ਇਕ ਵਾਰ ਫਿਰ ਅੱਤਵਾਦੀ ਹਮਲਿਆਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਦਹਿਲਾ ਦਿੱਤਾ। ਲਾਲ ਕਿਲੇ ਦੇ ਭੀੜ ਭਰੇ ਇਲਾਕੇ ’ਚ ਇਹ ਜਾਨਲੇਵਾ ਧਮਾਕੇ ਉਸ ਸਾਜ਼ਿਸ਼ ਤੋਂ ਕਿਤੇ ਘੱਟ ਸਨ, ਜੋ ਪੂਰੀ ਦਿੱਲੀ ਨੂੰ ਦਹਿਲਾਉਣ ਲਈ ਰਚੀ ਗਈ ਸੀ। ਇਨ੍ਹਾਂ ਅੱਤਵਾਦੀ ਹਮਲਿਆਂ ਦੇ ਪਿੱਛੇ ਪੜ੍ਹੇ-ਲਿਖੇ ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਤੋਂ ਅਜਿਹੀ ਵਹਿਸ਼ੀਆਨਾ ਹਰਕਤ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਵਾਲ ਹੈ ਕਿ ਜਦੋਂ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਹਰ ਸਮੇਂ ਆਪਣੇ ਪੰਜਿਆਂ ’ਤੇ ਰਹਿੰਦੀਆਂ ਹਨ, ਉਸ ਦੇ ਬਾਵਜੂਦ ਦੇਸ਼ ਦੀ ਰਾਜਧਾਨੀ ਜੋ ਕਿ ਸੁਰੱਖਿਆ ਦੇ ਲਿਹਾਜ਼ ਨਾਲ ਕਾਫੀ ਮੁਸਤੈਦ ਮੰਨੀ ਜਾਂਦੀ ਹੈ, ਉਥੇ ਇੰਨੀ ਭਾਰੀ ਮਾਤਰਾ ’ਚ ਧਮਾਕਾਖੇਜ਼ ਸਮੱਗਰੀ ਲੈ ਕੇ ਇਕ ਅੱਤਵਾਦੀ ਕਿਵੇਂ ਘੁੰਮ ਰਿਹਾ ਸੀ? ਕਿਵੇਂ ਇਹ ਧਮਾਕਾਖੇਜ਼ ਸਮੱਗਰੀ ਰਾਸ਼ਟਰੀ ਰਾਜਧਾਨੀ ਖੇਤਰ ’ਚ ਪਹੁੰਚੀ। ਸਾਡੀਆਂ ਰੱਖਿਆ ਅਤੇ ਗ੍ਰਹਿ ਮੰਤਰਾਲੇ ਦੀਆਂ ਖੁਫੀਆਂ ਏਜੰਸੀਆਂ ਕੀ ਕਰ ਰਹੀਆਂ ਸਨ?
ਇਨ੍ਹਾਂ ਹਮਲਿਆਂ ਤੋਂ ਸਾਰਾ ਦੇਸ਼ ਹੈਰਾਨ ਹੈ। ਪਹਿਲਗਾਮ ’ਚ ਹੋਈ ਅੱਤਵਾਦੀ ਵਾਰਦਾਤ ਦੇ 6 ਮਹੀਨਿਆਂ ਬਾਅਦ ਹੀ ਇਹ ਦੂਜਾ ਝਟਕਾ ਲੱਗਾ ਹੈ। ਸਵਾਲ ਉੱਠਦਾ ਹੈ ਕਿ ਦੇਸ਼ ’ਚ ਅੱਤਵਾਦ ’ਤੇ ਕਿਵੇਂ ਕਾਬੂ ਪਾਇਆ ਜਾਵੇ। ਸਾਡਾ ਦੇਸ਼ ਹੀ ਨਹੀਂ ਦੁਨੀਆ ਦੇ ਤਮਾਮ ਦੇਸ਼ਾਂ ਦਾ ਅੱਤਵਾਦ ਦੇ ਵਿਰੁੱਧ ਇਕ ਤਰਫਾ ਸਾਂਝਾ ਜਨਮਤ ਹੈ। ਅਜਿਹੇ ’ਚ ਸਰਕਾਰ ਜੇਕਰ ਕੋਈ ਠੋਸ ਕਦਮ ਚੁੱਕਦੀ ਹੈ ਤਾਂ ਦੇਸ਼ ਉਸ ਦੇ ਨਾਲ ਖੜ੍ਹਾ ਹੋਵੇਗਾ। ਉਧਰ ਤਾਂ ਅਸੀਂ ਸਰਹੱਦ ’ਤੇ ਲੜਨ ਅਤੇ ਜਿੱਤਣ ਦੀਆਂ ਤਿਆਰੀਆਂ ’ਚ ਜੁਟੇ ਰਹੀਏ ਅਤੇ ਦੇਸ਼ ਦੇ ਅੰਦਰ ਆਈ. ਐੱਸ. ਆਈ. ਦੇ ਏਜੰਟ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿਣ ਤਾਂ ਇਹ ਲੜਾਈ ਨਹੀਂ ਜਿੱਤੀ ਜਾ ਸਕਦੀ।
ਮੈਂ ਪਿਛਲੇ 30 ਸਾਲਾਂ ਤੋਂ ਆਪਣੇ ਲੇਖਾਂ ’ਚ ਲਿਖਦਾ ਰਿਹਾ ਹਾਂ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਨੂੰ ਇਸ ਗੱਲ ਦੀ ਪੁਖਤਾ ਜਾਣਕਾਰੀ ਹੈ ਕਿ ਦੇਸ਼ ਦੇ 350 ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੰਘਣੀਆਂ ਬਸਤੀਆਂ ’ਚ ਆਰ. ਡੀ. ਐਕਸ., ਨਸ਼ੀਲੇ ਪਦਾਰਥਾਂ ਅਤੇ ਨਾਜਾਇਜ਼ ਹਥਿਆਰਾਂ ਦਾ ਜ਼ਖੀਰਾ ਜਮ੍ਹਾ ਹੋਇਆ ਹੈ ਜੋ ਅੱਤਵਾਦੀਆਂ ਲਈ ਰਸਦ ਪਹੁੰਚਾਉਣ ਦਾ ਕੰਮ ਕਰਦਾ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਇਸ ਦੇ ਵਿਰੁੱਧ ਇਕ ‘ਆਪ੍ਰੇਸ਼ਨ ਕਲੀਨ ਸਟਾਰ’ ਜਾਂ ‘ਅਪਰਾਧਮੁਕਤ ਭਾਰਤ ਮੁਹਿੰਮ’ ਦੀ ਸ਼ੁਰੂਆਤ ਕਰਨ ਅਤੇ ਪੁਲਸ ਤੇ ਨੀਮ ਫੌਜੀ ਬਲਾਂ ਨੂੰ ਇਸ ਗੱਲ ਦੀ ਖੁੱਲ੍ਹੀ ਛੋਟ ਦੇਣ ਜਿਸ ਨਾਲ ਉਹ ਇਨ੍ਹਾਂ ਬਸਤੀਆਂ ’ਚ ਜਾ ਕੇ ਵਿਆਪਕ ਤਲਾਸ਼ੀ ਮੁਹਿੰਮ ਚਲਾਉਣ ਅਤੇ ਅਜਿਹੇ ਸਾਰੇ ਜ਼ਖੀਰਿਆਂ ਨੂੰ ਬਾਹਰ ਕੱਢਣ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ’ਚ ਹੋਏ ਧਮਾਕਿਆਂ ਤੋਂ ਬਾਅਦ ਆਪਣੇ ਬਿਆਨ ’ਚ ਇਹ ਸਾਫ ਕਿਹਾ ਕਿ ਅੱਤਵਾਦੀਆਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਪੂਰੀ ਦੁਨੀਆ ਦੇਖੇਗੀ। ਵਰਣਨਯੋਗ ਹੈ ਕਿ ਕਸ਼ਮੀਰ ਦੇ ਖਤਰਨਾਕ ਅੱਤਵਾਦੀ ਸੰਗਠਨ ‘ਹਿਜਬੁੱਲ ਮੁਜਾਹਿਦੀਨ’ ਨੂੰ ਦੁਬਈ ਅਤੇ ਲੰਡਨ ਤੋਂ ਆ ਰਹੀ ਨਾਜਾਇਜ਼ ਆਰਥਿਕ ਮਦਦ ਦਾ ਖੁਲਾਸਾ 1993 ’ਚ ਮੈਂ ਹੀ ਆਪਣੀ ਵੀਡੀਓ ਸਮਾਚਾਰ ਪੱਤ੍ਰਿਕਾ ‘ਕਾਲਚੱਕਰ’ ਦੇ ਦਸਵੇਂ ਅੰਕ ’ਚ ਕੀਤਾ ਸੀ। ਇਸ ਘਪਲੇ ਦੀ ਖਾਸ ਗੱਲ ਇਹ ਸੀ ਕਿ ਅੱਤਵਾਦੀਆਂ ਨੂੰ ਮਦਦ ਦੇਣ ਵਾਲੇ ਸਰੋਤ ਦੇਸ਼ ਦੇ ਲਗਭਗ ਸਾਰੇ ਪ੍ਰਮੁੱਖ ਦਲਾਂ ਦੇ ਵੱਡੇ ਨੇਤਾਵਾਂ ਅਤੇ ਵੱਡੇ ਅਫਸਰਾਂ ਨੂੰ ਇਹ ਨਾਜਾਇਜ਼ ਧਨ ਮੁਹੱਈਆ ਕਰਾ ਰਹੇ ਸਨ। ਇਸ ਲਈ ਸੀ. ਬੀ. ਆਈ. ਨੇ ਇਸ ਕਾਂਡ ਨੂੰ ਦਬਾਅ ਕੇ ਰੱਖਿਆ ਸੀ। ਘਪਲਾ ਉਜਾਗਰ ਕਰਨ ਤੋਂ ਬਾਅਦ ਮੈਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਅੱਤਵਾਦੀਆਂ ਨੂੰ ਆ ਰਹੀ ਆਰਥਿਕ ਮਦਦ ਦੇ ਇਸ ਕਾਂਡ ਦੀ ਜਾਂਚ ਕਰਵਾਉਣ ਲਈ ਕਿਹਾ।
ਸੁਪਰੀਮ ਕੋਰਟ ਨੇ ਮੇਰੀ ਮੰਗ ਦਾ ਸਨਮਾਨ ਕੀਤਾ ਅਤੇ ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਆਪਣੀ ਨਿਗਰਾਨੀ ’ਚ ਇਸ ਕਾਂਡ ਦੀ ਜਾਂਚ ਕਰਵਾਈ। ਬਾਅਦ ’ਚ ਇਹੀ ਕਾਂਡ ‘ਜੈਨ ਹਵਾਲਾ ਕਾਂਡ’ ਦੇ ਨਾਂ ਨਾਲ ਮਸ਼ਹੂਰ ਹੋਇਆ।
ਉਨ੍ਹੀਂ ਦਿਨੀ ਹਾਂਗਕਾਂਗ ਤੋਂ ‘ਫਾਰ ਈਸਟ ਇਕਨਾਮਿਕ ਰੀਵਿਊ’ ਦੇ ਪੱਤਰਕਾਰ ਨੇ ਹਵਾਲਾ ਕਾਂਡ ’ਤੇ ਮੇਰੀ ਇੰਟਰਵਿਊ ਲੈ ਕੇ ਕਸ਼ਮੀਰ ’ਚ ਤਹਿਕੀਕਾਤ ਕੀਤੀ ਅਤੇ ਫਿਰ ਜੋ ਰਿਪੋਰਟ ਛਪੀ, ਉਸ ਦਾ ਨਿਚੋੜ ਇਹ ਸੀ ਕਿ ਅੱਤਵਾਦ ਨੂੰ ਹੱਲਾਸ਼ੇਰੀ ਦੇਣ ’ਚ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕਾਂ ਦੇ ਹਿੱਤ ਜੁੜੇ ਹਨ। ਉਸ ਪੱਤਰਕਾਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਕਸ਼ਮੀਰ ’ਚ ਅੱਤਵਾਦ ਇਕ ਉਦਯੋਗ ਵਾਂਗ ਹੈ, ਜਿਸ ’ਚ ਬਹੁਤਿਆਂ ਨੂੰ ਮੁਨਾਫਾ ਹੋ ਰਿਹਾ ਹੈ।
ਅੱਤਵਾਦ ਨੂੰ ਰਸਦ ਪਹੁੰਚਾਉਣ ਦਾ ਮੁੱਖ ਜ਼ਰੀਆ ਹੈ ਹਵਾਲਾ ਕਾਰੋਬਾਰ। ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਤਾਲਿਬਾਨ ਹਮਲੇ ਦੇ ਬਾਅਦ ਤੋਂ ਅਮਰੀਕਾ ਨੇ ਇਸ ਤੱਥ ਨੂੰ ਸਮਝਿਆ ਅਤੇ ਹਵਾਲਾ ਕਾਰੋਬਾਰ ’ਤੇ ਸਖਤ ਕੰਟਰੋਲ ਕਰ ਲਿਆ। ਨਤੀਜੇ ਵਜੋਂ ਉਦੋਂ ਤੋਂ ਅੱਜ ਤੱਕ ਉੱਥੇ ਕੋਈ ਅੱਤਵਾਦੀ ਘਟਨਾ ਨਹੀਂ ਹੋਈ, ਜਦਕਿ ਭਾਰਤ ’ਚ ਹਵਾਲਾ ਕਾਰੋਬਾਰ ਬੇਰੋਕ-ਟੋਕ ਜਾਰੀ ਹੈ। ਇਸ ’ਤੇ ਕੰਟਰੋਲ ਕੀਤੇ ਬਿਨਾਂ ਅੱਤਵਾਦ ਦੀ ਸਾਹਰਗ ਨੂੰ ਕੱਟਿਆ ਨਹੀਂ ਜਾ ਸਕਦਾ। ਇਕ ਕਦਮ ਸੰਸਦ ਨੇ ਉਠਾਉਣਾ ਹੈ, ਅਜਿਹੇ ਕਾਨੂੰਨ ਬਣਾ ਕੇ ਜਿਨ੍ਹਾਂ ਤਹਿਤ ਅੱਤਵਾਦ ਦੇ ਮੁਲਜ਼ਮਾਂ ’ਤੇ ਵਿਸ਼ੇਸ਼ ਅਦਾਲਤਾਂ ’ਚ ਮੁਕੱਦਮੇ ਚਲਾ ਕੇ 6 ਮਹੀਨਿਆਂ ’ਚ ਸਜ਼ਾ ਸੁਣਾਈ ਜਾ ਸਕੇ। ਜਿਸ ਦਿਨ ਮੋਦੀ ਸਰਕਾਰ ਇਹ ਤਿੰਨ ਕਦਮ ਚੁੱਕ ਲਵੇਗੀ। ਉਸ ਦਿਨ ਤੋਂ ਭਾਰਤ ’ਚ ਅੱਤਵਾਦ ਦਾ ਬਹੁਤ ਹੱਦ ਤੱਕ ਸਫਾਇਆ ਹੋ ਜਾਵੇਗਾ।
ਇਹੀ ਚਿੰਤਾ ਦਾ ਵਿਸ਼ਾ ਹੈ ਕਿ ਤਮਾਮ ਦਾਅਵਿਆਂ ਅਤੇ ਭਰੋਸਿਆਂ ਦੇ ਬਾਵਜੂਦ ਪਿਛਲੇ 4 ਦਹਾਕਿਆਂ ’ਚ ਕੋਈ ਸਰਕਾਰ ਅੱਤਵਾਦ ਵਿਰੁੱਧ ਕੋਈ ਕਾਰਗਰ ਉਪਾਅ ਨਹੀਂ ਕਰ ਸਕੀ ਹੈ। ਹਰ ਦੇਸ਼ ਦੇ ਨੇਤਾ ਅੱਤਵਾਦ ਨੂੰ ਵਿਵਸਥਾ ਦੇ ਵਿਰੁੱਧ ਇਕ ਗੈਰ-ਜਮਹੂਰੀ ਹਮਲਾ ਮੰਨਦੇ ਰਹੇ ਹਨ ਅਤੇ ਬੇਗੁਨਾਹ ਨਾਗਰਿਕਾਂ ਦੀਆਂ ਹੱਤਿਆਵਾਂ ਦੇ ਬਾਅਦ ਇਹੀ ਕਹਿੰਦੇ ਰਹੇ ਹਨ ਕਿ ਅੱਤਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਕਈ ਦਹਾਕੇ ਬੀਤ ਜਾਣ ਦੇ ਬਾਅਦ ਵੀ ਵਿਸ਼ਵ ’ਚ ਅੱਤਵਾਦ ਦੇ ਘੱਟ ਹੋਣ ਜਾਂ ਰੁਕਣ ਦਾ ਕੋਈ ਲੱਛਣ ਸਾਨੂੰ ਦਿਖਾਈ ਨਹੀਂ ਦਿੰਦਾ।
ਨਵੇਂ ਹਾਲਾਤ ’ਚ ਜ਼ਰੂਰੀ ਹੋ ਗਿਆ ਹੈ ਕਿ ਅੱਤਵਾਦ ਦੇ ਬਦਲਦੇ ਸਰੂਪ ’ਤੇ ਨਵੇਂ ਸਿਰੇ ਤੋਂ ਸਮਝਣਾ ਸ਼ੁਰੂ ਕੀਤਾ ਜਾਵੇ। ਹੋ ਸਕਦਾ ਹੈ ਅੱਤਵਾਦ ਨਾਲ ਨਜਿੱਠਣ ਲਈ ਬਲ ਦਾ ਪ੍ਰਯੋਗ ਹੀ ਇਕੱਲਾ ਉਪਾਅ ਨਾ ਹੋਵੇ। ਕੀ ਉਪਾਅ ਹੋ ਸਕਦੇ ਹਨ, ਉਨ੍ਹਾਂ ਦੇ ਲਈ ਸਾਨੂੰ ਖੋਜ ਪਰਖ ਅਧਿਐਨਾਂ ਦੀ ਲੋੜ ਪਵੇਗੀ। ਜੇਕਰ ਸਿਰਫ 70 ਦੇ ਦਹਾਕੇ ਤੋਂ ਭਾਵ ਪਿਛਲੇ 40 ਸਾਲ ਦੀ ਆਪਣੀ ਕਾਰਜਪ੍ਰਣਾਲੀ ’ਤੇ ਨਜ਼ਰ ਮਾਰੀਏ ਤਾਂ ਸਾਨੂੰ ਹਮੇਸ਼ਾ ਨਿਰਪੱਖ ਉਪਾਵਾਂ ਨਾਲ ਹੀ ਕੰਮ ਚਲਾਉਣਾ ਪਿਆ ਹੈ। ਇਸ ਦੀ ਉਦਾਹਰਣ ਕੰਧਾਰ ਜਹਾਜ਼ ਅਗਵਾ ਸਮੇਂ ਦੀ ਹੈ, ਜਦੋਂ ਮਾਹਿਰਾਂ ਨੇ ਹੱਥ ਖੜ੍ਹੇ ਕੀਤੇ ਸਨ ਕਿ ਅੱਤਵਾਦ ਨਾਲ ਨਜਿੱਠਣ ਲਈ ਸਾਡੇ ਕੋਲ ਕੋਈ ਯੋਜਨਾਬੱਧ ਵਿਵਸਥਾ ਹੀ ਨਹੀਂ ਹੈ।
ਮਾਤਮ ਦੀ ਇਸ ਘੜੀ ’ਚ ਰੋਣ ਦੀ ਬਜਾਏ ਸੀਮਾ ਸੁਰੱਖਿਆ ’ਤੇ ਬਾਜ ਨਜ਼ਰ ਅਤੇ ਦੋਸ਼ੀਆਂ ਨੂੰ ਸਖਤ ਜਵਾਬ ਦੇਣ ਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਪਰ ਇਹ ਵੀ ਯਾਦ ਰਹੇ ਕਿ ਅਸੀਂ ਜੋ ਵੀ ਕਰੀਏ, ਉਹ ਦਿਲਾਂ ’ਚ ਅੱਗ ਅਤੇ ਦਿਮਾਗ ’ਚ ਬਰਫ ਰੱਖ ਕੇ ਕਰੀਏ।
ਵਿਨੀਤ ਨਾਰਾਇਣ
ਅੱਤਵਾਦ, ਪ੍ਰਦੂਸ਼ਣ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਨਾਲ ਜੂਝਦੀ ਸਾਡੀ ਦਿੱਲੀ
NEXT STORY