ਕਿਸੇ ਗੀਤ ’ਚ ਰੱਖਿਆ ਹੀ ਕੀ ਹੈ? ਮਿੱਠਾ ਹੈ, ਲੈਅਬੱਧ ਹੈ ਅਤੇ ਹਰਮਨਪਿਆਰਾ ਹੈ ਪਰ ਜੇਕਰ ਉਹ ‘ਵੰਦੇ ਮਾਤਰਮ’ ਹੋਵੇ ਤਾਂ ਗੱਲ ਇੰਨੀ ਆਸਾਨ ਨਹੀਂ ਰਹਿ ਜਾਂਦੀ। ਇਹ ਗੀਤ ਹੁਣ ਰਾਸ਼ਟਰੀ ਗੀਤ ਘੱਟ ਅਤੇ ਭਾਜਪਾ-ਵਿਰੋਧੀ ਧਿਰ ਦੀ ਰਾਜਨੀਤਿਕ ਖਿੱਚੋਤਾਣ ’ਚ ਇਕ ਰਾਜਨੀਤਿਕ ਹਥਿਆਰ ਜ਼ਿਆਦਾ ਬਣ ਗਿਆ ਹੈ। ਭਾਜਪਾ ਕਾਂਗਰਸ ’ਤੇ ਦੋਸ਼ ਲਗਾ ਰਹੀ ਹੈ ਕਿ ਉਸ ਨੇ ਇਸ ਦੇ ਗਾਇਨ ਨੂੰ ਸਿਰਫ਼ ਪਹਿਲੇ 2 ਅੰਤਰਿਆਂ ਤੱਕ ਸੀਮਤ ਰੱਖ ਕੇ ਇਸ ਦਾ ਅਪਮਾਨ ਕੀਤਾ ਹੈ। ਨਾਲ ਹੀ ਕਾਂਗਰਸ ਨੂੰ ਉਸ ਦੀ ਕੱਟੜ-ਵਿਰੋਧੀ, ‘ਰਾਸ਼ਟਰ-ਵਿਰੋਧੀ’, ‘ਨਵੀਂ ਮੁਸਲਿਮ ਲੀਗ’ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਦੀ ਪੈਰੋਕਾਰ ਦੱਸਿਆ ਜਾ ਰਹਾ ਹੈ।
ਕਾਂਗਰਸ ਦਾ ਕਹਿਣਾ ਹੈ ਕਿ ਉਸ ਦਾ ਰੁਖ਼ ਇਤਿਹਾਸ ’ਤੇ ਆਧਾਰਿਤ ਹੈ। 1937 ’ਚ ਜਨਤਕ ਸਮਾਗਮਾਂ ’ਚ ਸਿਰਫ਼ ਪਹਿਲੇ 2 ਅੰਤਰਿਆਂ ਦੇ ਗਾਇਨ ਦਾ ਫ਼ੈਸਲਾ ਲਿਆ ਗਿਆ ਸੀ। ਦੋਵਾਂ ਧਿਰਾਂ ਦਾ ਇਹ ਪੂਰਾ ਵਿਵਾਦ ਰਾਜਨੀਤਿਕ ਰੰਗਮੰਚ ਦੀ ਇਕ ਬਿਹਤਰੀਨ ਮਿਸਾਲ ਬਣ ਗਿਆ ਹੈ।
ਇਸ ਦੀ ਸ਼ੁਰੂਆਤ ਬਜਟ ਸੈਸ਼ਨ ’ਚ ਸੰਸਦ ਦੁਆਰਾ ਰਾਸ਼ਟਰੀ ਸਨਮਾਨ ਅਪਮਾਨ ਨਿਵਾਰਨ (ਸੋਧ) ਬਿੱਲ, 2026 ਪਾਸ ਕੀਤੇ ਜਾਣ ਨਾਲ ਹੋਈ। ਇਸ ਬਿੱਲ ’ਚ ‘ਵੰਦੇ ਮਾਤਰਮ’ ਦੇ ਅਪਮਾਨ ਨੂੰ 3 ਸਾਲ ਤੱਕ ਦੀ ਕੈਦ ਨਾਲ ਸਜ਼ਾਯੋਗ ਬਣਾਇਆ ਗਿਆ ਹੈ ਅਤੇ ਇਸ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਦਰਜਾ ਦਿੱਤਾ ਗਿਆ ਹੈ।
ਯਾਦ ਕਰੋ, ਇਸ ਦੇ ਪਹਿਲੇ 2 ਅੰਤਰੇ ਮਾਤਭੂਮੀ ਦੀ ਵੰਦਨਾ ਕਰਦੇ ਹਨ ਅਤੇ ਉਨ੍ਹਾਂ ’ਚ ਸਪੱਸ਼ਟ ਤੌਰ ’ਤੇ ਕੋਈ ਹਿੰਦੂ ਧਾਰਮਿਕ ਸੰਦਰਭ ਨਹੀਂ ਹੈ। ਪਰ ਬਾਅਦ ਦੇ ਅੰਤਰਿਆਂ ’ਚ ਹਿੰਦੂ ਧਾਰਮਿਕ ਪ੍ਰਤੀਕ ਉੱਭਰਦੇ ਹਨ। ਮਾਤਭੂਮੀ ਨੂੰ ਦੁਰਗਾ, ਲਕਸ਼ਮੀ ਅਤੇ ਸਰਸਵਤੀ ਵਰਗੀਆਂ ਦੇਵੀਆਂ ਨਾਲ ਜੋੜਿਆ ਗਿਆ ਹੈ। 1937 ’ਚ ਨਹਿਰੂ ਦੀ ਅਗਵਾਈ ਵਾਲੀ ਕਾਂਗਰਸ ਕਾਰਜਕਾਰਨੀ ਦੁਆਰਾ ਇਕ ਮਤਾ ਪਾਸ ਕਰਕੇ ‘ਵੰਦੇ ਮਾਤਰਮ’ ਦੇ ਸਿਰਫ਼ ਪਹਿਲੇ 2 ਅੰਤਰੇ ਗਾਉਣ ਦਾ ਫ਼ੈਸਲਾ ਲਿਆ ਗਿਆ।
ਫਿਰ ਇੰਨਾ ਹੰਗਾਮਾ ਕਿਉਂ? 6 ਅੰਤਰਿਆਂ ਦੀ ਬਜਾਏ ਸਿਰਫ਼ 2 ਹੀ ਕਿਉਂ? ਕੀ ਭਾਜਪਾ ਮੌਜੂਦਾ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਇਕ ਸੱਭਿਆਚਾਰਕ ਪ੍ਰਤੀਕ ਨੂੰ ਰਾਜਨੀਤਿਕ ਹਥਿਆਰ ਬਣਾ ਰਹੀ ਹੈ? ਕੀ ਉਹ ਰਾਸ਼ਟਰੀ ਪ੍ਰਤੀਕਾਂ ਅਤੇ ਵਿਰਾਸਤ ’ਤੇ ਆਪਣਾ ਦਾਅਵਾ ਸਥਾਪਤ ਕਰਨਾ ਚਾਹੁੰਦੀ ਹੈ? ਜਾਂ ਕਾਂਗਰਸ ਨੂੰ ‘ਹਿੰਦੂ-ਵਿਰੋਧੀ’, ‘ਤੁਸ਼ਟੀਕਰਨਵਾਦੀ’ ਅਤੇ ਦੇਸ਼ ਭਗਤੀ ਤੋਂ ਸੱਖਣੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਕੀ ਉਸ ਨੂੰ ਇਹ ਅਹਿਸਾਸ ਹੈ ਕਿ ਇਤਿਹਾਸ ਨੂੰ ਆਪਣੀ ਸੁਵਿਧਾ ਅਨੁਸਾਰ ਨਹੀਂ ਅਪਣਾਇਆ ਜਾ ਸਕਦਾ? ਹਾਲ ਹੀ ’ਚ ਨਾਗਪੁਰ ’ਚ ਭਾਜਪਾ-ਕੰਟਰੋਲਡ ਸਥਾਨਕ ਨਿਗਮ ਦੁਆਰਾ ਵੀ ਸਿਰਫ਼ 2 ਅੰਤਰੇ ਗਾਏ ਜਾਣ ਨਾਲ ਉਸ ਦੇ ਨੈਤਿਕ ਉੱਤਮਤਾ ਦੇ ਦਾਅਵੇ ਨੂੰ ਕੁਝ ਕਮਜ਼ੋਰ ਹੀ ਕੀਤਾ ਹੈ।
ਦੂਜੇ ਪਾਸੇ, ਕੀ ਕਾਂਗਰਸ ਸਮਾਵੇਸ਼ੀ ਰਾਸ਼ਟਰਵਾਦ ਦੀ ਧਾਰਨਾ ਦਾ ਬਚਾਅ ਕਰ ਰਹੀ ਹੈ ਜਾਂ ਚੁੱਪਚਾਪ ਆਪਣੇ ਮੁਸਲਿਮ ਵੋਟ-ਬੈਂਕ ਦੀ ਰਾਖੀ ਕਰ ਰਹੀ ਹੈ? ਜੇਕਰ ਉਸ ਦਾ ਮੰਨਣਾ ਹੈ ਕਿ 1937 ਦਾ ਸਮਝੌਤਾ ਅੱਜ ਵੀ ਢੁੱਕਵਾਂ ਹੈ ਅਤੇ ਬਾਅਦ ਦੇ ਅੰਤਰੇ ਇਕ ਸਮਾਵੇਸ਼ੀ ਆਧੁਨਿਕ ਧਰਮਨਿਰਪੱਖ ਗਣਰਾਜ ਲਈ ਧਾਰਮਿਕ ਦ੍ਰਿਸ਼ਟੀ ਤੋਂ ਅਣਉਚਿਤ ਹਨ, ਤਾਂ ਉਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਜਿਹਾ ਕਿਉਂ ਹੈ। ਉਹ ਸਿਰਫ਼ ਇਤਿਹਾਸ ਦੀ ਓਟ ਲੈ ਕੇ ਇਹ ਨਹੀਂ ਕਹਿ ਸਕਦੀ ਕਿ ਉਸ ਦੇ ਉਸ ਫ਼ੈਸਲੇ ਦੇ ਸਪੱਸ਼ਟ ਸਮਕਾਲੀ ਚੋਣ ਨਤੀਜੇ ਨਹੀਂ ਹਨ।
ਇਹ ਗੀਤ ਆਧੁਨਿਕ ਰਾਜਨੀਤਿਕ ਘੋਸ਼ਣਾ ਪੱਤਰ ਦੇ ਰੂਪ ’ਚ ਮੁਸਲਮਾਨਾਂ ਦੇ ਵਿਰੁੱਧ ਨਹੀਂ ਲਿਖਿਆ ਗਿਆ ਸੀ। ਫਿਰ ਸਵਾਲ ਇਹ ਹੈ ਕਿ ਕੀ ਕਿਸੇ ਰਾਸ਼ਟਰੀ ਪ੍ਰਤੀਕ ਨੂੰ ਉਸ ਦੇ ਇਤਿਹਾਸਕ ਸਮੁੱਚੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ, ਜਾਂ ਬਾਅਦ ਦੇ ਅੰਤਰਿਆਂ ’ਚ ਮੌਜੂਦ ਧਾਰਮਿਕ ਪ੍ਰਤੀਕ ਉਨ੍ਹਾਂ ਨੂੰ ਧਾਰਮਿਕ ਰੂਪ ’ਚ ਵੰਨ-ਸੁਵੰਨੇ ਭਾਰਤ ਲਈ ਅਣਉਚਿਤ ਬਣਾ ਦਿੰਦੇ ਹਨ? ਅਤੇ ਆਖਿਰ ਇਸ ਨੂੰ ਦੇਸ਼ ਭਗਤੀ ਦੀ ਪ੍ਰੀਖਿਆ ਦਾ ਵਿਸ਼ਾ ਕਿਉਂ ਬਣਾਇਆ ਜਾਵੇ?
ਭਾਜਪਾ ਲਈ ਸਾਰੇ 6 ਅੰਤਰਿਆਂ ਦਾ ਗਾਇਨ ਰਾਸ਼ਟਰਵਾਦੀ ਅਸਲੀਅਤ ਅਤੇ ਰਾਸ਼ਟਰੀ ਗੌਰਵ ਦੀ ਕਸੌਟੀ ਬਣ ਗਿਆ ਹੈ। ਕਾਂਗਰਸ ਲਈ 2 ਅੰਤਰਿਆਂ ਤੱਕ ਸੀਮਤ ਰਹਿਣਾ ਆਪਣੀ ਇਤਿਹਾਸਕ ਵਿਰਾਸਤ ਨੂੰ ਬਣਾਏ ਰੱਖਣ ਅਤੇ ਮੁਸਲਿਮ ਭਾਵਨਾਵਾਂ ਨਾਲ ਸਿੱਧੇ ਟਕਰਾਅ ਤੋਂ ਬਚਣ ਦਾ ਜ਼ਰੀਆ ਹੈ। 2 ਅੰਤਰਿਆਂ ’ਤੇ ਰੁਕ ਕੇ ਪਾਰਟੀ ਇਸ ਨੂੰ ਧਰਮਨਿਰਪੱਖ ਸਮਾਵੇਸ਼ਤਾ ਦੇ ਬਚਾਅ ਵਜੋਂ ਪੇਸ਼ ਕਰ ਰਹੀ ਹੈ ਅਤੇ ਇੱਥੇ ਹੀ ਅਸਲੀ ਤ੍ਰਾਸਦੀ ਲੁਕੀ ਹੈ। ਜੋ ਗੀਤ ਕਦੇ ਭਾਰਤੀਆਂ ਨੂੰ ਬਸਤੀਵਾਦੀ ਸ਼ਾਸਨ ਵਿਰੁੱਧ ਇਕਜੁੱਟ ਕਰਦਾ ਸੀ, ਅੱਜ ਉਸੇ ਦੀ ਵਰਤੋਂ ਭਾਰਤੀਆਂ ਨੂੰ ਇਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨ ਲਈ ਕੀਤੀ ਜਾ ਰਹੀ ਹੈ।
ਨਾਗਰਿਕਾਂ ਲਈ ‘ਵੰਦੇ ਮਾਤਰਮ’ ਦੇ ਸਾਰੇ 6 ਅੰਤਰਿਆਂ ਨੂੰ ਸਿੱਖਣ, ਸਮਝਣ ਅਤੇ ਇੱਥੋਂ ਤੱਕ ਕਿ ਗਾਉਣ ’ਚ ਵੀ ਕੋਈ ਬੁਰਾਈ ਨਹੀਂ ਹੈ। ਇਤਿਹਾਸ ਨੂੰ ਸਿਰਫ਼ ਇਸ ਲਈ ਸਾਫ਼-ਸੁਥਰਾ ਬਣਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਸ ਦੇ ਕੁਝ ਹਿੱਸੇ ਸਾਨੂੰ ਅਸਹਿਜ ਕਰਦੇ ਹਨ ਪਰ ਰਾਜ ਨੂੰ ਵੀ 19ਵੀਂ ਸਦੀ ਦੀ ਧਾਰਮਿਕ ਪ੍ਰਤੀਕਾਂ ਨਾਲ ਭਰੀ ਰਚਨਾ ਨੂੰ ਦੇਸ਼ ਭਗਤੀ ਦੀ ਲਾਜ਼ਮੀ ਕਸੌਟੀ ਨਹੀਂ ਬਣਾ ਦੇਣਾ ਚਾਹੀਦਾ। ਦੇਸ਼ ਭਗਤੀ ਇਸ ਗੱਲ ਤੋਂ ਨਹੀਂ ਮਾਪੀ ਜਾ ਸਕਦੀ ਕਿ ਕੋਈ ਵਿਅਕਤੀ ਕਿੰਨੀ ਉੱਚੀ ਆਵਾਜ਼ ’ਚ ਗੀਤ ਗਾਉਂਦਾ ਹੈ। ਇਸੇ ਤਰ੍ਹਾਂ ਧਰਮਨਿਰਪੱਖਤਾ ਦਾ ਅਰਥ ਇਹ ਵੀ ਨਹੀਂ ਹੋ ਸਕਦਾ ਕਿ ਹਿੰਦੂ ਪ੍ਰਤੀਕਾਂ ਨਾਲ ਭਰੇ ਹਰ ਪ੍ਰਗਟਾਵੇ ਨੂੰ ਰਾਸ਼ਟਰੀ ਜੀਵਨ ਤੋਂ ਹਟਾ ਦਿੱਤਾ ਜਾਵੇ। ਭਾਰਤ ਦੀ ਵਿਸ਼ੇਸ਼ਤਾ ਹਮੇਸ਼ਾ ਤੋਂ ਇਹ ਰਹੀ ਹੈ ਕਿ ਉਹ ਇਨ੍ਹਾਂ ਦੋਵਾਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੈ।
ਇਸ ਲਈ ‘ਵੰਦੇ ਮਾਤਰਮ’ ਦੇ ਸਾਰੇ 6 ਅੰਤਰਿਆਂ ਨੂੰ ਉਨ੍ਹਾਂ ਦੇ ਇਤਿਹਾਸਕ ਸੰਦਰਭ ’ਚ ਪੜ੍ਹਾਇਆ ਅਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਸਮਾਗਮਾਂ ’ਚ ਸਰਕਾਰ ਦੁਆਰਾ ਨਿਰਧਾਰਿਤ ਪ੍ਰੋਟੋਕੋਲ ਅਨੁਸਾਰ ਇਹ ਤੈਅ ਹੋਣਾ ਚਾਹੀਦਾ ਹੈ ਕਿ ਕਿਹੜਾ ਸੰਸਕਰਣ ਗਾਇਆ ਜਾਵੇ ਪਰ ਰਾਜਨੀਤਿਕ ਦਲਾਂ ਨੂੰ ਆਪਣੇ ਪ੍ਰੋਗਰਾਮਾਂ ’ਚ ਉਹ ਕਿਹੜੇ ਅੰਤਰੇ ਗਾਉਂਦੇ ਹਨ, ਇਸ ਨੂੰ ਲੈ ਕੇ ਵਫ਼ਾਦਾਰੀ ਦੀ ਪ੍ਰੀਖਿਆ ਦੇਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ, ਜਦੋਂ ਤੱਕ ਸੰਸਦ ਜਾਂ ਕੋਈ ਸੰਵਿਧਾਨਕ ਅਥਾਰਟੀ ਇਸ ਦੇ ਸਬੰਧ ’ਚ ਕੋਈ ਹੋਰ ਵਿਵਸਥਾ ਨਾ ਕਰੇ।
ਵਿਅੰਗ ਬੇਹੱਦ ਅਸਹਿਜ ਕਰਨ ਵਾਲਾ ਹੈ। ਜੋ ਗੀਤ ਕਦੇ ਅੰਗਰੇਜ਼ੀ ਸ਼ਾਸਨ ਵਿਰੁੱਧ ਪ੍ਰਤੀਰੋਧ ਦਾ ਪ੍ਰਤੀਕ ਸੀ, ਉਸ ਨੂੰ ਅੱਜ ਹਿੰਦੂ-ਮੁਸਲਿਮ ਦੁਚਿੱਤੀ ’ਚ ਧੱਕ ਲਿਆ ਗਿਆ ਹੈ। ਦੋਵਾਂ ਦਲਾਂ ਨੇ ‘ਵੰਦੇ ਮਾਤਰਮ’ ਨੂੰ ਸੰਪ੍ਰਦਾਇਕਤਾ ਬਨਾਮ ਧਰਮਨਿਰਪੱਖਤਾ ਦੇ ਮੁੱਦੇ ’ਚ ਬਦਲ ਦਿੱਤਾ ਹੈ। ਇਹ ਦੇਸ਼ ਭਗਤੀ ਦਾ ਗੀਤ ਅੱਜ ਇਤਿਹਾਸ, ਪਛਾਣ ਅਤੇ ਸਮਕਾਲੀ ਰਾਜਨੀਤੀ ਦੇ ਚੌਰਾਹੇ ’ਤੇ ਖੜ੍ਹਾ ਹੈ। ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਸਾਡੇ ਨੇਤਾ ਇਸ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਹਨ ਕਿ ਇਹ ਵੰਨ-ਸੁਵੰਨੇ ਦੇਸ਼ ਨੂੰ ਇਕਜੁੱਟ ਕਰਨ ਵਾਲੇ ਰਾਸ਼ਟਰੀ ਪ੍ਰਤੀਕਾਂ ’ਤੇ ਵਿਚਾਰ ਕਰਨ ਦਾ ਮੌਕਾ ਬਣਦਾ ਹੈ ਜਾਂ ਫਿਰ ਦਲਗਤ ਸਿਆਸੀ ਟਕਰਾਅ ਦਾ ਇਕ ਹੋਰ ਜੰਗੀ ਖੇਤਰ।
-ਪੂਨਮ ਆਈ. ਕੌਸ਼ਿਸ਼
ਜਦੋਂ ਜਾਗਣਾ ਹੀ ਹੈ ਤਾਂ ਸਮੇਂ ਸਿਰ ਕਿਉਂ ਨਹੀਂ ਜਾਗਦੇ?
NEXT STORY