ਨਵੀਂ ਦਿੱਲੀ–ਦਿੱਲੀ ਸਮੇਤ ਦੇਸ਼ ਭਰ ’ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਹੋਲੀ ਦੇ ਜਨਤਕ ਸਮਾਰੋਹਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਨਾਲ ਹੀ ਦੇਸ਼ ਦੇ ਕਈ ਹੋਰ ਸੂਬਿਆਂ ਨੇ ਵੀ ਅਜਿਹਾ ਕੀਤਾ ਹੈ। ਇਸ ਦਾ ਵਪਾਰ ’ਤੇ ਵੀ ਕਾਫੀ ਨਕਾਰਾਤਮਕ ਅਸਰ ਪੈਣ ਦਾ ਖਦਸ਼ਾ ਹੈ। ਕਾਰੋਬਾਰੀਆਂ ਨੂੰ ਡਰ ਸਤਾ ਰਿਹਾ ਹੈ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਕੋਰੋਨਾ ਕਾਰਣ ਉਨ੍ਹਾਂ ਦੀ ਹੋਲੀ ਬੇਰੰਗ ਰਹੇਗੀ।
ਅਨੁਮਾਨਾਂ ਮੁਤਾਬਕ ਹੋਲੀ ’ਤੇ ਦੇਸ਼ ਭਰ ’ਚ 25,000 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਭਾਵ ਹੋਲੀ ’ਤੇ ਕਾਰੋਬਾਰੀਆਂ ਨੂੰ 25000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਸ ਤਿਓਹਾਰ ਦੌਰਾਨ ਸਿਰਫ ਦਿੱਲੀ ’ਚ ਹੀ 1500 ਕਰੋੜ ਰੁਪਏ ਦਾ ਬਿਜ਼ਨੈੱਸ ਹੁੰਦਾ ਹੈ ਪਰ ਇਸ ਵਾਰ ਹੋਲੀ ’ਤੇ ਵਿਕਰੀ ’ਚ ਭਾਰੀ ਕਮੀ ਆਈ ਹੈ ਅਤੇ ਬਾਜ਼ਾਰ ਸੁੰਨਸਾਨ ਪਏ ਹਨ। ਸਦਰ ਬਾਜ਼ਾਰ ਦੇ ਪਿਚਕਾਰੀ ਵਿਕ੍ਰੇਤਾ ਅਨਿਲ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਕਾਰਣ ਇਸ ਵਾਰ ਹੋਲੀ ’ਤੇ ਸਾਡਾ 25 ਫੀਸਦੀ ਸਟਾਕ ਵੀ ਨਹੀਂ ਵਿਕ ਸਕਿਆ ਹੈ। ਸਾਡੇ ਗੋਦਾਮ ਮਾਲ ਨਾਲ ਭਰੇ ਪਏ ਹਨ ਪਰ ਖਰੀਦਦਾਰ ਨਹੀਂ ਆ ਰਹੇ। ਉੱਪਰੋਂ ਮਹਿੰਗਾਈ ਵਧਣ ਦਾ ਵੀ ਅਸਰ ਪੈ ਰਿਹਾ ਹੈ। ਜੋ ਪਿਚਕਾਰੀ ਪਿਛਲੇ ਸਾਲ 80-90 ਰੁਪਏ ’ਚ ਆ ਰਹੀ ਸੀ, ਉਸ ਦਾ ਰੇਟ ਵਧ ਕੇ 120-130 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ
ਰੱਦ ਹੋ ਰਹੇ ਹਨ ਆਰਡਰ
ਹੁਣ ਸਰਕਾਰ ਨੇ ਜਨਤਕ ਆਯੋਜਨਾਂ ’ਤੇ ਜੋ ਪਾਬੰਦੀ ਲਗਾ ਦਿੱਤੀ ਹੈ, ਉਸ ਤੋਂ ਬਾਅਦ ਕਈ ਵੱਡੇ ਆਰਡਰ ਰੱਦ ਹੋਣੇ ਸ਼ੁਰੂ ਹੋ ਗਏ ਹਨ। ਟੀ. ਵੀ. ਅਤੇ ਅਖਬਾਰਾਂ ’ਚ ਆ ਰਹੀਆਂ ਕੋਰੋਨਾ ਨਾਲ ਜੁੜੀਆਂ ਖਬਰਾਂ ਨੂੰ ਦੇਖ ਕੇ ਵੀ ਲੋਕ ਅਲਰਟ ਹੋ ਗਏ ਹਨ ਅਤੇ ਜ਼ਿਆਦਾ ਗਰਮਜੋਸ਼ੀ ਨਾਲ ਹੋਲੀ ਮਨਾਉਣ ਦੇ ਮੂਡ ’ਚ ਨਹੀਂ ਹਨ। ਰੰਗ-ਗੁਲਾਲ ਦੇ ਵਿਕ੍ਰੇਤਾਵਾਂ ਦਾ ਵੀ ਇਹੀ ਕਹਿਣਾ ਸੀ ਕਿ ਸਿਰਫ ਸਰਕਾਰ ਵਲੋਂ ਲਗਾਈ ਗਈ ਪਾਬੰਦੀ ਕਾਰਣ ਹੀ ਨਹੀਂ ਸਗੋਂ ਇਨਫੈਕਸ਼ਨ ਦੇ ਵਧਦੇ ਖਤਰੇ ਕਾਰਣ ਵੀ ਲੋਕ ਇਸ ਵਾਰ ਹੋਲੀ ਮਨਾਉਣ ’ਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੇ ਹਨ।
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਣ ਖੰਡੇਲਵਾਲ ਮੁਤਾਬਕ ਚੀਨੀ ਸਾਮਾਨ ਦਾ ਬਾਈਕਾਟ ਕਰਨ ਤੋਂ ਬਾਅਦ ਦੇਸ਼ ’ਚ ਹੀ ਬਣੇ ਰੰਗ-ਗੁਲਾਲ, ਗੁਬਾਰੇ, ਪਿਚਕਾਰੀਆਂ ਅਤੇ ਹੋਰ ਸਾਮਾਨ ਦੀ ਮੰਗ ਅਤੇ ਖਰੀਦਦਾਰੀ ਵਧਣ ਨਾਲ ਦੇਸ਼ ’ਚ ਇਨ੍ਹਾਂ ਦੀ ਪ੍ਰੋਡਕਸ਼ਨ ਵਧਾ ਦਿੱਤੀ ਗਈ ਸੀ ਅਤੇ ਇਸ ਸਾਲ ਹੋਲੀ ਨੂੰ ਦੇਖਦੇ ਹੋਏ ਇਸ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਬਾਈਕਾਟ ਤੋਂ ਬਾਅਦ ਵਪਾਰੀ ਬੇਹੱਦ ਚਿੰਤਤ ਹਨ। ਹੋਲੀ ਦੇ ਸਾਮਾਨ ਦਾ ਵਪਾਰ ਕਰਨ ਵਾਲੇ ਵਪਾਰੀਆਂ ਕੋਲ ਸਟਾਕ ਵੱਡੀ ਮਾਤਰਾ ’ਚ ਪਿਆ ਹੈ ਪਰ ਹੁਣ ਉਸ ਦੀ ਵਿਕਰੀ ’ਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ ਅਤੇ ਮਾਰਕੀਟ ’ਚ ਸਟਾਕ ਕੱਢਣਾ ਲਗਭਗ ਅਸੰਭਵ ਹੈ।
ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ : RBI ਗਵਰਨਰ
NEXT STORY