ਅਪ੍ਰੈਲ ਵਿਚ ਪਹਿਲਗਾਮ ਵਿਚ ਸੈਲਾਨੀਆਂ ’ਤੇ ਹੋਏ ਕਾਇਰਾਨਾ ਹਮਲੇ ਦੇ ਕਾਰਨ ਦੋ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਿਚ ਤੇਜ਼ੀ ਨਾਲ ਵਾਧਾ ਹੋਇਆ। ਭਾਰਤ ਨੇ ਹਮਲੇ ਦਾ ਜਵਾਬ ਆਪ੍ਰੇਸ਼ਨ ਸਿੰਧੂਰ ਸ਼ੁਰੂ ਕਰ ਕੇ ਦਿੱਤਾ, ਜਿਸ ਤਹਿਤ ਪਾਕਿਸਤਾਨੀ ਖੇਤਰ ਵਿਚ ਸਥਿਤ ਕਥਿਤ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਪਾਕਿਸਤਾਨ ਨੇ ਸਾਰੇ ਸਰਹੱਦੀ ਭਾਰਤੀ ਰਾਜਾਂ, ਜਿਵੇਂ ਕਿ ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ’ਤੇ ਡਰੋਨ ਹਮਲੇ ਕੀਤੇ। ਡਰੋਨਾਂ ਦੇ ਝੁੰਡ ਸਰਹੱਦ ਪਾਰ ਤੋਂ ਆਏ ਸਨ ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਸਫਲਤਾਪੂਰਵਕ ਨਾਕਾਮ ਕਰ ਦਿੱਤਾ।
ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਗਿਆ ਹੈ ਕਿ ਭਾਰਤ ’ਤੇ ਹਮਲਾ ਕਰਨ ਲਈ ਵਰਤੇ ਗਏ ਡਰੋਨ ਤੁਰਕੀ ਦੀ ਕੰਪਨੀ ਐਸਿਸਗਾਰਡ ਦੁਆਰਾ ਬਣਾਏ ਗਏ ਸੋਂਗਰ ਡਰੋਨ ਸਨ। ਇਸ ਬਿਆਨ ਨੇ ਹਾਲ ਹੀ ਵਿਚ ਭਾਰਤ-ਪਾਕਿਸਤਾਨ ਸੰਕਟ ਵਿਚ ਤੁਰਕੀ ਦੀ ਸਰਗਰਮ ਭੂਮਿਕਾ ਨੂੰ ਸਪੱਸ਼ਟ ਤੌਰ ’ਤੇ ਸਾਹਮਣੇ ਲਿਆਂਦਾ ਹੈ।
ਹਾਲਾਂਕਿ, ਪਿਛਲੇ ਇਕ ਮਹੀਨੇ ਵਿਚ ਇਹ ਸਪੱਸ਼ਟ ਹੋ ਗਿਆ ਹੈ ਕਿ ਤੁਰਕੀ ਪਾਕਿਸਤਾਨ ਨੂੰ ਸਰਗਰਮੀ ਨਾਲ ਫੌਜੀ ਸਹਾਇਤਾ ਵੀ ਪ੍ਰਦਾਨ ਕਰ ਰਿਹਾ ਹੈ। ਇਹ ਘਟਨਾ 4 ਮਈ ਨੂੰ ਤੁਰਕੀ ਦੇ ਸਮੁੰਦਰੀ ਜੰਗੀ ਜਹਾਜ਼ ਟੀ. ਸੀ. ਜੀ. ਬੁਯੁਕਾਡਾ (ਐੱਫ-512) ਦੇ ਕਰਾਚੀ ਬੰਦਰਗਾਹ ’ਤੇ ਪਹੁੰਚਣ ਅਤੇ ਉਸ ਤੋਂ ਇਕ ਹਫ਼ਤਾ ਪਹਿਲਾਂ ਤੁਰਕੀ ਦੇ ਸੀ-130 ਟਰਾਂਸਪੋਰਟ ਜਹਾਜ਼ ਦੇ ਦੌਰੇ ਤੋਂ ਬਾਅਦ ਵਾਪਰੀ।
ਆਧੁਨਿਕ ਤੁਰਕੀ ਅਤੇ ਪਾਕਿਸਤਾਨ ਵਿਚਕਾਰ ਸਬੰਧਾਂ ਦੀਆਂ ਜੜ੍ਹਾਂ ਮੌਜੂਦਾ ਤੁਰਕੀ ਗਣਰਾਜ ਅਤੇ ਇਸਲਾਮੀ ਗਣਰਾਜ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਸਥਾਪਿਤ ਹੋ ਗਈਆਂ ਸਨ। ਪਹਿਲੇ ਵਿਸ਼ਵ ਯੁੱਧ ਦੇ ਆਖਰੀ ਸਾਲਾਂ ਵਿਚ, ‘ਖਿਲਾਫ਼ਤ ਅੰਦੋਲਨ’ ਦੇ ਸ਼ੁਰੂ ਹੋਣ ਦੇ ਨਾਲ ਭਾਰਤੀ ਮੁਸਲਮਾਨਾਂ (ਮੌਜੂਦਾ ਪਾਕਿਸਤਾਨ ਵਿਚ ਰਹਿਣ ਵਾਲੇ ਲੋਕਾਂ ਸਮੇਤ) ਨੇ ‘ਓਟੋਮਨ ਸਾਮਰਾਜ’ ਨੂੰ ਵਿੱਤੀ ਅਤੇ ਭੌਤਿਕ ਸਹਾਇਤਾ ਭੇਜੀ, ਜੋ ਜੇਤੂ ਸ਼ਕਤੀਆਂ ਦੁਆਰਾ ਟੁੱਟਣ ਦੇ ਕੰਢੇ ’ਤੇ ਸੀ। ਇਸ ਨਾਲ ਤੁਰਕਾਂ ਵਿਚ ਸਦਭਾਵਨਾ ਪੈਦਾ ਹੋਈ, ਜੋ 1947 ਵਿਚ ਪਾਕਿਸਤਾਨ ਦੇ ਹੋਂਦ ਵਿਚ ਆਉਣ ਤੱਕ ਜਾਰੀ ਰਹੀ, ਤੁਰਕੀ ਇਸ ਨੂੰ ਮਾਨਤਾ ਦੇਣ ਵਾਲੇ ਪਹਿਲੇ ਦੇਸ਼ਾਂ ਵਿਚੋਂ ਇਕ ਬਣ ਗਿਆ।
2 ਅਪ੍ਰੈਲ 1954 ਨੂੰ ਦੋਵਾਂ ਦੇਸ਼ਾਂ ਨੇ ਦੋਸਤੀ ਅਤੇ ਸਹਿਯੋਗ ਦੀ ਸੰਧੀ ’ਤੇ ਦਸਤਖਤ ਕੀਤੇ। 1950 ਦੇ ਦਹਾਕੇ ਵਿਚ ਉਨ੍ਹਾਂ ਨੇ ਬਗਦਾਦ ਸਿੰਧ ਵਿਚ ਮੈਂਬਰਸ਼ਿਪ ਸਾਂਝੀ ਕੀਤੀ, ਜੋ ਬਾਅਦ ਵਿਚ ਕੇਂਦਰੀ ਸੰਧੀ ਸੰਗਠਨ ਬਣ ਗਿਆ, ਜਿਸ ਨੇ ਫੌਜੀ ਸਹਿਯੋਗ ਦੇ ਬੀਜ ਬੀਜੇ। ਤੁਰਕੀ, ਜੋ ਪਹਿਲਾਂ ਪਾਕਿਸਤਾਨ ਤੋਂ ਹਥਿਆਰ ਖਰੀਦਦਾ ਸੀ, ਅੱਜ ਇਕ ਵੱਡਾ ਵਿਕਰੇਤਾ ਹੈ। ਤੁਰਕੀ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ਵਿਚ ਕੂਟਨੀਤਕ ਅਤੇ ਫੌਜੀ ਦੋਵਾਂ ਤਰ੍ਹਾਂ ਨਾਲ ਪਾਕਿਸਤਾਨ ਦਾ ਜ਼ੋਰਦਾਰ ਸਮਰਥਨ ਕੀਤਾ।
1974 ਵਿਚ ਤੁਰਕੀ ਨੇ ਇਸਲਾਮਿਕ ਸਹਿਯੋਗ ਸੰਗਠਨ ਵਿਚ ਜੰਮੂ ਅਤੇ ਕਸ਼ਮੀਰ ’ਤੇ ਪਾਕਿਸਤਾਨ ਦੇ ਸਟੈਂਡ ਦਾ ਸਮਰਥਨ ਕੀਤਾ ਅਤੇ ਪਾਕਿਸਤਾਨ ਵਿਚ ਤੁਰਕੀ ਦੇ ਰਾਜਦੂਤ ਨੇ ਮੁਜ਼ੱਫਰਾਬਾਦ ਵਿਚ ਇਕ ਹਫ਼ਤਾ ਵੀ ਬਿਤਾਇਆ। ਅੱਤਵਾਦ ਵਿਰੁੱਧ ਅਮਰੀਕਾ ਦੀ ਜੰਗ ਨੇ ਦੋਵਾਂ ਦੇਸ਼ਾਂ ਨੂੰ ਰਣਨੀਤਕ ਤੌਰ ’ਤੇ ਵੀ ਇਕੱਠੇ ਕੀਤਾ ਹੈ ਅਤੇ ਹਾਲ ਹੀ ਦੇ ਸਾਲਾਂ ਵਿਚ ਫੌਜੀ ਸਹਿਯੋਗ ਵੀ ਵਧਿਆ ਹੈ।
2016 ਵਿਚ ਤੁਰਕੀ ਵਿਚ ਹੋਏ ਅਸਫਲ ਤਖਤਾਪਲਟ ਤੋਂ ਬਾਅਦ ਪਾਕਿਸਤਾਨ ਏਰਦੋਗਨ ਸਰਕਾਰ ਲਈ ਸਮਰਥਨ ਦੀ ਆਵਾਜ਼ ਉਠਾਉਣ ਵਾਲੇ ਪਹਿਲੇ ਦੇਸ਼ਾਂ ਵਿਚੋਂ ਇਕ ਸੀ। ਬਾਅਦ ਵਿਚ ਤੁਰਕੀ ਦੇ ਜ਼ੋਰ ’ਤੇ ਇਸ ਨੇ ‘ਗੁਲੇਨ ਅੰਦੋਲਨ’ ਨਾਲ ਜੁੜੇ ਅਦਾਰਿਆਂ ਨੂੰ ਵੀ ਬੰਦ ਕਰ ਦਿੱਤਾ।
1986 ਵਿਚ ਤੁਰਕੀ ਦੇ ਪ੍ਰਧਾਨ ਮੰਤਰੀ ਤੁਰਗੁਤ ਓਜ਼ਾਲ ਦੀ ਨਵੀਂ ਦਿੱਲੀ ਫੇਰੀ ਦੌਰਾਨ ਸਬੰਧਾਂ ਨੂੰ ਨਵਿਆਉਣ ਲਈ ਦੁਵੱਲੇ ਯਤਨ ਕੀਤੇ ਗਏ ਸਨ, ਜਿਸ ਤੋਂ ਬਾਅਦ 1988 ਵਿਚ ਭਾਰਤੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤੁਰਕੀ ਫੇਰੀ ਹੋਈ ਸੀ।
ਹਾਲਾਂਕਿ, 90 ਦੇ ਦਹਾਕੇ ਦੌਰਾਨ ਭਾਰਤ ਕਸ਼ਮੀਰ ਵਿਚ ਸਰਹੱਦ ਪਾਰ ਅੱਤਵਾਦ ਨਾਲ ਜੂਝ ਰਿਹਾ ਸੀ ਅਤੇ ਅੰਕਾਰਾ ਦੇ ਪਾਕਿਸਤਾਨ ਨੂੰ ਸਮਰਥਨ ਨੇ ਸਬੰਧਾਂ ਨੂੰ ਠੰਢਾ ਕਰ ਦਿੱਤਾ। ਤੁਰਕੀ ਦੇ ਮੌਜੂਦਾ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ 2002 ਤੋਂ ਸੱਤਾ ਵਿਚ ਹਨ।
ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਹਿਮਤ ਦਾਵੁਤੋਗਲੂ ਦੁਆਰਾ ਦਿੱਤੇ ਗਏ ‘ਰਣਨੀਤਕ ਡੂੰਘਾਈ’ ਦੇ ਸਿਧਾਂਤ ਨੂੰ ਅਪਣਾਇਆ, ਜਿਸ ਦੇ ਤਹਿਤ ਮੌਜੂਦਾ ਸ਼ਾਸਨ ਤੁਰਕੀ ਦੇ ਦੂਜੇ ਰਾਜਾਂ ਨਾਲ ਇਤਿਹਾਸਕ ਸਬੰਧਾਂ ਦਾ ਲਾਭ ਉਠਾ ਸਕਦਾ ਹੈ। ਭਾਰਤ ਆਪਣੇ ਪ੍ਰਭਾਵਸ਼ਾਲੀ ਵਿਕਾਸ ਕਾਰਨ ਆਰਥਿਕ ਨਿਵੇਸ਼ ਲਈ ਇਕ ਬਿਹਤਰ ਮੌਕੇ ਵਜੋਂ ਉਭਰਿਆ ਹੈ।
ਇਹ ਉਦੋਂ ਸਪੱਸ਼ਟ ਹੋਇਆ ਜਦੋਂ 2017 ਵਿਚ ਏਰਦੋਗਨ ਨੇ 100 ਲੋਕਾਂ ਦੇ ਵਪਾਰਕ ਵਫ਼ਦ ਨਾਲ ਭਾਰਤ ਦਾ ਦੌਰਾ ਕੀਤਾ। ਇਸ ਤੋਂ ਪਹਿਲਾਂ 2008 ਵਿਚ ਉਨ੍ਹਾਂ ਨੇ ਭਾਰਤ-ਤੁਰਕੀ ਮੁਕਤ ਵਪਾਰ ਸਮਝੌਤੇ ਦਾ ਪ੍ਰਸਤਾਵ ਵੀ ਰੱਖਿਆ ਸੀ, ਜਿਸ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ।
ਭਾਰਤ ਨੇ 2023 ਵਿਚ ‘ਆਪ੍ਰੇਸ਼ਨ ਦੋਸਤ’ ਵੀ ਸ਼ੁਰੂ ਕੀਤਾ, ਜਦੋਂ ਤੁਰਕੀ ਅਤੇ ਸੀਰੀਆ ਹਾਲ ਹੀ ਦੇ ਦਹਾਕਿਆਂ ਵਿਚ ਸਭ ਤੋਂ ਘਾਤਕ ਭੂਚਾਲਾਂ ਵਿਚੋਂ ਇਕ ਦਾ ਸਾਹਮਣਾ ਕਰ ਰਹੇ ਸਨ।
ਪਾਕਿਸਤਾਨ ਦੇ ਪ੍ਰਮਾਣੂ ਹਥਿਆਰ ਵਿਕਾਸ ਪ੍ਰੋਗਰਾਮ ਦੌਰਾਨ ਇਸਲਾਮਾਬਾਦ ਨੂੰ ਅਹਿਸਾਸ ਹੋਇਆ ਕਿ ਆਪਣੇ ਪ੍ਰਮਾਣੂ ਹਥਿਆਰਾਂ ਰਾਹੀਂ ਇਹ ਮੱਧ ਪੂਰਬੀ ਤੇਲ ਸਾਮਰਾਜਾਂ ਦੇ ‘ਸਰਪ੍ਰਸਤ’ ਵਜੋਂ ਉਭਰੇਗਾ।
ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਤੁਰਕੀ ਭਵਿੱਖ ਵਿਚ ਕੁਝ ਇਨਾਮ ਦੀ ਉਡੀਕ ਕਰਦੇ ਹੋਏ ਸੰਤੁਲਨ ਬਣਾਏਗਾ ਜਾਂ ਪਾਕਿਸਤਾਨ ਨਾਲ ਆਪਣੇ ਸੌਦੇ ’ਤੇ ਭਰੋਸਾ ਕਰੇਗਾ।
ਹਰਸ਼ ਪਾਂਡੇ ਅਤੇ ਅਭਿਸ਼ੇਕ ਖਜੂਰੀਆ
ਸਮੁੱਚੇ ਵਿਕਾਸ ਲਈ ਵਚਨਬੱਧ ਹੈ ਹਰਿਆਣਾ ਸਰਕਾਰ
NEXT STORY