ਸੰਯੁਕਤ ਰਾਸ਼ਟਰ ਮਹਾਸਭਾ ਵਲੋਂ 21 ਦਸੰਬਰ ਨੂੰ ਵਿਸ਼ਵ ਧਿਆਨ ਦਿਵਸ ਮਨਾਉਣ ਦਾ ਐਲਾਨ ਇਕ ਇਤਿਹਾਸਕ ਕਦਮ ਹੈ। ਦਰਅਸਲ, ਸਦੀਆਂ ਤੋਂ ਧਿਆਨ ਨੂੰ ਸਿਰਫ਼ ਅਧਿਆਤਮਿਕਤਾ ਨਾਲ ਜੋੜਿਆ ਜਾਂਦਾ ਸੀ, ਪਰ ਅੱਜ ਵਿਗਿਆਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਧਿਆਨ ਦਾ ਮਨੁੱਖੀ ਮਨ ’ਤੇ ਹੀ ਨਹੀਂ, ਸਗੋਂ ਸਰੀਰ ’ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਇਸ ਲਈ 21 ਦਸੰਬਰ ਨੂੰ ਧਿਆਨ ਦਿਵਸ ਵਜੋਂ ਮਨਾਉਣ ਦਾ ਮਕਸਦ ਯੋਗ ਦੀ ਤਰ੍ਹਾਂ ਧਿਆਨ ਨੂੰ ਹਰ ਕਿਸੇ ਤੱਕ ਪਹੁੰਚਾਉਣਾ ਅਤੇ ਇਸ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਕੇ ਸਿਹਤਮੰਦ ਸੰਸਾਰ ਦੀ ਨੀਂਹ ਨੂੰ ਮਜ਼ਬੂਤ ਕਰਨਾ ਹੈ। ਅਸਲ ਵਿਚ ਅਜੋਕੇ ਦੌਰ ਵਿਚ ਜਦੋਂ ਮਨੁੱਖ ਤੇਜ਼ ਰਫ਼ਤਾਰ ਅਤੇ ਤਣਾਅ ਭਰਿਆ ਜੀਵਨ ਜਿਊਣ ਲਈ ਮਜਬੂਰ ਹੈ, ਉਸ ਦੀ ਮਾਨਸਿਕ, ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਸੰਤੁਲਿਤ ਕਰਨ ਲਈ ਧਿਆਨ ਇਕ ਆਸਾਨ, ਸਰਲ, ਕੁਦਰਤੀ ਸਾਧਨ ਬਣ ਗਿਆ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਮਾਨਸਿਕ ਸਿਹਤ ਸਮੱਸਿਆਵਾਂ ਅੱਜ ਵਿਸ਼ਵ ਪੱਧਰ ’ਤੇ ਵੱਡੀਆਂ ਸਿਹਤ ਚੁਣੌਤੀਆਂ ਵਿਚੋਂ ਇਕ ਬਣ ਗਈਆਂ ਹਨ। ਸਾਲ 2023 ਦੇ ਅੰਕੜਿਆਂ ਅਨੁਸਾਰ ਲਗਭਗ 28 ਕਰੋੜ ਲੋਕ ਮਾਨਸਿਕ ਤੌਰ ’ਤੇ ਪੀੜਤ ਹਨ ਅਤੇ 40 ਫੀਸਦੀ ਨੌਜਵਾਨ ਤਣਾਅ ਅਤੇ ਮਾਨਸਿਕ ਅਸਥਿਰਤਾ ਦਾ ਸਾਹਮਣਾ ਕਰ ਰਹੇ ਹਨ।
ਅਧਿਐਨਾਂ ਨੇ ਸਾਬਤ ਕੀਤਾ ਹੈ ਕਿ ਧਿਆਨ ਦਿਮਾਗ ਵਿਚ ਡੋਪਾਮਾਈਨ ਅਤੇ ਸੇਰੋਟੋਨਿਨ ਵਰਗੇ ਸਕਾਰਾਤਮਕ ਰਸਾਇਣਾਂ ਦੇ ਪੱਧਰ ਨੂੰ ਵਧਾਉਂਦਾ ਹੈ, ਜੋ ਤਣਾਅ ਨੂੰ ਘਟਾਉਂਦੇ ਹਨ ਅਤੇ ਮੂਡ ਨੂੰ ਸਥਿਰ ਕਰਦੇ ਹਨ। ਹਾਰਵਰਡ ਮੈਡੀਕਲ ਸਕੂਲ ਵਲੋਂ ਕਰਵਾਏ ਗਏ ਇਕ ਅਧਿਐਨ ਅਨੁਸਾਰ, ਸਿਰਫ 8 ਹਫ਼ਤਿਆਂ ਦੇ ਧਿਆਨ ਅਭਿਆਸ ਨੇ ਦਿਮਾਗ ਦੇ ਗ੍ਰੇਅ ਮੈਟਰ ਵਿਚ ਵਾਧਾ ਦਿਖਾਇਆ, ਜੋ ਸਿੱਖਣ, ਯਾਦਦਾਸ਼ਤ ਅਤੇ ਭਾਵਨਾਤਮਕ ਸੰਤੁਲਨ ਵਿਚ ਸਹਾਇਤਾ ਕਰਦਾ ਹੈ।
ਧਿਆਨ ਦੇ ਵਿਗਿਆਨਕ ਆਧਾਰ ਨੂੰ ਸਮਝਣ ਲਈ ਨਿਊਰੋਸਾਇੰਸ ਵਿਚ ਕੀਤੀਆਂ ਗਈਆਂ ਖੋਜਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਾਸ਼ਿੰਗਟਨ ਯੂਨੀਵਰਸਿਟੀ ਵਿਚ ਕਰਵਾਏ ਗਏ ਇਕ ਹੋਰ ਅਧਿਐਨ ਵਿਚ ਪਾਇਆ ਗਿਆ ਕਿ ਨਿਯਮਿਤ ਧਿਆਨ ਦਿਮਾਗ ਦੇ ਅਮੀਗਡਾਲਾ (ਜੋ ਕਿ ਡਰ ਅਤੇ ਤਣਾਅ ਦਾ ਕੇਂਦਰ ਹੈ) ਦੀ ਗਤੀਵਿਧੀ ਨੂੰ ਘਟਾਉਂਦਾ ਹੈ, ਜਿਸ ਨਾਲ ਵਿਅਕਤੀ ਤਣਾਅਪੂਰਨ ਸਥਿਤੀਆਂ ਵਿਚ ਵੀ ਸ਼ਾਂਤ ਅਤੇ ਸੰਤੁਲਿਤ ਰਹਿੰਦਾ ਹੈ।
ਧਿਆਨ ਨੂੰ ਕੈਂਸਰ, ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਸਹਾਇਕ ਥੈਰੇਪੀ ਵਜੋਂ ਵਰਤਿਆ ਜਾ ਰਿਹਾ ਹੈ। ਜਰਨਲ ਆਫ਼ ਕਲੀਨਿਕਲ ਸਾਈਕਾਲੋਜੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਧਿਆਨ ਨਾ ਸਿਰਫ਼ ਮਰੀਜ਼ਾਂ ਵਿਚ ਦਰਦ ਨੂੰ ਘਟਾਉਂਦਾ ਹੈ, ਸਗੋਂ ਇਲਾਜ ਪ੍ਰਤੀ ਸਕਾਰਾਤਮਕ ਰਵੱਈਆ ਵੀ ਵਿਕਸਤ ਕਰਦਾ ਹੈ।
ਇਕ ਅਧਿਐਨ ਮੁਤਾਬਕ ਨਿਯਮਿਤ ਤੌਰ ’ਤੇ ਧਿਆਨ ਕਰਨ ਨਾਲ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਮਦਦ ਮਿਲਦੀ ਹੈ, ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ 30 ਫੀਸਦੀ ਤੱਕ ਘੱਟ ਹੋ ਸਕਦਾ ਹੈ। ਇਸ ਤੋਂ ਇਲਾਵਾ, ਧਿਆਨ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ, ਜਿਸ ਨਾਲ ਸਰੀਰ ਬੀਮਾਰੀਆਂ ਨਾਲ ਲੜਨ ਦੇ ਸਮਰੱਥ ਬਣ ਜਾਂਦਾ ਹੈ।
ਇੰਨਾ ਹੀ ਨਹੀਂ, ਖੋਜ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਧਿਆਨ ਦਾ ਪ੍ਰਭਾਵ ਸਿਰਫ਼ ਵਿਅਕਤੀਗਤ ਪੱਧਰ ਤੱਕ ਹੀ ਸੀਮਤ ਨਹੀਂ ਹੈ। ਜਦੋਂ ਕੋਈ ਵਿਅਕਤੀ ਧਿਆਨ ਕਰਦਾ ਹੈ, ਤਾਂ ਉਹ ਆਪਣੀ ਅੰਦਰੂਨੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਕੇਂਦ੍ਰਿਤ ਕਰਦਾ ਹੈ, ਜੋ ਉਸਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਬਹੁਤ ਸਾਰੇ ਅਧਿਐਨਾਂ ਨੇ ਸਿੱਧ ਕੀਤਾ ਹੈ ਕਿ ਸਮੂਹਿਕ ਧਿਆਨ ਦੌਰਾਨ ਅਪਰਾਧ ਦਰ ਵਿਚ ਗਿਰਾਵਟ, ਸਮਾਜਿਕ ਸਦਭਾਵਨਾ ਵਿਚ ਵਾਧਾ ਅਤੇ ਵਾਤਾਵਰਣ ਸਦਭਾਵਨਾ ਵਰਗੇ ਸਕਾਰਾਤਮਕ ਬਦਲਾਅ ਦੇਖੇ ਗਏ ਹਨ। 1993 ਵਿਚ ਵਾਸ਼ਿੰਗਟਨ ਡੀ. ਸੀ. 2007 ਵਿਚ ਕੀਤੀ ਗਈ ਇਕ ਖੋਜ ਵਿਚ ਪਾਇਆ ਗਿਆ ਕਿ ਸ਼ਹਿਰ ਵਿਚ ਸਮੂਹਿਕ ਧਿਆਨ ਦੌਰਾਨ ਅਪਰਾਧ ਦਰਾਂ ਵਿਚ 23 ਫੀਸਦੀ ਦੀ ਕਮੀ ਆਈ।
ਧਿਆਨ ਦੇ ਇਨ੍ਹਾਂ ਸਕਾਰਾਤਮਕ ਪ੍ਰਭਾਵਾਂ ਨੂੰ ਦੇਖਦੇ ਹੋਏ ਅੱਜ ਕਾਰਪੋਰੇਟ ਕਲਚਰ ਵਾਲੀਆਂ ਕਈ ਬਹੁਰਾਸ਼ਟਰੀ ਕੰਪਨੀਆਂ ਆਪਣੇ ਵਰਕ ਕਲਚਰ (ਕੰਮ ਸੱਭਿਆਚਾਰ) ਵਿਚ ਧਿਆਨ ਨੂੰ ਸ਼ਾਮਲ ਕਰ ਰਹੀਆਂ ਹਨ। ਗੂਗਲ, ਐਪਲ ਅਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਨਿਯਮਿਤ ਧਿਆਨ ਸੈਸ਼ਨਾਂ ਦਾ ਆਯੋਜਨ ਕਰ ਰਹੀਆਂ ਹਨ।
ਅਧਿਐਨ ਦਰਸਾਉਂਦੇ ਹਨ ਕਿ ਜੋ ਵਿਦਿਆਰਥੀ ਨਿਯਮਿਤ ਤੌਰ ’ਤੇ ਧਿਆਨ ਲਾਉਂਦੇ ਹਨ, ਉਨ੍ਹਾਂ ਦੀ ਇਕਾਗਰਤਾ, ਯਾਦਦਾਸ਼ਤ ਅਤੇ ਭਾਵਨਾਤਮਕ ਸੰਤੁਲਨ ਵਿਚ ਸੁਧਾਰ ਹੁੰਦਾ ਹੈ। ਭਾਰਤੀ ਸਕੂਲਾਂ ਵਿਚ ਕਰਵਾਏ ਗਏ ਇਕ ਪਾਇਲਟ ਪ੍ਰਾਜੈਕਟ ਵਿਚ ਦੇਖਿਆ ਗਿਆ ਕਿ ਨਿਯਮਿਤ ਧਿਆਨ ਦੇ ਅਭਿਆਸ ਨਾਲ ਬੱਚਿਆਂ ਦੇ ਟੈਸਟ ਪ੍ਰਦਰਸ਼ਨ ਵਿਚ 20 ਫੀਸਦੀ ਤੱਕ ਸੁਧਾਰ ਹੋਇਆ।
ਹਾਲਾਂਕਿ, ਅਜੇ ਵੀ ਦੁਨੀਆ ਦੀ 60 ਫੀਸਦੀ ਤੋਂ ਵੱਧ ਆਬਾਦੀ ਧਿਆਨ ਦੇ ਲਾਭਾਂ ਅਤੇ ਇਸਦੀ ਪ੍ਰਕਿਰਿਆ ਤੋਂ ਅਣਜਾਣ ਹੈ। ਵਿਸ਼ਵ ਧਿਆਨ ਦਿਵਸ ਮਨਾਉਣ ਲਈ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਹ ਫੈਸਲਾ ਯਕੀਨੀ ਤੌਰ ’ਤੇ ਵਿਸ਼ਵ ਪੱਧਰ ’ਤੇ ਲੋਕਾਂ ਵਿਚ ਧਿਆਨ ਦੇ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ।
ਡਾ. ਨੀਲਮ ਮਹੇਂਦਰ
ਅੱਲ੍ਹੜਾਂ ਅਤੇ ਨੌਜਵਾਨਾਂ ਵਿਚ ਹਿੰਸਾ ਦੀ ਭਾਵਨਾ ਦਾ ਪੈਦਾ ਹੋਣਾ ਚਿੰਤਾਜਨਕ
NEXT STORY