ਬਿਹਾਰ ’ਚ ਪਿਛਲੇ ਕਈ ਦਿਨਾਂ ਤੋਂ ਬਦਮਾਸ਼ ਆਉਂਦੇ ਹਨ, ਗੋਲੀ ਮਾਰ ਕੇ ਚਲੇ ਜਾਂਦੇ ਹਨ। ਪਟਨਾ ਦੇ ਇਕ ਹਸਪਤਾਲ ’ਚ ਤਾਂ ਫਿਲਮੀ ਤਰਜ਼ ’ਤੇ 5 ਮੁੰਡੇ ਦਾਖਲ ਹੁੰਦੇ ਹਨ। ਇਕ ਕਥਿਤ ਮਰੀਜ਼ (ਜੋ ਖੁਦ ਅਪਰਾਧੀ ਰਿਹਾ ਹੈ) ਨੂੰ ਗੋਲੀ ਮਾਰਦੇ ਹਨ ਅਤੇ ਆਰਾਮ ਨਾਲ ਹਥਿਆਰ ਲਹਿਰਾਉਂਦੇ ਹੋਏ ਚਲੇ ਜਾਂਦੇ ਹਨ। ਅਜਿਹੀਆਂ ਕਈ ਘਟਨਾਵਾਂ ’ਚ ਨੇਤਾ, ਭਾਜਪਾ ਦੇ ਆਗੂ ਵੀ ਹਨ, ਮਾਰੇ ਜਾਂਦੇ ਹਨ, ਠੇਕੇਦਾਰ ਵੀ ਮਾਰੇ ਜਾਂਦੇ ਹਨ। ਲਗਾਤਾਰ ਹੋ ਰਹੀਆਂ ਘਟਨਾਵਾਂ ਨਾਲ ਸਿਆਸੀ ਮਾਹੌਲ ਤਿੱਖਾ ਹੋ ਗਿਆ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਬਿਹਾਰ ’ਚ ਸੱਤਾ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਤੇਜਸਵੀ ਯਾਦਵ ਪੂਰੀ ਤਰ੍ਹਾਂ ਹਮਲਾਵਰ ਹਨ।
ਰਾਹੁਲ ਗਾਂਧੀ ਪਟਨਾ ਨੂੰ ‘ਕ੍ਰਾਈਮ ਕੈਪੀਟਲ ਆਫ ਇੰਡੀਆ’ ਕਹਿ ਰਹੇ ਹਨ। ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਦਾ ਕਹਿਣਾ ਹੈ ਕਿ ਇਕ ਅਚੇਤ ਮੁੱਖ ਮੰਤਰੀ ਦੀ ਅਗਵਾਈ ’ਚ ਬਿਹਾਰ ਅਰਾਜਕਤਾ ’ਚ ਡੁੱਬ ਗਿਆ ਹੈ। ਵਿਰੋਧੀ ਧਿਰ ਨੂੰ ਛੱਡੋ, ਰਾਜਗ ’ਚ ਸ਼ਾਮਲ ਲੋਜਪਾ (ਰਾਮਵਿਲਾਸ) ਦੇ ਮੁਖੀ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਤੱਕ ਇਹ ਗੱਲ ਜਨਤਕ ਤੌਰ ’ਤੇ ਕਹਿ ਚੁੱਕੇ ਹਨ ਕਿ ਬਿਹਾਰ ’ਚ ਅਮਨ ਕਾਨੂੰਨ ਦੀ ਹਾਲਤ ਬਿਲਕੁੱਲ ਢਹਿ-ਢੇਰੀ ਹੋ ਚੁੱਕੀ ਹੈ। ਅਪਰਾਧੀਆਂ ਦਾ ਮਨੋਬਲ ਸਿਖਰਾਂ ’ਤੇ ਹੈ।
ਚਿਰਾਗ ਤਾਂ ਇਸ ਤੋਂ ਵੀ ਅੱਗੇ ਵਧ ਗਏ ਅਤੇ ਉਨ੍ਹਾਂ ਨੇ ਨਿਤੀਸ਼ ਸਰਕਾਰ ਨੂੰ ਹਮਾਇਤ ਦੇਣ ਦੇ ਆਪਣੇ ਫੈਸਲੇ ’ਤੇ ਸਵਾਲ ਉਠਾ ਦਿੱਤਾ। ਉਧਰ ਪੁਲਸ ਵੀ ਹੁਣ ਜਾਗੀ ਹੈ ਅਤੇ ਅਪਰਾਧਾਂ ਨਾਲ ਨਜਿੱਠਣ ਲਈ ਯੋਗੀ ਮਾਡਲ ’ਚ ਕੁਝ ਕੰਮ ਕਰ ਰਹੀ ਹੈ ਪਰ ਉਸ ਨੂੰ ਓਨੀ ਸਫਲਤਾ ਨਹੀਂ ਮਿਲ ਰਹੀ ਅਤੇ ਨਾ ਹੀ ਅਪਰਾਧੀਆਂ ’ਚ ਕਾਨੂੰਨ ਦਾ ਡਰ ਬੈਠਾ ਹੈ।
ਨਿਤੀਸ਼ ਕੁਮਾਰ ਪਿਛਲੇ 20 ਸਾਲ ਤੋਂ ਬਿਹਾਰ ’ਚ ਸੱਤਾ ’ਚ ਹਨ (ਦਰਮਿਆਨ ’ਚ ਇਕ-ਦੋ ਅਪਵਾਦਾਂ ਨੂੰ ਛੱਡ ਕੇ, ਉਸ ’ਚ ਵੀ ਸੱਤਾ ਦੀ ਕਮਾਂਡ ਉਨ੍ਹਾਂ ਦੇ ਹੀ ਹੱਥਾਂ ’ਚ ਸੀ)। ਲਾਲੂ ਯਾਦਵ ਦੇ 15 ਸਾਲ ਤੱਕ ਭਾਵ 1990 ਤੋਂ 2005 ਦੇ ਕਾਰਜਕਾਲ ਦੌਰਾਨ ਸਭ ਤੋਂ ਵੱਡਾ ਦਾਗ ‘ਜੰਗਲਰਾਜ’ ਰਿਹਾ ਹੈ। ਇਹ ਵਿਸ਼ਲੇਸ਼ਣ ਉਨ੍ਹਾਂ ਨੂੰ ਐਵੇਂ ਹੀ ਨਹੀਂ ਮਿਲਿਆ।
ਜੰਗਲਰਾਜ ਦੌਰਾਨ ਖੂਬ ਫਿਰੌਤੀ ਲਈ ਗਈ। ਬਹੁਤ ਸਾਰੇ ਕਤਲ ਹੋਏ। ਕਈਆਂ ਨੂੰ ਅਗਵਾ ਕੀਤਾ ਗਿਆ। ਕਈ ਅਦਾਰੇ ਬੰਦ ਹੋ ਗਏ। ਸ਼ਾਮ 6 ਵਜੇ ਤੋਂ ਬਾਅਦ ਲੋਕਾਂ ਦਾ ਆਉਣਾ-ਜਾਣਾ ਬੰਦ ਹੋ ਗਿਆ। ਔਰਤਾਂ ਖਾਸ ਤੌਰ ’ਤੇ ਇਸ ਕਾਰਨ ਬਹੁਤ ਪ੍ਰੇਸ਼ਾਨ ਹੋਈਆਂ। ਉਕਤ 15 ਸਾਲ ਦੌਰਾਨ 118 ਕਤਲ ਦੀਆਂ ਘਟਨਾਵਾਂ ਵਾਪਰੀਆਂ, 5 ਹਜ਼ਾਰ ਤੋਂ ਵੱਧ ਲੋਕਾਂ ਨੂੰ ਫਿਰੌਤੀ ਲਈ ਅਗਵਾ ਕੀਤਾ ਗਿਆ, 12 ਹਜ਼ਾਰ ਤੋਂ ਵੱਧ ਜਬਰ-ਜ਼ਨਾਹ ਦੀਆਂ ਘਟਨਾਵਾਂ ਵਾਪਰੀਆਂ। ਨਕਸਲੀ ਹਮਲੇ ਕਈ ਗੁਣਾ ਵਧ ਗਏ।
ਕਈ ਸ਼ਹਾਬੁਦੀਨ ਸੰਸਦ ਮੈਂਬਰ ਬਣੇ ਅਤੇ ਅੱਤਵਾਦ ਦਾ ਪ੍ਰਤੀਕ ਰਹੇ। ਪੁਲਸ ਮੁਲਾਜ਼ਮ ਵੀ ਸ਼ਹਾਬੁਦੀਨ ’ਤੇ ਕਾਰਵਾਈ ਕਰਨ ਤੋਂ ਡਰਨ ਲੱਗੇ।
ਲਾਲੂ ਦੇ ਕਾਰਜਕਾਲ ’ਚ ਵਿਧਾਇਕ ਅਜੀਤ ਸਰਕਾਰ, ਵਿਧਾਇਕ ਦੇਵੇਂਦਰ ਦੁਬੇ, ਛੋਟਨ ਸ਼ੁਕਲਾ ਨੂੰ ਕਤਲ ਕਰ ਦਿੱਤਾ ਿਗਆ। ਆਈ. ਏ. ਐੱਸ. ਅਧਿਕਾਰੀ ਬੀ. ਬੀ. ਵਿਸ਼ਵਾਸ ਦੀ ਪਤਨੀ ਚੰਪਾ ਵਿਸਵਾਸ਼, ਉਨ੍ਹਾਂ ਦੀ ਮਾਂ, ਭਤੀਜੀ ਅਤੇ 2 ਘਰੇਲੂ ਨੌਕਰਾਣੀਆਂ ਨਾਲ ਜਬਰ-ਜ਼ਨਾਹ ਕੀਤਾ ਗਿਆ।
ਡੀ. ਐੱਮ. ਕ੍ਰਿਸ਼ਨਈਆ ਦੀ ਮੌਬ ਲਿੰਚਿੰਗ ਕੀਤੀ ਗਈ। ਦਰਜਨਾਂ ਡਾਕਟਰਾਂ ਸਮੇਤ ਸੈਂਕੜੇ ਪ੍ਰੋਫੈਸ਼ਨਲਜ਼ ਨੇ ਬਿਹਾਰ ਨਾਲੋਂ ਜਿਹੜਾ ਨਾਤਾ ਤੋੜਿਆ, ਉਨ੍ਹਾਂ ਦੀ ਵਾਪਸੀ ਔਖੀ ਹੀ ਰਹੀ। ਸਭ ਤੋਂ ਵੱਡੀ ਗੱਲ ਇਹ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਅੱਜ ਵੀ ਬਿਹਾਰ ’ਚ ਵਾਪਸ ਆਉਣ ਦੀ ਗੱਲ ਨਹੀਂ ਸੋਚਦੀ।
ਇਕ ਵਿਆਪਕ ਧਾਰਨਾ ਬਣ ਗਈ ਹੈ ਕਿ ਜਿਹੜੀ ਕੁੜੀ ਪੜ੍ਹਨ ਜਾਂ ਕੰਮ ਕਰਨ ਲਈ ਬਿਹਾਰ ’ਚੋਂ ਨਿਕਲੀ, ਉਹ ਬਿਹਾਰ ’ਚ ਰਹਿਣ ਵਾਲੇ ਕਿਸੇ ਵੀ ਬੰਦੇ ਨਾਲ ਵਿਆਹ ਕਰਵਾਉਣ ’ਚ ਬਿਲਕੁੱਲ ਦਿਲਚਸਪੀ ਨਹੀਂ ਰੱਖਦੀ।
ਉਸ ਤੋਂ ਬਾਅਦ ਦੇ 20 ਸਾਲਾ ’ਚ ਨਿਤੀਸ਼ ਕੁਮਾਰ ਨੇ ਕੀਤਾ ਕੀ ਤੇ ਉਹ ਕੀ ਕਰ ਸਕਦੇ ਸਨ, ਇਸ ’ਤੇ ਬਹਿਸ ਹੋ ਸਕਦੀ ਹੈ। ਉਨ੍ਹਾਂ ਦਾ ਪਹਿਲਾ ਕਾਰਜਕਾਲ ਬਿਲਕੁਲ ਹਾਲਾਤ ਬਦਲਣ ਦੀ ਕੋਸ਼ਿਸ਼ ਕਰਨ ਵਾਲਾ ਰਿਹਾ। ਸਫਲਤਾ ਕਿੰਨੀ ਮਿਲੀ, ਇਸ ’ਤੇ ਸਵਾਲ ਉੱਠ ਸਕਦਾ ਹੈ ਪਰ ਉਨ੍ਹਾਂ ਦੇ ਦੂਜੇ ਕਾਰਜਕਾਲ ਤੋਂ ਕੁਝ ਸਵਾਲ ਉੱਠਣ ਲੱਗੇ। ਜਿੰਨਾ ਉਹ ਕਰ ਸਕਦੇ ਸਨ, ਓਨਾ ਨਹੀਂ ਹੋਇਆ ਪਰ ਨਿਤੀਸ਼ ਕੁਮਾਰ ਨੇ ਇਕ ਕਲਾ ਸਿੱਖ ਲਈ।
ਹਰ ਚੋਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਸੂਬੇ ਦੇ ਲੋਕਾਂ ਨੂੰ ਲਾਲੂ ਰਾਜ ਦੇ ਕਥਿਤ ਜੰਗਲਰਾਜ ਦੀ ਯਾਦ ਦਿਵਾਉਂਦੇ ਰਹੇ। ਉਨ੍ਹਾਂ ਦਾ ਇਹ ਦਾਅ ਲਗਾਤਾਰ ਬਿਹਾਰ ਦੇ ਲੋਕਾਂ ’ਤੇ ਅਸਰ ਕਰਦਾ ਰਿਹਾ ਅਤੇ ਉਹ ਮੁੱਖ ਮੰਤਰੀ ਬਣਨ ਯੋਗ ਸੀਟਾਂ ਹਾਸਲ ਕਰਦੇ ਰਹੇ।
ਹੁਣ ਜਦੋਂ ਪਿਛਲੇ 20 ਸਾਲ ’ਚ ਸੂਬੇ ’ਚ ਇਕ ਨਵੀਂ ਪੀੜ੍ਹੀ ਵੋਟ ਦੇਣ ਲਈ ਤਿਆਰ ਹੋ ਚੁੱਕੀ ਹੈ ਅਤੇ ਉਸ ਪੀੜ੍ਹੀ ਨੇ ਲਾਲੂ ਦਾ ਰਾਜ ਨਹੀਂ ਦੇਖਿਆ, ਉਹ ਵੀ ਵੇਖ ਰਹੀ ਹੈ ਕਿ ਕਿਵੇਂ ਚਿੱਟੇ ਦਿਨ 5 ਹੱਤਿਆਰੇ ਹਥਿਆਰ ਲਹਿਰਾਉਂਦੇ ਹੋਏ ਇਕ ਹਸਪਤਾਲ ਦੇ ਆਈ. ਸੀ. ਯੂ. ’ਚ ਦਾਖਲ ਹੁੰਦੇ ਹਨ ਅਤੇ ਕਤਲ ਕਰਕੇ ਆਸਾਨੀ ਨਾਲ ਨਿਕਲ ਜਾਂਦੇ ਹਨ।
ਅੰਕੜਿਆਂ ’ਚ ਅਪਰਾਧ ਵਧਿਆ ਹੈ। 2015 ਤੋਂ 2024 ਦਰਮਿਆਨ ਬਿਹਾਰ ’ਚ ਅਪਰਾਧਿਕ ਮਾਮਲਿਆਂ ’ਚ 80.02 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਹਨ। ਇਸ ਦੌਰਾਨ ਦੇਸ਼ ’ਚ ਅਪਰਾਧ ਵਧਣ ਦੀ ਕੌਮੀ ਔਸਤ 23 ਫੀਸਦੀ ਰਹੀ।
ਅਪਰਾਧਾ ਪ੍ਰਤੀ ਸੰਵੇਦਨਸ਼ੀਲਤਾ ਵੀ ਘਟੀ ਹੈ। ਵਧਦੇ ਅਪਰਾਧ ਪਿੱਛੇ ਬਿਹਾਰ ਦੇ ਡੀ. ਜੀ. ਪੀ. ਵਿਨੈ ਕੁਮਾਰ ਦੀ ਆਪਣੀ ਦਲੀਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਈ, ਜੂਨ ਅਤੇ ਜੁਲਾਈ ’ਚ ਛੁੱਟੀਆਂ ਹੋਣ ਕਾਰਨ ਲੋਕ ਵਧੇਰੇ ਫ੍ਰੀ ਹੁੰਦੇ ਹਨ, ਇਸ ਲਈ ਇਸ ਦੌਰਾਨ ਕਤਲ ਵਧ ਜਾਂਦੇ ਹਨ। ਬਾਕੀ ਸਭ ਮਹੀਨੇ ਹਾਲਾਤ ਠੀਕ ਰਹਿੰਦੇ ਹਨ।
ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨਹਾ ਦਾ ਜਵਾਬ ਵੀ ਘੱਟ ਹੈਰਾਨ ਕਰਨ ਵਾਲਾ ਨਹੀਂ ਸੀ। ਉਨ੍ਹਾਂ ਦੀ ਦਲੀਲ ਸੀ ਕਿ ਵਧਦੀਆਂ ਅਪਰਾਧਿਕ ਘਟਨਾਵਾਂ ਪਿੱਛੇ ਰੇਤ, ਸ਼ਰਾਬ ਅਤੇ ਜ਼ਮੀਨ ਦੇ ਮਾਫੀਆ ਦੀ ਵੱਡੀ ਭੂਮਿਕਾ ਹੈ। ਇਹ ਵਿਅਕਤੀ ਸੂਬੇ ’ਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਬਿਹਾਰ ’ਚ ਚੋਣਾਂ ਆਉਣ ਵਾਲੀਆਂ ਹਨ, ਇਸ ਲਈ ਪੂਰੇ ਦੇਸ਼ ਦੇ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਨਜ਼ਰ ਬਿਹਾਰ ’ਤੇ ਹੈ।
ਸੱਤਾ ਧਿਰ ਇਹ ਵੀ ਕਹਿ ਰਹੀ ਹੈ ਕਿ ਵਿਰੋਧੀ ਧਿਰ ਦੇ ਲੋਕ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹਾ ਕਰ ਰਹੇ ਹਨ।
ਪਰ ਉਨ੍ਹਾਂ ਦੀ ਦਲੀਲ ’ਚ ਵਧੇਰੇ ਦਮ ਨਹੀਂ ਹੈ। ਸਵਾਲ ਇਹ ਹੈ ਕਿ ਜੇ ਅਜਿਹਾ ਹੈ ਤਾਂ ਸਰਕਾਰ ਕੀ ਕਰ ਰਹੀ ਹੈ। ਉਂਝ ਇਹ ਗੱਲ ਠੀਕ ਹੈ ਕਿ ਬਿਹਾਰ ’ਚ ਇਸ ਸਮੇਂ ਜੋ ਅਪਰਾਧ ਹੋ ਰਹੇ, ਉਹ ਗੈਰ-ਸੰਗਠਿਤ ਕ੍ਰਾਈਮ ਹੈ। ਲਾਲੂ ਜਾਂ ਰਾਬੜੀ ਦੇ ਕਾਰਜਕਾਲ ’ਚ ਇਹ ਸਭ ਸੰਗਠਿਤ ਕ੍ਰਾਈਮ ਹੁੰਦਾ ਸੀ ਜੋ ਵਧੇਰੇ ਘਾਤਕ ਰਿਹਾ।
ਦੂਜੇ ਪਾਸੇ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਨਿਤੀਸ਼ ਕੁਮਾਰ ਦਾ ਰਿਕਾਰਡ ਵਧੀਆ ਨਹੀਂ ਹੈ। ਬਿਹਾਰ ਬਾਰੇ ‘ਕੈਗ’ ਦੀ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਸੂਬੇ ’ਚ ਸਰਕਾਰ ਦੇ 70877 ਕਰੋੜ ਰੁਪਏ ਦਾ ਕੁਝ ਪਤਾ ਨਹੀਂ ਕਿ ਉਹ ਕਿੱਥੇ ਖਰਚ ਕੀਤੇ ਗਏ ਹਨ। ਸਰਕਾਰ ਕੋਲ ਇਸ ਸੰਬੰਧੀ ਕੋਈ ਵੀ ਲੇਖਾ-ਜੋਖਾ ਨਹੀਂ ਹੈ ਅਤੇ ਨਾ ਹੀ ਕੋਈ ਰਿਕਾਰਡ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਬਿਹਾਰ ਦੇ ਲੋਕਾਂ ਕੋਲ ਕੀ ਬਦਲ ਹੈ। ਪਿਛਲੇ 35 ਸਾਲਾਂ ਤੋਂ ਬਿਹਾਰ ਲਾਲੂ ਅਤੇ ਨਿਤੀਸ਼ ਦੀ ਸਿਆਸਤ ਦੇ ਭੰਵਰ ’ਚ ਫਸਿਆ ਹੋਇਆ ਹੈ, ਜਿਸ ਨੇ ਸੂਬੇ ਨੂੰ ਸਿਰਫ ਅਪਰਾਧ, ਬੇਰੁਜ਼ਗਾਰੀ, ਹੜ੍ਹ, ਡਿੱਗਦੇ ਪੁਲ ਅਤੇ ਭ੍ਰਿਸ਼ਟਾਚਾਰ ਹੀ ਦਿੱਤਾ ਹੈ। ਇਹ ਦੋਵੇਂ ਆਗੂ ਸੂਬੇ ਦੀ ਕਿਸੇ ਵੀ ਵੱਡੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੇ। ਅਜਿਹੀ ਸਥਿਤੀ ’ਚ ਪ੍ਰਸ਼ਾਂਤ ਕਿਸ਼ੋਰ ਵੀ ਜਨ ਸੁਰਾਜ ਪਾਰਟੀ ਬਣਾ ਕੇ ਮੈਦਾਨ ’ਚ ਉਤਰੇ ਹਨ।
ਉਹ ਸੂਬੇ ਦੀਆਂ ਸਭ ਸਮੱਸਿਆਵਾਂ ਲਈ ਲਾਲੂ ਅਤੇ ਨਿਤੀਸ਼ ਨੂੰ ਜ਼ਿੰਮੇਵਾਰ ਦੱਸਦੇ ਹਨ। ਆਪਣੀ ਜਨ ਸੁਰਾਜ ਯਾਤਰਾ ਦੌਰਾਨ ਉਹ ਬਿਹਾਰ ’ਚ ਤਬਦੀਲੀ ਦੀ ਗੱਲ ਕਰਦੇ ਰਹੇ ਹਨ ਪਰ ਸੂਬੇ ’ਚ ਚੋਣ ਗਣਿਤ ਫਿੱਟ ਕਰਨ ਵਾਲੇ ਜਾਤੀ ਸਮੀਕਰਨ ’ਚ ਉਹ ਆਪ ਫਿੱਟ ਨਹੀਂ ਹੋ ਰਹੇ। ਉਨ੍ਹਾਂ ਨੂੰ ਕੁਝ ਅਜਿਹੇ ਨੌਜਵਾਨਾਂ ਦੀ ਵੋਟ ਮਿਲ ਸਕਦੀ ਹੈ ਜਿਨ੍ਹਾਂ ਦਾ ਜਾਤੀ ਨੇ ਕੋਈ ਭਲਾ ਨਹੀਂ ਕੀਤਾ ਜੋ ਰੁਜ਼ਗਾਰ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਹਨ। ਪੜ੍ਹੇ-ਲਿਖੇ ਲੋਕਾਂ ਦੀ ਵੋਟ ਵੀ ਉਨ੍ਹਾਂ ਨੂੰ ਜਾ ਸਕਦੀ ਹੈ। ਅਜਿਹੀ ਹਾਲਤ ’ਚ ਐੱਨ. ਡੀ. ਏ. ਅਤੇ ਵਿਰੋਧੀ ਧਿਰ ਦੋਹਾਂ ਦੀਆਂ ਕੁਝ ਵੋਟਾਂ ਕੱਟੀਆਂ ਜਾ ਸਕਦੀਆਂ ਹਨ। ਇਸ ਨਾਲ ਕੋਈ ਚਮਤਕਾਰ ਨਹੀਂ ਹੋਵੇਗਾ।
ਅਜਿਹੀ ਹਾਲਤ ’ਚ ਇਹ ਸਵਾਲ ਉੱਠਦਾ ਹੈ ਕਿ ਕੀ ਲਾਲੂ ਦੇ ਰਾਜ ਦੌਰਾਨ ਦੇ ਅਕਸ ਨੂੰ ਲੈ ਕੇ ਨਿਤੀਸ਼ ਕੁਮਾਰ ਮੁੜ ਤੋਂ ਜੰਗਲਰਾਜ ਦਾ ਵਾਲਿਊਮ ਵਧਾ ਸਕਣਗੇ ਅਤੇ ਲੋਕਾਂ ਨੂੰ ਪੁਰਾਣੇ ਸਮੇਂ ਦੀ ਯਾਦ ਦਿਵਾ ਕੇ ਉਸ ਦਾ ਡਰ ਹੋਰ ਵਧਾ ਸਕਣਗੇ? ਕੀ ਸੱਤਾ ਮੁੜ ਤੋਂ ਉਨ੍ਹਾਂ ਦੀ ਝੋਲੀ ’ਚ ਆ ਜਾਵੇਗੀ। ਉਹ ਵੀ ਜਦੋਂ ਨਿਤੀਸ਼ ਦੀ ਜਨਤਾ ਦਲ (ਯੂ) ਹੁਣ ਓਨੀ ਮਜ਼ਬੂਤ ਨਹੀਂ ਹੈ ਅਤੇ ਉਸ ਦਾ ਆਧਾਰ ਵੀ ਵੱਡਾ ਨਹੀਂ ਹੈ।
ਦੂਜੇ ਪਾਸੇ ਤੇਜਸਵੀ ਯਾਦਵ ਦੀ ਹਮਲਾਵਰਤਾ ਵਧ ਰਹੀ ਹੈ। ਤੇਜਸਵੀ ਜਾਣਦੇ ਹਨ ਕਿ ਇਸ ਵਾਰ ਨਹੀਂ ਤਾਂ ਅੱਗੇ ਹੋਰ ਮੁਸ਼ਕਲ ਹੈ ਕਿਉਂਕਿ ਭਾਜਪਾ ਇਕ ਵਾਰ ਆਉਣ ਤੋਂ ਬਾਅਦ ਆਪਣੇ ਸਮੀਕਰਨ ਪੱਕੇ ਕਰ ਲੈਂਦੀ ਹੈ, ਇਹ ਸਭ ਨੂੰ ਪਤਾ ਹੈ।
–ਅੱਕੂ ਸ਼੍ਰੀਵਾਸਤਵ
ਬਿਹਾਰ ’ਚ ਬੰਗਲਾਦੇਸ਼ੀ ਵੋਟਰ ਦਾ ਸ਼ਗੂਫਾ
NEXT STORY