਲਈ ਸਾਰੇ 5 ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਵਿਚ ਭਾਜਪਾ ਆਪਣੇ ਲਈ ਜਸ਼ਨ ਮਨਾਉਣ ਦੀ ਸਥਿਤੀ ਕਿਵੇਂ ਬਣਾ ਪਾਉਂਦੀ ਹੈ, ਇਹ ਦੇਖਣਾ ਹੋਵੇਗਾ।
ਅਰਵਿੰਦ ਮੋਹਨ
ਨਵੀਨਤਾ, ਸਮਾਵੇਸ਼ ਅਤੇ ਭਾਰਤ ਦੀ ਤਰੱਕੀ ਨੂੰ ਰਫਤਾਰ ਦਿੰਦੇ ਹਨ ‘ਸਟਾਰਟਅਪ’
NEXT STORY