ਵੀਰਵਾਰ ਨੂੰ ਤਾਮਿਲਨਾਡੂ ਨੇ ਆਪਣੇ ਬਜਟ ਦਸਤਾਵੇਜ਼ ’ਚ ਅਧਿਕਾਰਤ ਰੁਪਏ ਦੇ ਪ੍ਰਤੀਕ ਨੂੰ ਤਾਮਿਲ ਅੱਖਰ ਨਾਲ ਬਦਲ ਕੇ ਇਕ ਮਹੱਤਵਪੂਰਨ ਸੱਭਿਆਚਾਰਕ ਤਬਦੀਲੀ ਕੀਤੀ ਹੈ। ‘ਰੁ’ ਉਚਾਰਿਤ ਇਹ ਅੱਖਰ ਤਾਮਿਲ ਭਾਸ਼ਾ ’ਚ ਭਾਰਤੀ ਮੁਦਰਾ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਇਸ ਖੇਤਰ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦਾ ਵੀ ਪ੍ਰਤੀਕ ਹੈ। ਪ੍ਰਤੀਕ ਨੂੰ ਬਦਲਣ ਦੇ ਮੁੱਖ ਮੰਤਰੀ ਸਟਾਲਿਨ ਦੇ ਫੈਸਲੇ ਦਾ ਵਿਸ਼ਵ ਪੱਧਰੀ ਪ੍ਰਭਾਵ ’ਤੇ ਵਿਆਪਕ ਅਸਰ ਹੋ ਸਕਦਾ ਹੈ। ਰੁਪਿਆ ਭਾਰਤ ਦੀ ਪ੍ਰਭੂਸੱਤਾ ਦੇ ਸਭ ਤੋਂ ਮਹੱਤਵਪੂਰਨ ਪ੍ਰਤੀਕਾਂ ’ਚੋਂ ਇਕ ਹੈ।
ਤਾਮਿਲਨਾਡੂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਡੀ. ਐੱਮ .ਕੇ. ਇਸੇ ਨੂੰ ਚੋਣਾਂ ਦਾ ਮੁੱਦਾ ਬਣਾਉਣਾ ਚਾਹੁੰਦੀ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਦੇ ਵਿਰੁੱਧ ਇਕ ਦਲੇਰੀ ਭਰਿਆ ਅਤੇ ਫੈਸਲਾਕੁੰਨ ਕਦਮ ਚੁੱਕਦੇ ਹੋਏ ਤਾਮਿਲਨਾਡੂ ਸਰਕਾਰ ਨੇ ਸੂਬੇ ਦੇ 2025 ਦੇ ਬਜਟ ’ਚ ਅਧਿਕਾਰਤ ਰੁਪਏ ਦੇ ਪ੍ਰਤੀਕ ਨੂੰ ਤਾਮਿਲ ਅੱਖਰ ਨਾਲ ਬਦਲ ਦਿੱਤਾ।
ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਐਲਾਨ ਕਿ 2025-26 ਲਈ ਸੂਬੇ ਦੇ ਬਜਟ ਲੋਗੋ ’ਚ ਰੁਪਏ ਦੇ ਪ੍ਰਤੀਕ ਦੀ ਵਰਤੋਂ ਕੀਤੀ ਜਾਵੇਗੀ, ਇਸ ਫੈਸਲੇ ਦੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦਾ ਹੈ। ਸੱਤਾਧਾਰੀ ਭਾਸ਼ਾ ਦੇ ਮੁੱਦੇ ਸਮੇਤ ਕਈ ਮੁੱਦਿਆਂ ’ਤੇ ਟਕਰਾਅ ਦੀ ਸਥਿਤੀ ’ਚ ਹੈ।
‘ਐਕਸ’ ’ਤੇ ਹਾਲ ਹੀ ’ਚ ਪੋਸਟ ’ਚ ਸਟਾਲਿਨ ਨੇ ਨਵੇਂ ਲੋਗੋ ਦਾ ਇਕ ਟੀਜ਼ਰ ਵੀਡੀਓ ਸ਼ੇਅਰ ਕੀਤਾ। ਇਸ ’ਚ ਲਿਖਿਆ ਸੀ, ‘ਤਾਮਿਲਨਾਡੂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਲਾਭ ਪਹੁੰਚਾਉਣਾ’, ਨਾਲ ਹੀ ਹੈਸ਼ਟੈਗ ਦ੍ਰਵਿੜ ਮਾਡਲ ਅਤੇ ਟੀ. ਐੱਨ. ਬਜਟ 2025 ਵੀ ਸੀ। ਲੋਕਾਂ ’ਚ ‘ਸਭ ਕੁਝ ਸਭ ਦੇ ਲਈ’ ਵੀ ਲਿਖਿਆ ਗਿਆ ਸੀ, ਜੋ ਸਪੱਸ਼ਟ ਤੌਰ ’ਤੇ ਸਮਾਵੇਸ਼ੀ ਸ਼ਾਸਨ ਪ੍ਰਤੀ ਡੀ. ਐੱਮ. ਕੇ. ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਸਰਕਾਰ ਨੇ ਤਾਮਿਲ ਸ਼ਬਦ ‘ਰੁਬਾਈ’ ਦੇ ਪਹਿਲੇ ਅੱਖਰ ‘ਰੁ’ ਦੇ ਨਾਲ ਇਕ ਲੋਗੋ ਜਾਰੀ ਕੀਤਾ, ਜਿਸ ਦਾ ਭਾਵ ਹੈ ਮੁਦਰਾ। ਲੋਗੋ ’ਚ ਕੈਪਸ਼ਨ ਹੈ ‘ਸਭ ਕੁਝ ਸਭ ਦੇ ਲਈ।’ ਇਸ ਦਾ ਮਕਸਦ ਸਮਾਵੇਸ਼ਿਤਾ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਿਖਾਉਣਾ ਹੈ ਅਤੇ ਇਸਦਾ ਮਕਸਦ ਆਪਣੀ ਵੰਨ-ਸੁਵੰਨੀ ਅਾਬਾਦੀ ਦੇ ਦਰਮਿਆਨ ਏਕਤਾ ਅਤੇ ਜੁੜਾਅ ਪੈਦਾ ਕਰਨਾ ਹੈ।
ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਤਹਿਤ ਤਿੰਨ-ਭਾਸ਼ਾ ਫਾਰਮੂਲੇ ਨੂੰ ਲੈ ਕੇ ਅਸਹਿਮਤੀ ਹੋਰ ਵਧ ਗਈ ਹੈ। ਨਵਾਂ ਵਿਵਾਦ ਤਾਮਿਲਨਾਡੂ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਚੱਲ ਰਹੇ ਸਿਆਸੀ ਤਣਾਅ ਨੂੰ ਹੋਰ ਵਧਾਉਂਦਾ ਹੈ ਖਾਸ ਕਰ ਕੇ ਭਾਸ਼ਾ ਨੂੰ ਲੈ ਕੇ। ਤਾਮਿਲਨਾਡੂ ਨੇ ਕੇਂਦਰ ਸਰਕਾਰ ਦੇ ਤਿੰਨ-ਭਾਸ਼ਾ ਫਾਰਮੂਲੇ ਦਾ ਵਿਰੋਧ ਕੀਤਾ ਹੈ।
ਸੂਬਾ ਇਹ ਜ਼ੋਰ ਦੇ ਕੇ ਕਹਿੰਦਾ ਹੈ ਕਿ ਤਾਮਿਲਨਾਡੂ ਆਪਣਾ ਦੋ-ਭਾਸ਼ਾ ਫਾਰਮੂਲਾ ਜਾਰੀ ਰੱਖੇਗਾ। ਡੀ. ਐੱਮ. ਕੇ. ਦਾ ਕਹਿਣਾ ਹੈ ਕਿ ਤਾਮਿਲਨਾਡੂ ਬ੍ਰਿਟਿਸ਼ ਬਸਤੀਵਾਦ ਦੀ ਥਾਂ ’ਤੇ ‘ਹਿੰਦੀ ਬਸਤੀਵਾਦ’ ਨੂੰ ਪ੍ਰਵਾਨ ਨਹੀਂ ਕਰੇਗਾ। ਕੇਂਦਰ ਸਰਕਾਰ ਨੇ ਸੂਬਾ ਸਰਕਾਰ ’ਤੇ ਬੇਈਮਾਨ ਹੋਣ ਅਤੇ ਸਿਆਸੀ ਕਾਰਨਾਂ ਕਰ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ।
ਆਪਣੇ ਬਜਟ ਦਸਤਾਵੇਜ਼ ’ਚ, ਤਾਮਿਲਨਾਡੂ ਨੇ ਰੁਪਏ ਦੇ ਪ੍ਰਤੀਕ ਨੂੰ ਤਾਮਿਲ ਅੱਖਰ ਨਾਲ ਬਦਲ ਦਿੱਤਾ।
ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਤਾਮਿਲ ਸੱਭਿਆਚਾਰ ਦੀ ਰੱਖਿਆ ਲਈ ਪ੍ਰਤੀਬੱਧ ਹੈ। ਇਸ ਦੇ ਉਲਟ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੂਰੇ ਭਾਰਤ ’ਚ ਤੀਜੀ ਭਾਸ਼ਾ ਵਜੋਂ ਹਿੰਦੀ ਦੀ ਵਰਤੋਂ ਦਾ ਸਮਰਥਨ ਕਰਦੀ ਹੈ। ਤਾਮਿਲਨਾਡੂ ਭਾਸ਼ਾਈ ਵੰਨ-ਸੁਵੰਨਤਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਆਪਣੀ ਸੱਭਿਆਚਾਰ ਅਤੇ ਪਛਾਣ ’ਤੇ ਮਾਣ ਨੂੰ ਉਤਸ਼ਾਹਿਤ ਕਰਦਾ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਡੀ. ਐੱਮ. ਕੇ. ’ਤੇ ਤਿੱਖਾ ਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ 2010 ’ਚ ਯੂ. ਪੀ. ਏ. ਵਲੋਂ ਰੁਪਏ ਦੇ ਪ੍ਰਤੀਕ ਨੂੰ ਅਪਣਾਉਣ ’ਤੇ ਵਿਰੋਧ ਕਰਨਾ ਚਾਹੀਦਾ ਸੀ। ਡੀ. ਐੱਮ. ਕੇ. ਕੇਂਦਰ ’ਚ ਸੱਤਾਧਾਰੀ ਯੂ. ਪੀ. ਏ. ਗੱਠਜੋੜ ਦਾ ਹਿੱਸਾ ਸੀ।
ਤਾਮਿਲਨਾਡੂ 14 ਸਾਲ ਬਾਅਦ ਰਾਸ਼ਟਰੀ ਮੁਦਰਾ ਪ੍ਰਤੀਕ ਨੂੰ ਨਾ ਮੰਨਣ ਵਾਲਾ ਪਹਿਲਾ ਸੂਬਾ ਹੈ। ਇਹ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਪ੍ਰਤੀ ਸੂਬੇ ਦੇ ਚੱਲ ਰਹੇ ਗੁੱਸੇ ਨੂੰ ਦਰਸਾਉਂਦਾ ਹੈ। ਰੁਪਏ ਦਾ ਪ੍ਰਤੀਕ ਉਦੈ ਕੁਮਾਰ ਵਲੋਂ ਬਣਾਇਆ ਗਿਆ ਸੀ, ਜੋ ਡੀ. ਐੱਮ. ਕੇ. ਦੇ ਇਕ ਸਾਬਕਾ ਵਿਧਾਇਕ ਦੇ ਬੇਟੇ ਹਨ ਅਤੇ ਮੌਜੂਦਾ ਸਮੇਂ ’ਚ ਆਈ. ਆਈ. ਟੀ. ’ਚ ਪ੍ਰੋਫੈਸਰ ਵਜੋਂ ਕੰਮ ਕਰਦੇ ਹਨ।
2010 ਤੋਂ ਪਹਿਲਾਂ, ਲੋਕ ਕੌਮਾਂਤਰੀ ਬਾਜ਼ਾਰਾਂ ’ਚ ਭਾਰਤੀ ਰੁਪਏ ਲਈ ‘ਆਰ. ਐੱਸ.’ ਜਾਂ ‘ਆਈ. ਐੱਨ. ਆਰ.’ ਸੰਖੇਪ ਤੌਰ ’ਤੇ ਵਰਤਦੇ ਸਨ। ਇਸ ਨੂੰ ਕਦੀ-ਕਦੀ ਪਾਕਿਸਤਾਨੀ ਅਤੇ ਸ਼੍ਰੀਲੰਕਾਈ ਰੁਪਏ ਦੇ ਨਾਲ ਭਰਮਾਇਆ ਜਾਂਦਾ ਸੀ। 2009 ’ਚ, ਵਿੱਤ ਮੰਤਰਾਲਾ ਨੇ ਰੁਪਏ ਦੇ ਨਵੇਂ ਪ੍ਰਤੀਕ ਲਈ ਇਕ ਪ੍ਰਤੀਯੋਗਿਤਾ ਕਰਵਾਈ ਸੀ। ਉਨ੍ਹਾਂ ਨੇ ਡਿਜ਼ਾਈਨਰਾਂ, ਕਲਾਕਾਰਾਂ ਅਤੇ ਜਨਤਾ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਿਆ ਸੀ। ਟੀਚਾ ਇਕ ਅਜਿਹਾ ਪ੍ਰਤੀਕ ਬਣਾਉਣਾ ਸੀ ਜੋ ਭਾਰਤ ਦੀ ਆਰਥਿਕ ਤਾਕਤ ਨੂੰ ਦਰਸਾਉਂਦਾ ਹੋਵੇ ਅਤੇ ਇਸ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੋਵੇ।
ਇਹ ਪ੍ਰਤੀਕ ਦੁਨੀਆ ’ਚ ਭਾਰਤ ਦੀ ਵਧਦੀ ਆਰਥਿਕ ਸ਼ਕਤੀ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ। ਵਿਆਪਕ ਸੋਧ ਦੇ ਬਾਅਦ ਉਦੈ ਕੁਮਾਰ ਧਰਮਲਿੰਗਮ ਨੇ ਰੁਪਏ ਦਾ ਪ੍ਰਤੀਕ ਬਣਾਇਆ। ਉਨ੍ਹਾਂ ਨੇ ਰੁਪਏ ਲਈ ਦੇਵਨਾਗਰੀ ‘ਰ’ ਨੂੰ ਰੁਪਏ ਲਈ ਰੋਮਨ ‘ਆਰ’ ਨਾਲ ਜੋੜਿਆ। ਇਸ ਨਾਲ ਪ੍ਰਤੀਕ ਨੂੰ ਇਕ ਅਨੋਖੀ ਭਾਰਤੀ ਪਛਾਣ ਮਿਲਦੀ ਹੈ ਅਤੇ ਹਰ ਥਾਂ ਦੇ ਲੋਕਾਂ ਲਈ ਇਸ ਨੂੰ ਪਛਾਣਨਾ ਸੌਖਾ ਹੋ ਜਾਂਦਾ ਹੈ।
ਹਾਲਾਂਕਿ ਤਾਮਿਲਨਾਡੂ ਸਰਕਾਰ ਇਸ ਪ੍ਰਤੀਕ ਦਾ ਸਮਰਥਨ ਨਹੀਂ ਕਰਦੀ। ਉਹ ਆਪਣੀ ਭਾਸ਼ਾ ਨੂੰ ਮਹੱਤਵ ਦਿੰਦੀ ਹੈ ਅਤੇ ਦੇਵਨਾਗਰੀ ਲਿੱਪੀ ’ਤੇ ਆਧਾਰਿਤ ਡਿਜ਼ਾਈਨ ਦੀ ਵਰਤੋਂ ਨਹੀਂ ਕਰਨੀ ਚਾਹੁੰਦੀ।
ਜਦੋਂ ਸਰਕਾਰ ਨੇ ਵੀਰਵਾਰ ਨੂੰ ਬਜਟ ਪੇਸ਼ ਕੀਤਾ, ਤਾਂ ਤਾਮਿਲਨਾਡੂ ਸੂਬਾ ਵਿਧਾਨ ਸਭਾ ਦੇ ਭਾਜਪਾ ਮੈਂਬਰਾਂ ਅਤੇ ਏ. ਆਈ. ਡੀ. ਐੱਮ. ਦੇ ਮੈਂਬਰਾਂ ਨੇ ਸਟਾਲਿਨ ਦੇ ਪ੍ਰਤੀਕ ਪਰਿਵਤਰਨ ਦਾ ਵਿਰੋਧ ਕੀਤਾ, ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀ. ਐੱਮ. ਕੇ. ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਦੇ ਦਰਮਿਆਨ ਚੱਲ ਰਹੇ ਸਿਆਸੀ ਤਣਾਅ ਨੂੰ ਦਰਸਾਉਂਦਾ ਹੈ।
ਆਰੀਆਂ ਅਤੇ ਦ੍ਰਵਿੜ ਭਾਈਚਾਰਿਆਂ ਦੇ ਦਰਮਿਆਨ ਸੰਘਰਸ਼ ਇਕ ਮਹੱਤਵਪੂਰਨ ਇਤਿਹਾਸਕ ਮੁੱਦਾ ਹੈ। ਤਾਮਿਲਨਾਡੂ ਤਾਮਿਲ ਭਾਸ਼ਾ ਦਾ ਜ਼ੋਰਦਾਰ ਬਚਾਅ ਕਰਦਾ ਹੈ ਅਤੇ ਰੁਪਏ ਦੇ ਪ੍ਰਤੀਕ ਨੂੰ ਨਾ ਮੰਨਣ ਵਾਲਾ ਇਕੋ-ਇਕ ਸੂਬਾ ਹੈ।
ਸਮੱਸਿਆ ਦਾ ਮੂਲ ਇਹ ਹੈ ਕਿ ਤਾਮਿਲਨਾਡੂ ਨੂੰ 2 ਜਾਂ 3 ਭਾਸ਼ਾਵਾਂ ਦਾ ਫਾਰਮੂਲਾ ਅਪਣਾਉਣਾ ਚਾਹੀਦਾ ਹੈ। ਚਿੰਤਾ ਇਹ ਹੈ ਕਿ ਤੀਜੀ ਭਾਸ਼ਾ ਸਿੱਖਣੀ ਤਾਮਿਲਨਾਡੂ ਦੇ ਵਿਦਿਆਰਥੀਆਂ ਲਈ ਵਾਧੂ ਬੋਝ ਹੋ ਸਕਦਾ ਹੈ ਅਤੇ ਇਸ ਨਾਲ ਪੂਰੇ ਭਾਰਤ ’ਚ ਹਿੰਦੀ ਦਾ ਗਲਬਾ ਵੀ ਵਧ ਸਕਦਾ ਹੈ। ਕੇਂਦਰ ਅਤੇ ਸੂਬੇ ਨੂੰ ਇਕੱਠਿਆਂ ਬੈਠ ਕੇ ਕੋਈ ਢੁੱਕਵਾਂ ਫਾਰਮੂਲਾ ਲੱਭਣਾ ਚਾਹੀਦਾ ਹੈ।
ਕਲਿਆਣੀ ਸ਼ੰਕਰ
ਪੰਜਾਬ ਸਰਕਾਰ ਦੇ ਦੋ ਬਿਜਲੀ ਨਿਗਮਾਂ ਨੇ ਸਥਾਪਿਤ ਕੀਤੇ ਨਵੇਂ ਮੀਲ ਪੱਥਰ
NEXT STORY