ਨਵੀਂ ਦਿੱਲੀ — ਦੱਖਣੀ-ਪੱਛਮੀ ਮਾਨਸੂਨ ਬਾਰੇ ਪਿਛਲੇ ਹਫਤੇ ਦੇਸ਼ ਵਿਚ ਦੋ ਵੱਖ-ਵੱਖ ਵਿਭਾਗਾਂ ਵਲੋਂ ਵੱਖ-ਵੱਖ ਅਨੁਮਾਨ ਸਾਹਮਣੇ ਆ ਰਹੇ ਹਨ। ਇਕ ਅੰਦਾਜ਼ੇ ਅਨੁਸਾਰ ਇਸ ਸੀਜ਼ਨ ਵਿਚ ਆਉਣ ਵਾਲੇ ਸਮੇਂ 'ਚ ਮਾਨਸੂਨ ਆਮ ਨਾਲੋਂ ਘੱਟ ਹੋਵੇਗਾ ਜਦੋਂਕਿ ਇਕ ਹੋਰ ਅੰਦਾਜ਼ੇ ਅਨੁਸਾਰ ਇਸ ਦੇ ਬਿਹਤਰ ਹੋਣ ਦੀ ਸੰਭਾਵਨਾ ਹੈ। ਮੌਸਮ ਦੀ ਭਵਿੱਖਵਾਣੀ ਲਈ ਸਰਕਾਰੀ ਏਜੰਸੀਆਂ ਭਾਰਤੀ ਮੌਸਮ ਵਿਗਿਆਨ ਵਿਭਾਗ ਅਤੇ ਪ੍ਰਾਈਵੇਟ ਏਜੰਸੀ ਸਕਾਈਮੇਟ ਨੇ ਇਸ ਸਾਲ ਦੇ ਸੀਜ਼ਨ ਦੇ ਬਾਕੀ ਸਮੇਂ ਲਈ ਦੋ ਵੱਖ-ਵੱਖ ਅਨੁਮਾਨ ਲਗਾਏ ਹਨ। ਸਕਾਈਮੇਟ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਘੱਟ ਬਾਰਸ਼ ਕਾਰਨ ਅਗਸਤ-ਸਤੰਬਰ ਵਿਚ ਮਾਨਸੂਨ ਆਮ ਨਾਲੋਂ ਘੱਟ ਰਹੇਗੀ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਗਿਆਨ ਵਿਭਾਗ ਦਾ ਕਹਿਣਾ ਹੈ ਕਿ ਅਗਸਤ-ਸਤੰਬਰ ਦੇ ਲਈ ਆਮ ਦੀ ਪਰਿਭਾਸ਼ਾ ਵਿਚ ਮਾਮੂਲੀ ਜਿਹਾ ਫਰਕ ਹੈ ਅਤੇ ਇਹ ਲੰਬੇ-ਮਿਆਦ ਦੀ ਔਸਤ (ਐਲਪੀਏ) ਦੀ 94-106 ਪ੍ਰਤੀਸ਼ਤ ਬਾਰਸ਼ ਹੈ। ਹਾਲਾਂਕਿ ਸਕਾਈਮੇਟ ਨੇ ਇਸ ਅੰਦਾਜ਼ੇ 'ਤੇ ਸਵਾਲ ਖੜ੍ਹੇ ਕੀਤੇ ਹਨ।
ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਕੇ.ਜੀ.ਰਮੇਸ਼ ਨੇ ਕਿਹਾ, 'ਇਸ ਵਿਚ ਕੁਝ ਗਲਤ ਨਹੀਂ ਹੈ।' ਰਮੇਸ਼ ਨੇ ਕਿਹਾ,'ਅਪ੍ਰੈਲ 'ਚ ਭਾਰਤੀ ਮੌਸਮ ਵਿਭਾਗ ਨੇ ਜੂਨ-ਸਤੰਬਰ ਲਈ ਮੌਸਮ ਦਾ ਜਿਹੜਾ ਅੰਦਾਜ਼ਾ ਲਗਾਇਆ ਸੀ, ਉਸ 'ਚ ਗਲਤੀਆਂ ਦਾ ਔਸਤ ਕੱਢਿਆ ਜਾਵੇ ਤਾਂ 5 ਫੀਸਦੀ ਦੇ ਕਰੀਬ ਰਿਹਾ ਸੀ ਜਦੋਂਕਿ ਅਗਸਤ-ਸਤੰਬਰ ਦੇ ਦੋ ਮਹੀਨੇ ਦੇ ਸਮੇਂ ਲਈ ਇਹ 8 ਫੀਸਦੀ ਹੈ। ਅਸਲੀ ਹਾਲਾਤ ਵੱਖ ਹਨ ਇਸ ਲਈ ਇਹ ਗਲਤੀ ਆ ਰਹੀ ਹੈ।' ਉਹ ਕਹਿੰਦੇ ਹਨ ਕਿ ਮੌਸਮ ਵਿਭਾਗ ਪਿਛਲੇ ਕਈ ਸਾਲਾਂ ਤੋਂ ਇਹ ਤਰੀਕਾ ਅਪਣਾ ਰਿਹਾ ਹੈ।
ਸਕਾਈਮੇਟ ਦਾ ਅਨੁਮਾਨ
ਅਗਸਤ ਮਹੀਨੇ ਲਈ ਸਕਾਈਮੇਟ ਦਾ ਅਨੁਮਾਨ ਹੈ ਕਿ ਦੱਖਣੀ-ਪੱਛਮੀ ਮਾਨਸੂਨ ਐੱਲ.ਪੀ.ਏ. ਦਾ ਲਗਭਗ 88 ਫੀਸਦੀ ਰਹੇਗਾ ਜਿਸ ਵਿਚ ਬਾਰਸ਼ ਦੇ ਘੱਟ ਰਹਿਣ ਦੀ 70 ਫੀਸਦੀ ਸੰਭਾਵਨਾ ਹੈ। ਸਤੰਬਰ ਮਹੀਨੇ ਦੇ ਲਈ ਸਕਾਈਮੇਟ ਦੀ ਅੰਦਾਜ਼ਾ ਹੈ ਕਿ ਮਾਨਸੂਨ ਆਮ ਨਾਲੋਂ ਘੱਟ ਰਹੇਗਾ ਅਤੇ ਐੱਲ.ਪੀ.ਏ. ਦੇ 93 ਫੀਸਦੀ ਦੇ ਕਰੀਬ ਹੋਵੇਗਾ। ਸਕਾਈਮੇਟ ਦੇ ਸੀ.ਈ.ਓ. ਜਤਿਨ ਸਿੰਘ ਕਹਿੰਦੇ ਹਨ ,'ਪੂਰੇ ਸੀਜ਼ਨ 'ਚ ਮਾਨਸੂਨ ਹੁਣ ਤੱਕ ਦੇ ਅੰਦਾਜ਼ੇ ਨਾਲੋਂ 9 ਫੀਸਦੀ ਘੱਟ ਰਿਹਾ ਹੈ। ਇਸ ਦੇ ਖਤਮ ਹੋਣ 'ਚ ਹੁਣ ਸਿਰਫ 50-55 ਦਿਨ ਹੀ ਬਚੇ ਹਨ ਅਤੇ ਇੰਨੇ ਸਮੇਂ 'ਚ ਅੰਦਾਜ਼ਨ ਸਥਿਤੀ ਤੱਕ ਕਿਵੇਂ ਪਹੁੰਚਿਆ ਜਾ ਸਕੇਗਾ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਥਾਰਟੀ ਨੂੰ ਸੋਕੇ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ, ਨਹੀਂ ਤਾਂ ਦੇਰ ਹੋ ਸਕਦੀ ਹੈ।
ਭਾਰਤੀ ਮੌਸਮ ਵਿਭਾਗ ਦਾ ਅਨੁਮਾਨ
ਦੂਜੇ ਪਾਸੇ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਸਤ ਮਹੀਨੇ 'ਚ ਬਾਰਸ਼ ਨਾ ਸਿਰਫ ਆਮ ਰਹੇਗੀ ਸਗੋਂ ਜੂਨ ਵਿਚ ਲਗਾਏ ਗਏ ਅੰਦਾਜ਼ੇ ਤੋਂ ਵਧੀਆ ਵੀ ਹੋ ਸਕਦੀ ਹੈ। ਵਿਭਾਗ ਨੇ ਸਤੰਬਰ ਮਹੀਨੇ ਲਈ ਅਜੇ ਅੰਦਾਜ਼ਾ ਲਗਾਉਣਾ ਬਾਕੀ ਹੈ। ਰਮੇਸ਼ ਕਹਿੰਦੇ ਹਨ ਕਿ ਸਾਡਾ ਅੰਦਾਜ਼ਾ ਹੈ ਕਿ 2018 ਦਾ ਮਾਨਸੂਨ ਆਮ ਰਹੇਗਾ। ਪਿਛਲੇ ਹਫਤੇ ਮਾਨਸੂਨ ਥੋੜ੍ਹਾ ਕਮਜ਼ੋਰ ਰਿਹਾ ਸੀ ਅਤੇ ਇਸ 'ਚ 20 ਫੀਸਦੀ ਤੱਕ ਦੀ ਕਮੀ ਆ ਗਈ ਸੀ, ਪਰ ਬੰਗਾਲ ਦੀ ਖਾੜੀ 'ਤੇ ਇਕ ਨਵਾਂ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ ਜੋ ਅਗਸਤ ਦੇ ਮੱਧ ਤੱਕ ਫਿਰ ਤੋਂ ਤੇਜ਼ੀ ਦੇਵੇਗਾ।
ਸਮੁੰਦਰੀ ਨੈਨੋ ਇੰਡੈਕਸ ਵੀ ਅਜੇ ਤੱਕ ਨਕਾਰਾਤਮਕ ਬਣਿਆ ਹੋਇਆ ਹੈ। ਇਨ੍ਹਾਂ ਸਾਰਿਆਂ ਨਾਲ ਸਾਨੂੰ ਭਰੋਸਾ ਹੈ ਕਿ ਅਗਲੇ ਦੋ ਮਹੀਨੇ 'ਚ ਮਾਨਸੂਨ ਨਾ ਸਿਰਫ ਆਮ ਰਹੇਗਾ ਸਗੋਂ ਇਸ ਦਾ ਵਿਸਥਾਰ ਵੀ ਚੰਗਾ ਰਹੇਗਾ, ਜਿਸ ਕਾਰਨ ਸਾਉਣੀ ਦੀਆਂ ਫਸਲਾਂ ਨੂੰ ਵੀ ਲਾਭ ਮਿਲੇਗਾ। ਪਿਛਲੇ ਸਾਲ ਵੀ ਮਾਨਸੂਨ ਸੈਸ਼ਨ ਦੀ ਵਧੀਆ ਸ਼ੁਰੂਆਤ ਤੋਂ ਬਾਅਦ ਆਖਰੀ ਦੋ ਮਹੀਨਿਆਂ 'ਚ ਬਾਰਸ਼ ਬਹੁਤ ਘੱਟ ਹੋਈ ਸੀ ਹਾਲਾਂਕਿ 2018 ਲਈ ਅਜੇ ਇਹ ਦੇਖਣਾ ਬਾਕੀ ਹੈ ਕਿ ਮਾਨਸੂਨ ਕਿਸ ਤਰ੍ਹਾਂ ਦਾ ਰਹੇਗਾ।
ਸਰਕਾਰ ਨੇ ਲੋਕ ਸਭਾ 'ਚ ਵਾਪਸ ਲਿਆ FRDI ਬਿੱਲ, ਲੋਕਾਂ ਨੂੰ ਪੈਸੇ ਡੁੱਬਣ ਦਾ ਸੀ ਡਰ
NEXT STORY