ਨਵੀਂ ਦਿੱਲੀ (ਭਾਸ਼ਾ) - ਆਮਦਨ ਕਰ ਵਿਭਾਗ ਨੇ ਏ. ਸੀ. ਸੀ. ਲਿਮਟਿਡ ’ਤੇ ਕੁੱਲ 23.07 ਕਰੋੜ ਰੁਪਏ ਦੇ ਦੋ ਵੱਖ-ਵੱਖ ਜੁਰਮਾਨੇ ਲਾਏ ਹਨ। ਅਡਾਣੀ ਸਮੂਹ ਦੀ ਇਹ ਕੰਪਨੀ ਅਪੀਲੀ ਅਧਿਕਾਰੀਆਂ ਦੇ ਸਾਹਮਣੇ ਇਸ ਜੁਰਮਾਨੇ ਨੂੰ ਚੁਣੌਤੀ ਦੇਵੇਗੀ।
ਆਮਦਨ ਕਰ ਵਿਭਾਗ ਨੇ ਮੁਲਾਂਕਣ ਸਾਲ 2015-16 ਲਈ ਕਥਿਤ ਤੌਰ ’ਤੇ ‘ਕਮਾਈ ਦਾ ਗਲਤ ਵੇਰਵਾ ਪੇਸ਼ ਕਰਨ’ ਲਈ 14.22 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ। ਉੱਥੇ ਹੀ ਮੁਲਾਂਕਣ ਸਾਲ 2018-19 ਲਈ ‘ਕਮਾਈ ਘੱਟ ਦੱਸਣ’ ਦੇ ਮਾਮਲੇ ’ਚ 8.85 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਏ. ਸੀ. ਸੀ. ਨੇ ਦੱਸਿਆ, ‘‘ਕੰਪਨੀ, ਨਿਰਧਾਰਤ ਸਮਾਂ-ਹੱਦ ਦੇ ਅੰਦਰ ਆਮਦਨ ਕਰ ਕਮਿਸ਼ਨਰ (ਅਪੀਲ) ਦੇ ਸਾਹਮਣੇ ਅਪੀਲ ਦਰਜ ਕਰ ਕੇ ਦੋਵਾਂ ਹੁਕਮਾਂ ਦਾ ਵਿਰੋਧ ਕਰੇਗੀ। ਨਾਲ ਹੀ ਸਬੰਧਤ ਹੁਕਮਾਂ ਤਹਿਤ ਲਾਏ ਗਏ ਜੁਰਮਾਨੇ ’ਤੇ ਰੋਕ ਲਾਉਣ ਦੀ ਮੰਗ ਕਰੇਗੀ। ਕੰਪਨੀ ਨੂੰ ਇਨ੍ਹਾਂ ਜੁਰਮਾਨਿਆਂ ਦੇ ਸਬੰਧ ’ਚ ਨੋਟਿਸ 1 ਅਕਤੂਬਰ ਨੂੰ ਮਿਲੇ।
ਉਸ ਨੇ ਕਿਹਾ ਕਿ ਇਨ੍ਹਾਂ ਜੁਰਮਾਨਿਆਂ ਦਾ ਵਿੱਤੀ ਸਰਗਰਮੀਆਂ ’ਤੇ ਕੋਈ ਅਸਰ ਨਹੀਂ ਪਵੇਗਾ। ਆਮਦਨ ਕਰ ਵਿਭਾਗ ਨੇ ਜੋ ਨੋਟਿਸ ਭੇਜੇ ਹਨ, ਉਹ ਉਦਯੋਗਪਤੀ ਗੌਤਮ ਅਡਾਣੀ ਦੀ ਅਗਵਾਈ ਵਾਲੇ ਸਮੂਹ ਦਾ ਹਿੱਸਾ ਬਣਨ ਤੋਂ ਪਹਿਲਾਂ ਦੀ ਮਿਆਦ ਨਾਲ ਜੁਡ਼ੇ ਹਨ। ਅਡਾਣੀ ਸਮੂਹ ਨੇ 6.4 ਅਰਬ ਅਮਰੀਕੀ ਡਾਲਰ ਦੇ ਸੌਦੇ ’ਚ ਸਵਿਟਜ਼ਰਲੈਂਡ ਦੇ ਹੋਲਸਿਮ ਸਮੂਹ ਤੋਂ ਅੰਬੁਜਾ ਸੀਮੈਂਟਸ ਅਤੇ ਉਸ ਦੀ ਸਹਿਯੋਗੀ ਕੰਪਨੀ ਏ. ਸੀ. ਸੀ. ਲਿਮਟਿਡ ਨੂੰ ਸਤੰਬਰ 2022 ’ਚ ਐਕਵਾਇਰ ਕੀਤਾ ਸੀ।
ਗਲੋਬਲ ਸਾਊਥ ’ਚ ਲੱਖਾਂ ਲੋਕਾਂ ਦੀ ਜਾਨ ਬਚਾ ਸਕਦੈ ਭਾਰਤ: ਬਿਲ ਗੇਟਸ
NEXT STORY