ਅਕਸਰ ਤਰ੍ਹਾਂ-ਤਰ੍ਹਾਂ ਦੀਆਂ ਰੀਲਜ਼ ਦੇਖਦੀ ਹਾਂ। ਕੁਦਰਤ, ਪੰਛੀਆਂ, ਨਦੀਆਂ, ਸਮੁੰਦਰ, ਪੁਲ, ਜੰਗਲ, ਦੁਕਾਨਾਂ, ਮੰਦਰ, ਕੱਪੜਿਆਂ, ਭਾਸ਼ਣਾਂ, ਨਵਜੰਮੇ ਬੱਚਿਆਂ, ਵਿਆਹ-ਸ਼ਾਦੀ ਅਤੇ ਹਰ ਕਿਸਮ ਦੇ ਸਮਾਗਮਾਂ ਨੂੰ ਦੇਖਣਾ। ਇਨ੍ਹਾਂ ਨੂੰ ਦੇਖ ਕੇ ਸਮਾਜ ਦੇ ਵੱਖ-ਵੱਖ ਹਿੱਸਿਆਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਬਹੁਤ ਕੁਝ ਪਤਾ ਚਲਦਾ ਹੈ। ਇਕ ਦਿਨ ਪੇਂਡੂ ਜੀਵਨ ਦੀ ਇਕ ਰੀਲ ’ਤੇ ਨਜ਼ਰ ਪਈ। ਉਸ ’ਚ ਇਕ ਬੁੱਢੀ ਔਰਤ ਨਾਲ ਇਕ ਨੌਜਵਾਨ ਅਤੇ ਦੋ ਲੜਕੇ ਖੇਤ ’ਚੋਂ ਕਣਕ ਵੱਢ ਰਹੇ ਸਨ। ਦੇਖਣ ਦੀ ਉਤਸੁਕਤਾ ਹੋਈ, ਤਾਂ ਬਹੁਤ ਸਾਰੇ ਐਪੀਸੋਡ ਦੇਖਦੀ ਚਲੀ ਗਈ। ਇਹ ਵਾਰ-ਵਾਰ ਇਕ ਹੀ ਪਰਿਵਾਰ ਦੀ ਕਹਾਣੀ ਕਹਿੰਦੀ ਹੈ। ਦ੍ਰਿਸ਼ ਵੀ ਬੜੇ ਸਾਧਾਰਨ ਹੁੰਦੇ ਹਨ, ਮਗਰ ਹੈਰਾਨੀ ਕਿ ਬੋਰ ਨਹੀਂ ਹੁੰਦੀ।
ਇਕ ਬੁੱਢੀ ਦਾਦੀ, ਉਸ ਦਾ ਪੁੱਤਰ, ਨੂੰਹ ਅਤੇ ਦੋ ਪੋਤੇ। ਦਾਦੀ ਦੀ ਸੂਤੀ ਧੋਤੀ ਦੇ ਪੱਲੇ ਦੀ ਗੰਢ ਨਾਲ ਕੁਝ ਪੈਸੇ ਬੱਝੇ ਰਹਿੰਦੇ ਹਨ। ਸਵੇਰੇ-ਸਵੇਰੇ ਜੋ ਖਾਣਾ ਹੋਵੇ ਜਿਵੇਂ ਕਿ ਬ੍ਰੈੱਡ, ਮੋਮੋਜ਼, ਸੇਵੀਆਂ, ਚਿਪਸ, ਪਕੌੜੇ, ਦਾਲ, ਚੌਲ, ਸਬਜ਼ੀ ਸਭ ਉਸੇ ਦਿਨ ਖ਼ਰੀਦ ਕੇ ਲਿਆਂਦਾ ਜਾਂਦਾ ਹੈ। ਆਮ ਮੱਧਵਰਗੀ ਪਰਿਵਾਰਾਂ ਵਾਂਗ ਨਹੀਂ ਕਿ ਮਹੀਨੇ ਭਰ ਦਾ ਸਾਮਾਨ ਲੈ ਕੇ, ਘਰ ’ਚ ਸਟੋਰ ਕਰ ਦਿੱਤਾ ਜਾਵੇ ਜਾਂ ਹਫ਼ਤੇ ਭਰ ਦੀ ਸਬਜ਼ੀ ਖ਼ਰੀਦ ਲਈ ਜਾਵੇ। ਇਹ ਬੱਚੇ ਅਤੇ ਦੋਵੇਂ ਔਰਤਾਂ ਛੋਟੇ ਜਿਹੇ ਖੇਤ ’ਚ ਸਬਜ਼ੀਆਂ ਵੀ ਉਗਾ ਲੈਂਦੀਆਂ ਹਨ।
ਇਨ੍ਹਾਂ ’ਚੋਂ ਕੁਝ ਘਰ ਦੇ ਕੰਮ ਆਉਂਦੀਆਂ ਹਨ, ਬਚੀਆਂ ਹੋਈਆਂ ਨੂੰ ਦਾਦੀ ਇਕ ਟੋਕਰੀ ’ਚ ਭਰ ਕੇ, ਤੱਕੜੀ ਹੱਥ ’ਚ ਲੈ ਕੇ ਕਿਸੇ ਪੋਤੇ ਦੇ ਨਾਲ ਆਲੇ-ਦੁਆਲੇ ਦੇ ਘਰਾਂ ’ਚ ਵੇਚ ਆਉਂਦੀ ਹੈ। ਘਰ ਦੀਆਂ ਕੰਧਾਂ ਪੱਕੀਆਂ ਜ਼ਰੂਰ ਹਨ ਪਰ ਫ਼ਰਸ਼ ਕੱਚਾ ਹੈ। ਇਸੇ ਨੂੰ ਲਿੱਪਦੇ ਹੋਏ ਨੂੰਹ ਦਿਸਦੀ ਹੈ। ਉਹ ਸਵੇਰੇ-ਸ਼ਾਮ ਚੁੱਲ੍ਹੇ ਨੂੰ ਲਿਪਦੀ ਹੈ। ਬਰਤਨ ਚੁੱਲ੍ਹੇ ਦੀ ਅੱਗ ਨਾਲ ਕਾਲੇ ਨਾ ਹੋ ਜਾਣ, ਇਸ ਲਈ ਉਨ੍ਹਾਂ ਦੇ ਉੱਪਰ ਮਿੱਟੀ ਦਾ ਲੇਪ ਲਗਾਉਂਦੀ ਹੈ। ਚੁੱਲ੍ਹੇ ’ਚ ਖੇਤਾਂ ਤੋਂ ਆਈਆਂ ਲੱਕੜਾਂ ਹੀ ਬਾਲਦੀ ਹੈ। ਆਪਣੀ ਸੱਸ ਦੇ ਪੈਰ ਘੁੱਟਦੀ ਹੈ, ਉਸ ਨੂੰ ਨਹਾਉਂਦੀ ਹੈ, ਦਵਾਈ ਖੁਆਉਂਦੀ ਹੈ, ਕੱਪੜੇ ਧੋਂਦੀ ਹੈ। ਨਾਸ਼ਤਾ ਕਰਨ ਜਾਂ ਖਾਣਾ ਖਾਣ ਤੋਂ ਪਹਿਲਾਂ ਹਮੇਸ਼ਾ ਪਹਿਲੀ ਬੁਰਕੀ ਸੱਸ ਨੂੰ ਖੁਆਉਂਦੀ ਹੈ। ਮਸ਼ੀਨ ਨਾਲ ਕੁਤਰਾ (ਕੁੱਟੀ) ਕਰਦੀ ਹੈ। ਦੋ ਮੱਝਾਂ ਦਾ ਚਾਰਾ-ਪਾਣੀ, ਉਨ੍ਹਾਂ ਦਾ ਦੁੱਧ ਚੋਣਾ, ਘਰ ਲਈ ਦੁੱਧ ਬਚਾ ਕੇ ਦੁਕਾਨ ’ਤੇ ਵੇਚਣਾ, ਦਹੀਂ ਨੂੰ ਹਾਂਡੀ ’ਚ ਹੱਥ ਨਾਲ ਰਿੜਕ ਕੇ ਮੱਖਣ ਕੱਢਣਾ ਆਦਿ ਕੰਮ ਕਦੇ ਸੱਸ ਕਰਦੀ ਹੈ, ਕਦੇ ਨੂੰਹ। ਘਰ ’ਚ ਚਿਪਸ, ਪਾਪੜ, ਵੜੀਆਂ, ਚੀਲਾ, ਡੋਸਾ, ਰੋਟੀ, ਪੂਰੀ, ਛੋਲੇ-ਭਟੂਰੇ ਸਭ ਨੂੰਹ ਹੀ ਬਣਾਉਂਦੀ ਹੈ। ਸਿਲ-ਵੱਟੇ ਅਤੇ ਖਰਲ ’ਚ ਮਸਾਲਾ ਕੁੱਟਦੀ ਹੈ, ਚਟਨੀ ਬਣਾਉਂਦੀ ਹੈ। ਦਾਲ ਅਤੇ ਮਸਾਲੇ ਪੀਂਦੀ ਹੈ।
ਸਾਡੀ ਉਮਰ ਦੇ ਜੋ ਲੋਕ ਹਨ ਜਾਂ ਇਕ ਪੀੜ੍ਹੀ ਬਾਅਦ ਦੇ, ਉਨ੍ਹਾਂ ਨੇ ਘੱਟੋ-ਘੱਟ ਇਹ ਜੀਵਨਸ਼ੈਲੀ ਦੇਖੀ ਹੈ। ਉਹ ਜੀਵਨਸ਼ੈਲੀ ਜਿਸ ’ਚ ਘੋਰ ਘਾਟਾਂ ਹਨ ਅਤੇ ਹੱਡ-ਭੰਨਵੀਂ ਮਿਹਨਤ ਹੈ। ਫਿਰ ਵੀ ਔਰਤਾਂ ਹੱਸਦੀਆਂ, ਖਿੜਖਿੜਾਉਂਦੀਆਂ ਹਨ, ਚੱਕੀ ਚਲਾਉਂਦੀਆਂ ਅਤੇ ਗਾਣਾ ਗਾਉਂਦੀਆਂ ਹਨ, ’ਚੋਂ-’ਚੋਂ ਉੱਠ ਕੇ ਨੱਚਦੀਆਂ ਹਨ। ਅੱਜ ਜਦੋਂ ਬਹੁਤ ਸਾਰੇ ਲੋਕ ਸ਼ਹਿਰਾਂ ’ਚ ਵੱਸ ਕੇ ਇਸ ਜੀਵਨਸ਼ੈਲੀ ਤੋਂ ਬਾਹਰ ਨਿਕਲ ਆਏ ਹਨ, ਤਾਂ ਉਨ੍ਹਾਂ ਨੂੰ ਆਪਣਾ ਅਤੀਤ ਬਹੁਤ ਯਾਦ ਆਉਂਦਾ ਹੈ। ਇਸ ਤੋਂ ਇਲਾਵਾ ਨਵੀਂ ਪੀੜ੍ਹੀ ਨੂੰ ਵੀ ਇਹ ਜੀਵਨ ਬਹੁਤ ਆਕਰਸ਼ਕ ਲੱਗਦਾ ਹੈ। ਉਂਝ ਵੀ ਸ਼ਹਿਰੀ ਲੋਕਾਂ ਨੂੰ ਖੇਤ, ਕਿਆਰੇ, ਪਿੰਡ, ਸਾਂਝੇ ਪਰਿਵਾਰ, ਇਨ੍ਹਾਂ ਦੀਆਂ ਮਿਹਨਤੀ ਔਰਤਾਂ ਬਹੁਤ ਚੰਗੀਆਂ ਲੱਗਦੀਆਂ ਹਨ। ਫਿਰ ਅਜਿਹਾ ਪਰਿਵਾਰ ਜਿੱਥੇ ਸੱਸ ਦੇ ਹੀ ਪੱਲੇ ਦੀ ਗੰਢ ’ਚ ਪੈਸੇ ਬੱਝੇ ਹੁੰਦੇ ਹਨ, ਨੂੰਹ ਨੂੰ ਕੋਈ ਲੋੜ ਹੈ ਜਾਂ ਪੋਤੇ ਨੂੰ, ਉਸੇ ਤੋਂ ਮੰਗਦੇ ਹਨ। ਅੱਜ ਜਦੋਂ ਪਰਿਵਾਰ ਟੁੱਟ ਰਹੇ ਹਨ, ਆਪਣੇ ਤੋਂ ਇਲਾਵਾ ਕੋਈ ਦੂਜਾ ਨਹੀਂ ਚਾਹੀਦਾ, ਅਜਿਹੇ ’ਚ ਭਲਾ ਅਜਿਹੀ ਨੂੰਹ ਕਿਉਂ ਚੰਗੀ ਨਾ ਲੱਗੇ, ਜੋ ਆਪਣੀ ਸੱਸ ਨਾਲ ਮਿਲ-ਜੁਲ ਕੇ ਰਹਿੰਦੀ ਹੈ, ਉਸ ਦੀ ਰਾਤ-ਦਿਨ ਸੇਵਾ ਕਰਦੀ ਹੈ ਅਤੇ ਅਜਿਹੀ ਸੱਸ ਵੀ, ਜੋ ਹਰ ਗੱਲ ’ਤੇ ਆਪਣੀ ਨੂੰਹ ਨੂੰ ਅਸੀਸ ਦਿੰਦੀ ਹੈ।
ਇਨ੍ਹਾਂ ਰੀਲਜ਼ ਨੂੰ ਦੇਖਦੇ ਹੋਏ ਇਹ ਗੱਲ ਹੀ ਵਾਰ-ਵਾਰ ਦਿਮਾਗ ’ਚ ਆ ਰਹੀ ਸੀ ਕਿ ਮੈਂ ਕਿਉਂ ਇੰਨੀ ਰੁਚੀ ਨਾਲ ਇਨ੍ਹਾਂ ਨੂੰ ਦੇਖ ਰਹੀ ਹਾਂ। ਸਿਰਫ਼ ਮੈਂ ਹੀ ਨਹੀਂ, ਸੈਂਕੜੇ ਲੋਕ ਇਨ੍ਹਾਂ ਨੂੰ ਦੇਖ ਰਹੇ ਹਨ, ਲਾਈਕ ਕਰ ਰਹੇ ਹਨ। ਦਿਲਚਸਪ ਇਹ ਹੈ ਕਿ ਇਨ੍ਹਾਂ ਨੂੰ ਇਸ਼ਤਿਹਾਰ ਵੀ ਮਿਲ ਰਹੇ ਹਨ। ਇਕ ਸਾਧਾਰਨ ਅਤੇ ਗਰੀਬ ਪਰਿਵਾਰ ਦੇ ਰਹਿਣ-ਸਹਿਣ ਨੂੰ ਇੰਨੇ ਲੋਕ ਦੇਖਣ ਅਤੇ ਇਹੀ ਜੀਵਨਸ਼ੈਲੀ ਪੈਸੇ ਵੀ ਕਮਾ ਸਕੇ, ਤਾਂ ਹੈਰਾਨੀ ਹੁੰਦੀ ਹੈ।
ਫਿਰ ਇਹ ਵੀ ਯਾਦ ਆਉਂਦਾ ਹੈ ਕਿ ਗਰੀਬੀ ਨੂੰ ਇਨ੍ਹਾਂ ਦਿਨਾਂ ’ਚ ਸਭ ਤੋਂ ਵੱਧ ‘ਸੇਲੇਬਲ’ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ਹੀ ਕਿਉਂ, ਹਮੇਸ਼ਾ ਤੋਂ। ਅਜਿਹੀਆਂ ਹੀ ਫ਼ਿਲਮਾਂ ਹਿੱਟ ਹੁੰਦੀਆਂ ਰਹੀਆਂ ਹਨ। ਸਾਹਿਤ ’ਚ ਵੀ ਅਜਿਹੇ ਹੀ ਸਾਹਿਤ ਦਾ ਬੋਲਬਾਲਾ ਰਿਹਾ ਹੈ। ਫਿਰ ਹੁਣ ਤਾਂ ਦੋ ਤਰ੍ਹਾਂ ਦੇ ਟੂਰਿਜ਼ਮ ਵੀ ਸਾਹਮਣੇ ਆ ਚੁੱਕੇ ਹਨ। ਇਕ ਹੈ ਵਿਲੇਜ ਟੂਰਿਜ਼ਮ। ਭਾਵ ਕਿ ਬਹੁਤ ਸਾਰੇ ਲੋਕ ਖ਼ੂਬ ਪੈਸੇ ਖ਼ਰਚ ਕਰ ਕੇ ਪਿੰਡ ਦੇ ਲੋਕਾਂ ਦੇ ਰਹਿਣ-ਸਹਿਣ ਨੂੰ ਦੇਖਣ, ਉਨ੍ਹਾਂ ਦੀ ਬੋਲੀ-ਬਾਣੀ ਸੁਣਨ ਆਉਂਦੇ ਹਨ। ਉਹ ਉੱਥੇ ਚੁੱਲ੍ਹੇ ਦੀ ਰੋਟੀ ਅਤੇ ਤਾਜ਼ਾ ਨਿਕਲਿਆ ਮੱਖਣ ਖਾਣਾ ਚਾਹੁੰਦੇ ਹਨ। ਮੱਝਾਂ-ਗਾਵਾਂ ਨੂੰ ਖੇਤ ’ਚ ਚਰਦੇ ਦੇਖਣਾ, ਉਨ੍ਹਾਂ ਦਾ ਦੁੱਧ ਕਿਵੇਂ ਚੋਇਆ ਜਾਂਦਾ ਹੈ, ਖੇਤ ਕਿਵੇਂ ਵੱਢੇ ਜਾਂਦੇ ਹਨ, ਪਿੰਡ ’ਚ ਛੱਪਰ ਕਿਸ ਤਰ੍ਹਾਂ ਦੇ ਹੁੰਦੇ ਹਨ, ਸਬਜ਼ੀਆਂ ਕਿਵੇਂ ਉਗਦੀਆਂ ਹਨ ਆਦਿ ਗੱਲਾਂ ਉਨ੍ਹਾਂ ਨੂੰ ਬੜੀਆਂ ਮਨਮੋਹਕ ਲੱਗਦੀਆਂ ਹਨ।
ਇਸੇ ਤਰ੍ਹਾਂ ਇਨ੍ਹਾਂ ਦਿਨਾਂ ’ਚ ਲੋਕਾਂ ਨੂੰ ਗਰੀਬੀ ਵੀ ਬਹੁਤ ਆਕਰਸ਼ਿਤ ਕਰਦੀ ਹੈ, ਇਸ ਲਈ ਸ਼ਬਦ ਚੱਲ ਪਿਆ ਹੈ ‘ਪਾਵਰਟੀ ਟੂਰਿਜ਼ਮ’। ਭਾਵ ਕਿ ਜੋ ਲੋਕ ਖਾਂਦੇ-ਪੀਂਦੇ ਘਰਾਂ ਤੋਂ ਹਨ, ਜਿਨ੍ਹਾਂ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਜੋ ਅਰਬਾਂ-ਖਰਬਾਂ ਦੇ ਮਾਲਕ ਹਨ, ਜਾਂ ਕਿ ਮੱਧ ਵਰਗ ਅਤੇ ਉੱਚ ਮੱਧ ਵਰਗ ਦੇ ਲੋਕ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਗਰੀਬ ਕਿਸੇ ਦੂਜੀ ਦੁਨੀਆ ਦੇ ਪ੍ਰਾਣੀ ਹਨ। ਉਹ ਮਾਮੂਲੀ ਸਾਧਨਾਂ ’ਚ ਵੀ ਕਿਵੇਂ ਜਿਊਂਦੇ ਹਨ, ਇਸ ਨੂੰ ਉਹ ਦੇਖਣਾ ਚਾਹੁੰਦੇ ਹਨ। ਮੁੰਬਈ ਦਾ ਧਾਰਾਵੀ ਟੂਰਿਜ਼ਮ ਬਹੁਤ ਮਸ਼ਹੂਰ ਹੈ। ਧਾਰਾਵੀ ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਬਸਤੀ ਜਾਂ ਸਲੱਮ ਕਲੱਸਟਰ ਕਹਾਉਂਦਾ ਹੈ। ਹੈ ਨਾ ਦਿਲਚਸਪ, ਗਰੀਬ ਅਤੇ ਗਰੀਬੀ ਵੀ ਬਹੁਤਿਆਂ ਦੇ ਮਨੋਰੰਜਨ ਦਾ ਸਾਧਨ ਹੋ ਸਕਦੀ ਹੈ।
—ਸ਼ਮਾ ਸ਼ਰਮਾ
ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
NEXT STORY