ਅੱਜ ਦੀ ਦੁਨੀਆ ਦੀ ਸਭ ਤੋਂ ਵੱਡੀ ਚਿੰਤਾ ਹੈ ਤੇਲ ਦੀਆਂ ਕੀਮਤਾਂ। ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹਰ ਚੀਜ਼ ਮਹਿੰਗੀ ਹੋ ਰਹੀ ਹੈ। ਕਿਉਂ? ਕਿਉਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ’ਤੇ ਹਮਲਾ ਕਰ ਦਿੱਤਾ। ਈਰਾਨ ਨੇ ਜਵਾਬ ਦਿੱਤਾ, ਮਿਜ਼ਾਈਲਾਂ ਅਤੇ ਡਰੋਨ ਦਾਗੇ। ਹੁਣ ਜੰਗ ਦੋ ਹਫ਼ਤਿਆਂ ਤੋਂ ਜ਼ਿਆਦਾ ਚੱਲ ਰਹੀ ਹੈ। ਤੇਲ 110 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। ਹੋਰਮੁਜ਼ ਸਟ੍ਰੇਟ, ਜਿੱਥੋਂ ਦੁਨੀਆ ਦਾ 20 ਫੀਸਦੀ ਤੇਲ ਗੁਜ਼ਰਦਾ ਹੈ, ਨੂੰ ਬੰਦ ਕੀਤੇ ਜਾਣ ਦਾ ਖਤਰਾ ਵੀ ਮੰਡਰਾਅ ਰਿਹਾ ਹੈ।
ਭਾਰਤ ਦੀ ਗੱਲ ਕਰੀਏ ਤਾਂ ਰਿਟਾਇਰਡ ਮੇਜਰ ਜਨਰਲ ਜੀ. ਡੀ. ਬਖ਼ਸ਼ੀ ਨੇ ਸੋਸ਼ਲ ਮੀਡੀਆ ਅਤੇ ਟੀ. ਵੀ. ’ਤੇ ਵਾਰ-ਵਾਰ ਕਿਹਾ, ‘‘ਇਹ ਹਮਲਾ ਗਲਤ ਸੀ। ਅਮਰੀਕਾ-ਇਜ਼ਰਾਈਲ ਨੇ ਈਰਾਨ ਨੂੰ ਬਹੁਤ ਘੱਟ ਆਂਕਿਆ।’’ ਜਨਰਲ ਬਖ਼ਸ਼ੀ ਨੇ ਆਪਣੀ ਇਕ ਪੋਸਟ ’ਚ ਲਿਖਿਆ, ‘‘ਸਭ ਸੋਚ ਰਹੇ ਸਨ ਕਿ ਇਹ ਕੇਕਵਾਕ ਹੋਵੇਗਾ ਪਰ ਮੈਂ ਸ਼ੁਰੂ ਤੋਂ ਚਿਤਾਵਨੀ ਦਿੱਤੀ ਸੀ ਕਿ ਈਰਾਨ ਨੂੰ ਘੱਟ ਨਾ ਸਮਝੋ। ਇਹ ਕਾਫੀ ਦੇਰ ਤੱਕ ਜੰਗ ਲੜੇਗਾ।’’
ਇਕ ਟੀ. ਵੀ. ਇੰਟਰਵਿਊ ’ਚ ਉਨ੍ਹਾਂ ਨੇ ਸਰਲ ਭਾਸ਼ਾ ’ਚ ਸਮਝਾਇਆ ਕਿ ਕੀ ਗਲਤੀ ਹੋਈ। ਈਰਾਨ ਕੋਲ ਸਸਤੇ ਡਰੋਨ (20,000 ਡਾਲਰ ਦਾ ਇਕ) ਹਨ, ਜਦਕਿ ਅਮਰੀਕਾ-ਇਜ਼ਰਾਈਲ ਦੀਆਂ ਮਹਿੰਗੀਆਂ ਇੰਟਰਸੈਪਟਰ ਮਿਜ਼ਾਈਲਾਂ (20 ਲੱਖ ਡਾਲਰ ਦੀ ਇਕ) ਖਤਮ ਹੋ ਰਹੀਆਂ ਹਨ। ਈਰਾਨ ਨੇ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ, ਜੋ ਰਾਡਾਰ ਤੋਂ ਬਚ ਸਕਦੀਆਂ ਹਨ। ਇਨ੍ਹਾਂ ਮਿਜ਼ਾਈਲਾਂ ਨੇ ਕਤਰ ਦੇ ਰਾਡਾਰ, ਥਾਡ ਬੈਟਰੀ, ਅਮਰੀਕੀ ਬੇਸ ਅਤੇ ਇਜ਼ਰਾਈਲ ਦੇ ਕਈ ਸ਼ਹਿਰਾਂ ’ਤੇ ਹਮਲੇ ਕੀਤੇ। 15 ਦਿਨ ’ਚ 650 ਮਿਜ਼ਾਈਲਾਂ ਅਤੇ 2600 ਡਰੋਨ ਤਬਾਹ ਹੋਏ, 21 ਅਮਰੀਕੀ ਫੌਜੀ ਮਾਰੇ ਗਏ। ਇਸ ਸਭ ਦਾ ਅੰਦਾਜ਼ਨ ਖ਼ਰਚ ਕਰੀਬ 21 ਅਰਬ ਡਾਲਰ ਤੋਂ ਜ਼ਿਆਦਾ ਹੋਇਆ। ਜਨਰਲ ਬਖ਼ਸ਼ੀ ਅਨੁਸਾਰ, ‘‘ਟਰੰਪ ਨੇ ਸੋਚਿਆ ਸੀ ਕਿ ਖਾਮੇਨੇਈ ਦੇ ਮਰਦੇ ਹੀ ਜੰਗ ਖਤਮ ਹੋ ਜਾਵੇਗੀ ਪਰ ਈਰਾਨ ਦਾ ਹੌਸਲਾ ਬਹੁਤ ਉੱਚਾ ਹੈ। 8 ਸਾਲ ਦੀ ਈਰਾਨ-ਇਰਾਕ ਜੰਗ ’ਚ 10 ਲੱਖ ਮੌਤਾਂ ਹੋਈਆਂ, ਫਿਰ ਵੀ ਈਰਾਨ ਨਹੀਂ ਝੁਕਿਆ। ਹੁਣ ਇਹ ਹੋਂਦ ਦੀ ਲੜਾਈ ਹੈ।’’
ਉਹ ਅੱਗੇ ਕਹਿੰਦੇ ਹਨ, ‘‘ਹੋਰਮੁਜ਼ ਸਟ੍ਰੇਟ ਬੰਦ ਕਰਨ ਨਾਲ ਪੂਰੀ ਦੁਨੀਆ ’ਚ ਮੰਦੀ ਆ ਜਾਵੇਗੀ। ਤੇਲ 150 ਡਾਲਰ ਤੋਂ ਵੀ ਉੱਪਰ ਜਾ ਸਕਦਾ ਹੈ। ਅਮਰੀਕਾ ਲਈ ਬੌਡੀ ਬੈਗਸ (ਫੌਜੀਆਂ ਦੀ ਮੌਤ) ਮਿਡਟਰਮ ਚੋਣਾਂ ’ਚ ਆਫ਼ਤ ਬਣ ਸਕਦੇ ਹਨ। ਟਰੰਪ ਫਸ ਗਏ ਹਨ। ਇਹ ਜੰਗ ਸ਼ੁਰੂ ਕਰਨਾ ਆਸਾਨ ਸੀ, ਪਰ ਖਤਮ ਕਰਨਾ ਮੁਸ਼ਕਲ। ਇਹ 21ਵੀਂ ਸਦੀ ਦਾ ਸਭ ਤੋਂ ਵੱਡਾ ਸੰਘਰਸ਼ ਹੈ।
ਅਸੀਂ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਹਾਂ। 80 ਫੀਸਦੀ ਤੇਲ ਬਾਹਰੋਂ ਆਉਂਦਾ ਹੈ। ਜੇਕਰ ਹੋਰਮੁਜ਼ ਬੰਦ ਹੋਇਆ ਤਾਂ ਪੈਟਰੋਲ 150-200 ਰੁਪਏ ਲੀਟਰ ਹੋ ਜਾਵੇਗਾ। ਰਸੋਈ ਗੈਸ ਵੀ ਮਹਿੰਗੀ ਹੋ ਜਾਵੇਗੀ। ਉੱਥੇ ਹੀ ਖਾੜੀ ਦੇਸ਼ਾਂ ’ਚ ਕੰਮ ਕਰਨ ਵਾਲੇ 9 ਲੱਖ ਭਾਰਤੀਆਂ ਦੀ ਨੌਕਰੀ ਵੀ ਖਤਰੇ ’ਚ ਆ ਜਾਵੇਗੀ। ਈਰਾਨ ਦੇ ਨਾਲ ਭਾਰਤ ਦਾ ‘ਚਾਬਹਾਰ ਬੰਦਰਗਾਹ ਪ੍ਰਾਜੈਕਟ’ ਠੱਪ ਪੈ ਸਕਦਾ ਹੈ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਦਾ ਮਾਰਗ ਵੀ ਬੰਦ ਹੋ ਸਕਦਾ ਹੈ। ਮਹਿੰਗਾਈ ਆਮ ਆਦਮੀ ਦੀ ਜੇਬ ਕੱਟੇਗੀ।
ਜ਼ਿਕਰਯੋਗ ਹੈ ਕਿ ਭਾਰਤ ਨੇ ਹਮੇਸ਼ਾ ਜੰਗ ਦੀ ਸਥਿਤੀ ’ਚ ਸੰਤੁਲਨ ਬਣਾਈ ਰੱਖਿਆ ਹੈ। ਇਸ ਜੰਗ ਦੀ ਗੱਲ ਕਰੀਏ ਤਾਂ, ਈਰਾਨ ਤੋਂ ਸਾਨੂੰ ਸਸਤਾ ਤੇਲ, ਇਜ਼ਰਾਈਲ ਤੋਂ ਹਥਿਆਰ ਤੇ ਟੈਕਨਾਲੋਜੀ ਅਤੇ ਅਮਰੀਕਾ ਤੋਂ ਵਪਾਰ ਮਿਲਦਾ ਰਿਹਾ ਹੈ ਪਰ ਇਸ ਵਾਰ ਮੋਦੀ ਸਰਕਾਰ ਨੇ ਅਮਰੀਕਾ-ਇਜ਼ਰਾਈਲ ਦੇ ਨਾਲ ਖੁੱਲ੍ਹ ਕੇ ਖੜ੍ਹੇ ਹੋਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਮੋਦੀ ਫਰਵਰੀ ’ਚ ਇਜ਼ਰਾਈਲ ਗਏ। ਉੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ‘ਸਪੈਸ਼ਲ ਸਟ੍ਰੈਟਜਿਕ ਪਾਰਟਨਰਸ਼ਿਪ’ ਦਾ ਐਲਾਨ ਕੀਤਾ। ਜੰਗ ਸ਼ੁਰੂ ਹੁੰਦੇ ਹੀ ਭਾਰਤ ਨੇ ਈਰਾਨ ਦੇ ਹਮਲਿਆਂ ਦੀ ਨਿੰਦਾ ਕੀਤੀ। ਖਾੜੀ ਦੇਸ਼ਾਂ ਦੇ ਰਾਜਿਆਂ ਨੂੰ ਫੋਨ ਕਰ ਕੇ ਸਮਰਥਨ ਜਤਾਇਆ। ਸੰਯੁਕਤ ਰਾਸ਼ਟਰ ’ਚ ਈਰਾਨ ਦੇ ਖਿਲਾਫ ਪ੍ਰਸਤਾਵ ਦਾ ਸਮਰਥਨ ਕੀਤਾ। ਖਾਮੇਨੇਈ ਦੀ ਮੌਤ ’ਤੇ ਈਰਾਨੀ ਦੂਤਾਵਾਸ ’ਚ ਸ਼ਰਧਾਂਜਲੀ ਦੇਰੀ ਨਾਲ ਦਿੱਤੀ।
ਅਸੀਂ ਬ੍ਰਿਕਸ ਦੇ ਪ੍ਰਧਾਨ ਹਾਂ। ਰੂਸ, ਚੀਨ ਤੇ ਈਰਾਨ ਸਾਡੇ ਸਾਥੀ ਹਨ ਪਰ ਅਮਰੀਕਾ ਦੇ ਦਬਾਅ ’ਚ ਅਸੀਂ ਈਰਾਨ ਦੇ ਖਿਲਾਫ ਖੜ੍ਹੇ ਹੋ ਗਏ। ਭਾਰਤ ਇਜ਼ਰਾਈਲ ਅਤੇ ਈਰਾਨ ਨਾਲ ਚੰਗੇ ਸਬੰਧ ਰੱਖਦਾ ਹੈ। ਅਸੀਂ ਜੰਗਬੰਦੀ ਦੇ ਵਿਚੋਲੇ ਬਣ ਸਕਦੇ ਹਾਂ ਪਰ ਸਰਕਾਰ ਨੇ ਵਿਚੋਲਗੀ ਦੀ ਬਜਾਏ ਇਕ ਤਰਫ਼ਾ ਰੁਖ਼ ਅਪਣਾਇਆ। ਭਾਰਤ ਨੂੰ ਨਿਰਪੱਖ ਰਹਿਣਾ ਚਾਹੀਦਾ ਸੀ। ਦੋਵਾਂ ਪੱਖਾਂ ਨਾਲ ਗੱਲ ਕਰ ਕੇ ਜੰਗਬੰਦੀ ਦੀ ਅਪੀਲ ਕਰਨੀ ਚਾਹੀਦੀ ਸੀ। ਮੋਦੀ ਜੀ ਨੂੰ ਇਜ਼ਰਾਈਲ ਜਾਣ ਦੀ ਬਜਾਏ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਫੋਨ ’ਤੇ ਗੱਲ ਕਰਨੀ ਚਾਹੀਦੀ ਸੀ। ਸੰਯੁਕਤ ਰਾਸ਼ਟਰ ’ਚ ‘ਸ਼ਾਂਤੀ ਅਤੇ ਸੰਵਾਦ’ ਦਾ ਪ੍ਰਸਤਾਵ ਲਿਆਉਣਾ ਚਾਹੀਦਾ ਸੀ। ਈਰਾਨ ਤੋਂ ਤੇਲ ਖਰੀਦਣਾ ਜਾਰੀ ਰੱਖਣਾ ਚਾਹੀਦਾ ਸੀ। ਚਾਬਹਾਰ ਪ੍ਰਾਜੈਕਟ ਨੂੰ ਮਜ਼ਬੂਤ ਕਰਨਾ ਚਾਹੀਦਾ ਸੀ।
ਸਰਕਾਰ ਨੇ ਸੋਚਿਆ ਕਿ ਅਮਰੀਕਾ-ਇਜ਼ਰਾਈਲ ਨਾਲ ਖੜ੍ਹੇ ਹੋਣ ਨਾਲ ਫਾਇਦਾ ਹੋਵੇਗਾ ਪਰ ਭੁੱਲ ਗਏ ਕਿ ਈਰਾਨ ਸਾਡਾ ਪੁਰਾਣਾ ਦੋਸਤ ਹੈ। ਚਾਬਹਾਰ ਬੰਦਰਗਾਹ ਅਮਰੀਕਾ ਦੇ ਖਿਲਾਫ ਸਾਡਾ ਰਣਨੀਤਕ ਕਦਮ ਸੀ। ਸਸਤਾ ਈਰਾਨੀ ਤੇਲ ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਕਰਦਾ ਸੀ। ਹੁਣ ਤੇਲ ਮਹਿੰਗਾ ਹੋਣ ਨਾਲ ਨੋਟ ਪਸਾਰਾ ਵਧੇਗਾ। ਵਿਦੇਸ਼ੀ ਮੁਦਰਾ ਭੰਡਾਰ ’ਤੇ ਬੋਝ ਪਵੇਗਾ। ਜੇਕਰ ਭਾਰਤ ਕਵਾਡ ਅਤੇ ਬ੍ਰਿਕਸ ਦੋਵਾਂ ਦਾ ਮੈਂਬਰ ਹੈ ਤਾਂ ਸਾਡੀ ਆਵਾਜ਼ ਦੋਵਾਂ ਪਾਸੇ ਸੁਣੀ ਜਾਂਦੀ ਪਰ ਕੀ ਇਕਤਰਫ਼ਾ ਰੁਖ਼ ਅਪਣਾ ਕੇ ਅਸੀਂ ਆਪਣੀ ਤਾਕਤ ਘੱਟ ਕਰ ਦਿੱਤੀ?
ਮੇਜਰ ਜਨਰਲ ਬਖ਼ਸ਼ੀ ਅਨੁਸਾਰ, ‘‘ਇਹ ਮੂਰਖਤਾਪੂਰਨ ਜੰਗ ਹੈ। ਇਹ ਜਲਦ ਖਤਮ ਹੋਵੇ।’’ ਭਾਰਤ ਨੂੰ ਹੁਣ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ। ਨਿਰਪੱਖ ਰਹਿ ਕੇ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ। ਈਰਾਨ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ। ਤੇਲ ਦਰਾਮਦ ਦੇ ਬਦਲਵੇਂ ਰਸਤੇ ਤਲਾਸ਼ਣੇ ਚਾਹੀਦੇ ਹਨ। ਭਾਰਤ ਦੀ ਵਿਦੇਸ਼ ਨੀਤੀ ਹਮੇਸ਼ਾ ‘ਸਭ ਦੇ ਨਾਲ, ਕਿਸੇ ਦੇ ਵਿਰੁੱਧ ਨਹੀਂ’ ਰਹੀ ਹੈ। ਮੋਦੀ ਸਰਕਾਰ ਨੂੰ ਇਸ ਸਿਧਾਂਤ ’ਤੇ ਪਰਤਣਾ ਚਾਹੀਦਾ ਹੈ। ਕਿਉਂਕਿ ਅੰਤ ’ਚ ਭਾਰਤ ਦਾ ਹਿੱਤ ਸਭ ਤੋਂ ਉੱਪਰ ਹੈ–ਸਸਤਾ ਤੇਲ, ਸੁਰੱਖਿਅਤ ਨੌਕਰੀਆਂ ਅਤੇ ਮਜ਼ਬੂਤ ਅਰਥਵਿਵਸਥਾ। ਜੰਗ ’ਚ ਕਿਸੇ ਇਕ ਦਾ ਪੱਖ ਨਹੀਂ, ਸਗੋਂ ਸ਼ਾਂਤੀ ਦਾ ਪੱਖ ਲੈਣਾ ਚਾਹੀਦਾ ਹੈ।
ਰਜਨੀਸ਼ ਕਪੂਰ
5 ਸੂਬਿਆਂ ਦੀਆਂ ਚੋਣਾਂ ਬਦਲਣਗੀਆਂ ਭਾਰਤੀ ਰਾਜਨੀਤੀ ਦੀ ਤਾਸੀਰ
NEXT STORY