ਨਵੀਂ ਦਿੱਲੀ - ਪੱਛਮੀ ਏਸ਼ੀਆ ’ਚ ਈਰਾਨ ਦੇ ਨਾਲ ਇਜ਼ਰਾਈਲ ਅਤੇ ਅਮਰੀਕਾ ਦੇ ਜੰਗ ਦਾ ਅਸਰ ਭਾਰਤ ਦੀ ਦਰਾਮਦ-ਬਰਾਮਦ ’ਤੇ ਵੀ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਅਸਰ ਸੁੱਕੇ ਮੇਵਿਆਂ ਦੀ ਦਰਾਮਦ ਅਤੇ ਚੌਲਾਂ ਦੀ ਬਰਾਮਦ ’ਤੇ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਦੇ ਨਾਲ-ਨਾਲ ਅਫਗਾਨਿਸਤਾਨ ਤੋਂ ਵੀ ਸੁੱਕੇ ਮੇਵੇ ਭਾਰਤ ਨਹੀਂ ਪਹੁੰਚ ਰਹੇ ਹਨ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ’ਚ ਲੱਗਭਗ 25 ਤੋਂ 30 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
19 ਅਪ੍ਰੈਲ ਤੋਂ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਰਿਹਾ ਹੈ, ਜਿਸ ਨਾਲ ਸੁੱਕੇ ਮੇਵਿਆਂ ਦੀ ਮੰਗ ਵਧੇਗੀ ਅਤੇ ਕੀਮਤਾਂ ’ਚ ਲੱਗਭਗ 10 ਤੋਂ 15 ਫੀਸਦੀ ਤੱਕ ਹੋਰ ਵਾਧਾ ਹੋ ਸਕਦਾ ਹੈ। ਦਿੱਲੀ ਦੀ ਸਭ ਤੋਂ ਵੱਡੀ ਡਰਾਈ ਫਰੂਟ ਮੰਡੀ ਖਾਰੀ ਬਾਵਲੀ ਦੇ ਵੱਡੇ ਕਾਰੋਬਾਰੀ ਸੰਨੀ ਮੁਤਾਬਕ ਈਰਾਨ ਤੋਂ ਆਉਣ ਵਾਲੇ ਮਾਮਰਾ ਬਾਦਾਮ, ਪਿਸਤਾ, ਪਿਸਤਾ ਮਗਜ਼, ਅੰਜੀਰ, ਹਿੰਗ, ਛੁਹਾਰੇ ਅਤੇ ਬਾਦਾਮ ਦੀਆਂ ਕੀਮਤਾਂ ’ਚ 25 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ। ਮੁਨੱਕਾ, ਈਰਾਨੀ ਰਿੰਗ, ਖੁਬਾਨੀ ਅਤੇ ਸ਼ਾਹਜੀਰਾ ’ਚ ਵੀ 10 ਤੋਂ 15 ਫੀਸਦੀ ਤੱਕ ਦਾ ਵਾਧਾ ਹੋਇਆ ਹੈ।
ਈਰਾਨ ਅਤੇ ਦੁਬਈ ਤੋਂ ਆਉਣ ਵਾਲੇ ਡਰਾਈ ਫਰੂਟਸ ਜਾਂ ਤਾਂ ਰਸਤੇ ’ਚ ਫਸੇ ਹੋਏ ਹਨ ਜਾਂ ਉੱਥੋਂ ਨਿਕਲ ਹੀ ਨਹੀਂ ਸਕੇ ਹਨ ਅਤੇ ਬੰਦਰਗਾਹ ’ਤੇ ਹੀ ਡੰਪ ਹੋ ਗਏ ਹਨ। ਇਸ ਨਾਲ ਦਿੱਲੀ ਦੇ ਵਪਾਰੀਆਂ ਅਤੇ ਈਰਾਨ ਦੇ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।
ਇੰਨੇ ਰੁਪਏ ’ਚ ਮਿਲ ਰਿਹਾ ਹੈ ਬਾਦਾਮ ਅਤੇ ਪਿਸਤਾ
ਇਸ ਸਮੇਂ ਦਿੱਲੀ ’ਚ ਬਾਦਾਮ 1240 ਰੁਪਏ, ਪਿਸਤਾ 1500 ਰੁਪਏ, ਅੰਜੀਰ 1600 ਰੁਪਏ, ਹਿੰਗ 6000 ਰੁਪਏ ਅਤੇ ਖੁਬਾਨੀ 800 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਇਨ੍ਹਾਂ ਸਾਰਿਆਂ ਦੇ ਰੇਟਾਂ ’ਚ ਪਹਿਲਾਂ ਹੀ 10 ਤੋਂ 15 ਫੀਸਦੀ ਤੱਕ ਦਾ ਵਾਧਾ ਹੋ ਚੁੱਕਾ ਹੈ। ਉੱਥੇ ਹੀ, 19 ਅਪ੍ਰੈਲ ਤੋਂ ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਕੀਮਤਾਂ ’ਚ 10 ਤੋਂ 15 ਫੀਸਦੀ ਤੱਕ ਹੋਰ ਵਾਧੇ ਦੀ ਉਮੀਦ ਹੈ, ਭਾਵ, ਜਿਨ੍ਹਾਂ ਘਰਾਂ ’ਚ ਵਿਆਹ ਹੈ, ਉਨ੍ਹਾਂ ਦੀ ਜੇਬ ’ਤੇ ਸੁੱਕੇ ਮੇਵੇ ਖਰੀਦਣ ਦਾ ਵਾਧੂ ਬੋਝ ਪਵੇਗਾ। ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਕਾਰਨ ਸੁੱਕੇ ਮੇਵੇ ਦਿੱਲੀ ਨਹੀਂ ਪਹੁੰਚ ਪਾ ਰਹੇ ਹਨ, ਜਿਸ ਨਾਲ ਵਪਾਰੀਆਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਚੌਲ ਐਕਸਪੋਰਟ ’ਤੇ ਵੀ ਪਿਆ ਹੈ ਅਸਰ
ਡਰਾਈ ਫਰੂਟ ਵਪਾਰੀ ਸੰਨੀ ਨੇ ਦੱਸਿਆ ਕਿ ਦਰਾਮਦ ਦੇ ਨਾਲ-ਨਾਲ ਭਾਰਤ ਦੀ ਚੌਲ ਬਰਾਮਦ ’ਤੇ ਵੀ ਹੋਰਮੁਜ਼ ਸਟ੍ਰੇਟ ਦੇ ਬੰਦ ਹੋਣ ਦਾ ਅਸਰ ਪਿਆ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚੌਲ ਬਰਾਮਦਕਾਰ ਹੈ। ਈਰਾਨ ਨੂੰ ਸੇਲਾ ਚੌਲ ਅਤੇ ਬਾਸਮਤੀ ਚੌਲਾਂ ਦੀ ਸਭ ਤੋਂ ਜ਼ਿਆਦਾ ਬਰਾਮਦ ਕੀਤੀ ਜਾਂਦੀ ਹੈ ਪਰ ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਚੌਲਾਂ ਦੀ ਬਰਾਮਦ 30 ਤੋਂ 35 ਫੀਸਦੀ ਤੱਕ ਘਟ ਗਈ ਹੈ। ਦਰਅਸਲ, ਭਾਰਤ ਦੇ ਕਈ ਸੂਬਿਆਂ ਤੋਂ ਵੱਖ-ਵੱਖ ਕਿਸਮ ਦੇ ਬਾਸਮਤੀ ਚੌਲ ਖਾੜੀ ਦੇਸ਼ਾਂ ’ਚ ਭੇਜੇ ਜਾਂਦੇ ਹਨ। ਪਿਛਲੇ ਇਕ ਮਹੀਨੇ ਤੋਂ ਚੌਲਾਂ ਦੀ ਬਰਾਮਦ ਪ੍ਰਭਾਵਿਤ ਹੋਈ ਹੈ। ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਹੁਣ ਬਦਲ ਵਜੋਂ ਹੋਰ ਰੂਟਾਂ ਤੋਂ ਚੌਲ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਭਾੜਾ ਅਤੇ ਲਾਗਤ 4 ਗੁਣਾ ਤੱਕ ਵਧ ਗਈ ਹੈ।
ਸੋਨਾਲੀਕਾ ਨੇ ਆਪਣੇ ਇਤਿਹਾਸਕ 30ਵੇਂ ਸਾਲ ’ਚ 1,80,504 ਟਰੈਕਟਰਾਂ ਦੀ ਰਿਕਾਰਡ ਸਾਲਾਨਾ ਵਿਕਰੀ ਦਰਜ ਕੀਤੀ
NEXT STORY