ਇਕ ਵਾਰ ਫਿਰ ਤੋਂ ਦੇਸ਼ ’ਚ ਨੌਜਵਾਨਾਂ ਨੇ ਸਰਕਾਰ ਦੇ ਵਿਰੁੱਧ ਆਵਾਜ਼ ਉਠਾ ਦਿੱਤੀ ਹੈ। ਇਹ ਕੋਈ ਨਵੀਂ ਗੱਲ ਨਹੀਂ, ਜਦੋਂ-ਜਦੋਂ ਵਿਦਿਆਰਥੀ ਸਿਆਸੀ ਪ੍ਰਣਾਲੀ ਦੇ ਵਿਰੁੱਧ ਸੜਕ ’ਤੇ ਉਤਰਦੇ ਹਨ, ਉਦੋਂ-ਉਦੋਂ ਇਹ ਸਵਾਲ ਉੱਠਦਾ ਹੈ ਕਿ ਕੀ ਵਿਦਿਆਰਥੀਆਂ ਨੂੰ ਸਿਆਸਤ ਕਰਨੀ ਚਾਹੀਦੀ ਹੈ? ਇਸ ਸਵਾਲ ਦਾ ਜਵਾਬ ਆਪਣੇ-ਆਪਣੇ ਨਜ਼ਰੀਏ ਨਾਲ ਹਰ ਭਾਈਚਾਰਾ ਦਿੰਦਾ ਹੈ। ਜੋ ਸਿਆਸੀ ਪਾਰਟੀਆਂ ਸੱਤਾ ’ਚ ਹੁੰਦੀਆਂ ਹਨ, ਉਹ ਵਿਦਿਆਰਥੀ ਅੰਦੋਲਨ ਦੀ ਨਿੰਦਾ ਕਰਦੀਆਂ ਹਨ। ਉਸ ਨੂੰ ਨਿਰਉਤਸ਼ਾਹਿਤ ਕਰਦੀਆਂ ਹਨ ਅਤੇ ਜਦੋਂ ਵਿਦਿਆਰਥੀ ਕਾਬੂ ’ਚ ਨਹੀਂ ਆਉਂਦੇ, ਤਾਂ ਉਨ੍ਹਾਂ ਦਾ ਦਮਨ ਵੀ ਕਰਦੀਆਂ ਹਨ। ਫਿਰ ਉਹ ਭਾਵੇਂ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਆਜ਼ਾਦੀ ਅੰਦੋਲਨ ’ਚ ਕੁੱਦਣ ਵਾਲੇ ਵਿਦਿਆਰਥੀ ਹੋਣ ਜਾਂ 70 ਦੇ ਦਹਾਕੇ ’ਚ ਗੁਜਰਾਤ ਦੇ ਨਵ-ਨਿਰਮਾਣ ਅੰਦੋਲਨ ਤੋਂ ਸ਼ੁਰੂ ਹੋ ਕੇ ਜੈ ਪ੍ਰਕਾਸ਼ ਨਾਰਾਇਣ ਦੇ ਸੰਪੂਰਨ ਕ੍ਰਾਂਤੀ ਦੇ ਸੱਦੇ ’ਤੇ ਕੁੱਦਣ ਵਾਲੇ ਵਿਦਿਆਰਥੀ, ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਸੱਤਾ ਪਲਟ ਦਿੱਤੀ ਸੀ ਜਾਂ ਫਿਰ ਅੰਨਾ ਹਜ਼ਾਰੇ ਦੇ ਅੰਦੋਲਨ ’ਚ ਕੁੱਦਣ ਵਾਲੇ ਵਿਦਿਆਰਥੀ ਪਰ ਦੇਸ਼ ’ਚ ਕਾਕਰੋਚ ਜਨਤਾ ਪਾਰਟੀ (ਸੀ. ਜੇ. ਪੀ.) ਦੇ ਪਿਛਲੇ ਅੰਦੋਲਨ ਅਤੇ ਦੇਸ਼ ਭਰ ’ਚ ਚੱਲ ਰਹੇ ਤਾਜ਼ਾ ਅੰਦੋਲਨ ਨੇ ਇਸ ਸਵਾਲ ਨੂੰ ਦੁਬਾਰਾ ਜਗਾ ਦਿੱਤਾ ਹੈ ਕਿ ਯੁਵਾ ਅਤੇ ਸਰਕਾਰ ਦੇ ਅੰਦੋਲਨ ਦਾ ਹੱਲ ਕਿਵੇਂ ਨਿਕਲੇ?
ਰੋਚਕ ਗੱਲ ਇਹ ਹੈ ਕਿ ਜੋ ਪਾਰਟੀਆਂ ਸੱਤਾ ’ਚ ਆ ਕੇ ਵਿਦਿਆਰਥੀਆਂ ਦਾ ਦਮਨ ਕਰਦੀਆਂ ਹਨ, ਉਹੀ ਪਾਰਟੀਆਂ ਜਦੋਂ ਵਿਰੋਧੀ ਧਿਰ ’ਚ ਹੁੰਦੀਆਂ ਹਨ, ਤਾਂ ਵਿਦਿਆਰਥੀ ਅੰਦੋਲਨਾਂ ਨੂੰ ਹਵਾ ਦੇ ਕੇ ਹੀ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ। ਇਸ ’ਚ ਕੋਈ ਪਾਰਟੀ ਅਪਵਾਦ ਨਹੀਂ ਹੈ। ਜੇਕਰ ਸਿੱਖਿਆ ਸੰਸਥਾਵਾਂ ਅਤੇ ਮਾਪਿਆਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਵੀ ਦੋ ਮੱਤ ਹਨ। ਜੋ ਸੰਸਥਾਵਾਂ ਜਾਂ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਦੇਖ-ਰੇਖ ’ਚ ਨੌਜਵਾਨ ਸਿਰਫ਼ ਪੜ੍ਹਾਈ ’ਤੇ ਧਿਆਨ ਦੇਣ, ਡਿਗਰੀ ਹਾਸਲ ਕਰਨ ਅਤੇ ਨੌਕਰੀ ਕਰਨ, ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੀ ਸਿਆਸਤ ’ਚ ਹਿੱਸਾ ਲੈਣ।
ਪਰ ਇਕ ਦੂਜਾ ਵਰਗ ਉਨ੍ਹਾਂ ਅਧਿਆਪਕਾਂ ਅਤੇ ਮਾਪਿਆਂ ਦਾ ਹੈ, ਜੋ ਆਪਣੇ ਵਿਦਿਆਰਥੀਆਂ ’ਚ ਪੂਰਾ ਵਿਸ਼ਵਾਸ ਰੱਖਦੇ ਹਨ ਅਤੇ ਜਾਣਦੇ ਹਨ ਕਿ ਭਾਵੇਂ ਉਹ ਵਿਦਿਆਰਥੀ ਸਿਆਸਤ ’ਚ ਕਿੰਨਾ ਹੀ ਹਿੱਸਾ ਕਿਉਂ ਨਾ ਲੈਣ, ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਲੈ ਕੇ ਪੂਰੀ ਸਪੱਸ਼ਟਤਾ ਹੈ। ਇਸ ਲਈ ਉਹ ਪੜ੍ਹਾਈ ਦੀ ਕੀਮਤ ’ਤੇ ਅੰਦੋਲਨ ਨਹੀਂ ਕਰਨਗੇ। ਅਜਿਹੀਆਂ ਸੰਸਥਾਵਾਂ ਅਤੇ ਮਾਪੇ ਵਿਦਿਆਰਥੀਆਂ ਨੂੰ ਰਚਨਾਤਮਕ ਸਿਆਸਤ ਕਰਨ ਤੋਂ ਨਹੀਂ ਰੋਕਦੇ।
ਜੇਕਰ ਨਿਰਪੱਖ ਮੁਲਾਂਕਣ ਕਰੀਏ, ਤਾਂ ਅਸੀਂ ਦੇਖਾਂਗੇ ਕਿ ਜੋ ਵਿਦਿਆਰਥੀ ਸਿਰਫ਼ ਪੜ੍ਹਾਈ ’ਤੇ ਧਿਆਨ ਦਿੰਦੇ ਹਨ ਅਤੇ ਰੱਟੂ ਤੋਤੇ ਦੀ ਤਰ੍ਹਾਂ ਇਮਤਿਹਾਨ ਪਾਸ ਕਰਦੇ ਜਾਂਦੇ ਹਨ, ਉਨ੍ਹਾਂ ਦੀ ਸ਼ਖ਼ਸੀਅਤ ਦਾ ਸੰਪੂਰਨ ਵਿਕਾਸ ਨਹੀਂ ਹੁੰਦਾ। ਆਮ ਤੌਰ ’ਤੇ ਅਜਿਹੇ ਨੌਜਵਾਨਾਂ ’ਚ ਸਮਾਜਿਕ ਸਰੋਕਾਰ ਵੀ ਨਹੀਂ ਹੁੰਦੇ। ਉਨ੍ਹਾਂ ਦੀ ਸ਼ਖ਼ਸੀਅਤ ਇਕਾਂਗੀ ਹੋ ਜਾਂਦੀ ਹੈ ਅਤੇ ਜੀਵਨ ਦੇ ਸੰਘਰਸ਼ਾਂ ’ਚ ਉਹ ਓਨੀ ਮਜ਼ਬੂਤੀ ਨਾਲ ਨਹੀਂ ਖੜ੍ਹੇ ਹੋ ਪਾਉਂਦੇ, ਜਿੰਨੇ ਕਿ ਉਹ ਵਿਦਿਆਰਥੀ ਖੜ੍ਹੇ ਹੁੰਦੇ ਹਨ, ਜਿਨ੍ਹਾਂ ਨੇ ਸਿੱਖਿਆ ਦੇ ਨਾਲ ਸਮਾਜਿਕ ਸਰੋਕਾਰ ਨੂੰ ਬਣਾਈ ਰੱਖਿਆ ਹੋਵੇ।
ਜਦੋਂ ਤੱਕ ਮੈਂ ਕਾਲਜ ’ਚ ਪੜ੍ਹਦਾ ਸੀ, ਤਾਂ ਮੇਰੀ ਸ਼ਖ਼ਸੀਅਤ ਦੋ ਧੁਰਿਆਂ ’ਚ ਵੰਡੀ ਸੀ। ਮੇਰੇ ਪਿਤਾ, ਜੋ ਇਕ ਵੱਡੇ ਸਿੱਖਿਆ ਸ਼ਾਸਤਰੀ ਸਨ, ਉਨ੍ਹਾਂ ਦੇ ਵਿਚਾਰ ਇਹੀ ਸਨ ਕਿ ਮੈਂ ਪੜ੍ਹਾਂ ਅਤੇ ਨੌਕਰੀ ਕਰਾਂ, ਜਦੋਂ ਕਿ ਮੇਰੀ ਮਾਂ, ਜੋ ਕਿ ਸੰਸਕ੍ਰਿਤ ਦੀ ਵਿਦਵਾਨ ਅਤੇ ਮਥੁਰਾ ਦੇ ਰਮਣਰੇਤੀ ਵਾਲੇ ਮਹਾਰਾਜ ਸ਼ਰਧੇਯ ਗੁਰੂ ਸ਼ਰਣਾਨੰਦ ਜੀ ਦੀ ਲਖਨਊ ਯੂਨੀਵਰਸਿਟੀ ਦੀ ਸਹਿਪਾਠੀ ਸਨ, ਉਹ ਵਿਦਿਆਰਥੀ ਜੀਵਨ ਤੋਂ ਹੀ ਗਾਂਧੀਵਾਦੀ ਵਿਚਾਰਧਾਰਾ ਅਤੇ ਸਮਾਜਿਕ ਸਰੋਕਾਰਾਂ ਨੂੰ ਲੈ ਕੇ ਬਹੁਤ ਸਰਗਰਮ ਰਹੀ ਸਨ। ਉਨ੍ਹਾਂ ਦਾ ਹੀ ਪ੍ਰਭਾਵ ਮੇਰੇ ’ਤੇ ਜ਼ਿਆਦਾ ਪਿਆ ਅਤੇ 18 ਸਾਲ ਦੀ ਉਮਰ ’ਚ ਇਕ ਸਵੈ-ਸੇਵਕ ਵਜੋਂ ਪੱਛੜੇ ਪਿੰਡਾਂ ’ਚ ਸੇਵਾ ਕਾਰਜ ਕਰਨ ਘਰ ਛੱਡ ਕੇ ਤੁਰ ਪਿਆ।
1974 ਦੇ ਉਸ ਦੌਰ ’ਚ ਮੈਂ ਪਿੰਡ ਦੀ ਗ਼ਰੀਬੀ ਅਤੇ ਬਦਹਾਲੀ ’ਚ ਜ਼ਿੰਦਗੀ ਦੇ ਅਨੋਖੇ ਤਜਰਬੇ ਹਾਸਲ ਕੀਤੇ। ਉਸਦਾ ਹੀ ਨਤੀਜਾ ਹੈ ਕਿ ਅੱਜ ਤੱਕ ਮੈਂ ਧਨ ਕਮਾਉਣ ਦੀ ਦੌੜ ’ਚ ਨਾ ਪੈ ਕੇ ਸਮਾਜ, ਰਾਸ਼ਟਰ ਜਾਂ ਸਨਾਤਨ ਧਰਮ ਦੇ ਵਿਸ਼ਿਆਂ ’ਤੇ ਆਪਣੀ ਊਰਜਾ ਪੂਰੀ ਨਿਸ਼ਠਾ ਨਾਲ ਲਗਾਉਂਦਾ ਰਿਹਾ ਹਾਂ। ਜੇਕਰ ਇਸ ਨੂੰ ਆਪਣੇ ਮੂੰਹ ਮੀਆਂ ਮਿੱਠੂ ਨਾ ਮੰਨਿਆ ਜਾਵੇ, ਤਾਂ ਦੇਸ਼ ’ਚ ਜੋ ਲੋਕ ਮੈਨੂੰ ਜਾਣਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਮੈਂ ਪ੍ਰਭੂ ਕਿਰਪਾ ਨਾਲ ਭਾਰਤ ’ਚ ਕਈ ਵਾਰ ਇਤਿਹਾਸ ਰਚਿਆ ਹੈ। ਨਿਰਡਰਤਾ ਅਤੇ ਸਮਾਜ ਪ੍ਰਤੀ ਸਮਰਪਣ ਦਾ ਇਹ ਭਾਵ ਇਸੇ ਲਈ ਆਇਆ ਕਿਉਂਕਿ ਮੈਂ ਪੜ੍ਹਾਈ ਦੇ ਨਾਲ ਸਮਾਜ ਦਾ ਵੀ ਅਧਿਐਨ ਜਾਰੀ ਰੱਖਿਆ। ਨਹੀਂ ਤਾਂ ਮੈਂ ਅੱਜ ਕਿਸੇ ਤੰਤਰ ਦੀ ਨੌਕਰੀ ’ਚ ਜੀਵਨ ਬਿਤਾ ਕੇ ਖਾਲੀ ਬੈਠਾ ਹੁੰਦਾ। ਜਿਵੇਂ ਆਈ. ਸੀ. ਐੱਸ. ਰਹੇ ਜੇ. ਸੀ. ਮਾਥੁਰ ਨੇ ਸੇਵਾ-ਮੁਕਤ ਹੋਣ ਤੋਂ ਬਾਅਦ ਇਕ ਸੁਪ੍ਰਸਿੱਧ ਬੌਧਿਕ ਪੱਤ੍ਰਿਕਾ ‘ਦਿਨਮਾਨ’ ’ਚ ਇਕ ਲੜੀ ਲਿਖੀ ਸੀ, ਜਿਸ ਦਾ ਮੂਲ ਸੀ ਕਿ ‘ਮੈਂ ਆਈ. ਸੀ. ਐੱਸ. ’ਚ ਰਹਿੰਦੇ ਹੋਏ, ਇਕ ਮਸ਼ੀਨ ਦਾ ਪੁਰਜ਼ਾ ਸੀ, ਜਿਸਦਾ ਨਾ ਦਿਲ ਸੀ, ਨਾ ਦਿਮਾਗ ਸੀ’।
ਕੱਲ ਦਾ ਆਈ. ਸੀ. ਐੱਸ. ਹੀ ਅੱਜ ਦਾ ਆਈ. ਏ. ਐੱਸ. ਹੈ। ਪਿਛਲੇ 40 ਸਾਲਾਂ ’ਚ ਮੈਂ ਸੈਂਕੜੇ ਆਈ. ਏ. ਐੱਸ. ਅਧਿਕਾਰੀਆਂ ਦੇ ਸੰਪਰਕ ’ਚ ਰਿਹਾ ਹਾਂ ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਹੀ ਆਈ. ਏ. ਐੱਸ. ਅਧਿਕਾਰੀ ਜੀਵਨ ’ਚ ਕੁਝ ਠੋਸ ਅਤੇ ਰਚਨਾਤਮਕ ਕਾਰਜ ਕਰ ਪਾਉਂਦੇ ਹਨ, ਜੋ ਆਪਣੀ ਨੌਕਰੀ ਦੇ ਮਾਇਆਜਾਲ ਦੇ ਬਾਹਰ, ਸਮਾਜ ਨਾਲ ਜੁੜ ਕੇ ਸਹਿਜ ਜੀਵਨ ਜਿਊਂਦੇ ਹਨ ਅਤੇ ਆਪਣੀ ਸੰਵੇਦਨਸ਼ੀਲਤਾ ਨੂੰ ਮਰਨ ਨਹੀਂ ਦਿੰਦੇ। ਬਾਕੀ ਤਾਂ ਪੂਰੀ ਜ਼ਿੰਦਗੀ ਚੰਗੀ ਪੋਸਟਿੰਗ ਅਤੇ ਪ੍ਰਮੋਸ਼ਨ ਦੇ ਚੱਕਰ ’ਚ ਹੀ ਕੱਟ ਦਿੰਦੇ ਹਨ। ਇਸ ਦੇ ਕੁਝ ਅਪਵਾਦ ਹੋ ਸਕਦੇ ਹਨ, ਪਰ ਆਮ ਤੌਰ ’ਤੇ ਇਹੀ ਤਜਰਬਾ ਰਿਹਾ ਹੈ।
ਇਸ ਲਈ ਮੈਂ ਇਸ ਗੱਲ ਦਾ ਸਮਰਥਕ ਹਾਂ ਕਿ ਵਿਦਿਆਰਥੀਆਂ ਨੂੰ ਸਿਆਸਤ ’ਚ ਸਰਗਰਮ ਰੂਪ ਨਾਲ ਹਿੱਸਾ ਲੈਣਾ ਚਾਹੀਦਾ ਹੈ। ਭਾਵੇਂ ਉਹ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੈਂਬਰ ਹੋਣ, ਕਿਸੇ ਸਮਾਜਵਾਦੀ ਅੰਦੋਲਨ ਦੇ ਮੈਂਬਰ, ਕਿਸੇ ਖੱਬੇਪੱਖੀ ਅੰਦੋਲਨ ਦੇ ਮੈਂਬਰ ਜਾਂ ਕਿਸੇ ਗਾਂਧੀਵਾਦੀ ਅੰਦੋਲਨ ਦੇ ਮੈਂਬਰ ਹੋਣ ਜਾਂ ਨਵੇਂ ਜੰਮੇ ਸੀ. ਜੇ. ਪੀ. ਦੇ ਸਮਰਥਕ ਹੀ ਕਿਉਂ ਨਾ ਹੋਣ। ਜੋ ਵੀ ਹੋਵੇ, ਉਨ੍ਹਾਂ ਨੂੰ ਇਸ ਪ੍ਰਕਿਰਿਆ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੂਬਾਈ ਅਤੇ ਕੇਂਦਰ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਵਿਦਿਆਰਥੀ ਸਿਆਸਤ ’ਤੇ ਉਦੋਂ ਤੱਕ ਰੋਕ ਨਾ ਲਗਾਉਣ, ਜਦੋਂ ਤੱਕ ਕਿ ਉਹ ਹਿੰਸਕ ਜਾਂ ਤਬਾਹਕੁੰਨ ਨਾ ਹੋਣ। ਅਜਿਹੀ ਵਿਦਿਆਰਥੀ ਸਿਆਸਤ ਸਮਾਜ ਦੀ ਘੁਟਣ ਨੂੰ ‘ਸੇਫਟੀ ਵਾਲਵ’ ਦੇ ਰੂਪ ’ਚ ਬਾਹਰ ਕੱਢਦੀ ਹੈ ਅਤੇ ਇਹ ਰਾਜ ਸੱਤਾ ਦੇ ਹਿੱਤ ’ਚ ਹੀ ਹੁੰਦਾ ਹੈ। ਇਸ ਲਈ ਜਦੋਂ ਕਦੇ ਦੇਸ਼ ਦਾ ਨੌਜਵਾਨ ਸੜਕਾਂ ’ਤੇ ਉੱਤਰੇ, ਤਾਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਨਾ ਕਿ ਦਮਨਕਾਰੀ ਰਵੱਈਏ ਨਾਲ।
—ਵਿਨੀਤ ਨਾਰਾਇਣ
ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ ਚਾਹੀਦੀ ਹੈ?
NEXT STORY