ਮਿਰਚ-ਮਸਾਲਾ
ਉਂਝ ਤਾਂ ਸੰਘ ਆਪਣੇ 95ਵੇਂ ਸਾਲ ’ਚ ਦਾਖਲ ਹੋ ਚੁੱਕਾ ਹੈ ਪਰ ਉਸ ਦੇ ਚਿਹਰੇ ’ਤੇ ਉਮਰ ਦੀ ਕੋਈ ਸ਼ਿਕਨ ਤਕ ਨਹੀਂ ਹੈ, ਸਗੋਂ ਆਪਣੇ ਚਿਹਰੇ-ਮੋਹਰੇ ਨੂੰ ਇਕ ਨਵੇਂ ਰੂਪ ’ਚ ਪੇਸ਼ ਕਰਨ ’ਚ ਜੁਟਿਆ ਹੈ। ਸਰ ਸੰਘਚਾਲਕ ਡਾ. ਮੋਹਨ ਭਾਗਵਤ ਆਉਣ ਵਾਲੇ ਦਿਨਾਂ ’ਚ ਸੰਘ ਨੂੰ ਇਕ ਪ੍ਰਗਤੀਸ਼ੀਲ ਅਤੇ ਯੁਵਾ ਚਿਹਰਾ-ਮੋਹਰਾ ਦੇਣ ਦੀ ਕਵਾਇਦ ’ਚ ਜੁਟੇ ਹਨ। ਸੰਘ ਨਾਲ ਜੁੜੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਆਪਣੇ ਲੋਕਾਂ ਸਾਹਮਣੇ ਭਾਸ਼ਣ ਦਿੰਦੇ ਹੋਏ ਭਾਗਵਤ ਕਈ ਵਾਰ ਇਹ ਚਿੰਤਾ ਜ਼ਾਹਿਰ ਕਰ ਚੁੱਕੇ ਹਨ ਕਿ ਸੰਘ ਦੀਆਂ ਸ਼ਾਖਾਵਾਂ ਤੋਂ ਨੌਜਵਾਨਾਂ ਦਾ ਮੋਹ ਭੰਗ ਹੋ ਰਿਹਾ ਹੈ, ਸੋ ਸੰਘ ਦੀ ਸੋਚ ਕਿਵੇਂ ਮੁੜ ਹਾਸਿਲ ਹੋਵੇ, ਆਧੁਨਿਕ ਅਤੇ ਵਿਗਿਆਨ ਸੰਮਤ ਹੋਵੇ, ਇਸ ਬਾਰੇ ਭਾਗਵਤ ਪਹਿਲਾਂ ਵੀ ਆਪਣੇ ਵਿਚਾਰ ਰੱਖ ਚੁੱਕੇ ਹਨ। ਸੋਸ਼ਲ ਮੀਡੀਆ, ਖਾਸ ਕਰਕੇ ਟਵਿਟਰ ਅਤੇ ਫੇਸਬੁੱਕ ਨੂੰ ਲੈ ਕੇ ਸੰਘ ਦੇ ਮਨ ’ਚ ਸ਼ੁਰੂ ਤੋਂ ਹੀ ਕੁਝ ਭੁਲੇਖੇ ਸਨ ਪਰ ਜਦੋਂ ਭਾਗਵਤ ਨੂੰ ਅਜਿਹਾ ਲੱਗਣ ਲੱਗਾ ਕਿ ਸੋਸ਼ਲ ਅਤੇ ਡਿਜੀਟਲ ਮੀਡੀਆ ਨਾਲ ਜੁੜੇ ਬਿਨਾਂ ਨੌਜਵਾਨਾਂ ਦੇ ਦਿਲ ’ਚ ਪੈਠ ਨਹੀਂ ਬਣਾਈ ਜਾ ਸਕਦੀ ਤਾਂ ਇਕ ਦਿਨ ਅਚਾਨਕ ਆਪਣੇ 6 ਹੋਰਨਾਂ ਸਹਿਯੋਗੀਆਂ ਨਾਲ ਉਨ੍ਹਾਂ ਨੇ ਵੀ ਟਵਿਟਰ ’ਤੇ ਆਉਣ ਦਾ ਫੈਸਲਾ ਕਰ ਲਿਆ। ਟਵਿਟਰ ਜੁਆਇਨ ਕਰਦੇ ਹੀ ਭਾਗਵਤ ਦੇ 12 ਹਜ਼ਾਰ ਤੋਂ ਵੱਧ ਫਾਲੋਅਰਜ਼ ਬਣ ਗਏ। ਭਾਗਵਤ ਦੇ ਨਾਲ-ਨਾਲ ਭਈਆਜੀ ਜੋਸ਼ੀ, ਕ੍ਰਿਸ਼ਨ ਗੋਪਾਲ ਅਤੇ ਸੁਰੇਸ਼ ਸੋਨੀ ਵਰਗੇ ਸੰਘ ਵਿਚਾਰਕਾਂ ਨੇ ਆਪਣਾ ਟਵਿਟਰ ਅਕਾਊਂਟ ਖੋਲ੍ਹ ਲਿਆ, ਹਾਲਾਂਕਿ ਸੰਘ ਦਾ ਅਧਿਕਾਰਤ ਟਵਿਟਰ ਹੈਂਡਲ ਪਹਿਲਾਂ ਤੋਂ ਮੌਜੂਦ ਸੀ ਪਰ ਸੋਸ਼ਲ ਮੀਡੀਆ ਦੀ ਹਾਜ਼ਰੀ ਅਤੇ ਇਸ ਦੀ ਵਰਤੋਂ ਨੂੰ ਲੈ ਕੇ ਭਾਗਵਤ ਸਦਾ ਖਦਸ਼ੇ ਵਿਚ ਰਹੇ ਹਨ। ਇਥੋਂ ਤਕ ਕਿ ਸੰਘ ਦੇ ਮੁੱਖ ਪੱਤਰ ‘ਪਾਂਚਜਨਯ’ ਅਤੇ ਆਰਗੇਨਾਈਜ਼ਰ ਦੇ ਸੰਪਾਦਕਾਂ ਸਾਹਮਣੇ ਭਾਗਵਤ ਸੋਸ਼ਲ ਮੀਡੀਆ ਦੇ ਵਧਦੇ ਚਲਨ ਨੂੰ ਲੈ ਕੇ ਆਪਣੀ ਅਸਹਿਮਤੀ ਵੀ ਜਤਾ ਚੁੱਕੇ ਸਨ। ਬਕੌਲ ਭਾਗਵਤ ‘ਸੋਸ਼ਲ ਮੀਡੀਆ ਲੋਕਾਂ ’ਚ ‘ਮੈਂ, ਮੇਰਾ ਅਤੇ ਮੈਨੂੰ’ ਵਰਗੀ ਸੁਆਰਥੀ ਸੋਚ ਨੂੰ ਅੱਜ ਵਧਾ ਰਿਹਾ ਹੈ। ਲੋਕ ਇਸ ਮਾਧਿਅਮ ਨਾਲ ਆਪਣੇ ਨਿੱਜੀ ਵਿਚਾਰ ਦੂਜਿਆਂ ’ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।’ ਪਰ ਲੱਗਦਾ ਹੈ ਸੰਘ ਮੁਖੀ ਨੂੰ ਇੰਟਰਨੈੱਟ ਇਨਕਲਾਬ ਦੀ ਤਾਕਤ ਅੱਗੇ ਝੁਕਣਾ ਪੈ ਰਿਹਾ ਹੈ। ਸੰਘ ਦੇ ਟਵਿਟਰ ’ਤੇ 13 ਲੱਖ ਤੋਂ ਵੱਧ ਫਾਲੋਅਰਜ਼ ਹਨ, ਸੰਘ ਦੇ ਫੇਸਬੁੱਕ ਪੇਜ ’ਤੇ ਵੀ 53 ਲੱਖ ਤੋਂ ਵੱਧ ਲਾਈਕਸ ਹਨ, ਜਿਥੇ ਦੁਨੀਆ ਭਰ ’ਚ ਹਰ ਮਹੀਨੇ 32 ਕਰੋੜ ਤੋਂ ਵੱਧ ਲੋਕ ਟਵਿਟਰ ਦੀ ਵਰਤੋਂ ਨਾਲ ਜੁੜੇ ਹੋਣ ਤਾਂ ਸੰਘ ਇਸ ਦੀ ਅਣਦੇਖੀ ਦਾ ਜੋਖਮ ਭਲਾ ਕਿਵੇਂ ਉਠਾ ਸਕਦਾ ਹੈ।
ਰਣ ਛੋੜ ਤੇਜਸਵੀ ਸਾਹਮਣੇ ਤੇਜਪ੍ਰਤਾਪ ਦਾ ਤਾਂਡਵ
ਲਾਲੂ ਪਰਿਵਾਰ ’ਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ। ਆਪਣੀ ਟੁੱਟਦੀ ਪਾਰਟੀ ਅਤੇ ਖਿੱਲਰਦੇ ਪਰਿਵਾਰ ਨੂੰ ਬਚਾਉਣ ਦੀ ਬੇਚੈਨੀ ਰਾਂਚੀ ਜੇਲ ’ਚ ਬੈਠੇ ਲਾਲੂ ਦੇ ਚਿਹਰੇ ’ਤੇ ਸਾਫ ਨਜ਼ਰ ਆ ਰਹੀ ਹੈ। 23 ਮਈ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਲਾਲੂ ਦੇ ਐਲਾਨੇ ਸਿਆਸੀ ਉੱਤਰਾਧਿਕਾਰੀ ਤੇਜਸਵੀ ਯਾਦਵ ਲਗਾਤਾਰ ਅਗਿਆਤਵਾਸ ’ਚ ਸਨ। ਪਾਰਟੀ ਦੇ ਕਈ ਵੱਡੇ ਨੇਤਾਵਾਂ ਅਤੇ ਗੱਠਜੋੜ ਸਾਥੀ ਜੀਤਨ ਰਾਮ ਮਾਂਝੀ ਦੀਆਂ ਜਨਤਕ ਚਿੰਤਾਵਾਂ ਦੇ ਬਾਵਜੂਦ ਤੇਜਸਵੀ ਦਾ ਕੋਈ ਅਤਾ-ਪਤਾ ਨਹੀਂ ਸੀ, ਤਾਂ ਉਨ੍ਹਾਂ ਬਾਰੇ ਮਸ਼ਹੂਰ ਕਰਾ ਦਿੱਤਾ ਗਿਆ ਕਿ ਉਹ ‘ਰਣ ਛੋੜ’ ਹਨ। ਅਚਾਨਕ 4 ਜੁਲਾਈ ਨੂੰ ਤੇਜਸਵੀ ਵਿਧਾਨ ਸਭਾ ’ਚ ਪ੍ਰਗਟ ਹੁੰਦੇ ਹਨ ਅਤੇ ਦੱਸਦੇ ਹਨ ਕਿ ਉਹ ਦਿੱਲੀ ’ਚ ਆਪਣੇ ਜ਼ਖ਼ਮੀ ਪੈਰ ਦਾ ਇਲਾਜ ਕਰਵਾ ਰਹੇ ਸਨ ਪਰ ਇਸ ਦੇ ਅਗਲੇ ਹੀ ਦਿਨ 5 ਜੁਲਾਈ ਨੂੰ ਰਾਜਦ ਦਾ 22ਵਾਂ ਸਥਾਪਨਾ ਦਿਵਸ ਸੀ ਪਰ ਤੇਜਸਵੀ ਉਸ ’ਚ ਵੀ ਨਹੀਂ ਆਏ। ਲਾਲੂ ਇਸ ’ਚ ਆਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੇਲ ਨਹੀਂ ਮਿਲੀ। ਲਾਲੂ ਪਰਿਵਾਰ ਦੀ ਇਕੋ-ਇਕ ਮੈਂਬਰ ਰਾਬੜੀ ਦੇਵੀ ਨੇ ਆਪਣੇ ਪਾਰਟੀ ਸਹਿਯੋਗੀਆਂ ਰਘੁਵੰਸ਼ ਪ੍ਰਸਾਦ ਸਿੰਘ, ਸ਼ਿਵਾਨੰਦ ਤਿਵਾੜੀ, ਰਾਮਚੰਦਰ ਪੂਰਵੇ, ਆਲੋਕ ਮਹਿਤਾ ਅਤੇ ਹੋਰਨਾਂ ਨਾਲ ਪਾਰਟੀ ਦੇ ਮੁੱਖ ਦਫਤਰ ’ਚ ਦੀਪ ਪ੍ਰਜਵਲਿਤ ਕੀਤਾ। ਇਸ ਤੋਂ ਬਾਅਦ ਕੇਕ ਵੀ ਕੱਟਿਆ ਗਿਆ। ਕੇਟ ਕੱਟਦੇ ਹੀ ਇਕ ਵੱਡਾ ਡਰਾਮਾ ਹੋਇਆ, ਰਾਬੜੀ ਦੇ ਵੱਡੇ ਪੁੱਤਰ ਤੇਜਪ੍ਰਤਾਪ ਸ਼ਿਵ ਦੇ ਅਵਤਾਰ ’ਚ ਜਟਾਧਾਰੀ ਅਤੇ ਹੱਥਾਂ ’ਚ ਤ੍ਰਿਸ਼ੂਲ ਫੜੀ ਉਥੇ ਅਚਾਨਕ ਪ੍ਰਗਟ ਹੋ ਗਏ। ਉਨ੍ਹਾਂ ਦੇ ਆਉਂਦੇ ਹੀ ਉਨ੍ਹਾਂ ਲਈ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਤੇਜਪ੍ਰਤਾਪ ਆਪਣੀਆਂ ਜਟਾਵਾਂ ਨੂੰ ਸੰਭਾਲਦੇ ਸਿੱਧੇ ਆਪਣੇ ਪਿਤਾ ਲਾਲੂ ਦੇ ਕਮਰੇ ’ਚ ਪਹੁੰਚੇ ਅਤੇ ਉਨ੍ਹਾਂ ਦੀ ਕੁਰਸੀ ’ਤੇ ਜਾ ਬੈਠੇ। ਸੰਦੇਸ਼ ਸਾਫ ਹੈ, ਇਹ ਇਕ ਵੱਡੇ ਘਮਾਸਾਨ ਦਾ ਐਲਾਨ ਹੈ।
ਰਾਹੁਲ ਦੇ ਡਿਨਰ ’ਤੇ ਉਨ੍ਹਾਂ ਦੇ ਚਹੇਤੇ
ਸੰਸਦ ’ਚ ਸੱਤਾ ਧਿਰ ਜਿੱਥੇ ਆਪਣੀ ਸਰਕਾਰ 2.0 ਦਾ ਪਹਿਲਾ ਮੁਕੰਮਲ ਸਮੇਂ ਦਾ ਬਜਟ ਪੇਸ਼ ਕਰਨ ਦੀ ਗਹਿਮਾ-ਗਹਿਮੀ ’ਚ ਉਲਝੀ ਸੀ, ਉਥੇ ਹੀ ਰਾਹੁਲ ਗਾਂਧੀ ਆਪਣੇ ਖਾਸ ਵਿਸ਼ਵਾਸਪਾਤਰ ਸੰਸਦ ਮੈਂਬਰਾਂ ਨਾਲ ਭਵਿੱਖ ਦੀਆਂ ਰਣਨੀਤੀਆਂ ਬਣਾਉਣ ’ਚ ਰੁੱਝੇ ਹੋਏ ਸਨ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਸੇ ਸਿਲਸਿਲੇ ’ਚ ਰਾਹੁਲ ਨੇ ਕੋਈ 3 ਦਿਨ ਪਹਿਲਾਂ ਆਪਣੇ ਨਵੀਂ ਦਿੱਲੀ ਸਥਿਤ ਨਿਵਾਸ ’ਤੇ ਆਪਣੇ ਖਾਸ ਭਰੋਸੇਮੰਦ ਅਤੇ ਸੰਸਦ ਮੈਂਬਰਾਂ ਨੂੰ ਡਿਨਰ ’ਤੇ ਸੱਦਾ ਦਿੱਤਾ, ਜਿਥੇ ਆਸਾਮ ਦੇ ਨੌਜਵਾਨ ਸੰਸਦ ਮੈਂਬਰ ਗੌਰਵ ਗੋਗੋਈ ਨੇ ਇਕ ਨਵੀਂ ਕਾਂਗਰਸ ਦੀ ਰੂਪ-ਰੇਖਾ ਦੀਆਂ ਧਾਰਨਾਵਾਂ ਨੂੰ ਸਾਹਮਣੇ ਰੱਖਿਆ ਤਾਂ ਤਾਮਿਲਨਾਡੂ ਤੋਂ ਕਾਂਗਰਸੀ ਸੰਸਦ ਮੈਂਬਰ ਜਯੋਤੀਮਨੀ ਨੇ ਇਸ ਗੱਲ ’ਤੇ ਚਿੰਤਾ ਜਤਾਈ ਕਿ ਤਾਮਿਲਨਾਡੂ ਵਰਗਾ ਸੂਬਾ, ਜੋ ਕਦੇ ਕਾਂਗਰਸ ਦੇ ਮਜ਼ਬੂਤ ਗੜ੍ਹ ’ਚ ਸ਼ੁਮਾਰ ਹੁੰਦਾ ਸੀ, ਅੱਜ ਉਥੇ ਵੀ ਕਾਂਗਰਸ ਨੂੰ ਦ੍ਰਮੁਕ ਵਰਗੇ ਦਲਾਂ ਦੀ ਬੈਸਾਖੀ ਦੀ ਜ਼ਰੂਰਤ ਪੈ ਗਈ ਹੈ। ਕਹਿੰਦੇ ਹਨ ਕਿ ਉਸ ਡਿਨਰ ’ਚ ਕੇਰਲ ਤੋਂ ਕਾਂਗਰਸ ਦੀ ਸੰਸਦ ਮੈਂਬਰ ਰਮੱਈਆ ਹਰੀਦਾਸ ਬੋਲਦੇ-ਬੋਲਦੇ ਅਚਾਨਕ ਬੇਹੱਦ ਭਾਵੁਕ ਹੋ ਗਈ ਅਤੇ ਉਸ ਨੇ ਰਾਹੁਲ ਨੂੰ ਕਿਹਾ, ‘‘ਸਰ, ਸਾਡੇ ਵਰਗੇ ਤਾਂ ਤੁਹਾਡੇ ਤੋਂ ਪ੍ਰੇਰਨਾ ਲੈ ਕੇ ਹੀ ਰਾਜਨੀਤੀ ’ਚ ਆਏ ਹਨ। ਕਾਂਗਰਸ ’ਚ ਸਾਡੀਆਂ ਉਮੀਦਾਂ ਤੁਹਾਡੇ ਤੋਂ ਹੀ ਹਨ ਪਰ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ!’’ ਕਹਿੰਦੇ ਹਨ ਇਸ ’ਤੇ ਰਾਹੁਲ ਨੇ ਰਮੱਈਆ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ‘‘ਉਹ ਕਿਤੇ ਨਹੀਂ ਜਾ ਰਹੇ, ਸਗੋਂ ਹੁਣ ਤਕ ਉਨ੍ਹਾਂ ਨੇ ਦਿਨ-ਰਾਤ ਇਕ ਕਰ ਕੇ ਕਾਂਗਰਸ ਲਈ ਕੰਮ ਕੀਤਾ ਪਰ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਕਾਰਣ ਉਨ੍ਹਾਂ ਨੂੰ ਮਿਹਣੇ ਸਹਿਣੇ ਪਏ।’’ ਰਾਹੁਲ ਨੇ ਅੱਗੇ ਕਿਹਾ ਕਿ ਹੁਣ ਕਾਂਗਰਸ ਉਨ੍ਹਾਂ ਲਈ ਕੰਮ ਕਰੇਗੀ। ਦੱਸ ਦੇਈਏ ਕਿ ਇਥੇ ਇਸ਼ਾਰਿਆਂ-ਇਸ਼ਾਰਿਆਂ ’ਚ ਰਾਹੁਲ ਨੇ ਦੱਸ ਦਿੱਤਾ ਕਿ ਹੁਣ ਪਾਰਟੀ ਦੇ ਸਾਰੇ ਅਹਿਮ ਫੈਸਲੇ ਕੋਰ ਕਮੇਟੀ ਲਵੇਗੀ ਅਤੇ ਸਫਲਤਾ ਜਾਂ ਅਸਫਲਤਾ ਦੋਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਵੀ ਇਸ ਕੋਰ ਕਮੇਟੀ ਨੂੰ ਹੀ ਅਪਣਾਉਣਾ ਪਵੇਗਾ। ਦੱਸਦੇ ਹਾਂ ਕਿ ਗੱਲਾਂ ਹੀ ਗੱਲਾਂ ’ਚ ਰਾਹੁਲ ਨੇ ਆਪਣੇ ਖਾਸ ਚਹੇਤੇ ਸੰਸਦ ਮੈਂਬਰਾਂ ਸਾਹਮਣੇ ਇਹ ਜਤਾ ਦਿੱਤਾ ਕਿ ਜਦੋਂ ਵੀ ਉਨ੍ਹਾਂ ਦੀ ਅਗਵਾਈ ’ਚ ਕਾਂਗਰਸ ਨੂੰ ਕੋਈ ਵੱਡੀ ਜਿੱਤ ਮਿਲੀ, ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਸ ’ਤੇ ਆਪਣਾ ਹੱਕ ਜਤਾ ਦਿੱਤਾ, ਹਾਰ ਮਿਲੀ ਤਾਂ ਉਹ ਰਾਹੁਲ ਦੇ ਮੱਥੇ ਮੜ੍ਹ ਦਿੱਤੀ।
ਭਾਵਨਾ ਆਪਣੀ ਅਣਦੇਖੀ ’ਤੇ ਨਾਰਾਜ਼
ਮਹਾਰਾਸ਼ਟਰ ’ਚ ਭਾਜਪਾ ਦੇ ਸਹਿਯੋਗ ਨਾਲ ਚੋਣਾਂ ’ਚ ਜਿੱਤ ਦਾ ਝੰਡਾ ਲਹਿਰਾਉਣ ਵਾਲੀ ਸ਼ਿਵ ਸੈਨਾ ’ਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ। ਫੌਜ ’ਚ ਅਸੰਤੋਸ਼ ਦੇ ਸੁਰ ਤੇਜ਼ ਹੋਣ ਲੱਗੇ ਹਨ। ਹਾਲੀਆ ਵਾਕਿਆ ਲੋਕ ਸਭਾ ’ਚ ਆਪਣੇ ਨੇਤਾ ਦੀ ਚੋਣ ਨੂੰ ਲੈ ਕੇ ਸੀ, ਜਦੋਂ ਪਹਿਲੀ ਵਾਰ ਜਿੱਤ ਕੇ ਸੰਸਦ ਪਹੁੰਚੇ ਵਿਨਾਇਕ ਰਾਊਤ ਨੂੰ ਸੰਸਦ ’ਚ ਪਾਰਟੀ ਦਾ ਨੇਤਾ ਐਲਾਨ ਦਿੱਤਾ ਗਿਆ ਪਰ 5 ਵਾਰ ਦੀ ਸੰਸਦ ਮੈਂਬਰ ਭਾਵਨਾ ਗਵਲੀ ਪਾਟਿਲ ਦਾ ਮੂੰਹ ਤੱਕਦੀ ਰਹਿ ਗਈ। ਭਾਵਨਾ ਵਿਦਰਭ ’ਚ ਯਵਤਮਾਲ ਵਾਸਿਮ ਤੋਂ ਸੰਸਦ ਮੈਂਬਰ ਹੈ। ਸੂਤਰਾਂ ਦੀ ਮੰਨੀਏ ਤਾਂ ਆਪਣੀ ਅਣਦੇਖੀ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਭਾਵਨਾ ਨੇ ਕਿਤੇ ਕਹਿ ਦਿੱਤਾ ਕਿ ਉਹ ਸਮਝਦੀ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਰਿਮੋਟ ਕੰਟਰੋਲ ਮੁੰਬਈ ’ਚ (ਊਧਵ ਠਾਕਰੇ) ਹੈ ਪਰ ਲੱਗਦਾ ਹੈ ਇਸ ਰਿਮੋਟ ਕੰਟਰੋਲ ਦੀ ਬੈਟਰੀ ਕਮਜ਼ੋਰ ਪੈ ਗਈ ਹੈ। ਕਹਿੰਦੇ ਹਨ ਜਿਉਂ ਹੀ ਭਾਵਨਾ ਦੀ ਨਾਰਾਜ਼ਗੀ ਦੀ ਖ਼ਬਰ ਸੈਨਾ ਮੁਖੀ ਊਧਵ ਠਾਕਰੇ ਨੂੰ ਲੱਗੀ, ਉਨ੍ਹਾਂ ਨੇ ਤੁਰੰਤ ਭਾਵਨਾ ਨੂੰ ਫੋਨ ਕਰ ਕੇ ਕਿਹਾ ਕਿ ‘‘ਉਨ੍ਹਾਂ ਨੂੰ ਹਰ ਸਮੇਂ ਉਨ੍ਹਾਂ ਦਾ ਖਿਆਲ ਹੈ, ਕੇਂਦਰ ’ਚ ਮੰਤਰੀ ਮੰਡਲ ਦੇ ਅਗਲੇ ਵਿਸਤਾਰ ’ਚ ਸੈਨਾ ਦੇ ਕੋਟੇ ਤੋਂ ਉਨ੍ਹਾਂ ਨੂੰ ਜ਼ਰੂਰ ਜਗ੍ਹਾ ਮਿਲੇਗੀ।’’ ਭਾਵਨਾ ਨੂੂੰ ਪਤਾ ਹੈ ਕਿ ਦਿਲ ਬਹਿਲਾਉਣ ਲਈ ਇਹ ਖਿਆਲ ਚੰਗਾ ਹੈ, ਨਹੀਂ ਤਾਂ ਮੋਦੀ ਕਦੋਂ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਇੰਨੀ ਜਲਦੀ ਕਰਦੇ ਹਨ ਅਤੇ ਜੇਕਰ ਕਰਨ ਵੀ ਤਾਂ ਕੀ ਗਾਰੰਟੀ ਕਿ ਉਸ ’ਚ ਸ਼ਿਵ ਸੈਨਾ ਨੂੰ ਜਗ੍ਹਾ ਮਿਲੇ ਹੀ। ਕਹਿੰਦੇ ਹਨ ਭਾਵਨਾ ਉਸ ਘੜੀ ਨੂੰ ਕੋਸ ਰਹੀ ਹੈ, ਜਦੋਂ ਇਨ੍ਹਾਂ ਚੋਣਾਂ ’ਚ ਉਸ ਨੇ ਭਾਜਪਾ ਦੀ ਟਿਕਟ ਦਾ ਆਫਰ ਠੁਕਰਾ ਦਿੱਤਾ ਸੀ।
ਕਿਸ ਦੇ ਨਾਲ ਜਾਣਗੇ ਨਿਤੀਸ਼
ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਤੋਂ ਬਾਅਦ ਜੇਕਰ ਨਰਿੰਦਰ ਮੋਦੀ ਤੋਂ ਬਾਅਦ ਕਿਸੇ ਨੇਤਾ ਦੇ ਆਭਾ ਮੰਡਲ ’ਚ ਨਾਟਕੀ ਬਦਲਾਅ ਆਇਆ ਹੈ ਤਾਂ ਉਹ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਹਨ। ਕਹਿੰਦੇ ਹਨ ਚੋਣ ਨਤੀਜੇ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਵਾਰ ਨਿਤੀਸ਼ ਨਾਲ ਸੰਵਾਦ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਨਿਤੀਸ਼ ਦੇ ਇਕ ਦੁਲਾਰੇ ਪੱਤਰਕਾਰ ਟਰਨ ਰਾਜਨੇਤਾ ਨੇ ਇਹ ਖਬਰ ਮੀਡੀਆ ’ਚ ਲੀਕ ਕਰ ਦਿੱਤੀ। ਜਦੋਂ ਰਾਜਦ ਨੇਤਾ ਤੇਜਸਵੀ ਯਾਦਵ ਆਪਣੇ ਅਗਿਆਤਵਾਸ ’ਚੋਂ ਬਾਹਰ ਆਏ ਤਾਂ ਇਸ ਖਬਰ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿੱਤਾ। ਕਹਿੰਦੇ ਹਨ ਗੁੱਸੇ ’ਚ ਆਏ ਤੇਜਸਵੀ ਨੇ ਆਪਣੇ ਵਿਸ਼ਵਾਸਪਾਤਰਾਂ ਸਾਹਮਣੇ ਕਿਹਾ ਕਿ ‘‘ਰਾਹੁਲ ਗਾਂਧੀ ਦੇ ਅਜਿਹੇ ਯਤਨਾਂ ਨਾਲ ਉਨ੍ਹਾਂ ਨੂੰ ਧੱਕਾ ਲੱਗਾ ਹੈ, ਉਂਝ ਵੀ ਸੂਬੇ ’ਚ ਕਾਂਗਰਸ ਉਨ੍ਹਾਂ ਉਪਰ ਇਕ ਬੋਝ ਵਾਂਗ ਸੀ। ਜੇਕਰ ਨਿਤੀਸ਼ ਜੀ ਨਾਲ ਗੱਲ ਕਰਨੀ ਹੈ ਤਾਂ ਉਹ ਸਿੱਧੇ ਇਸ ਬਾਰੇ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ।’’ ਜਦੋਂ ਇਸ ਵੱਡੀ ਕਸ਼ਮਕਸ਼ ਦੀ ਖਬਰ ਨਿਤੀਸ਼ ਨੂੰ ਲੱਗੀ ਤਾਂ ਉਨ੍ਹਾਂ ਨੇ ਜਨਤਕ ਤੌਰ ’ਤੇ ਇਹ ਬਿਆਨ ਦੇ ਕੇ ਮਾਮਲੇ ’ਤੇ ਪਾਣੀ ਪਾਉਣਾ ਚਾਹਿਆ ਕਿ ‘‘ਉਨ੍ਹਾਂ ਨੂੰ ਕੋਈ ਵੀ ਫੋਨ ਕਰ ਸਕਦਾ ਹੈ ਪਰ ਫੋਨ ’ਤੇ ਆਉਣਾ, ਨਾ ਆਉਣਾ, ਉਨ੍ਹਾਂ ਦੀ ਚੁਆਇਸ ਹੈ।’’
ਥਰੂਰ ਹੈ ਤਾਂ ਜ਼ਰੂਰ ਹੈ
ਕਾਂਗਰਸੀ ਨੇਤਾ ਸ਼ਸ਼ੀ ਥਰੂਰ ਪਿਛਲੇ ਦਿਨੀਂ ਸੈਂਟਰਲ ਹਾਲ ’ਚ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕਈ ਬੁੱਧੀਜੀਵੀ ਸੰਸਦ ਮੈਂਬਰਾਂ ਅਤੇ ਪੱਤਰਕਾਰਾਂ ਨੇ ਡੇਰਾ ਜਮਾਇਆ ਹੋਇਆ ਸੀ। ਥਰੂਰ ਦੇ ਠੀਕ ਨਾਲ ਵਾਲੀ ਕੁਰਸੀ ’ਤੇ ਕੁਮਾਰ ਕੇਤਕਰ ਅਤੇ ਉਦਯੋਗਪਤੀ ਸੰਸਦ ਮੈਂਬਰ ਰਾਜੀਵ ਚੰਦਰ ਸ਼ੇਖਰ ਬੈਠੇ ਸਨ। ਠੀਕ ਉਸੇ ਸਮੇਂ ਉਥੋਂ ਰਾਜਸਥਾਨ ਦੇ ਨਾਗੌਰ ਦੇ ਸੰਸਦ ਮੈਂਬਰ ਹਨੂਮਾਨ ਬੈਨੀਵਾਲ ਲੰਘੇ। ਯਾਦ ਰਹੇ ਕਿ ਇਹ ਬੈਨੀਵਾਲ ਉਹੀ ਹਨ, ਜਿਨ੍ਹਾਂ ਨੂੰ ਵਸੁੰਧਰਾ ਰਾਜੇ ਨਾਲ ਮਤਭੇਦ ਕਾਰਣ ਭਾਜਪਾ ’ਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਫਿਰ ਇਨ੍ਹਾਂ ਨੇ ਰਾਸ਼ਟਰੀ ਜਮਹੂਰੀ ਪਾਰਟੀ ਦੇ ਨਾਲ-ਨਾਲ ਆਪਣਾ ਵੱਖਰਾ ਦਲ ਬਣਾ ਲਿਆ ਸੀ। ਇਹ ਜਾਟ ਨੇਤਾ ਹਨ, ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਪਾਰਟੀ ਦੇ 3 ਵਿਧਾਇਕ ਜਿੱਤ ਕੇ ਰਾਜਸਥਾਨ ਵਿਧਾਨ ਸਭਾ ’ਚ ਪਹੁੰਚੇ ਹਨ। ਸਦਨ ’ਚ ਵੀ ਕਾਂਗਰਸ, ਖਾਸ ਕਰਕੇ ਰਾਹੁਲ ਅਤੇ ਅਧੀਰ ਰੰਜਨ ਚੌਧਰੀ ਪ੍ਰਤੀ ਉਨ੍ਹਾਂ ਦਾ ਰੁਖ਼ ਹਮੇਸ਼ਾ ਹਮਲਾਵਰ ਰਹਿੰਦਾ ਹੈ ਅਤੇ ਕਾਂਗਰਸੀ ਨੇਤਾਵਾਂ ’ਤੇ ਵਿਅੰਗ ਕੱਸਣ ਦਾ ਕੋਈ ਵੀ ਮੌਕਾ ਉਹ ਹੱਥੋਂ ਨਹੀਂ ਜਾਣ ਦਿੰਦੇ। ਸੋ, ਬੈਨੀਵਾਲ ਜਦੋਂ ਸ਼ਸ਼ੀ ਥਰੂਰ ਸਾਹਮਣੇ ਆ ਕੇ ਅਚਾਨਕ ਠਹਿਰ ਗਏ ਤਾਂ ਉਥੇ ਮੌਜੂਦ ਲੋਕਾਂ ਨੂੰ ਇਕ ਵਾਰ ਤਾਂ ਹੈਰਾਨੀ ਹੋਈ। ਸੂਤਰਾਂ ਦੀ ਮੰਨੀਏ ਤਾਂ ਬੈਨੀਵਾਲ ਨੇ ਥਰੂਰ ਨੂੰ ਮੁਖਾਤਿਬ ਹੋ ਕੇ ਆਪਣੇ ਠੇਠ ਅੰਦਾਜ਼ ਵਿਚ ਕਿਹਾ, ‘‘ਅਸੀਂ ਤਾਂ ਸੁਣਿਆ ਸੀ ਕਿ ਤੁਸੀਂ ਔਰਤਾਂ ’ਚ ਸਭ ਤੋਂ ਵੱਧ ਲੋਕਪ੍ਰਿਯ ਹੋ, ਹਰ ਸਮੇਂ ਉਨ੍ਹਾਂ ਨਾਲ ਹੀ ਘਿਰੇ ਰਹਿੰਦੇ ਹੋ ਪਰ ਲੱਗਦਾ ਹੈ, ਮੈਂ ਗਲਤ ਸੁਣਿਆ ਸੀ, ਤੁਸੀਂ ਤਾਂ ਪੜ੍ਹੇ-ਲਿਖਿਆਂ ਵਿਚਾਲੇ ਬੈਠੇ ਹੋ।’’ ਇਸ ’ਤੇ ਥਰੂਰ ਨੇ ਉਨ੍ਹਾਂ ਨੂੰ ਅੰਗਰੇਜ਼ੀ ਵਿਚ ਸਮਝਾਉਣਾ ਚਾਹਿਆ ਕਿ ‘‘ਤੁਸੀਂ ਜਨਤਕ ਜੀਵਨ ’ਚ ਹੋ, ਸਿਰਫ ਸੁਣੀਆਂ-ਸੁਣਾਈਆਂ ਗੱਲਾਂ ’ਤੇ ਯਕੀਨ ਨਾ ਕਰੋ।’’ ਕਹਿੰਦੇ ਹਨ ਇਸ ’ਤੇ ਬੈਨੀਵਾਲ ਨੇ ਕਿਹਾ ਕਿ ‘‘ਭਾਈ, ਤੁਹਾਡੀ ਅੰਗਰੇਜ਼ੀ ਮੇਰੇ ਪੱਲੇ ਨਹੀਂ ਪੈਂਦੀ, ਜੋ ਵੀ ਕਹਿਣਾ ਹੈ, ਹਿੰਦੀ ’ਚ ਕਹੋ।’’ ਥਰੂਰ ਕੁਝ ਹੋਰ ਕਹਿੰਦੇ, ਇਸ ਤੋਂ ਪਹਿਲਾਂ ਹਨੂਮਾਨ ਤੇਜ਼ ਰਫਤਾਰ ਨਾਲ ਅੱਗੇ ਵਧ ਗਏ।
ਇਕ ਦੇਸ਼, ਇਕ ਚੋਣ
ਪ੍ਰਧਾਨ ਮੰਤਰੀ ਮੋਦੀ ਦੇ ਭੱਥੇ ’ਚੋਂ ਨਿਕਲਿਆ ਇਹ ਇਕ ਅਜਿਹਾ ਤੀਰ ਹੈ, ਜਿਸ ਬਾਰੇ ਮੋਦੀ ਦੇ ਧੁਰ ਵਿਰੋਧੀ ਵੀ ਮੰਨਦੇ ਹਨ ਕਿ ਪੀ. ਐੱਮ. ਦਾ ‘ਇਕ ਦੇਸ਼, ਇਕ ਚੋਣ’ ਦਾ ਤੀਰ ਸਟੀਕ ਨਿਸ਼ਾਨੇ ’ਤੇ ਲੱਗਾ ਹੈ। ਵਿਰੋਧੀ ਦਲ ਵੀ ਖੁੱਲ੍ਹੇ ਤੌਰ ’ਤੇ ਇਸ ਦੇ ਵਿਰੋਧ ’ਚ ਇਸ ਲਈ ਸਾਹਮਣੇ ਨਹੀਂ ਆ ਰਹੇ ਕਿ ਮੋਦੀ ਨੇ ਆਪਣੇ ਇਸ ਸੱਦੇ ਨਾਲ ਦੇਸ਼ ਨੂੰ ਸਮਝਾਉਣਾ ਚਾਹਿਆ ਕਿ ਇਸ ਨਾਲ ਵੱਡੇ ਪੱਧਰ ’ਤੇ ਚੋਣ ਖਰਚਿਆਂ ’ਤੇ ਲਗਾਮ ਲੱਗੇਗੀ ਪਰ ਮੋਦੀ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦੇ ਹਨ, ਉਹ ਜਾਣਦੇ ਹਨ ਕਿ ਉਨ੍ਹਾਂ ਦੇ ‘ਇਕ ਦੇਸ਼, ਇਕ ਚੋਣ’ ਦਾ ਸੁਪਨਾ ਬਿਨਾਂ ਸੰਵਿਧਾਨਿਕ ਸੋਧ ਦੇ ਪੂਰਾ ਨਹੀਂ ਹੋ ਸਕੇਗਾ ਅਤੇ ਜੇਕਰ ਇਹ ਸੰਵਿਧਾਨਿਕ ਸੋਧ ਪ੍ਰਵਾਨ ਚੜ੍ਹਦੀ ਹੈ ਤਾਂ ਇਹ ਸੂਬਿਆਂ ਲਈ ਵੀ ਲਾਗੂ ਹੋ ਜਾਵੇਗੀ। ਇਸ ਦੇ ਲਾਗੂ ਹੁੰਦੇ ਹੀ ਜੰਮੂ-ਕਸ਼ਮੀਰ ਵਿਚ ਵੀ ਧਾਰਾ-370 ਆਪਣੇ ਆਪ ਖਤਮ ਹੋ ਜਾਵੇਗੀ ਅਤੇ ਵਿਰੋਧੀ ਦਲਾਂ ਨੂੰ ਵੀ ਇਸ ਦੇ ਵਿਰੋਧ ਦਾ ਮੌਕਾ ਨਹੀਂ ਮਿਲ ਸਕੇਗਾ।
ਲੌਟ ਕੇ ਯੋਗੀ ਘਰ ਕੋ ਆਏ
ਇਕ ਸਮਾਂ ਸੀ, ਜਦੋਂ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸਿਆਸੀ ਵਿਰਾਸਤ ਦਾ ਅਸਲੀ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਸੀ। ਯਾਦ ਕਰੋ, ਜਦੋਂ ਜੂਨ 2017 ’ਚ ਆਪਣਾ ਰਾਜ ਸਭਾ ਦਾ ਪਰਚਾ ਦਾਖਲ ਕਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਲਖਨਊ ਗਏ ਸਨ ਤਾਂ ਉਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕਰ ਦਿੱਤਾ ਸੀ ਕਿ ਬੇਸ਼ੱਕ ਉਹ ਰਾਜ ਸਭਾ ’ਚ ਆ ਜਾਣ ਪਰ ਉਹ ਮੋਦੀ ਕੈਬਨਿਟ ’ਚ ਸ਼ਾਮਿਲ ਨਹੀਂ ਹੋਣਗੇ ਕਿਉਂਕਿ ਪਾਰਟੀ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਪਰ 2019 ਆਉਂਦੇ-ਆਉਂਦੇ ਸਿਆਸੀ ਦ੍ਰਿਸ਼ ਬਦਲਿਆ, ਸ਼ਾਹ ਨਾ ਸਿਰਫ ਗਾਂਧੀਨਗਰ ਤੋਂ ਚੁਣ ਕੇ ਲੋਕ ਸਭਾ ਵਿਚ ਪਹੁੰਚੇ, ਸਗੋਂ ਦੇਸ਼ ਦੇ ਗ੍ਰਹਿ ਮੰਤਰੀ ਵੀ ਬਣੇ। ਭਗਵਾ ਸਿਆਸਤ ਦੀ ਸਲੇਟ ’ਤੇ ਲਿਖੀ ਇਬਾਰਤ ਹੁਣ ਬੇਹੱਦ ਸਾਫ ਸੀ ਕਿ ਉਹ ਨਾ ਸਿਰਫ ਮੋਦੀ ਦੇ ਅਸਲੀ ਸਿਆਸੀ ਵਾਰਿਸ ਬਣ ਗਏ, ਸਗੋਂ ਉਨ੍ਹਾਂ ਦੀ ਦਿੱਖ ਕੈਬਨਿਟ ’ਚ ਮੋਦੀ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਵੀ ਹੈ। ਬਦਲਦੇ ਸਿਆਸੀ ਘਟਨਾਚੱਕਰ ਤੋਂ ਪ੍ਰੇਰਨਾ ਲੈ ਕੇ ਹੁਣ ਯੋਗੀ ਨੇ ਆਪਣੇ ਆਪ ਨੂੰ ਯੂ. ਪੀ. ਤਕ ਹੀ ਸੀਮਤ ਰੱਖਣ ਦਾ ਅਣਐਲਾਨਿਆ ਫੈਸਲਾ ਕਰ ਲਿਆ ਹੈ। ਉਨ੍ਹਾਂ ਦੀਆਂ ਨਜ਼ਰਾਂ ਹੁਣ ਸੂਬੇ ਦੀਆਂ 2022 ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਟਿਕੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਨੂੰ ਹਰ ਹਾਲ ’ਚ ਜਿੱਤ ਹਾਸਿਲ ਕਰਨੀ ਪਵੇਗੀ। ਸੋ ਪਿਛਲੇ ਕੁਝ ਸਮੇਂ ਤੋਂ ਯੋਗੀ ਆਪਣਾ ਰਾਜ-ਕਾਜ ਚਲਾਉਣ ’ਚ ਬਹੁਤ ਦਿਲਚਸਪੀ ਦਿਖਾ ਰਹੇ ਹਨ ਅਤੇ ਇਨ੍ਹਾਂ ਹਾਵ-ਭਾਵ ਨਾਲ ਲੈਸ ਨਜ਼ਰ ਆ ਰਹੇ ਹਨ ਕਿ ਅਗਲੇ 10 ਸਾਲਾਂ ਤਕ ਉਨ੍ਹਾਂ ਨੇ ਯੂ. ਪੀ. ਦੀ ਹੀ ਵਾਗਡੋਰ ਸੰਭਾਲਣੀ ਹੈ। ਇਸ ਦੇ ਲਈ ਅਚਾਨਕ ਉਹ ਭ੍ਰਿਸ਼ਟਾਚਾਰ ’ਤੇ ਨਕੇਲ ਕੱਸਣ ਦੇ ਯਤਨਾਂ ’ਚ ਜੁਟ ਗਏ ਹਨ। ਸੂਬੇ ਦੀ ਮਸ਼ੀਨਰੀ ਨੂੰ ਵੀ ਉਹ ਹੋਰ ਚੁਸਤ-ਦਰੁੱਸਤ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਤਕ ਉਹ ਸਿਰਫ ਕੇਂਦਰ ਦੀਆਂ ਯੋਜਨਾਵਾਂ ਨੂੰ ਪ੍ਰਵਾਨ ਚੜ੍ਹਾਉਣ ’ਚ ਜੁਟੇ ਸਨ, ਹੁਣ ਉਨ੍ਹਾਂ ਨੇ ਸੂਬੇ ਦੀਆਂ ਯੋਜਨਾਵਾਂ ਦੀ ਵੀ ਸੁਧ ਲੈਣੀ ਸ਼ੁਰੂ ਕਰ ਦਿੱਤੀ ਹੈ।
...ਅਤੇ ਅਾਖਿਰ ’ਚ
ਬਿਹਾਰ ਤੋਂ ਭਾਜਪਾ ਦੇ ਇਸ ਰਾਜ ਸਭਾ ਮੈਂਬਰ ਦੀ ਗਿਣਤੀ ਸੰਘ ਦੇ ਬੇਹੱਦ ਕਰੀਬੀਆਂ ’ਚ ਹੁੰਦੀ ਹੈ ਪਰ ਭਾਜਪਾ ਦੇ ਬਾਗ਼ੀ ਨੇਤਾ ਸ਼ਤਰੂਘਨ ਸਿਨ੍ਹਾ ਨਾਲ ਦੋਸਤੀ ਦੀ ਇਨ੍ਹਾਂ ਨੂੰ ਹੁਣ ਕੀਮਤ ਚੁਕਾਉਣੀ ਪੈ ਰਹੀ ਹੈ। ਇਨ੍ਹਾਂ ਵਿਰੁੱਧ ਇਹ ਇਲਜ਼ਾਮ ਹੈ ਕਿ ਪਟਨਾ ਸਾਹਿਬ ਤੋਂ ਪਹਿਲਾਂ ਇਹ ਆਪਣੇ ਪੁੱਤਰ ਲਈ ਟਿਕਟ ਚਾਹੁੰਦੇ ਸਨ ਪਰ ਪਾਰਟੀ ਨੇ ਉਥੋਂ ਆਪਣੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੂੂੰ ਮੈਦਾਨ ’ਚ ਉਤਾਰਨ ਦਾ ਫੈਸਲਾ ਲਿਆ। ਕਹਿੰਦੇ ਹਨ ਇਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੀ ਬਜਾਏ ਸ਼ਤਰੂਘਨ ਸਿਨ੍ਹਾ ਵੱਲ ਆਪਣਾ ਝੁਕਾਅ ਦਿਖਾਇਆ। ਹੁਣ ਵਾਰੀ ਪਾਰਟੀ ਦੀ ਹੈ। ਹੁਣ ਭਾਜਪਾ ਸ਼ਾਸਿਤ ਸੂਬਿਆਂ ’ਚ ਉਨ੍ਹਾਂ ਦੀ ਕੰਪਨੀ ਨੂੰ ਕੰਮ ਲੈਣ ’ਚ ਬਹੁਤ ਦਿੱਕਤਾਂ ਆ ਰਹੀਆਂ ਹਨ।
ਕੀ ਨਹਿਰੂ ਸੱਚਮੁਚ ਕਸ਼ਮੀਰ ਮਾਮਲੇ ਨਾਲ ਗਲਤ ਢੰਗ ਨਾਲ ਨਜਿੱਠੇ
NEXT STORY