ਜਬਲਪੁਰ— ਡਰਾਈਵਿੰਗ ਲਾਇਸੈਂਸ ਹੋਣ ਦੇ ਬਾਵਜੂਦ ਹਾਦਸਾਗ੍ਰਸਤ ਵਾਹਨ ਦਾ ਬੀਮਾ ਕਲੇਮ ਨਾ ਦੇਣਾ ਇਫਕੋ ਟੋਕੀਓ ਜਨਰਲ ਇੰਸ਼ਰੈਂਸ ਕੰਪਨੀ ਲਿਮਟਿਡ ਨੂੰ ਮਹਿੰਗਾ ਪੈ ਗਿਆ। ਖਪਤਕਾਰ ਫੋਰਮ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਉਹ ਸ਼ਿਕਾਇਤਕਰਤਾ ਨੂੰ ਬੀਮਾ ਰਾਸ਼ੀ ਸਮੇਤ ਕੁਲ 63,398 ਰੁਪਏ ਅਦਾ ਕਰੇ।
ਕੀ ਸੀ ਮਾਮਲਾ
ਨਿਊ ਰਾਮਨਗਰ ਜਬਲਪੁਰ ਨਿਵਾਸੀ ਪ੍ਰਕਾਸ਼ ਗੋਡਾਨੇ ਨੇ ਆਪਣੇ ਵਾਹਨ ਦਾ ਬੀਮਾ ਇਫਕੋ ਟੋਕੀਓ ਜਨਰਲ ਇੰਸ਼ਰੈਂਸ ਕੰਪਨੀ ਲਿਮਟਿਡ ਤੋਂ ਕਰਵਾਇਆ ਸੀ। ਬੀਮਾ ਮਿਆਦ 25 ਜੂਨ 2014 ਤੱਕ ਸੀ। ਬੀਮਾ ਕਰਵਾਉਣ ਦੇ ਸਮੇਂ ਕੰਪਨੀ ਨੇ ਸ਼ਰਤਾਂ ਨਹੀਂ ਦੱਸੀਆਂ। ਸਿਰਫ ਕਵਰਨੋਟ ਦਿੱਤਾ। ਬੀਮਾ ਮਿਆਦ ਖਤਮ ਹੋਣ ਤੋਂ ਪਹਿਲਾਂ ਵਾਹਨ ਹਾਦਸਾਗ੍ਰਸਤ ਹੋਣ 'ਤੇ ਇਸ ਦੀ ਸੂਚਨਾ ਬੀਮਾ ਕੰਪਨੀ ਅਤੇ ਪੁਲਸ ਨੂੰ ਦਿੱਤੀ ਗਈ। ਸਰਵੇਅਰ ਦੇ ਨਿਰਦੇਸ਼ ਅਨੁਸਾਰ ਵਾਹਨ ਠੀਕ ਕਰਵਾਇਆ ਗਿਆ, ਜਿਸ 'ਤੇ 67,558 ਰੁਪਏ ਖਰਚਾ ਆਇਆ ਪਰ ਸਿਰਫ਼ ਇਸ ਆਧਾਰ 'ਤੇ ਕਲੇਮ ਨਾਮਨਜ਼ੂਰ ਕਰ ਦਿੱਤਾ ਗਿਆ ਕਿ ਵਾਹਨ ਡਰਾਈਵਰ ਕੋਲ ਟਰਾਂਸਪੋਰਟ ਵ੍ਹੀਕਲ ਚਲਾਉਣ ਦਾ ਲਾਇਸੈਂਸ ਨਹੀਂ ਸੀ, ਜਦੋਂ ਕਿ ਡਰਾਈਵਰ ਕੋਲ ਐੱਲ. ਐੱਮ. ਵੀ. ਲਾਇਸੈਂਸ ਸੀ। ਇਸ ਤੋਂ ਬਾਅਦ ਪ੍ਰਕਾਸ਼ ਗੋਡਾਨੇ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਫੋਰਮ ਦੇ ਚੇਅਰਮੈਨ ਕੇ. ਕੇ. ਤਿਵਾੜੀ ਅਤੇ ਮੈਂਬਰ ਅਰਚਨਾ ਸ਼ੁਕਲਾ ਦੀ ਬੈਂਚ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸ਼ਿਕਾਇਤਕਰਤਾ ਦੇ ਪੱਖ 'ਚ ਦਿੰਦਿਆਂ ਕਿਹਾ ਕਿ ਜਿਸ ਦੇ ਕੋਲ ਲਾਈਟ ਮੋਟਰ ਵ੍ਹੀਕਲ ਡਰਾਈਵਿੰਗ ਲਾਇਸੈਂਸ ਹੈ, ਉਸ ਨੂੰ ਲਾਈਟ ਮੋਟਰ ਵ੍ਹੀਕਲ (ਟਰਾਂਸਪੋਰਟ) ਚਲਾਉਣ 'ਚ ਵੀ ਸਮਰੱਥ ਮੰਨਿਆ ਜਾਵੇਗਾ। ਸਿਰਫ਼ ਇਸ ਆਧਾਰ 'ਤੇ ਬੀਮਾ ਕੰਪਨੀ ਸ਼ਿਕਾਇਤਕਰਤਾ ਦਾ ਦੁਰਘਟਨਾ ਬੀਮਾ ਦਾਅਵਾ ਨਹੀਂ ਠੁਕਰਾ ਸਕਦੀ। ਫੋਰਮ ਨੇ ਬੀਮਾ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਬੀਮਾ ਰਾਸ਼ੀ 51,398 ਰੁਪਏ, ਮਾਨਸਿਕ ਪ੍ਰੇਸ਼ਾਨੀ ਲਈ 10,000 ਅਤੇ ਮੁਕੱਦਮੇ ਦੇ ਖਰਚੇ ਵਜੋਂ 2,000 ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕਰੇ।
ਸਰਕਾਰ ਦੀ ਆਟੋ ਸੈਕਟਰ ਨੂੰ ਰਾਹਤ ਦੇਣ ਦੀ ਤਿਆਰੀ
NEXT STORY