ਜਲੰਧਰ, (ਸੰਜੀਵ ਜੌਹਲ)— ਯੂ. ਐੱਸ.-ਈਰਾਨ ਵਿਵਾਦ ਕਾਰਨ ਮਿਡਲ ਈਸਟ 'ਚ ਹਾਲਾਤ ਗੰਭੀਰ ਹੋਣ ਨਾਲ ਡਾਲਰ ਤੇ ਕੱਚੇ ਤੇਲ ਦੋਹਾਂ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਡਾਲਰ ਦੀ ਕੀਮਤ 72 ਰੁਪਏ 6 ਪੈਸੇ ਹੋ ਗਈ ਹੈ। ਉੱਥੇ ਹੀ ਬ੍ਰੈਂਟ ਕੱਚਾ ਤੇਲ 70 ਡਾਲਰ ਤੋਂ ਉਪਰ ਪਹੁੰਚ ਚੁੱਕਾ ਹੈ, ਯਾਨੀ ਈਂਧਣ ਤੇ ਡਾਲਰ ਮਹਿੰਗਾ ਹੋਣ ਨਾਲ ਹਵਾਈ ਮੁਸਾਫਰਾਂ ਦੀ ਜੇਬ ਢਿੱਲੀ ਹੋਵੇਗੀ। ਨਵੇਂ ਸਾਲ 'ਚ ਡਾਲਰ ਦੇ ਮੁਕਾਬਲੇ ਹੁਣ ਤਕ ਰੁਪਏ ਦੀ ਕੀਮਤ 84 ਪੈਸੇ ਟੁੱਟ ਚੁੱਕੀ ਹੈ, ਯਾਨੀ 1 ਜਨਵਰੀ ਨੂੰ ਇਕ ਡਾਲਰ ਖਰੀਦਣ ਲਈ 71.22 ਰੁਪਏ ਲੱਗੇ ਸਨ ਤਾਂ ਹੁਣ ਤਕਰੀਬਨ 72 ਰੁਪਏ ਖਰਚ ਕਰਨੇ ਪੈਣਗੇ। ਇਸ ਤਰ੍ਹਾਂ ਸਭ ਤੋਂ ਵੱਧ ਬੋਝ ਉਨ੍ਹਾਂ ਪਰਿਵਾਰਾਂ 'ਤੇ ਪਵੇਗਾ ਜੋ ਬੱਚੇ ਦੀ ਵਿਦੇਸ਼ੀ ਪੜ੍ਹਾਈ ਦੀ ਫੀਸ ਜਮ੍ਹਾ ਕਰਵਾਉਣ ਲਈ ਡਾਲਰ ਖਰੀਦਣ ਜਾ ਰਹੇ ਹਨ।
ਈਰਾਨ-ਯੂ. ਐੱਸ. ਦੋਵੇਂ ਹੀ ਵਿਸ਼ਵ ਦੇ ਪ੍ਰਮੁੱਖ ਤੇਲ ਸਪਲਾਈਕਰਤਾ ਹਨ। ਯੂ. ਐੱਸ. ਦੀ ਪਾਬੰਦੀ ਕਾਰਨ ਈਰਾਨ ਦੀ ਤੇਲ ਸਪਲਾਈ ਪਹਿਲਾਂ ਹੀ ਬਹੁਤ ਘੱਟ ਹੈ। ਜੰਗ ਦੀ ਸਥਿਤੀ ਬਣਦੀ ਹੈ ਤਾਂ ਸਪਲਾਈ ਹੋਰ ਘੱਟ ਹੋਵੇਗੀ। ਇਸ ਨਾਲ ਮਿਡਲ ਈਸਟ ਦੇ ਹੋਰ ਤੇਲ ਉਤਪਾਦਕ ਦੇਸ਼ਾਂ ਦੀ ਸਪਲਾਈ 'ਤੇ ਵੀ ਫਰਕ ਪਵੇਗਾ ਕਿਉਂਕਿ ਇਹ ਦੇਸ਼ ਜਿਸ ਰਾਹੀਂ ਤੇਲ ਦੀ ਸਪਲਾਈ ਕਰਦੇ ਹਨ ਉਹ ਮਾਰਗ ਵੀ ਈਰਾਨ ਦੀ ਸਮੁੰਦਰੀ ਸਰੱਹਦ 'ਚੋਂ ਲੰਘਦਾ ਹੈ। ਜੰਗੀ ਹਾਲਾਤ 'ਚ ਈਰਾਨ ਇਹ ਮਾਰਗ ਬੰਦ ਕਰ ਸਕਦਾ ਹੈ। ਇਨ੍ਹਾਂ ਖਦਸ਼ਿਆਂ ਕਾਰਨ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਹਿੰਗਾ ਹੋ ਰਿਹਾ ਹੈ।
ਭਾਰਤ ਆਪਣੀ ਪੈਟਰੋਲੀਅਮ ਪਦਾਰਥਾਂ ਦੀ ਜ਼ਰੂਰਤ ਦਾ 85 ਫੀਸਦੀ ਦਰਾਮਦ ਕਰਦਾ ਹੈ। ਇਸ ਲਈ ਕੱਚਾ ਤੇਲ ਮਹਿੰਗਾ ਹੋਣ ਨਾਲ ਭਾਰਤ 'ਚ ਪੈਟਰੋਲ-ਡੀਜ਼ਲ ਵੀ ਮਹਿੰਗਾ ਹੁੰਦਾ ਹੈ।
ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਦੇ ਚੇਅਰਮੈਨ ਐੱਮ. ਕੇ. ਸੁਰਾਣਾ ਮੁਤਾਬਕ, ਮੰਗ ਤੇ ਸਪਲਾਈ ਦੀ ਸਥਿਤੀ ਫਿਲਹਾਲ ਜੱਸ ਦੀ ਤੱਸ ਬਣੀ ਹੋਈ ਹੈ ਤੇ ਜੇਕਰ ਈਰਾਨ ਜਵਾਬੀ ਹਮਲਾ ਨਹੀਂ ਕਰਦਾ ਹੈ ਤਾਂ ਕੀਮਤਾਂ 'ਚ ਵਾਧਾ ਨਹੀਂ ਹੋਵੇਗਾ। ਹਾਲਾਂਕਿ ਜ਼ੋਖਮ ਦਾ ਖਦਸ਼ਾ ਵਧਣ, ਸ਼ਾਰਟ ਕਵਰਿੰਗ ਦੀ ਕੋਸ਼ਿਸ਼ ਅਤੇ ਸੱਟੇਬਾਜ਼ੀ ਕਾਰਨ ਕੌਮਾਂਤਰੀ ਬਾਜ਼ਾਰ 'ਚ ਤੇਲ ਕੀਮਤਾਂ 'ਚ ਕੁੱਝ ਵਾਧਾ ਹੋ ਸਕਦਾ ਹੈ ਪਰ ਬ੍ਰੈਂਟ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਤੋਂ ਵੱਧ ਨਹੀਂ ਹੋਵੇਗੀ।
ਸੈਂਸੈਕਸ ਸ਼ੁਰੂ 'ਚ 300 ਤੋਂ ਵੱਧ ਅੰਕ ਡਿੱਗਾ, ਨਿਫਟੀ 12,200 ਤੋਂ ਥੱਲ੍ਹੇ ਖੁੱਲ੍ਹਾ
NEXT STORY