ਕਿਸੇ ਸਮੇਂ ਸਾਡੀ ਪੁਰਾਤਨ ਸੱਭਿਅਤਾ, ਰੀਤੀ-ਰਿਵਾਜ ਅਤੇ ਉੱਚ ਸੰਸਕਾਰਾਂ ਦੇ ਚੱਲਦਿਆਂ ਪੂਰੀ ਦੁਨੀਆ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਸ਼ਰਨ ’ਚ ਆਉਣ ਲਈ ਮਾਣ ਮਹਿਸੂਸ ਕਰਦੀ ਸੀ, ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਸਿਰਫ ਇਕ ਮਹੀਨੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 27 ਫਰਵਰੀ, 2024 ਨੂੰ ਜਸ਼ਪੁਰ (ਛੱਤੀਸਗੜ੍ਹ) ’ਚ ਆਪਣੀ ਪਤਨੀ ਵਲੋਂ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ’ਤੇ ਗੁੱਸੇ ’ਚ ਆ ਕੇ ਇਕ ਨੌਜਵਾਨ ਨੇ ਨਾ ਸਿਰਫ ਆਪਣੀ ਭੈਣ ਨਾਲ ਜਬਰ-ਜ਼ਨਾਹ ਕਰਨ ਪਿੱਛੋਂ ਉਸ ਦੀ ਹੱਤਿਆ ਕਰ ਦਿੱਤੀ ਸਗੋਂ ਉਸ ਦੀ ਲਾਸ਼ ਨਾਲ ਵੀ ਹੈਵਾਨੀਅਤ ਕੀਤੀ।
* 3 ਮਾਰਚ ਨੂੰ ਦੇਹਰਾਦੂਨ (ਉੱਤਰਾਖੰਡ) ’ਚ 2 ਸਾਲ ਦੀ ਗੋਦ ਲਈ ਹੋਈ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਵਿਅਕਤੀ ਨੂੰ ਅਦਾਲਤ ਨੇ 20 ਸਾਲ ਬਾਮੁਸ਼ੱਕਤ ਕੈਦ ਤੋਂ ਇਲਾਵਾ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 7 ਮਾਰਚ ਨੂੰ ਰਾਇਸੇਨ (ਮੱਧ ਪ੍ਰਦੇਸ਼) ’ਚ ਆਪਣੀ ਨਾਬਾਲਿਗ ਬੇਟੀ ਦਾ ਮੂੰਹ ਘੁੱਟ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਨਾਬਾਲਿਗਾ ਦਾ ਦੋਸ਼ ਹੈ ਕਿ ਉਸ ਦਾ ਪਿਤਾ ਉਸ ਨੂੰ ਕਾਫੀ ਸਮੇਂ ਤੋਂ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ ਕਰਦਾ ਆ ਰਿਹਾ ਸੀ।
* 14 ਮਾਰਚ ਨੂੰ ਹਰਦੋਈ (ਉੱਤਰ ਪ੍ਰਦੇਸ਼) ਦੇ ‘ਕੁਰਸਠ’ ਪਿੰਡ ’ਚ ਦੋ ਭਰਾਵਾਂ ’ਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਨੇ ਗੰਭੀਰ ਰੂਪ ਧਾਰਨ ਕਰ ਲਿਆ ਜਿਸ ’ਤੇ ਇਕ ਭਰਾ ਨੇ ਦੂਜੇ ਭਰਾ ’ਤੇ ਡਾਂਗ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
* 18 ਮਾਰਚ ਨੂੰ ਹੈਦਰਾਬਾਦ (ਤੇਲੰਗਾਨਾ) ’ਚ ਇਕ ਔਰਤ ਨੇ ਆਪਣੀ 19 ਸਾਲਾ ਬੱਚੀ ਨੂੰ ਗਲ ਘੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਘਰ ’ਚ ਹੋਣ ਵਾਲੀ ਹਰ ਗੱਲ ਦੀ ਸੂਚਨਾ ਪ੍ਰਦੇਸ਼ ’ਚ ਕੰਮ ਕਰਨ ਵਾਲੇ ਆਪਣੇ ਪਿਤਾ ਨੂੰ ਦਿੰਦੀ ਹੁੰਦੀ ਸੀ।
* 18 ਮਾਰਚ ਨੂੰ ਹੀ ਡੂੰਗਰਪੁਰ (ਰਾਜਸਥਾਨ) ’ਚ ਪੁਲਸ ਨੇ ਕਿਸੇ ਝਗੜੇ ਕਾਰਨ ਆਪਣੇ ਪਿਤਾ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਘਰ ’ਚ ਹੀ ਦੱਬ ਦੇਣ ਦੇ ਦੋਸ਼ ’ਚ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ।
* 21 ਮਾਰਚ ਨੂੰ ਜੈਪੁਰ (ਰਾਜਸਥਾਨ) ’ਚ ਸਿਰਫ 43 ਦਿਨ ਦੇ ਨਵ-ਜਨਮੇ ਬੱਚੇ ਦੀ ਹੱਤਿਆ ਕਰਨ ਦੇ ਦੋਸ਼ ’ਚ ਪੁਲਸ ਨੇ ਉਸ ਦੀ ਕਲਯੁਗੀ ਮਾਂ ‘ਅੰਜੁਮ’ ਨੂੰ ਗ੍ਰਿਫਤਾਰ ਕੀਤਾ। ਔਰਤ ਨੇ ਜਦ ਹੱਤਿਆ ਦਾ ਕਾਰਨ ਦੱਸਿਆ ਤਾਂ ਪੁਲਸ ਵਾਲੇ ਵੀ ਹੈਰਾਨ ਰਹਿ ਗਏ। ਔਰਤ ਨੇ ਕਿਹਾ ਕਿ ਉਸ ਦਾ ਬੇਟਾ ਹਰ ਸਮੇਂ ਰੋਂਦਾ ਰਹਿੰਦਾ ਸੀ ਜਿਸ ਨਾਲ ਉਸ ਦੀ ਨੀਂਦ ਖਰਾਬ ਹੁੰਦੀ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ।
* 23 ਮਾਰਚ ਨੂੰ ਪ੍ਰਤਾਪਗੜ੍ਹ (ਉੱਤਰ ਪ੍ਰਦੇਸ਼) ’ਚ ਇਕ 16 ਸਾਲਾ ਨਾਬਾਲਿਗ ਨੇ 3 ਸ਼ੂਟਰਾਂ ਨੂੰ ਸੁਪਾਰੀ ਦੇ ਕੇ ਆਪਣੇ ਪਿਤਾ ਨੂੰ ਮਰਵਾ ਦਿੱਤਾ। ਨਾਬਾਲਿਗ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਉਸ ਨੂੰ ਲੋੜ ਅਨੁਸਾਰ ਖਰਚ ਕਰਨ ਲਈ ਪੈਸੇ ਨਹੀਂ ਦਿੰਦੇ ਸਨ।
* 23 ਮਾਰਚ ਨੂੰ ਹੀ ਹਮੀਰਪੁਰ (ਉੱਤਰ ਪ੍ਰਦੇਸ਼) ’ਚ ਇਕ-ਦੂਜੇ ਨੂੰ ਪਿਆਰ ਕਰਨ ਵਾਲੇ ਨਾਬਾਲਿਗ ਭੂਆ ਅਤੇ ਭਤੀਜਾ ਘਰੋਂ ਭੱਜ ਗਏ ।
* 24 ਮਾਰਚ ਨੂੰ ਚੰਪੂਆ (ਓਡਿਸ਼ਾ) ਦੇ ‘ਬਸਿਰਾ’ ਪਿੰਡ ’ਚ ‘ਧਿਆਨ ਮੁੰਡਾ’ ਨਾਂ ਦੇ ਨੌਜਵਾਨ ਨੂੰ ਆਪਣੇ ਪਿਤਾ ਵਲੋਂ ਉਸ ਨੂੰ ਲੱਕੜੀ ਕੱਟਣ ਤੋਂ ਰੋਕਣ ’ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਕੁਹਾੜੀ ਨਾਲ ਆਪਣੇ ਪਿਤਾ ਗੁਰੂਚਰਨ ਮੁੰਡਾ ’ਤੇ ਵਾਰ ਕਰ ਦਿੱਤਾ। ਜਦ ਉਸ ਦੀ ਮਾਂ ‘ਪਾਲੋ’ ਆਪਣੇ ਪਤੀ ਨੂੰ ਬਚਾਉਣ ਲਈ ਅੱਗੇ ਵਧੀ ਤਾਂ ਨੌਜਵਾਨ ਨੇ ਉਸ ’ਤੇ ਵੀ ਕੁਹਾੜੀ ਨਾਲ ਵਾਰ ਕਰ ਦਿੱਤਾ ਜਿਸ ਨਾਲ ਦੋਵਾਂ ਦੀ ਮੌਤ ਹੋ ਗਈ।
* 24 ਮਾਰਚ ਨੂੰ ਹੀ ਦਮੋਹ (ਮੱਧ ਪ੍ਰਦੇਸ਼) ’ਚ ‘ਨੋਹਟਾ’ ਥਾਣੇ ਦੇ ਤਹਿਤ ‘ਨਯਾਹਾਰ’ ਪਿੰਡ ’ਚ ਮੋਹਨ ਨਾਂ ਦੇ ਇਕ ਨੌਜਵਾਨ ਨੇ ਕਿਸੇ ਝਗੜੇ ਕਾਰਨ ਨਾ ਸਿਰਫ ਆਪਣੀ ਮਾਂ ‘ਰਤੀਆ ਬਾਈ’ ਦੀ ਪੁੱਠੀ ਕੁਹਾੜੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸਗੋਂ ਬਾਅਦ ’ਚ ਖੁਦ ਆਪਣੀ ਭੈਣ ਨੂੰ ਫੋਨ ਕਰ ਕੇ ਇਹ ਸੂਚਨਾ ਦਿੱਤੀ ਕਿ, ‘‘ਮੈਂ ਮਾਂ ਨੂੰ ਮਾਰ ਦਿੱਤਾ ਹੈ ਅਤੇ ਆ ਕੇ ਲਾਸ਼ ਲੈ ਜਾਵੋ ਅਤੇ ਸਾੜ ਦਿਓ।’’ ਦੱਸਿਆ ਜਾਂਦਾ ਹੈ ਕਿ ਮੋਹਨ ਦੀਆਂ ਗੰਦੀਆਂ ਆਦਤਾਂ ਦੇ ਕਾਰਨ ਹੀ ਉਸ ਦੀ ਪਤਨੀ ਵੀ 15 ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ।
* 25 ਮਾਰਚ ਨੂੰ ਪੂਰਨੀਆ (ਬਿਹਾਰ) ’ਚ ਸ਼ਰੀਫਨ ਖਾਤੂਨ ਨਾਂ ਦੀ ਔਰਤ ਨੇ ਆਪਣੀ ਬੇਟੀ ਨਾਲ ਅਕਸਰ ਹੋਣ ਵਾਲੇ ਬੋਲ-ਬੁਲਾਰੇ ਤੋਂ ਤੰਗ ਆ ਕੇ ਉਸੇ ਦੇ ਦੁਪੱਟੇ ਨਾਲ ਉਸ ਦਾ ਗਲ ਘੁੱਟ ਕੇ ਉਸ ਨੂੰ ਮਾਰ ਦਿੱਤਾ।
ਮਨੁੱਖ ਦੇ ਨੈਤਿਕ ਪਤਨ ਨੂੰ ਉਜਾਗਰ ਕਰਦੀਆਂ ਉਪਰੋਕਤ ਘਟਨਾਵਾਂ ਇਸ ਕੌੜੇ ਸੱਚ ਵੱਲ ਇਸ਼ਾਰਾ ਕਰਦੀਆਂ ਹਨ ਕਿ ਅੱਜ ਅਸੀਂ ਆਪਣੀਆਂ ਪੁਰਾਤਨ ਕਦਰਾਂ-ਕੀਮਤਾਂ ਤੋਂ ਕਿਸ ਕਦਰ ਹੇਠਾਂ ਡਿੱਗ ਗਏ ਹਾਂ, ਜਿਸ ਕਾਰਨ ਸਾਰੀਆਂ ਮਰਿਆਦਾਵਾਂ ਭੁੱਲ ਕੇ ਰਿਸ਼ਤੇ ਤਾਰ-ਤਾਰ ਕੀਤੇ ਜਾ ਰਹੇ ਹਨ।
-ਵਿਜੇ ਕੁਮਾਰ
ਰਾਜਪਾਲਾਂ ਅਤੇ ਸੂਬਾ ਸਰਕਾਰਾਂ ਦਾ ਟਕਰਾਅ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ
NEXT STORY