ਮੇਨਕਾ ਗਾਂਧੀ
ਕੁਝ ਦਿਨ ਪਹਿਲਾਂ ਮੈਂ ਆਪਣੀ ਮਾਰਨਿੰਗ ਵਾਕ ’ਤੇ ਸੀ, ਜਦੋਂ ਮੇਰੇ ਗੇਟ ’ਤੇ ਬੈਠਾ ਇਕ ਕਾਂ ਮੈਨੂੰ ਦੇਖ ਕੇ ਕਾਂ-ਕਾਂ ਕਰਨ ਲੱਗਾ। ਉਹ ਬਹੁਤ ਗੁੱਸੇ ਵਿਚ ਸੀ ਅਤੇ ਮੈਂ ਉਥੇ ਖੜ੍ਹੀ ਹੋ ਕੇ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਉਹ ਕੀ ਚਾਹੁੰਦਾ ਹੈ? ਦੋ ਮਿੰਟ ਤੋਂ ਬਾਅਦ ਮੈਂ ਆਪਣਾ ਮੂੰਹ ਫੇਰ ਲਿਆ ਅਤੇ ਫਿਰ ਚੱਲਣ ਲੱਗੀ। ਤੁਰੰਤ ਉਹ ਉੱਡ ਕੇ ਮੇਰੇ ਸਿਰ ਉੱਤੇ ਆਇਆ ਅਤੇ ਉਸ ਨੇ ਮੇਰੇ ਵਾਲ ਖਿੱਚੇ। ਮੈਂ ਹੈਰਾਨ ਹੋ ਕੇ ਪਿੱਛੇ ਦੇਖਣ ਲੱਗੀ ਅਤੇ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਹੋਰ ਕੀ ਕਰਨਾ ਹੈ, ਮੈਂ ਉਸ ਨੂੰ ਬਿਸਕੁਟ ਅਤੇ ਪਾਣੀ ਲਿਆ ਕੇ ਦਿੱਤਾ। ਉਸ ਨੇ ਇਕ ਟੁਕੜਾ ਲਿਆ, ਉਸ ਨੂੰ ਗੇਟ ਦੇ ਨਾਲ ਉਦੋਂ ਤਕ ਰਗੜਿਆ, ਜਦੋਂ ਤਕ ਕਿ ਉਹ ਨਿਗਲਣਯੋਗ ਆਕਾਰ ਦਾ ਨਹੀਂ ਬਣ ਗਿਆ। ਮੈਨੂੰ ਇਕ ਵਾਰ ਨਫਰਤ ਨਾਲ ਦੇਖਿਆ ਅਤੇ ਉੱਡ ਗਿਆ।
ਕਾਂ ਅਤੇ ਕੀੜੀਆਂ ਮੈਨੂੰ ਪਿਆਰੀਆਂ ਹਨ। ਇੰਨਾ ਸਮਾਰਟ, ਇੰਨਾ ਦਿਲਚਸਪ, ਇੰਨਾ ਪਰਿਵਾਰਕ, ਇੰਨਾ ਅਨੁਸ਼ਾਸਿਤ, ਉਹ ਸਭ ਕੁਝ ਜੋ ਮਨੁੱਖਾਂ ਨੂੰ ਹੋਣਾ ਚਾਹੀਦਾ ਹੈ ਪਰ ਹੁੰਦੇ ਨਹੀਂ ਹਨ। ਹਰੇਕ ਕੁਝ ਮਹੀਨਿਆਂ ਵਿਚ ਮੈਂ ਉਨ੍ਹਾਂ ਬਾਰੇ ਲਿਖਦੀ ਹਾਂ ਅਤੇ ਹਰ ਵਾਰ ਇਹ ਉਨ੍ਹਾਂ ਦੀ ਸਮਝਦਾਰੀ ਬਾਰੇ ਇਕ ਨਵੇਂ ਪਹਿਲੂ ਬਾਰੇ ਹੁੰਦਾ ਹੈ, ਜੋ ਮੇਰੇ ਤੋਂ ਕਾਫੀ ਅੱਗੇ ਹਨ।
ਸਮਝਦਾਰੀ ਕੀ ਹੈ? ਕਈ ਮਹਾਸਾਗਰਾਂ ਉਪਰੋਂ ਉੱਡ ਕੇ ਕਿਸੇ ਹੋਰ ਦੇਸ਼ ਵਿਚ ਜਾਣਾ ਅਤੇ ਉਸੇ ਦਰੱਖਤ ’ਤੇ ਉਤਰਨਾ, ਕੀ ਇਹ ਗੈਰ-ਸਾਧਾਰਨ ਸਮਝਦਾਰੀ ਨਹੀਂ ਹੈ? ਪਰ ਅਸੀਂ ਸਿਰਫ ਬੁੱਧੀ ਦਾ ਮਾਪ ਸਾਡੇ ਵਲੋਂ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨਾਲ ਤੁਲਨਾ ਕਰ ਕੇ ਕਰਦੇ ਹਾਂ, ਜਿਵੇਂ ਕਿ ਮਨੁੱਖ ਦੀ ਬੋਲੀ ਦੀ ਨਕਲ ਕਰਨਾ ਜਾਂ ਦੋ ਅਤੇ ਦੋ ਨੂੰ ਜੋੜਨਾ।
ਜਰਨਲ ਵਿਹੇਵੀਯੋਰਲ ਇਕੋਲਾਜੀ ਐਂਡ ਸੋਸ਼ਿਓਬਾਇਓਲੋਜੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਕਾਂ ਮਨੁੱਖੀ ਚਿਹਰੇ ਲਈ ਇਕ ਤੇਜ਼ ਯਾਦਦਾਸ਼ਤ ਰੱਖਦੇ ਹਨ ਅਤੇ ਇਹ ਵੀ ਯਾਦ ਰੱਖ ਸਕਦੇ ਹਨ ਕਿ ਕਿਹੜਾ ਵਿਅਕਤੀ ਖਤਰਨਾਕ ਹੈ? ਇਥੋਂ ਤਕ ਕਿ ਜੇਕਰ ਉਹ ਇਕ ਹੀ ਵਿਅਕਤੀ ਨੂੰ ਦੂਸਰੀ ਜਗ੍ਹਾ ’ਤੇ ਮਿਲਦੇ ਹਨ ਤਾਂ ਉਹ ਉਸ ਨੂੰ ਪਛਾਣ ਲੈਣਗੇ। ਇਕ ਪ੍ਰਯੋਗ ਵਿਚ ਖੋਜਕਾਰਾਂ ਨੇ ਮਾਸਕ ਵਿਚ ਮਰੇ ਹੋਏ ਕਾਵਾਂ ਦੀਆਂ ਲਾਸ਼ਾਂ ਨੂੰ ਜਿਊਂਦੇ ਕਾਵਾਂ ਲਈ ਭੋਜਨ ਦਿੰਦੇ ਸਮੇਂ ਰੱਖਿਆ। ਕਾਵਾਂ ਨੇ ਭੋਜਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ, ਹੋਰਨਾਂ ਸਾਰੇ ਕਾਵਾਂ ਨੂੰ ਚੌਕਸ ਕੀਤਾ ਅਤੇ ਖੋਜਕਾਰਾਂ ਉੱਤੇ ਹਮਲਾ ਕੀਤਾ। ਜਦੋਂ ਖੋਜਕਾਰ ਹਫਤਿਆਂ ਬਾਅਦ ਉਹੀ ਮਾਸਕ ਪਹਿਨ ਕੇ ਅਤੇ ਮਰੇ ਹੋਏ ਕਾਵਾਂ ਤੋਂ ਬਿਨਾਂ ਪਰਤੇ ਤਾਂ ਵੀ ਪੰਛੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਰਹੇ। ਕੁਝ ਦਿਨਾਂ ਬਾਅਦ ਵੀ ਉਸ ਖੇਤਰ ਤੋਂ ਕੋਈ ਭੋਜਨ ਨਹੀਂ ਉਠਾਇਆ ਗਿਆ। ਜਦੋਂ ਇਕ ਕਾਂ ਦਾ ਸਾਹਮਣਾ ਕਿਸੇ ਤੁੱਛ ਮਨੁੱਖ ਨਾਲ ਹੁੰਦਾ ਹੈ ਤਾਂ ਇਹ ਹੋਰਨਾਂ ਕਾਵਾਂ ਨੂੰ ਸਿਖਾਏਗਾ ਕਿ ਉਸ ਵਿਅਕਤੀ ਦੀ ਪਛਾਣ ਕਿਵੇਂ ਕਰੀਏ? ਕਾਂ ਕੰਮਾਂ, ਚਾਲਾਂ, ਇਥੋਂ ਤਕ ਕਿ ਸਮੇਂ ਨੂੰ ਪਛਾਣਦੇ ਹਨ ਅਤੇ ਉਹ ਨਾਰਾਜ਼ਗੀ ਬਣਾਈ ਰੱਖਦੇ ਹਨ।
ਖੋਜਕਾਰਾਂ ਨੇ ਇਕ ਵਿਅਕਤੀ ਦੇ ਚਿਹਰੇ ਦਾ ਨਕਾਬ ਪਹਿਨੀ 12 ਕਾਵਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਬੰਦ ਕਰ ਦਿੱਤਾ। ਫਿਰ ਦੂਜੇ ਮਾਸਕ ਨੂੰ ਪਹਿਨ ਕੇ ਉਨ੍ਹਾਂ ਨੂੰ ਖਾਣਾ ਦਿੱਤਾ। ਚਾਰ ਹਫਤਿਆਂ ਦੀ ਕੈਦ ਵਿਚ ਲੇਖਕਾਂ ਨੇ ਕਾਂ ਦੇ ਦਿਮਾਗ ਦੀ ਦਿੱਖ ਬਣਾਈ ਅਤੇ ਉਨ੍ਹਾਂ ਨੇ ਦੇਖਿਆ ਕਿ ਇਨਸਾਨਾਂ ਵਾਂਗ ਇਨ੍ਹਾਂ ਪੰਛੀਆਂ ਵਿਚ ਵੀ ਆਪਣੇ ਤਜਰਬਿਆਂ ਨਾਲ ਜੁੜੇ ਲੋਕਾਂ ਨੂੰ ਪਛਾਣਨ ਦੀ ਸਮਰੱਥਾ ਹੁੰਦੀ ਹੈ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਬੰਦੀ ਬਣਾਉਣ ਵਾਲਿਆਂ ਦੇ ਚਿਹਰੇ ਦਿਖਾਏ ਗਏ ਤਾਂ ਡਰ ਨਾਲ ਭਰੇ ਚਿਹਰੇ ਵਿਚ ਮਨੁੱਖਾਂ ਅਤੇ ਹੋਰ ਵਰਟੀਬੇਟ ਵਿਚ ਗਿਆਤ ਸਰਗਰਮ ਸਰਕਿਟਰੀ ਦੇਖੀ ਗਈ, ਜੋ ਭਾਵਨਾ, ਪ੍ਰੇਰਣਾ ਅਤੇ ਹਾਲਾਤ ਸਬੰਧੀ ਡਰ ਦਿਖਾਉਣ ਨਾਲ ਸਬੰਧਤ ਹੈੈ। ਇਸ ਦੇ ਉਲਟ ਜਦੋਂ ਉਨ੍ਹਾਂ ਨੇ ਦੇਖ-ਰੇਖ ਕਰਨ ਵਾਲੇ ਦੇ ਚਿਹਰੇ ਨੂੰ ਦੇਖਿਆ ਤਾਂ ਇਸ ਨੇ ਦਿਮਾਗ ਦੇ ਸਬੰਧ ਸਿੱਖਣ, ਪ੍ਰੇਰਣਾ ਅਤੇ ਭੁੱਖ ਨਾਲ ਜੁੜੇ ਖੇਤਰਾਂ ਨੂੰ ਐਕਟੀਵੇਟ ਕਰ ਦਿੱਤਾ ਸੀ। ਦੂਸਰੇ ਸ਼ਬਦਾਂ ਵਿਚ ਮਨੁੱਖਾਂ ਵਾਂਗ ਕਾਂ ਚਿਹਰੇ ਨੂੰ ਪਛਾਣਦੇ ਹਨ ਅਤੇ ਉਨ੍ਹਾਂ ਨੂੰ ਭਾਵਨਾਵਾਂ ਅਤੇ ਯਾਦਦਾਸ਼ਤ ਨਾਲ ਜੋੜਦੇ ਹਨ।
ਉਹ ਕਿੰਨੇ ਸਮਾਰਟ ਹਨ? ਸਾਲ 2018 ਵਿਚ ਵਾਨ ਬਾਇਰਨ, ਡੈਨੇਲ, ਔਰਸਪਗ, ਮਿਓਡੁਸਜੁਸਕਾ ਅਤੇ ਕੈਸੇਲਨਿਕ ਵਲੋਂ ਕੀਤਾ ਗਿਆ ਅਤੇ ਨੇਚਰ ਸਾਇੰਟੀਫਿਕ ਵਲੋਂ ਪ੍ਰਕਾਸ਼ਿਤ ਕੰਪਾਊਂਡ ਟੂਲ ਕੰਸਟਰੱਕਸ਼ਨ ਬਾਈ ਨਿਊ ਕੈਲੇਡੋਨੀਅਨ ਕ੍ਰੋਜ਼ ਨਾਂ ਦਾ ਇਕ ਅਧਿਐਨ ਸੂਚਿਤ ਕਰਦਾ ਹੈ ਕਿ ਉਨ੍ਹਾਂ ਨੇ 8 ਜੰਗਲੀ ਨਿਊ ਕੈਲੇਡੋਨੀਅਨ ਕਾਵਾਂ ਦੀ ਵਰਤੋਂ ਕੀਤੀ ਸੀ। ਪਹਿਲੇ ਪੜਾਅ ਵਿਚ ਪੰਛੀਆਂ ਨੂੰ ਇਕ ਲੰਮੀ ਛੜੀ ਅਤੇ ਇਕ ਲਾਲਚ ਵਾਲਾ ਟੈਸਟ ਬਾਕਸ ਪ੍ਰਦਾਨ ਕੀਤਾ ਗਿਆ ਸੀ, ਜਿੱਥੇ ਛੜੀ ਦੀ ਵਰਤੋਂ ਕਰ ਕੇ ਭੋਜਨ ਪ੍ਰਾਪਤ ਕੀਤਾ ਜਾ ਸਕਦਾ ਸੀ ਪਰ ਇਸ ਤੋਂ ਬਿਨਾਂ ਨਹੀਂ। ਇਕ ਲੰਮੀ ਛੜੀ ਦੀ ਬਜਾਏ ਦੂਸਰੇ ਪੜਾਅ ਵਿਚ ਉਨ੍ਹਾਂ ਨੂੰ ਇਕ ਖੋਖਲਾ ਸਿਲੰਡਰ ਦਿੱਤਾ ਗਿਆ ਅਤੇ ਇਕ ਦੂਜਾ ਪਤਲਾ ਸਿਲੰਡਰ ਦਿੱਤਾ ਗਿਆ, ਜਿਸ ਨੂੰ ਭੋਜਨ ਤਕ ਪਹੁੰਚਾਉਣ ਲਈ ਇਕ ਉਪਕਰਣ ਬਣਾਉਣ ਲਈ ਦੋਹਾਂ ਨੂੰ ਜੋੜਨ ਦੀ ਲੋੜ ਸੀ। ਤੀਜੇ ਪੜਾਅ ਵਿਚ ਪੰਛੀਆਂ ਨੂੰ ਨਵੀਆਂ ਜੋੜੀਆਂ ਜਾ ਸਕਣ ਵਾਲੀਆਂ ਵਸਤਾਂ ਦਿੱਤੀਆਂ ਗਈਆਂ ਸਨ। ਆਖਰੀ ਪੜਾਅ ਵਿਚ ਪੰਛੀਆਂ ਨੂੰ ਇਕ ਲਾਲਚ ਬਾਕਸ ਦਿੱਤਾ ਗਿਆ ਸੀ, ਜਿਸ ਵਿਚ 2 ਤੋਂ ਵੱਧ ਤੱਤਾਂ ਨੂੰ ਮਿਲਾਉਣ ਦੀ ਲੋੜ ਸੀ।
ਚਿੰਪੈਂਜ਼ੀ ਅਤੇ ਗੁਰਿੱਲੇ ਨਾਲੋਂ ਵੱਧ ਸਮਾਰਟ ਹੁੰਦੇ ਹਨ ਕਾਂ
ਪੰਛੀਆਂ ਨੇ ਮੁੱਢਲਾ ਉਪਕਰਣ ਪ੍ਰੀਖਣ ਪਾਸ ਕਰ ਲਿਆ, ਫਿਰ ਭੋਜਨ ਪ੍ਰਾਪਤ ਕਰਨ ਲਈ ਦੋ ਤੱਤਾਂ ਨੂੰ ਮਿਲਾਇਆ ਅਤੇ ਫਿਰ ਇਸ ਗਿਆਨ ਦੀ ਵਰਤੋਂ ਨਵੀਆਂ ਚੀਜ਼ਾਂ ਨੂੰ ਜੁਟਾਉਣ ਲਈ ਕੀਤੀ। ਆਖਰੀ ਪੜਾਅ ਵਿਚ ਇਕ ਪੰਛੀ ਇਕ ਅਜਿਹਾ ਉਪਕਰਣ ਬਣਾਉਣ ਵਿਚ ਸਫਲ ਰਿਹਾ, ਜਿਸ ਨੂੰ 2 ਤੋਂ ਵੱਧ ਤੱਤਾਂ ਦੀ ਲੋੜ ਸੀ। ਇਨ੍ਹਾਂ ਸਿੱਟਿਆਂ ਤੋਂ ਪਤਾ ਲੱਗਾ ਹੈ ਕਿ ਨਿਊ ਕੈਲੇਡੋਨੀਅਨ ਕਾਂ ਉਪਕਰਣ ਬਣਾਉਣ ਵਿਚ ਚਿੰਪੈਂਜ਼ੀ ਅਤੇ ਗੁਰਿੱਲੇ ਤੋਂ ਵੱਧ ਸਮਾਰਟ ਹਨ। ਨਵੀਂ ਖੋਜ ਤੋਂ ਪਤਾ ਲੱਗਦਾ ਹੈ ਕਿ ਕੈਲੇਡੋਨੀਅਨ ਕਾਂ ਲੱਕੜੀ ਦੇ ਪਤਲੇ ਟੁਕੜਿਆਂ ਨੂੰ ਕਿਸੇ ਕਿੱਲ ਆਦਿ ਨਾਲ ਜੋੜਦੇ ਹਨ ਅਤੇ ਹੁੱਕ ਨੂੰ ਮੋੜ ਕੇ ਤਾਰਾਂ ਵਿਚ ਲਾ ਲੈਂਦੇ ਹਨ ਅਤੇ ਆਪਣੇ ਖਿੱਚਣ ਵਾਲੇ ਉਪਕਰਣ ਨੂੰ ਭਵਿੱਖ ਵਿਚ ਵਰਤੋਂ ਲਈ ਆਪਣੇ ‘ਟੂਲ ਬਾਕਸ’ ਵਿਚ ਤਿਆਰ ਰੱਖਦੇ ਹਨ।
ਕੈਲੇਡੋਨੀਅਨ ਕਾਵਾਂ ਦੇ ਇਕ ਹੋਰ ਅਧਿਐਨ ਵਿਚ ਖੋਜਕਾਰਾਂ ਨੇ ਇਕ ਵੈਂਡਿੰਗ ਮਸ਼ੀਨ ਸਥਾਪਿਤ ਕੀਤੀ, ਜਿਸ ਨੂੰ ਇਕ ਨਿਸ਼ਚਿਤ ਆਕਾਰ ਦੇ ਕਾਗਜ਼ ਦੇ ਟੁਕੜੇ ਨੂੰ ਇਕ ਸਲਾਟ ਵਿਚ ਪਾ ਕੇ ਸੰਚਾਲਿਤ ਕੀਤਾ ਜਾ ਸਕਦਾ ਸੀ, ਜਿਸ ਤੋਂ ਬਾਅਦ ਹੀ ਭੋਜਨ ਬਾਹਰ ਨਿਕਲਦਾ। ਕਾਵਾਂ ਨੇ ਬਹੁਤ ਜਲਦੀ ਭੋਜਨ ਹਾਸਿਲ ਕਰਨ ਲਈ ਕਾਗਜ਼ ਨੂੰ ਵੈਂਡਿੰਗ ਮਸ਼ੀਨ ਵਿਚ ਪਾਉਣਾ ਸਿੱਖ ਲਿਆ। ਫਿਰ ਕਾਂ ਨੂੰ ਵੈਂਡਿੰਗ ਮਸ਼ੀਨ ਲਈ ਇਕ ਗਲਤ ਆਕਾਰ ਦਾ ਕਾਗਜ਼ ਦਿੱਤਾ ਗਿਆ। ਉਨ੍ਹਾਂ ਦੀ ਯਾਦ ਨੂੰ ਛੱਡ ਕੇ ਉਨ੍ਹਾਂ ਕੋਲ ਕਾਗਜ਼ ਦੇ ਆਕਾਰ ਲਈ ਕੋਈ ਸੰਦਰਭ ਨਹੀਂ ਸੀ। ਕਾਂ ਨੇ ਬਿਨਾਂ ਕਿਸੇ ਸਮੱਸਿਆ ਦੇ ਕਾਗਜ਼ ਨੂੰ ਸਹੀ ਆਕਾਰ ਅਤੇ ਰੂਪ ਦਾ ਬਣਾ ਲਿਆ ਸੀ।
ਈਸਪ ਦੀ ਪ੍ਰਸਿੱਧ ਕਾਲਪਨਿਕ ਕਥਾ ‘ਦਿ ਕ੍ਰੋ ਐਂਡ ਦਿ ਪਿਚਰ’ ਇਕ ਪਿਆਸੇ ਕਾਂ ਬਾਰੇ ਦੱਸਦੀ ਹੈ, ਜੋ ਤਲ ਵਿਚ ਪਾਣੀ ਹੋਣ ਵਾਲੇ ਘੜੇ ਵਿਚ ਪੱਥਰ ਸੁੱਟਦਾ ਹੈ, ਜਿਸ ਨਾਲ ਪਾਣੀ ਦਾ ਪੱਧਰ ਕਾਂ ਦੇ ਪੀਣ ਲਾਇਕ ਉੱਚਾ ਹੋ ਜਾਂਦਾ ਹੈ। ਇਸ ਕਹਾਣੀ ਨੂੰ ਪੁਸ਼ਟ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਗਿਆਨੀਆਂ ਨੇ ਦੇਖਿਆ ਕਿ ਇਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਕਾਂ ਨੇ ਪੱਥਰ ਨੂੰ ਪਾਣੀ ਵਾਲੀ ਟਿਊਬ ਵਿਚ ਡੇਗ ਦਿੱਤਾ ਪਰ ਰੇਤ ਵਾਲੀ ਟਿਊਬ ਵਿਚ ਨਹੀਂ। ਉਨ੍ਹਾਂ ਨੇ ਭਾਰੀ ਵਸਤਾਂ ਨੂੰ ਪਾਣੀ ਵਿਚ ਉਦੋਂ ਤਕ ਸੁੱਟਿਆ, ਜਦੋਂ ਤਕ ਪਾਣੀ ਉਨ੍ਹਾਂ ਦੀ ਪਹੁੰਚ ਤਕ ਨਹੀਂ ਆ ਗਿਆ। ਉਨ੍ਹਾਂ ਨੇ ਅਜਿਹੀਆਂ ਵਸਤਾਂ ਦੀ ਚੋਣ ਨਹੀਂ ਕੀਤੀ, ਜੋ ਪਾਣੀ ਵਿਚ ਤੈਰਦੀਆਂ ਹੋਣ। ਨਾ ਹੀ ਉਨ੍ਹਾਂ ਨੇ ਉਨ੍ਹਾਂ ਦੀ ਚੋਣ ਕੀਤੀ, ਜੋ ਘੜੇ ਲਈ ਬਹੁਤ ਵੱਡੀਆਂ ਸਨ। ਮਨੁੱਖ ਦੇ ਬੱਚੇ 5 ਤੋਂ 7 ਸਾਲ ਦੀ ਉਮਰ ਦੇ ਨੇੜੇ-ਤੇੜੇ ਅਜਿਹੀ ਸਮਝ ਹਾਸਿਲ ਕਰਦੇ ਹਨ।
ਮਾਸਕੋ ਸਟੇਟ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਆਯੋਵਾ ਵਿਚ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਕਾਂ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸਮਰੱਥ ਹਨ, ਜਿਨ੍ਹਾਂ ਲਈ ਅਮੂਰਤ ਸੋਚ ਦੀ ਲੋੜ ਹੁੰਦੀ ਹੈ। ਉਦਾਹਰਣ ਲਈ ਸਮਾਨਤਾ ਅਤੇ ਭਿੰਨਤਾ ਮਹੱਤਵਪੂਰਨ ਅਮੂਰਤ ਵਿਚਾਰ ਹਨ ਕਿਉਂਕਿ ਕਿਸੇ ਵੀ ਤਰ੍ਹਾਂ ਦੀਆਂ ਦੋ ਜਾਂ ਦੋ ਤੋਂ ਵੱਧ ਵਸਤਾਂ–ਸਿੱਕੇ, ਕੱਪ, ਟੋਪੀ ਜਾਂ ਕਾਰਾਂ ਇਕ-ਦੂਸਰੇ ਦੇ ਬਰਾਬਰ ਜਾਂ ਵੱਖਰੀਆਂ ਹੋ ਸਕਦੀਆਂ ਹਨ। ਅਨੁਰੂਪਤਾ ਤਰਕ ਨੂੰ ਅਹਿਸਾਸ ਦਾ ਸਿਖਰ ਮੰਨਿਆ ਜਾਂਦਾ ਹੈ ਅਤੇ ਇਹ ਸਿਰਫ 3 ਅਤੇ 4 ਸਾਲ ਦੀ ਉਮਰ ਵਿਚਾਲੇ ਮਨੁੱਖਾਂ ਵਿਚ ਵਿਕਸਿਤ ਹੁੰਦਾ ਹੈ। ਟੀਮ ਨੇ ਕਾਵਾਂ ਨੂੰ ਉਨ੍ਹਾਂ ਵਸਤਾਂ ਨਾਲ ਮੇਲ ਖਾਣ ਲਈ ਟ੍ਰੇਂਡ ਕੀਤਾ, ਜੋ ਇਕ-ਦੂਜੇ ਦੇ ਬਰਾਬਰ ਸਨ (ਬਰਾਬਰ ਦੇ ਰੰਗ, ਬਰਾਬਰ ਆਕਾਰ ਜਾਂ ਬਰਾਬਰ ਗਿਣਤੀ)। ਉਸ ਤੋਂ ਬਾਅਦ ਪੰਛੀਆਂ ਦਾ ਇਹ ਦੇਖਣ ਲਈ ਪ੍ਰੀਖਣ ਕੀਤਾ ਗਿਆ ਸੀ ਕਿ ਕੀ ਉਹ ਇਕ-ਦੂਜੇ ਨਾਲ ਬਰਾਬਰ ਸਬੰਧ ਵਾਲੀਆਂ ਵਸਤਾਂ ਦਾ ਮੇਲ ਕਰਾ ਸਕਦੇ ਹਨ? ਉਦਾਹਰਣ ਵਜੋਂ ਇਕ ਘੇਰਾ ਅਤੇ ਇਕ ਵਰਗ, ਦੋ ਸੰਤਰਿਆਂ ਦੀ ਬਜਾਏ ਲਾਲ ਅਤੇ ਹਰੇ ਰੰਗ ਦੇ ਜ਼ਿਆਦਾ ਅਨੁਰੂਪ ਹੋਣਗੇ। ਕਾਵਾਂ ਨੇ ਧਾਰਨਾ ਨੂੰ ਪਹਿਲੀ ਵਾਰ ਹੀ ਸਮਝ ਲਿਆ, ਬਰਾਬਰ ਅਤੇ ਵੱਖਰੇਪਣ ਦੀਆਂ ਧਾਰਨਾਵਾਂ ਬਿਨਾਂ ਕਿਸੇ ਟ੍ਰੇਨਿੰਗ ਦੇ।
ਕਾਂ ਦੇ ਸਰੀਰ ਦੇ ਆਕਾਰ ਦੇ ਹੋਰ ਪੰਛੀਆਂ ਦੀ ਤੁਲਨਾ ਵਿਚ ਉਨ੍ਹਾਂ ਦੇ ਦਿਮਾਗ ਮੁਕਾਬਲਤਨ ਵੱਡੇ ਹੁੰਦੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਕ ਉੱਚ ਨਿਊਰੋਨਲ ਘਣਤਵ ਹੁੰਦਾ ਹੈ–ਪ੍ਰਾਈਮੇਟਸ ਦੀ ਤੁਲਨਾ ਵਿਚ ਦਿਮਾਗ ਦੇ ਪ੍ਰਤੀ ਗ੍ਰਾਮ ਨਿਊਰਾਨਜ਼ ਦੀ ਗਿਣਤੀ। ਇਸ ਲਈ ਉਹ ਆਪਣੇ ਛੋਟੇ ਦਿਮਾਗ ਵਿਚ ਜ਼ਿਆਦਾ ਸਮਾਉਣ ਦੀ ਸ਼ਕਤੀ ਰੱਖਦੇ ਹਨ। ਮੈਂ ਅਜੇ ਵੀ ਹੈਰਾਨ ਹਾਂ ਕਿ ਉਹ ਕਾਂ ਮੈਨੂੰ ਕੀ ਕਹਿ ਰਿਹਾ ਸੀ?
(gandhim@nic.in)
ਹਿਮਾਚਲ ’ਚ ਸੰਗਠਨ ਵਿਚ ਮੁਕੰਮਲ ਬਦਲਾਅ ਵੱਲ ਵਧ ਰਹੀ ਹੈ ਕਾਂਗਰਸ
NEXT STORY