ਦੇਸ਼ ਦੇ ਮਹਾਨਗਰਾਂ ’ਚ ਟ੍ਰੈਫਿਕ ਜਾਮ ਹੋਣਾ ਅੱਜ ਇਕ ਆਮ ਗੱਲ ਹੋ ਗਈ ਹੈ। ਅਕਸਰ ਅਜਿਹੇ ਜਾਮਾਂ ’ਚ ਫਸ ਕੇ ਤੁਸੀਂ ਸਾਰਿਆਂ ਨੇ ਆਪਣਾ ਬਹੁਮੁੱਲਾ ਸਮਾਂ ਅਤੇ ਈਂਧਣ ਜ਼ਰੂਰ ਗਵਾਇਆ ਹੋਵੇਗਾ। ਦੇਸ਼ ’ਚ ਵਧਦੀ ਹੋਈ ਆਬਾਦੀ ਦੇ ਨਾਲ-ਨਾਲ ਜਿਸ ਤਰ੍ਹਾਂ ਵਾਹਨਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ, ਟ੍ਰੈਫਿਕ ਜਾਮ ਤਾਂ ਵਧਣਗੇ ਹੀ। ਟ੍ਰੈਫਿਕ ਪੁਲਸ ਹੋਵੇ ਜਾਂ ਸੜਕਾਂ ’ਤੇ ਚੱਲਣ ਵਾਲੇ ਆਮ ਨਾਗਰਿਕ, ਸਾਰੇ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਟ੍ਰੈਫਿਕ ਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜਨਤਾ ਤੇ ਪੁਲਸ ਨੂੰ ਇਕ-ਦੂਜੇ ਦਾ ਸਹਿਯੋਗ ਕਰਨਾ ਹੋਵੇਗਾ ਅਤੇ ਜਾਮ ਤੋਂ ਨਿਜਾਤ ਪਾਉਣ ਦੇ ਨਵੇਂ ਬਦਲ ਲੱਭਣੇ ਹੋਣਗੇ।
ਪਿਛਲੇ ਦਿਨੀਂ ਅਖਬਾਰ ’ਚ ਦਿੱਲੀ ਟ੍ਰੈਫਿਕ ਪੁਲਸ ਦੇ ਵਿਸ਼ੇਸ਼ ਕਮਿਸ਼ਨਰ ਐੱਸ. ਐੱਸ. ਯਾਦਵ ਦਾ ਇਕ ਬਿਆਨ ਛਪਿਆ ਸੀ ਜਿਸ ’ਚ ਸ਼੍ਰੀ ਯਾਦਵ ਨੇ ਦਿੱਲੀ ਪੁਲਸ ਦੇ ਟ੍ਰੈਫਿਕ ਸਟਾਫ ਨੂੰ ਇਕ ਨਵੇਂ ਅੰਦਾਜ਼ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਇਹ ਸ਼ਿਕਾਇਤ ਆ ਰਹੀ ਸੀ ਕਿ ਦਿੱਲੀ ਦੇ ਟ੍ਰੈਫਿਕ ਪੁਲਸ ਮੁਲਾਜ਼ਮ ਵੱਡੀਆਂ- ਵੱਡੀਆਂ ਲਗਜ਼ਰੀ ਗੱਡੀਆਂ ਦੇ ਚਾਲਕਾਂ ਕੋਲੋਂ ਗੈਰ-ਕਾਨੂੰਨੀ ਢੰਗ ਨਾਲ ਚਲਾਨ ਦੇ ਬਦਲੇ ਮੋਟੀ ਰਕਮ ਵਸੂਲ ਰਹੇ ਸਨ। ਦਿੱਲੀ ਦੇ ਸਾਰੇ 15 ਜ਼ਿਲਿਆਂ ਨੂੰ ਨਿਰਦੇਸ਼ਿਤ ਕਰਦੇ ਹੋਏ ਸ਼੍ਰੀ ਯਾਦਵ ਨੇ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਜੇ ਕਿਸੇ ਵੀ ਸਿਪਾਹੀ ਨੂੰ ਅਜਿਹੀ ਗੈਰ-ਕਾਨੂੰਨੀ ਵਸੂਲੀ ਦਾ ਦੋਸ਼ੀ ਪਾਇਆ ਜਾਵੇਗਾ ਤਾਂ ਸਬੰਧਤ ਟ੍ਰੈਫਿਕ ਇੰਸਪੈਕਟਰ ਸਮੇਤ ਏ. ਸੀ. ਪੀ. ਤੇ ਡੀ. ਸੀ. ਪੀ. ਤੋਂ ਇਸ ਦਾ ਸਪੱਸ਼ਟੀਕਰਨ ਮੰਗਿਆ ਜਾਵੇਗਾ। ਇਸ ਦੀ ਰੋਕਥਾਮ ਲਈ ਸੀਨੀਅਰ ਪੁਲਸ ਮੁਲਾਜ਼ਮ ਵੱਲੋਂ ਅਚਨਚੇਤੀ ਨਿਰੀਖਣ ਵੀ ਕੀਤੇ ਗਏ। ਇਨ੍ਹਾਂ ਨਿਰੀਖਣਾਂ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਟ੍ਰੈਫਿਕ ਪੁਲਸ ਮੁਲਾਜ਼ਮ ਵੱਡੀਆਂ-ਵੱਡੀਆਂ ਗੱਡੀਆਂ ਨੂੰ ਚੈੱਕ ਕਰਨ ਦੇ ਇਰਾਦੇ ਨਾਲ ਅਚਾਨਕ ਉਨ੍ਹਾਂ ਦੇ ਅੱਗੇ ਆ ਜਾਂਦੇ ਹਨ ਅਤੇ ਉਨ੍ਹਾਂ ਗੱਡੀਆਂ ਨੂੰ ਰੁਕਵਾਉਂਦੇ ਹਨ। ਇੰਝ ਕਰਨ ਨਾਲ ਨਾ ਸਿਰਫ ਹਾਦਸੇ ਦੀ ਸੰਭਾਵਨਾ ਵਧ ਜਾਂਦੀ ਹੈ ਸਗੋਂ ਜਾਮ ਵੀ ਲੱਗ ਜਾਂਦੇ ਹਨ।
ਇਸ ਲਈ ਸ਼੍ਰੀ ਯਾਦਵ ਵੱਲੋਂ ਇਹ ਇਕ ਚੰਗੀ ਪਹਿਲ ਹੈ ਪਰ ਅਜਿਹੇ ਅਚਨਚੇਤੀ ਨਿਰੀਖਣ ਸਿਰਫ ਚਲਾਨ ਦਸਤੇ ’ਤੇ ਹੀ ਸੀਮਤ ਨਾ ਹੋਣ। ਟ੍ਰੈਫਿਕ ਕੰਟ੍ਰੋਲ ਰੂਮ ’ਚ ਬੈਠਣ ਵਾਲੇ ਟੈਲੀਫੋਨ ਆਪ੍ਰੇਟਰਾਂ ਦਾ ਵੀ ਅਚਨਚੇਤੀ ਨਿਰੀਖਣ ਹੋਣਾ ਚਾਹੀਦਾ ਹੈ। ਪੂਰੇ ਦਿਨ ਦੇ ਭੀੜ-ਭਾੜ ਵਾਲੇ ਸਮੇਂ ’ਚ ਉਨ੍ਹਾਂ ਨੂੰ ਸਭ ਤੋਂ ਵੱਧ ਫੋਨ ਕਾਲ ਕਿਹੜੇ-ਕਿਹੜੇ ਇਲਾਕਿਆਂ ਤੋਂ ਆਏ? ਕੀ ਉਨ੍ਹਾਂ ਇਲਾਕਿਆਂ ਤੋਂ ਅਜਿਹੀ ਕਾਲ ਰੋਜ਼ਾਨਾ ਆਉਂਦੀ ਹੈ? ਕੀ ਇਨ੍ਹਾਂ ਕਾਲਾਂ ਨੂੰ ਸਬੰਧਤ ਇਲਾਕੇ ਦੇ ਅਧਿਕਾਰੀਆਂ ਨੂੰ ਭੇਜ ਕੇ ਹੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਹੈ? ਦੱਸਣਯੋਗ ਹੈ ਕਿ, ਅੱਜ ਦੇ ਸੂਚਨਾ ਤਕਨਾਲੋਜੀ ਦੇ ਯੁੱਗ ’ਚ ਗੂਗਲ ਮੈਪ ਦੀ ਮਦਦ ਨਾਲ ਅਸੀਂ ਕਿਤੇ ਵੀ ਜਾਣ ਤੋਂ ਪਹਿਲਾਂ ਪੂਰਾ ਮਾਰਗ ਦੇਖ ਕੇ ਇਹ ਜਾਣ ਲੈਂਦੇ ਹਾਂ ਕਿ ਕਿੰਨਾ ਸਮਾਂ ਲੱਗੇਗਾ, ਜਾਮ ਹੈ ਜਾਂ ਨਹੀਂ। ਉਸੇ ਆਧਾਰ ’ਤੇ ਬਦਲਵੇਂ ਮਾਰਗ ਦੀ ਚੋਣ ਕਰ ਲੈਂਦੇ ਹਾਂ। ਠੀਕ ਉਸੇ ਤਰ੍ਹਾਂ ਕੀ ਟ੍ਰੈਫਿਕ ਪੁਲਸ ਦੇ ਅਧਿਕਾਰੀ ਕੰਟ੍ਰੋਲ ਰੂਮ ’ਚ ਬੈਠ ਕੇ, ਗੂਗਲ ਮੈਪ ਰਾਹੀਂ ਜਾਮ ਲੱਗੇ ਇਲਾਕਿਆਂ ਦੀ ਸੂਚਨਾ ਸਬੰਧਤ ਇਲਾਕੇ ਦੇ ਪੁਲਸ ਅਫਸਰਾਂ ਨੂੰ ਨਹੀਂ ਦੇ ਸਕਦੇ? ਜੇ ਅਜਿਹੀ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਮਿਲ ਜਾਵੇ ਤਾਂ ਉਨ੍ਹਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ’ਤੇ ਨਜ਼ਰ ਰੱਖੀ ਜਾ ਸਕਦੀ ਹੈ। ਉਨ੍ਹਾਂ ਨੂੰ ਮੌਕੇ ’ਤੇ ਪਹੁੰਚ ਕੇ ਜਾਮ ਨੂੰ ਖੁਲ੍ਹਵਾਉਣਾ ਪਵੇਗਾ। ਪੂਰੇ ਦੇਸ਼ ਦੀ ਟ੍ਰੈਫਿਕ ਪੁਲਸ ਨੂੰ ਇਸ ਸੁਝਾਅ ’ਤੇ ਗੌਰ ਕਰਨਾ ਚਾਹੀਦਾ ਹੈ।
ਦਿੱਲੀ ਜਾਂ ਹੋਰ ਮਹਾਨਗਰਾਂ ’ਚ ਲੱਗਣ ਵਾਲੇ ਜਾਮ ਦਾ ਕਾਰਨ ਕੀ ਹੁੰਦਾ ਹੈ, ਇਸ ’ਤੇ ਵੀ ਧਿਆਨ ਦੇਣ ਦੀ ਲੋੜ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸੜਕਾਂ ’ਤੇ ਲੱਗਣ ਵਾਲੇ ਜਾਮ ਦੇ ਪਿੱਛੇ ਬਾਜ਼ਾਰਾਂ ਦੇ ਸਾਹਮਣੇ ਗਲਤ ਪਾਰਕਿੰਗ ਕਰਨਾ, ਉਲਟੀ ਦਿਸ਼ਾ ਤੋਂ ਟ੍ਰੈਫਿਕ ਦਾ ਆਉਣਾ, ਗਲਤ ਲੇਨ ’ਚ ਵਾਹਨ ਚਲਾਉਣਾ, ਟ੍ਰੈਫਿਕ ਸਿਗਨਲ ਦਾ ਸਹੀ ਤਰ੍ਹਾਂ ਕੰਮ ਨਾ ਕਰਨਾ, ਭੀੜ-ਭਾੜ ਵਾਲੇ ਸਮੇਂ ’ਚ ਟ੍ਰੈਫਿਕ ਪੁਲਸ ਮੁਲਾਜ਼ਮਾਂ ਦਾ ਨਦਾਰਦ ਰਹਿਣਾ, ਬੱਸ ਸਟੈਂਡ ਜਾਂ ਮੈਟਰੋ ਸਟੇਸ਼ਨ ’ਤੇ ਆਟੋ ਤੇ ਰਿਕਸ਼ਾ ਦੀ ਭੀੜ ਲੱਗਣਾ ਤੇ ਸੜਕਾਂ ਦਾ ਰੱਖ-ਰਖਾਅ ਨਾ ਹੋਣਾ ਵਰਗੇ ਕਈ ਕਾਰਨ ਹਨ। ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਹਰ ਸੂਬੇ ਕੋਲ ਟ੍ਰੈਫਿਕ ਵਿਵਸਥਾ ਨੂੰ ਸੰਭਾਲਣ ਲਈ ਲੋੜੀਂਦਾ ਸਟਾਫ ਨਹੀਂ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਟਾਫ ਦੀ ਕਮੀ ਕਾਰਨ ਜਾਮ ਨੂੰ ਵਧਣ ਦਿੱਤਾ ਜਾਵੇ। ਸੀਮਤ ਸਾਧਨਾਂ ਨਾਲ ਵੀ ਅਸੀਮਤ ਕੰਮ ਕੀਤੇ ਜਾ ਸਕਦੇ ਹਨ ਜੇ ਇਰਾਦੇ ਠੀਕ ਹੋਣ।
ਹਰ ਉਹ ਬਾਜ਼ਾਰ ਜੋ ਮੇਨ ਰੋਡ ਨੂੰ ਜਾਮ ਕਰ ਸਕਦੇ ਹਨ, ਉੱਥੇ ਟ੍ਰੈਫਿਕ ਪੁਲਸ ਵਿਭਾਗ ਨੂੰ ਸਿਵਲ ਡਿਫੈਂਸ ਦੇ ਜਵਾਨਾਂ ਦੀ ਮਦਦ ਲੈਣੀ ਚਾਹੀਦੀ ਹੈ, ਜੋ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜੋ ਵੀ ਵਾਹਨ ਗਲਤ ਪਾਰਕਿੰਗ ਕਰ ਰਿਹਾ ਹੋਵੇ ਉਹ ਉਸ ਨੂੰ ਟੋਕਣ, ਭਾਵੇਂ ਮੈਗਾ ਮਾਇਕ ਦੀ ਮਦਦ ਨਾਲ ਜਾਂ ਸੀਟੀ ਵਜਾ ਕੇ। ਜਿਵੇਂ ਹੀ ਵਾਹਨ ਚਾਲਕ ਨੂੰ ਸੀਟੀ ਜਾਂ ਮਾਇਕ ਦੀ ਆਵਾਜ਼ ਸੁਣਾਈ ਦੇਵੇਗੀ ਉਹ ਸਾਵਧਾਨ ਹੋ ਜਾਵੇਗਾ। ਇਸ ਦੇ ਬਾਵਜੂਦ ਵੀ ਜੇ ਉਹ ਆਪਣਾ ਵਾਹਨ ਗਲਤ ਢੰਗ ਨਾਲ ਪਾਰਕ ਕਰਦਾ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਉਸ ਨੂੰ ਚਲਾਨ ਵਿਭਾਗ ’ਚ ਭੇਜਿਆ ਜਾਵੇ। ਇਸ ਦੇ ਇਲਾਵਾ ਜਿੱਥੇ ਵੀ ਸੰਭਵ ਹੋਵੇ ਉੱਥੇ ਪੁਲਸ ਦੀ ਕ੍ਰੇਨ ਨਿਯਮਿਤ ਤੌਰ ’ਤੇ ਚੱਕਰ ਲਗਾਵੇ। ਜਿਵੇਂ ਕਿ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਹੁੰਦਾ ਹੈ। ਗੱਡੀ ਉਠਾਏ ਜਾਣ ਦੇ ਡਰੋਂ ਕੋਈ ਵੀ ਆਪਣਾ ਵਾਹਨ ਗਲਤ ਢੰਗ ਨਾਲ ਪਾਰਕ ਨਹੀਂ ਕਰੇਗਾ।
ਇਸੇ ਤਰ੍ਹਾਂ ਵੱਧ ਭੀੜ ਵਾਲੇ ਸਮੇਂ ’ਤੇ ਟ੍ਰੈਫਿਕ ਸਿਗਨਲ ਦਾ ਕੰਟ੍ਰੋਲ ਕਿਸੇ ਸਿਪਾਹੀ ਵੱਲੋਂ ਹੋਵੇ ਤਾਂ ਵਧੀਆ ਹੋਵੇਗਾ। ਇਸ ਦੀ ਉਦਾਹਰਣ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਦੇਖੀ ਗਈ। ਉੱਥੋਂ ਦੇ ਹਰ ਪ੍ਰਮੁੱਖ ਚੌਰਾਹੇ ’ਤੇ ਬਣੀ ਟ੍ਰੈਫਿਕ ਸੰਤਰੀ ਪੋਸਟ ’ਤੇ ਟ੍ਰੈਫਿਕ ਸਿਗਨਲ ਦਾ ਕੰਟ੍ਰੋਲ ਕਰਨ ਵਾਲਾ ਸਵਿੱਚ ਲੱਗਾ ਹੋਇਆ ਹੈ ਜਿਸ ਨੂੰ ਉੱਥੇ ਬੈਠਾ ਸਿਪਾਹੀ ਟ੍ਰੈਫਿਕ ਦੀ ਮਾਤਰਾ ਮੁਤਾਬਕ ਚਲਾਉਂਦਾ ਹੈ। ਜਿਸ ਵੀ ਦਿਸ਼ਾ ’ਚ ਜਾਣ ਵਾਲੇ ਟ੍ਰੈਫਿਕ ਦੀ ਮਾਤਰਾ ਵੱਧ ਹੁੰਦੀ ਹੈ ਉੱਥੋਂ ਦੀ ‘ਹਰੀ ਬੱਤੀ’ ਦੀ ਮਿਆਦ ਵਧਾਈ ਜਾਂਦੀ ਹੈ। ਇਸ ਤਰ੍ਹਾਂ ਬੇਵਜ੍ਹਾ ਟ੍ਰੈਫਿਕ ਜਾਮ ਨਹੀਂ ਹੁੰਦਾ। ਜ਼ਰਾ ਸੋਚੋ ਜੇ ਭੀੜ-ਭਾੜ ਵਾਲੇ ਸਮੇਂ ’ਚ ਅਜਿਹੇ ਸਿਗਨਲ ਸਵੈ-ਚਾਲਿਤ ਹੋਣ ਤਾਂ ਨਾ ਸਿਰਫ ਜਾਮ ਲੱਗੇਗਾ ਸਗੋਂ ਕਾਹਲੀ ’ਚ ਲੋਕ ਲਾਲ ਬੱਤੀ ਨੂੰ ਪਾਰ ਵੀ ਕਰਨ ਲੱਗਣਗੇ, ਜੋ ਕਿ ਖਤਰਨਾਕ ਸਾਬਤ ਹੋਵੇਗਾ।
ਪੂਰੇ ਦੇਸ਼ ਦੀ ਟ੍ਰੈਫਿਕ ਪੁਲਸ ਨੂੰ ਅਜਿਹੇ ਕੁਝ ਨਾਯਾਬ ਢੰਗਾਂ ਦੀ ਖੋਜ ਕਰਨੀ ਹੋਵੇਗੀ ਜਿਸ ਨਾਲ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਇਆ ਜਾ ਸਕੇਗਾ, ਨਹੀਂ ਤਾਂ ਵਾਹਨ ਚਾਲਕ ਅਤੇ ਟ੍ਰੈਫਿਕ ਪੁਲਸ ਇਕ-ਦੂਜੇ ਨੂੰ ਹੀ ਦੋਸ਼ ਦਿੰਦੇ ਰਹਿਣਗੇ ਅਤੇ ਸਮੱਸਿਆ ਦਾ ਹੱਲ ਕਦੀ ਨਹੀਂ ਨਿਕਲ ਸਕੇਗਾ। (ਲੇਖਕ ਦਿੱਲੀ ਸਥਿਤ ਕਾਲਚੱਕਰ ਸਮਾਚਾਰ ਬਿਊਰੋ ਦੇ ਪ੍ਰਬੰਧਕੀ ਸੰਪਾਦਕ ਹਨ।)
ਰਜਨੀਸ਼ ਕਪੂਰ
ਬੇਭਰੋਸਗੀ ਮਤੇ ਨਾਲ ਕੀ ਹਾਸਲ ਹੋਇਆ
NEXT STORY