ਨਵੀਂ ਦਿੱਲੀ (ਭਾਸ਼ਾ) - ਆਡੀਟਰ ਅਤੇ ਸਲਾਹਕਾਰ ਕੰਪਨੀ ਡੇਲਾਇਟ ਨੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕ ਜ਼ੋਨ ਦੇ ਖਾਤਿਆਂ ’ਤੇ ਆਪਣੀ ਟਿੱਪਣੀ ’ਚ ਤਿੰਨ ਸੌਦਿਆਂ ਨੂੰ ਲੈ ਕੇ ਸਵਾਲ ਖੜ੍ਹਾ ਕੀਤਾ ਹੈ। ਇਸ ’ਚ ਕਾਂਟ੍ਰੈਕਟਰਜ਼ ਤੋਂ ਵਸੂਲੀ ਸ਼ਾਮਲ ਹੈ, ਜਿਸ ਦਾ ਜ਼ਿਕਰ ਹਿੰਡਨਬਰਗ ਰਿਪੋਰਟ ’ਚ ਵੀ ਕੀਤਾ ਗਿਆ ਹੈ। ਡੇਲਾਇਟ ਹਾਸਕਿਨਸ ਐਂਡ ਸੇਲਜ਼ ਨੇ ਵਿੱਤੀ ਸਾਲ 2022-23 ਦੀ ਚੌਥੀ ਤਿਮਾਹੀ ਅਤੇ ਪੂਰੇ ਵਿੱਤੀ ਸਾਲ ਦੇ ਆਡਿਟ ਬਾਰੇ ਆਪਣੀ ਰਿਪੋਰਟ ’ਚ ਤਿੰਨ ਇਕਾਈਆਂ ਨਾਲ ਸੌਦੇ ਨੂੰ ਰੇਖਾਂਕਿਤ ਕੀਤਾ ਹੈ। ਇਸ ਬਾਰੇ ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਇਕਾਈਆਂ ਦਾ ਸਮੂਹ ਦੀਆਂ ਕੰਪਨੀਆਂ ਨਾਲ ਕੋਈ ਲੈਣ-ਦੇਣ ਨਹੀਂ ਹੈ।
ਹਾਲਾਂਕਿ ਆਡੀਟਰ ਨੇ ਕਿਹਾ ਕਿ ਉਹ ਕੰਪਨੀ ਦੇ ਬਿਆਨ ਨੂੰ ਤਸਦੀਕੀ ਨਹੀਂ ਕਰ ਸਕਦੀ, ਕਿਉਂਕਿ ਇਸ ਦੀ ਤਸਦੀਕ ਨੂੰ ਲੈ ਕੇ ਕੋਈ ਸੁਤੰਤਰ ਜਾਂਚ ਨਹੀਂ ਹੋਈ ਹੈ। ਅਮਰੀਕਾ ਦੀ ਵਿੱਤੀ ਖੋਜ ਅਤੇ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਨੇ 24 ਜਨਵਰੀ ਨੂੰ ਆਪਣੀ ਰਿਪੋਰਟ ’ਚ ਅਡਾਨੀ ਸਮੂਹ ’ਤੇ ਧੋਖਾਦੇਹੀ, ਸ਼ੇਅਰਾਂ ’ਚ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਦੋਸ਼ ਲੱਗਾ ਸੀ। ਇਸ ਦੇ ਨਾਲ ਉਸ ਨੇ ਸਬੰਧਤ ਪੱਖਾਂ ਦਰਮਿਆਨ ਲੈਣ-ਦੇਣ ਨੂੰ ਲੈ ਕੇ ਲੋੜੀਂਦੇ ਖੁਲਾਸਾ ਨਾ ਕੀਤੇ ਜਾਣ ਦੀ ਵੀ ਗੱਲ ਕਹੀ ਸੀ। ਹਾਲਾਂਕਿ ਸਮੂਹ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਉਸ ਨੂੰ ਪੂਰੀ ਤਰ੍ਹਾਂ ਆਧਾਰਹੀਣ ਦੱਸਿਆ ਹੈ।
ਡੇਲਾਇਟ ਨੇ ਕਿਹਾ ਕਿ ਅਡਾਨੀ ਸਮੂਹ ਨੇ ਆਪਣੇ ਮੁਲਾਂਕਣ ਅਤੇ ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵਲੋਂ ਚੱਲ ਰਹੀ ਜਾਂਚ ਕਾਰਣ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਬਾਹਰੀ ਜਾਂਚ ਕਰਨਾ ਜ਼ਰੂਰੀ ਨਹੀਂ ਸਮਝਿਆ। ਆਡੀਟਰ ਕੰਪਨੀ ਨੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨੌਮਿਕ ਜ਼ੋਨ ਦੇ ਵਿੱਤੀ ਵੇਰਵੇ ਦੇ ਨੋਟ ’ਚ ਕਿਹਾ ਹੈ ਕਿ ਸਮੂਹ ਵਲੋਂ ਕੀਤਾ ਗਿਆ ਮੁਲਾਂਕਣ ਸਾਡੇ ਆਡਿਟ ਦੇ ਟੀਚਿਆਂ ਲਈ ਲੋੜੀਂਦਾ ਸਬੂਤ ਮੁਹੱਈਆ ਨਹੀਂ ਕਰਦਾ ਹੈ। ਉਸ ਨੇ ਕਿਹਾ ਕਿ ਸੁਤੰਤਰ ਤੌਰ ’ਤੇ ਬਾਹਰੀ ਜਾਂਚ ਦੀ ਘਾਟ ’ਚ ਅਤੇ ਸੇਬੀ ਦੀ ਜਾਂਚ ਪੈਂਡਿੰਗ ਹੋਣ ਕਾਰਣ ਇਹ ਟਿੱਪਣੀ ਨਹੀਂ ਕਰ ਸਕਦਾ ਕਿ ਕੀ ਕੰਪਨੀ ਪੂਰੀ ਤਰ੍ਹਾਂ ਕਾਨੂੰਨ ਦੀ ਪਾਲਣਾ ਕਰ ਰਹੀ ਸੀ।
ਡੇਲਾਇਟ ਨੇ ਜਿਨ੍ਹਾਂ ਸੌਦਿਆਂ ਦਾ ਜ਼ਿਕਰ ਕੀਤਾ ਹੈ, ਉਸ ’ਚ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ ਖਰੀਦ ਕਾਂਟ੍ਰੈਕਟ ਸ਼ਾਮਲ ਹਨ। ਇਸੇ ਦੇ ਬਾਰੇ ’ਚ ਹਿੰਡਨਬਰਗ ਰਿਪੋਰਟ ’ਚ ਸਬੰਧਤ ਪੱਖਾਂ ਦਰਮਿਆਨ ਲੈਣ-ਦੇਣ ਦੀ ਗੱਲ ਕਹੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ 31 ਮਾਰਚ 2023 ਤੱਕ ਦੀ ਸਥਿਤੀ ਮੁਤਾਬਕ ਉਸ ਕਾਂਟ੍ਰੈਕਟਰ ਤੋਂ ਸ਼ੁੱਧ ਰੂਪ ਨਾਲ 2,749.65 ਕਰੋੜ ਰੁਪਏ ਵਸੂਲੇ ਜਾਣੇ ਹਨ। ਇਸ ਤੋਂ ਇਲਾਵਾ ਕੁੱਝ ਹੋਰ ਪੱਖਾਂ ਨਾਲ ਇਕਵਿਟੀ ਸਮੇਤ ਵਿੱਤੀ ਲੈਣ-ਦੇਣ ਦੇ ਮਾਮਲੇ ਸਨ। ਹਿੰਡਨਬਰਗ ਦੀ ਰਿਪੋਰਟ ’ਚ ਇਸ ਨੂੰ ਸਬੰਧਤ ਪੱਖਾਂ ਦਰਮਿਆਨ ਲੈਣ-ਦੇਣ ਦੱਸਿਆ ਗਿਆ ਹੈ। ਹਾਲਾਂਕਿ ਸਮੂਹ ਨੇ ਸਾਨੂੰ, ਜੋ ਜਾਣਕਾਰੀ ਦਿੱਤੀ ਹੈ, ਉਸ ਦੇ ਮੁਤਾਬਕ ਉਹ ਸਬੰਧਤ ਪੱਖ ਨਹੀਂ ਹੈ। ਡੇਲਾਇਟ ਨੇ ਵਿੱਤੀ ਲੈਣ-ਦੇਣ ਬਾਰੇ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਕੋਈ ਬਕਾਇਆ ਬਾਕੀ ਨਹੀਂ ਹੈ। ਆਡੀਟਰ ਨੇ ਕਿਹਾ ਕਿ ਉਸ ਨੇ ਕੰਪਨੀ ਐਕਟ, 2013 ਦੇ ਤਹਿਤ ਸਪੈਸੀਫਾਈਡ ਆਡਿਟ ਮਾਪਦੰਡਾਂ ਮੁਤਾਬਕ ਆਡੀਟਰ ਦਾ ਕੰਮ ਕੀਤਾ ਹੈ।
ਵੱਡੀ ਰਾਹਤ : LPG ਗੈਸ ਸਿਲੰਡਰ ਹੋਇਆ ਸਸਤਾ, ਜਾਣੋ ਕਿੰਨੇ ਘਟੇ ਭਾਅ
NEXT STORY