ਮਿਖਾਇਲ ਗੋਰਬਾਚੇਵ ਵਲੋਂ 25 ਦਸੰਬਰ, 1991 ਨੂੰ ਦਿੱਤੇ ਗਏ ਅਸਤੀਫੇ ਨੇ ਸੋਵੀਅਤ ਸਾਮਰਾਜ ਦੇ ਪਤਨ ’ਤੇ ਮੋਹਰ ਲਗਾ ਦਿੱਤੀ ਸੀ। ਅਮਰੀਕਾ ਉਸ ਗਲੋਬਲ ਭੂ-ਰਾਜਨੀਤਿਕ ਵਿਵਸਥਾ ਦਾ ਇਕਲੌਤਾ ਸਰਵਉੱਚ ਨੇਤਾ ਬਣ ਗਿਆ, ਜਿਸ ਨੂੰ ਉਸਨੇ ਅਤੇ ਉਸਦੇ ਸਹਿਯੋਗੀਆਂ ਨੇ 1945 ’ਚ ਦੂਜੇ ਵਿਸ਼ਵ ਯੁੱਧ ਦੇ ਅੰਤ ’ਚ ਸਥਾਪਿਤ ਕੀਤਾ ਸੀ ਪਰ ਉਸ ਤੋਂ 20 ਸਾਲ ਪਹਿਲਾਂ, 1971 ’ਚ, ਜਦੋਂ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਅਤੇ ਹੈਨਰੀ ਕਿਸਿੰਜਰ ਨੇ ਪੀਪੁਲਜ਼ ਰਿਪਬਲਿਕ ਆਫ਼ ਚਾਈਨਾ (ਪੀ. ਆਰ. ਸੀ.) ਨਾਲ ਸਬੰਧਾਂ ਨੂੰ ਆਮ ਬਣਾਉਣ ਲਈ ਚੀਨ ਦਾ ਦੌਰਾ ਕੀਤਾ, ਤਾਂ ਅਮਰੀਕਾ ਨੇ ਖੁਦ ਹੀ ਇਕ ਨਵੀਂ ਗਲੋਬਲ ਭੂ-ਰਾਜਨੀਤਿਕ ਵਿਵਸਥਾ ਦੇ ਉੱਭਰਨ ਦਾ ਰਾਹ ਪੱਧਰਾ ਕਰ ਦਿੱਤਾ ਸੀ, ਜਿਸ ’ਚ ਚੀਨ ਅੱਗੇ ਚੱਲ ਕੇ ਅਮਰੀਕਾ ਦੇ ਦਬਦਬੇ ਨੂੰ ਚੁਣੌਤੀ ਦੇਵੇਗਾ।
ਪੀ. ਆਰ. ਸੀ. ਨੂੰ ਚੀਨ ਦੇ ਇਕਲੌਤੇ ਪ੍ਰਤੀਨਿਧ ਵਜੋਂ ਮਾਨਤਾ ਦੇ ਕੇ, ਨਿਕਸਨ-ਕਿਸਿੰਜਰ ਮਿਸ਼ਨ ਨੇ ਕਈ ਦਰਵਾਜ਼ਿਆਂ ’ਚੋਂ ਪਹਿਲਾ ਦਰਵਾਜ਼ਾ ਖੋਲ੍ਹਿਆ, ਜੋ ਅੰਤ ’ਚ ਚੀਨ ਨੂੰ ਪੱਛਮ ਦੇ ਪ੍ਰਭਾਵ ਵਾਲੀ ਗਲੋਬਲ ਆਰਥਿਕ ਵਿਵਸਥਾ ’ਚ ਪੂਰਨ ਪ੍ਰਵੇਸ਼ ਵੱਲ ਲੈ ਗਿਆ। ਨਿਕਸਨ ਦੀ ਯਾਤਰਾ ਤੋਂ ਬਾਅਦ, ਪੀ. ਆਰ. ਸੀ. ਨੇ 1971 ’ਚ ਸੰਯੁਕਤ ਰਾਸ਼ਟਰ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਤਾਈਵਾਨ ਸਥਿਤ ਰਿਪਬਲਿਕ ਆਫ਼ ਚਾਈਨਾ (ਆਰ. ਓ. ਸੀ.) ਦੀ ਜਗ੍ਹਾ ਲੈ ਲਈ। 1980 ਤੱਕ, ਪੀ. ਆਰ. ਸੀ. ਨੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਅਤੇ ਵਿਸ਼ਵ ਬੈਂਕ ’ਚ ਵੀ ਆਰ. ਓ. ਸੀ. ਨੂੰ ਬਦਲ ਦਿੱਤਾ ਸੀ, ਜੋ ਕਿ ਅਮਰੀਕਾ ਦੀ ਅਗਵਾਈ ਵਾਲੀ ਗਲੋਬਲ ਆਰਥਿਕ ਵਿਵਸਥਾ ਦੇ 3 ਥੰਮ੍ਹਾਂ ’ਚੋਂ 2 ਹਨ। 1986 ’ਚ, ਚੀਨ ਨੇ ਸੀਮਾ ਫੀਸ ਅਤੇ ਵਪਾਰ ’ਤੇ ਆਮ ਸਮਝੌਤੇ ਦੀ ਮੈਂਬਰਸ਼ਿਪ ਲਈ ਅਰਜ਼ੀ ਦਿੱਤੀ, ਜੋ ਕਿ ਤੀਜੇ ਥੰਮ੍ਹ, ਭਾਵ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦਾ ਪੂਰਵਜ ਸੀ। 1999 ’ਚ ਚੀਨ ਅਤੇ ਅਮਰੀਕਾ ਨੇ ਇਕ ਮਹੱਤਵਪੂਰਨ ਦੁਵੱਲੇ ਬਾਜ਼ਾਰ ਪਹੁੰਚ ਸਮਝੌਤੇ ’ਤੇ ਦਸਤਖਤ ਕੀਤੇ। ਦਸੰਬਰ 2001 ’ਚ ਚੀਨ ਡਬਲਯੂ. ਟੀ. ਓ. ’ਚ ਸ਼ਾਮਲ ਹੋ ਗਿਆ।
ਤਿੰਨ ਦਹਾਕਿਆਂ ਦੀ ਇਸ ਯਾਤਰਾ ਦੌਰਾਨ ਚੀਨ ਦੇ ਅੰਦਰ ਵੀ ਬਹੁਤ ਕੁਝ ਬਦਲ ਗਿਆ। 1976 ’ਚ ਮਾਓ ਤਸੇ-ਤੁੰਗ ਤੋਂ ਬਾਅਦ ਸੱਤਾ ’ਚ ਆਏ ਡੇਂਗ ਸ਼ਿਆਓਪਿੰਗ ਨੇ 1978 ’ਚ ‘ਗਾਓਗੇ ਕਾਈਫਾਂਗ’ ਭਾਵ ‘ਸੁਧਾਰ ਅਤੇ ਖੁੱਲ੍ਹਾਪਨ’ ਪ੍ਰੋਗਰਾਮ ਸ਼ੁਰੂ ਕੀਤਾ। ਇਸ ਕਾਰਨ ਚੀਨ ਦੀ ਆਰਥਿਕ ਪ੍ਰਣਾਲੀ ’ਚ ਮੌਲਿਕ ਬਦਲਾਅ ਆਇਆ ਅਤੇ ਨਵੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ। ਗਲੋਬਲ ਆਰਥਿਕਤਾ ਅਤੇ ਉਸਦੇ ਅਦਾਰਿਆਂ ਤੱਕ ਵਧਦੀ ਪਹੁੰਚ ਹੀ ਉਹ ਸਹਾਰਾ ਬਣੀ, ਜਿਸ ਨੇ ਚੀਨ ਨੂੰ ਇਨ੍ਹਾਂ ਵਿਆਪਕ ਅੰਦਰੂਨੀ ਬਦਲਾਅ ਨਾਲ ਨਜਿੱਠਣ ਅਤੇ ਬਰਾਮਦ ’ਚ ਸਫਲਤਾ ਹਾਸਲ ਕਰਨ ਲਈ ਖੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਨ ਦੇ ਯੋਗ ਬਣਾਇਆ। ਇਸਨੇ ਹਮਲਾਵਰੀ ਵਪਾਰਕ ਨੀਤੀਆਂ ਅਪਣਾਈਆਂ, ਵਿਸ਼ੇਸ਼ ਤੌਰ ’ਤੇ ਘੱਟ ਆਂਕੀ ਗਈ ਕਰੰਸੀ।
2001 ਤੱਕ, ਜਦੋਂ ਚੀਨ ਡਬਲਯੂ. ਟੀ. ਓ. ’ਚ ਸ਼ਾਮਲ ਹੋਇਆ, ਤਾਂ ਉਹ ਪਹਿਲਾਂ ਹੀ ‘ਦੁਨੀਆ ਦੀ ਫੈਕਟਰੀ’ ਦੇ ਰੂਪ ’ਚ ਉੱਭਰ ਚੁੱਕਾ ਸੀ ਪਰ ਉਹ ਹਮੇਸ਼ਾ ਲਈ ਸਿਰਫ਼ ਬਰਾਮਦ-ਅਾਧਾਰਿਤ ਰਣਨੀਤੀਆਂ ’ਤੇ ਨਿਰਭਰ ਨਹੀਂ ਰਹਿ ਸਕਦਾ ਸੀ। ਬਰਾਮਦ ’ਤੇ ਬਹੁਤ ਜ਼ਿਆਦਾ ਨਿਰਭਰਤਾ, ਉੱਚ-ਬੱਚਤ ਅਤੇ ਉੱਚ-ਨਿਵੇਸ਼ ਵਾਲੀ ਵਿਕਾਸ ਰਣਨੀਤੀ ਤੋਂ ਘਰੇਲੂ ਖਪਤ-ਸੰਚਾਲਿਤ ਰਣਨੀਤੀ ਵੱਲ ਜਾਣ ਦਾ ਉਸਦਾ ਯਤਨ (ਜਿੱਥੇ ਨਿਵੇਸ਼ ਅਤੇ ਬੱਚਤ ਦਰਾਂ ਘੱਟ ਹੁੰਦੀਆਂ ਹਨ) ਸਫਲ ਨਹੀਂ ਹੋਇਆ। ਚੀਨ ਦੀ ਆਰਥਿਕਤਾ ਕਾਫ਼ੀ ਹੱਦ ਤੱਕ ਬਰਾਮਦ ’ਤੇ ਹੀ ਨਿਰਭਰ ਬਣੀ ਰਹੀ।
ਹੁਣ ਪੂੰਜੀ ਬਰਾਮਦ ਦੀ ਰਣਨੀਤੀ ਵੀ ਅਪਣਾਈ ਜਾ ਰਹੀ ਹੈ। ਸ਼ੀ ਜਿਨਪਿੰਗ ਵਲੋਂ 2013 ’ਚ ਸ਼ੁਰੂ ਕੀਤੀ ਗਈ ਬੈਲਟ ਐਂਡ ਰੋਡ ਇਨੀਸ਼ੀਏਟਿਵ ਤਹਿਤ, ਚੀਨ ਦੀ ਵਾਧੂ ਬੱਚਤ ਦਾ ਉਪਯੋਗ ਲਗਭਗ 150 (ਮੁੱਖ ਤੌਰ ’ਤੇ) ਵਿਕਾਸਸ਼ੀਲ ਦੇਸ਼ਾਂ ’ਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਇਕ ਵਿਸ਼ਾਲ ਪੋਰਟਫੋਲੀਓ ਨੂੰ ਫੰਡ ਦੇਣ ਲਈ ਕੀਤਾ ਜਾ ਰਿਹਾ ਹੈ, ਜਿਸ ’ਚ ਚੀਨ ਦੀਅਾਂ ਵਾਧੂ ਪੂੰਜੀਗਤ ਵਸਤਾਂ ਦੇ ਨਿਰਮਾਣ ਦੀ ਸਮਰੱਥਾ ਦਾ ਲਾਹਾ ਲਿਆ ਜਾ ਰਿਹਾ ਹੈ।
ਖਰੀਦ ਸ਼ਕਤੀ ਸਮਰੱਥਾ (ਪੀ. ਪੀ. ਪੀ.) ਦੇ ਮਾਮਲੇ ’ਚ ਚੀਨ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਵੱਡੀ ਆਰਥਿਕਤਾ ਹੈ ਅਤੇ ਸੰਭਾਵਨਾ ਹੈ ਕਿ ਇਹ ਕੁਝ ਦਹਾਕਿਆਂ ਦੇ ਅੰਦਰ ਰਵਾਇਤੀ ਜੀ. ਡੀ. ਪੀ. ਦੇ ਮਾਮਲੇ ’ਚ ਵੀ ਅਮਰੀਕਾ ਨੂੰ ਪਿੱਛੇ ਛੱਡ ਦੇਵੇਗਾ ਪਰ ਆਰਥਿਕ ਮੋਰਚੇ ਤੋਂ ਇਲਾਵਾ, ਚੀਨ ਹੁਣ ਤਕਨਾਲੋਜੀ ਦੇ ਖੇਤਰ ’ਚ ਵੀ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦੇ ਰਿਹਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤਕਨੀਕੀ ਖੇਤਰ ’ਚ ਮੁਕਾਬਲੇ ਦੀ ਇਕ ਮੁੱਖ ਉਦਾਹਰਣ ਹੈ। ਇੱਥੇ, ਡੀਪ ਸੀਕ, ਕੁਵੈਨ, ਕੀਮੀ ਅਤੇ ਹੋਰ ਜਿਵੇਂ ਓਪਨ-ਸੋਰਸ ਚੀਨੀ ਏ. ਆਈ. ਮਾਡਲ, ਚੈਟ ਜੀ. ਪੀ. ਟੀ., ਜੈਮਿਨੀ ਅਤੇ ਕਲਾਊਡ ਵਰਗੇ ਤੁਲਨਾਤਮਕ ਅਮਰੀਕੀ ਸੰਸਕਰਣਾਂ ਦੀ ਤੁਲਨਾ ’ਚ ਇਕ-ਤਿਹਾਈ ਤੋਂ 10ਵੇਂ ਹਿੱਸੇ ਦੀ ਘੱਟ ਕੀਮਤ ’ਤੇ ਉਪਲਬਧ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਚੀਨੀ ਇਲੈਕਟ੍ਰਿਕ ਵਾਹਨਾਂ (ਈ. ਵੀ. ਐੱਸ.) ਨੇ ਹੋਰ ਈ. ਵੀ. ਐੱਸ. ਨੂੰ ਕੀਮਤ ਦੇ ਮਾਮਲੇ ’ਚ ਪਿੱਛੇ ਛੱਡ ਦਿੱਤਾ ਹੈ।
ਅਜਿਹਾ ਕਿਵੇਂ ਹੋ ਰਿਹਾ ਹੈ? ਦਹਾਕਿਆਂ ਤੋਂ, ਹਜ਼ਾਰਾਂ ਚੀਨੀ ਵਿਦਿਆਰਥੀ ਪ੍ਰਮੁੱਖ ਅਮਰੀਕੀ ਯੂਨੀਵਰਸਿਟੀਆਂ ਤੋਂ ਗ੍ਰੈਜੂਏਟ ਹੋਏ ਹਨ, ਵਿਸ਼ੇਸ਼ ਤੌਰ ’ਤੇ ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸ. ਟੀ. ਈ.) ’ਚ ਮੁਹਾਰਤ ਹਾਸਲ ਕੀਤੀ ਹੈ। ਹਾਲਾਂਕਿ ਕੁਝ ਉੱਥੇ ਹੀ ਰਹਿ ਗਏ, ਪਰ ਜ਼ਿਆਦਾਤਰ ਚੀਨ ਵਾਪਸ ਪਰਤ ਆਏ ਅਤੇ ਚੀਨੀ ਪ੍ਰਯੋਗਸ਼ਾਲਾਵਾਂ ਅਤੇ ਉੱਦਮਾਂ ’ਚ ਵਿਰੋਧੀ ਉਤਪਾਦਾਂ ਦੇ ਉਤਪਾਦਨ ’ਚ ਲੱਗੇ ਹੋਏ ਹਨ। ਨਾਲ ਹੀ, ਕਈ ਅਮਰੀਕਾ ਤੋਂ ਪੜ੍ਹੇ-ਲਿਖੇ ਮਾਹਿਰ ਚੀਨੀ ਯੂਨੀਵਰਸਿਟੀਆਂ ’ਚ ਪੜ੍ਹਾ ਰਹੇ ਹਨ, ਜਿਸ ਨਾਲ ਦੇਸੀ ਰੂਪ ’ਚ ਅਗਲੀ ਪੀੜ੍ਹੀ ਦੇ ਮਾਹਿਰਾਂ ਦਾ ਨਿਰਮਾਣ ਹੋ ਰਿਹਾ ਹੈ।
ਚੀਨ ਜਿਸ ਤੀਜੇ ਮੋਰਚੇ ’ਤੇ ਅਮਰੀਕੀ ਪ੍ਰਭਾਵ ਨੂੰ ਚੁਣੌਤੀ ਦੇ ਰਿਹਾ ਹੈ, ਉਹ ਹੈ ਗਲੋਬਲ ਵਿੱਤੀ ਪ੍ਰਣਾਲੀ। 2015 ’ਚ ਚੀਨ ਨੇ ਡਾਲਰ ਅਾਧਾਰਿਤ ਸਵਿਫਟ ਪ੍ਰਣਾਲੀ ਦੇ ਬਦਲ ਵਜੋਂ ਰੇਨਮਿਨਬੀ (ਚੀਨੀ ਕਰੰਸੀ) ਅਾਧਾਰਿਤ ਚੀਨੀ ਸੀਮਾ-ਪਾਰ ਅੰਤਰ-ਬੈਂਕ ਭੁਗਤਾਨ ਪ੍ਰਣਾਲੀ (ਸੀ. ਆਈ. ਪੀ. ਐੱਸ.) ਸ਼ੁਰੂ ਕੀਤੀ। ਇਸ ਦੀ ਪਹੁੰਚ ਅਜੇ ਵੀ ਸੀਮਤ ਹੈ ਪਰ ਚੀਨ ਆਪਣੇ ਭਾਈਵਾਲਾਂ ਨੂੰ ਇਸ ਨੂੰ ਅਪਣਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ ਅਤੇ ਇਹ ਲਗਾਤਾਰ ਵਧ ਰਹੀ ਹੈ। ਅਮਰੀਕਾ ਜਿੰਨਾ ਜ਼ਿਆਦਾ ਪਾਬੰਦੀਆਂ ਦਾ ਸਹਾਰਾ ਲੈਂਦਾ ਹੈ, ਉਹ ਓਨਾ ਹੀ ਦੁਨੀਆ ਭਰ ਦੇ ਕਾਰੋਬਾਰਾਂ ਨੂੰ ਸੀ. ਆਈ. ਪੀ. ਐੱਸ. ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਾ ਹੈ।
—ਸੁਦੀਪਤੋ ਮੁੰਡਲੇ
(‘ਮਿੰਟ’ ਤੋਂ ਧੰਨਵਾਦ ਸਹਿਤ)
ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
NEXT STORY