ਕੀ ਸੈਕੂਲਰਵਾਦ (ਧਰਮ-ਨਿਰਪੱਖਤਾ) ਉਹ ਮੁਖੌਟਾ ਹੈ ਜਿਸ ਦੇ ਪਿੱਛੇ ਹਰ ਪਾਪ ਨੂੰ ਲੁਕੋਇਆ ਜਾ ਸਕਦਾ ਹੈ। ਅਜੇ ਹਾਲ ਹੀ ’ਚ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਦ੍ਰਵਿੜ ਮੁਨੇਤਰ ਕੜਗਮ (ਦ੍ਰਮੁਕ) ਦੇ ਮੁਖੀ ਐੱਮ. ਕੇ. ਸਟਾਲਿਨ ਹਿੰਦੀ ਪ੍ਰਤੀ ਆਪਣੇ ਵਿਰੋਧ ’ਚ ਇੰਨਾ ਅੱਗੇ ਵਧ ਗਏ ਕਿ ਉਨ੍ਹਾਂ ਨੇ 2025-26 ਦੇ ਸੂਬਾਈ ਬਜਟ ’ਚ ਭਾਰਤੀ ਰੁਪਏ ਦੇ ਅਧਿਕਾਰਤ ਪ੍ਰਤੀਕ ਨੂੰ ਤਮਿਲ ਅੱਖਰ ’ਚ ਬਦਲ ਦਿੱਤਾ।
ਇਸ ਦਾ ਮਤਲਬ ਵੀ ਤਮਿਲ ਲਿਪੀ ’ਚ ਹੀ ਹੈ। ਦ੍ਰਮੁਕ ਵਿਰੋਧੀ ਧਿਰ ਇੰਡੀ ਗੱਠਜੋੜ ਦਾ ਪ੍ਰਮੁੱਖ ਹਿੱਸਾ ਹੈ ਅਤੇ ਤਾਮਿਲਨਾਡੂ ਦੀ ਦ੍ਰਮੁਕ ਸਰਕਾਰ ’ਚ ਕਾਂਗਰਸ ਉਸ ਦੀ ਸਹਿਯੋਗੀ ਹੈ। ਇਸ ਮਾਮਲੇ ’ਚ, ਅਖੌਤੀ ਸੈਕੂਲਰਵਾਦੀਆਂ ਨੇ ਇਸ ਦਲੇਰੀ ਦਾ ਨੋਟਿਸ ਲੈਣਾ ਉਚਿਤ ਨਹੀਂ ਸਮਝਿਆ, ਇਸ ਦਾ ਵਿਰੋਧ ਕਰਨਾ ਤਾਂ ਦੂਰ ਦੀ ਗੱਲ ਹੈ। ਇਹ ਸ਼ਾਇਦ ਇਸ ਲਈ ਕਿਉਂ ਹੈ ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ ’ਚ ਡੀ. ਐੱਮ. ਕੇ. ‘ਸੈਕੂਲਰ’ ਹੈ।
ਹਿੰਦੂ, ਹਿੰਦੀ ਅਤੇ ਉੱਤਰ-ਭਾਰਤ ਪ੍ਰਤੀ ਨਫਰਤ ਦ੍ਰਮੁਕ ਦੀ ਵੰਡਪਾਊ ਸਿਆਸਤ ਦਾ ਮੂਲ ਆਧਾਰ ਹੈ ਜੋ ਕਿ ਨਾ ਸਿਰਫ ਬਸਤੀਵਾਦੀ ਮਾਨਸਿਕਤਾ ਤੋਂ ਪ੍ਰੇਰਿਤ ਹੈ ਸਗੋਂ ਇਸ ਨੂੰ ਸੈਕੂਲਰਵਾਦ ਦੀ ਆੜ ’ਚ ਅੱਜ ਵੀ ਢੋਇਆ ਜਾਂਦਾ ਹੈ। ਇਸ ਤੋਂ ਪਹਿਲਾਂ ਜਦੋਂ ਸਟਾਲਿਨ ਦੇ 46 ਸਾਲਾ ਬੇਟੇ ਅਤੇ ਮੌਜੂਦਾ ਉਪ-ਮੁੱਖ ਮੰਤਰੀ ਉਦੈਨਿਧੀ ਸਟਾਲਿਨ ਨੇ ਸਾਲ 2023 ’ਚ ਸਨਾਤਨ ਸੱਭਿਆਚਾਰ ’ਤੇ ਭੱਦੀ ਟਿੱਪਣੀ ਕਰਦਿਆਂ ਉਸ ਦੀ ਤੁਲਨਾ ਡੇਂਗੂ, ਮਲੇਰੀਆ, ਕੋਰੋਨਾ ਆਦਿ ਬੀਮਾਰੀਆਂ ਨਾਲ ਕਰਦਿਆਂ ਉਸ ਨੂੰ ਮਿਟਾਉਣ ਦੀ ਗੱਲ ਕੀਤੀ ਸੀ, ਤਦ ਵੀ ਕਾਂਗਰਸ ਸਮੇਤ ਸਵੈ-ਐਲਾਨੀਆਂ ਸੈਕੂਲਰਵਾਦੀ ਪਾਰਟੀਆਂ ਜਾਂ ਤਾਂ ਇਸ ’ਤੇ ਚੁੱਪ ਸਨ ਜਾਂ ਫਿਰ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਨਾਂ ’ਤੇ ਪ੍ਰਤੱਖ-ਅਪ੍ਰਤੱਖ ਤੌਰ ’ਤੇ ਇਸ ਦੀ ਹਮਾਇਤ ਕਰ ਰਹੀਆਂ ਸਨ।
ਸਟਾਲਿਨ ਅਖੌਤੀ ਭਾਸ਼ਾ ਵਿਵਾਦ ਨੂੰ ਲੈ ਕੇ ਮੋਦੀ ਸਰਕਾਰ ’ਤੇ ਹਮਲਾਵਰ ਹਨ। ਹੁਣ ਸਟਾਲਿਨ ਦਾ ਵਿਵਾਦ ਕਿੰਨਾ ਬੇਤੁਕਾ, ਬਚਕਾਨਾ ਅਤੇ ਤੱਥਹੀਣ ਹੈ, ਇਹ ਇਸ ਗੱਲ ਤੋਂ ਸਪੱਸ਼ਟ ਹੈ ਕਿ ਭਾਰਤੀ ਰੁਪਏ ਦੇ ਪ੍ਰਤੀਕ ₹ ਦਾ ਜਨਮ ਕਾਂਗਰਸ ਦੀ ਅਗਵਾਈ ਵਾਲੇ ਯੂ. ਪੀ. ਏ. ਦੇ ਰਾਜ ਸਮੇਂ (2004-14) ’ਚ ਹੋਇਆ ਸੀ ਜਿਸ ’ਚ ਦ੍ਰਮੁਕ ਦੀ ਵੀ ਕੇਂਦਰ ’ਚ ਹਿੱਸੇਦਾਰੀ ਸੀ ਅਤੇ ਉਸ ਦੇ ਅੱਧੀ ਦਰਜਨ ਆਗੂ ਡਾ. ਮਨਮੋਹਨ ਸਰਕਾਰ ’ਚ ਮੰਤਰੀ-ਰਾਜ ਮੰਤਰੀ ਸਨ। ਇਹੀ ਨਹੀਂ ਰੁਪਏ ਦੇ ਪ੍ਰਤੀਕ ਦੀ ਰਚਨਾ ਤਾਮਿਲਨਾਡੂ ’ਚ ਜਨਮੇ ਸਿੱਖਿਆ ਮਾਹਿਰ ਉਦੈ ਕੁਮਾਰ ਧਰਮਲਿੰਗਮ ਨੇ ਸਾਲ 2010 ’ਚ ਹੀ ਕੀਤੀ ਸੀ ਜੋ ਕਿ ਸਾਬਕਾ ਦ੍ਰਮੁਕ ਵਿਧਾਇਕ ਦੇ ਬੇਟੇ ਹਨ। ਤਦ ਦੇਸ਼ ਦੇ ਤਤਕਾਲੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਅਗਵਾਈ ’ਚ ਵਿੱਤ ਮੰਤਰਾਲਾ ਨੇ ਇਕ ਖੁੱਲ੍ਹਾ ਮੁਕਾਬਲਾ ਕਰਵਾਇਆ ਸੀ, ਜਿਸ ’ਚ 3300 ਡਿਜ਼ਾਈਨਾਂ ’ਚੋਂ ਉਦੈ ਦਾ ਡਿਜ਼ਾਈਨ ਚੁਣਿਆ ਗਿਆ।
ਇਹ ਚਿੰਨ੍ਹ ਦੇਵਨਾਗਰੀ ਦੇ ‘ਰ’ ਅਤੇ ਰੋਮਨ R ਦਾ ਮਿਸ਼ਰਣ ਹੈ ਜਿਸ ’ਚ ਉੱਪਰ ਦੋ ਸਿਖਰਲੀਆਂ ਰੇਖਾਵਾਂ ਹਨ ਜੋ ਕੌਮੀ ਝੰਡੇ ਅਤੇ ‘ਬਰਾਬਰ’ ਦੇ ਸੰਕੇਤ ਨੂੰ ਦਰਸਾਉਂਦੀਆਂ ਹਨ। ਇਸ ਨੂੰ 15 ਜੁਲਾਈ 2010 ਨੂੰ ਅਧਿਕਾਰਤ ਤੌਰ ’ਤੇ ਅਪਣਾਇਆ ਗਿਆ ਸੀ। ਤਾਜ਼ਾ ਵਿਵਾਦ ’ਤੇ ਉਦੈ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਇਸ ਨੂੰ 15 ਸਾਲ ਪਹਿਲਾਂ ਡਿਜ਼ਾਈਨ ਕੀਤਾ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਦੀ ਵਰਤੋਂ ਹੋ ਰਹੀ ਹੈ ਪਰ ਮੈਨੂੰ ਅਜਿਹੇ ਵਿਵਾਦ ਦੀ ਆਸ ਨਹੀਂ ਸੀ। ਸਵਾਲ ਇਹੀ ਹੈ ਕਿ ਜਦੋਂ ਕਾਂਗਰਸ ਦੇ ਰਾਜ ਜਿਸ ’ਚ ਦ੍ਰਮੁਕ ਵੀ ਸਹਿਯੋਗੀ ਸੀ ਤਾਂ ਹੁਣ ਇਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ। ਕਿਤੇ ਇਸ ਦਾ ਜਵਾਬ ਤਾਮਿਲਨਾਡੂ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤਾਂ ਨਹੀਂ ਲੁਕਿਆ ਹੋਇਆ।
ਅਕਸਰ ਹੋਰ ਆਪੇ ਬਣੀਆਂ ਸੈਕੂਲਰਵਾਦੀ ਪਾਰਟੀਆਂ ਨਾਲ ਦ੍ਰਮੁਕ ਵੀ ‘ਇਕ ਦੇਸ਼, ਇਕ ਚੋਣ’, ‘ਰਾਸ਼ਟਰੀ ਸਿੱਖਿਆ ਨੀਤੀ’ ਅਤੇ ‘ਵਕਫ ਐਕਟ ਸੋਧ ਬਿੱਲ’ ਆਦਿ ਨੂੰ ‘ਸੰਵਿਧਾਨ ਵਿਰੋਧੀ’ ਦੱਸ ਕੇ ਇਸ ਦੀ ਮੁਖਾਲਫਤ (ਵਿਰੋਧ) ਕਰ ਰਹੇ ਹਨ। ਇਸ ਨੂੰ ਦੋਗਲੇਪਨ ਦੀ ਸੋਚ ਹੀ ਕਹਾਂਗੇ ਕਿ ਅੱਜ ਦ੍ਰਮੁਕ ਸੰਵਿਧਾਨ-ਸੰਵਿਧਾਨ ਰਟ ਰਹੀ ਹੈ ਜਦਕਿ ਉਸ ਦੇ ਆਗੂਆਂ ਨੇ ਇਕ ਨਹੀਂ ਸਗੋਂ 2 ਵਾਰ ਸੰਵਿਧਾਨ ਦੀਆਂ ਕਾਪੀਆਂ ਸਾੜ ਕੇ ਇਸ ਦਾ ਨਿਰਾਦਰ ਕੀਤਾ ਹੈ।
ਨਵੰਬਰ 1963 ’ਚ ਦ੍ਰਮੁਕ ਦੇ ਬਾਨੀ ਆਗੂ ਸੀ. ਐੱਨ. ਅੰਨਾਦੁਰਈ ਨੇ ਲਗਭਗ 500 ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ, ਜਿਸ ਦੀ ਧਾਰਾ 343 ’ਚ ਹਿੰਦੀ ਨੂੰ ਸੰਘ ਦੀ ਸਰਕਾਰੀ ਭਾਸ਼ਾ ਅਤੇ ਦੇਵਨਾਗਰੀ ਨੂੰ ਇਸ ਦੀ ਲਿਪੀ ਵਜੋਂ ਮਾਨਤਾ ਪ੍ਰਾਪਤ ਹੈ। ਇਸੇ ਤਰ੍ਹਾਂ ਦਾ ਸੰਵਿਧਾਨ ਵਿਰੋਧੀ ਕੰਮ ਦ੍ਰਮੁਕ ਨੇ ਨਵੰਬਰ 1986 ’ਚ ਵੀ ਦੁਹਰਾਇਆ ਸੀ, ਜਿਸ ’ਚ 10 ਦ੍ਰਮੁਕ ਵਿਧਾਇਕਾਂ ਨੂੰ ਵਿਧਾਨ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਬਿਨਾਂ ਸ਼ੱਕ ਸੰਸਕ੍ਰਿਤ ਅਤੇ ਤਮਿਲ ਭਾਰਤ ਦੀਆਂ ਸਭ ਤੋਂ ਪੁਰਾਤਨ ਭਾਸ਼ਾਵਾਂ ਹਨ। ਆਖਿਰ ਦ੍ਰਮੁਕ ਦਾ ਚਿੰਤਨ ਹਿੰਦੂ-ਹਿੰਦੀ ਪ੍ਰਤੀ ਨਫਰਤ ਨਾਲ ਇੰਨਾ ਕਿਉਂ ਲਬਰੇਜ (ਭਰਿਆ ਹੋਇਆ) ਹੈ। ਅਸਲ ’ਚ ਇਹ ਪਖੰਡ ਬਰਤਾਨਵੀਆਂ ਵਲੋਂ ਆਪਣੇ ਰਾਜ ਨੂੰ ਬਰਕਰਾਰ ਰੱਖਣ ਲਈ ਘੜੇ ਬਿਰਤਾਂਤਾਂ ’ਚੋਂ ਇਕ ਹੈ। ਇਸ ਦੀਆਂ ਜੜ੍ਹਾਂ ਈਸਟ ਇੰਡੀਆ ਕੰਪਨੀ ਵਲੋਂ ਆਪਣੇ ਸਾਲ 1813 ਦੇ ਚਾਰਟਰ ’ਚ ਜੋੜੀ ਗਈ ਵਿਵਾਦਮਈ ਧਾਰਾ ’ਚ ਮਿਲਦੀਆਂ ਹਨ, ਜਿਸ ਨਾਲ ਬਰਤਾਨਵੀ ਪਾਦਰੀਆਂ ਅਤੇ ਈਸਾਈ ਮਿਸ਼ਨਰੀਆਂ ਲਈ ਅੰਗਰੇਜ਼ਾਂ ਦੇ ਸਹਿਯੋਗ ਨਾਲ ਸਥਾਨਕ ਭਾਰਤੀਆਂ ਦੀ ਧਰਮ ਤਬਦੀਲੀ ਕਰਨ ਦਾ ਰਾਹ ਸਾਫ ਹੋਇਆ ਸੀ।
ਇਸ ਮਜ਼੍ਹਬੀ ਜੁਗਲਬੰਦੀ ’ਚ ਬ੍ਰਾਹਮਣਾਂ ਖਿਲਾਫ ਉਹ ਮਜ਼੍ਹਬੀ ਉੱਦਮ ਕੀਤਾ ਗਿਆ ਜਿਸ ਨੂੰ ਸਥਾਪਿਤ ਕਰਨ ’ਚ 16ਵੀਂ ਸਦੀ ’ਚ ਭਾਰਤ ਆਏ ਫਰਾਂਸਿਸ ਜ਼ੇਵੀਅਰ ਦਾ ਵੱਡਾ ਯੋਗਦਾਨ ਸੀ। ਉਸ ਵੇਲੇ ਫਰਾਂਸਿਸ ਨੇ ਦੇਸ਼ ’ਚ ਰੋਮਨ ਕੈਥੋਲਿਕ ਚਰਚ ਦੀ ਧਰਮ ਤਬਦੀਲੀ ਮੁਹਿੰਮ ’ਚ ਬ੍ਰਾਹਮਣਾਂ ਨੂੰ ਸਭ ਤੋਂ ਵੱਡਾ ਰੋੜਾ ਦੱਸਿਆ ਸੀ। ਇਸ ਦੇ ਤਹਿਤ ਚਰਚ ਦੀ ਹਮਾਇਤ ਨਾਲ ਅੰਗਰੇਜ਼ਾਂ ਨੇ ਸਾਲ 1917 ’ਚ ਬ੍ਰਾਹਮਣ ਵਿਰੋਧੀ ‘ਸਾਊਥ ਇੰਡੀਅਨ ਲਿਬਰਲ ਫੈਡਰੇਸ਼ਨ’ ਜਿਸ ਨੂੰ ‘ਜਸਟਿਸ ਪਾਰਟੀ’ ‘ਦ੍ਰਵਿੜ ਕੜਗਮ’ ਡੀ. ਕੇ. ਨਾਂ ਨਾਲ ਵੀ ਜਾਣਿਆ ਗਿਆ, ਉਸ ਦਾ ਗਠਨ ਕੀਤਾ।
ਫਿਰ ਇਸ ਸਾਜ਼ਿਸ਼ ’ਚ, ਇਰੋਡ ਰਾਮਾਸਾਮੀ ਨਾਇਕ ‘ਪੇਰੀਆਰ’ ਸਭ ਤੋਂ ਵੱਡੇ ਆਗੂ ਵਜੋਂ ਉੱਭਰੇ ਜਿਨ੍ਹਾਂ ਨੇ ਸਿਰਫ਼ ‘ਦ੍ਰਵਿਨਾਡੂ’ ਨਾਂ ਦੇ ਵੱਖਰੇ ਦੇਸ਼ ਦੀ ਮੰਗ ਕਰਦੇ ਹੋਏ ਮੁਸਲਿਮ ਲੀਗ ਦੇ ਪਾਕਿਸਤਾਨ ਅੰਦੋਲਨ ਦੀ ਹਮਾਇਤ ਕੀਤੀ। ਨਾਲ ਹੀ 1947 ’ਚ ਅੰਗਰੇਜ਼ਾਂ ਤੋਂ ਮਿਲੀ ਆਜ਼ਾਦੀ ’ਤੇ ਦੁੱਖ ਵੀ ਪ੍ਰਗਟ ਕੀਤਾ। ਦਰਅਸਲ ਅੰਗਰੇਜ਼ਾਂ ਵਲੋਂ ਸ਼ੁਰੂ ਕੀਤੀ ਗਈ ਦ੍ਰਵਿੜ ਲਹਿਰ ਨਫ਼ਰਤ ਅਤੇ ਦੁਸ਼ਮਣੀ ਦੇ ਫਲਸਫੇ ’ਤੇ ਆਧਾਰਿਤ ਸੀ।
ਬਲਬੀਰ ਪੁੰਜ
ਟਰੰਪ ਦੇ ਟੈਰਿਫ ਯੁੱਧ ਦਾ ਭਾਰਤੀ ਜਵਾਬ
NEXT STORY