ਨਵੀਂ ਦਿੱਲੀ— ਫਿਊਚਰ ਗਰੁੱਪ ਦੇ ਕਿਸ਼ੋਰ ਬਿਆਨੀ ਨੇ ਕਿਹਾ ਹੈ ਕਿ ਜੇਕਰ ਰਿਟੇਲ ਕਾਰੋਬਾਰ ਨੂੰ ਰਿਲਾਇੰਸ ਗਰੁੱਪ ਦੇ ਹੱਥਾਂ 'ਚ ਵੇਚਣ ਦੀ ਡੀਲ ਫੇਲ੍ਹ ਹੁੰਦੀ ਹੈ ਤਾਂ ਕੰਪਨੀ ਇਸ ਕਾਰੋਬਾਰ ਨੂੰ ਹੀ ਬੰਦ ਕਰ ਦੇਵੇਗੀ। ਰਿਪੋਰਟਾਂ ਮੁਤਾਬਕ, ਸਿੰਗਾਪੁਰ 'ਚ ਕੌਮਾਂਤਰੀ ਵਿਵਾਦ ਨਿਪਟਾਰਾ ਸੈਂਟਰ 'ਚ ਐਮਾਜ਼ੋਨ ਵੱਲੋਂ ਦਾਖ਼ਲ ਪਟੀਸ਼ਨ 'ਤੇ ਸੁਣਵਾਈ ਦੌਰਾਨ ਫਿਊਚਰ ਗਰੁੱਪ ਨੇ ਆਪਣਾ ਪੱਖ ਰੱਖਦੇ ਹੋਏ ਇਹ ਗੱਲ ਆਖੀ ਹੈ।
ਫਿਊਚਰ ਗਰੁੱਪ ਤੇ ਰਿਲਾਇੰਸ ਰਿਟੇਲ ਵਿਚਕਾਰ ਸੌਦੇ ਪਿੱਛੋਂ ਫਿਊਚਰ ਗਰੁੱਪ ਦੀ ਪੁਰਾਣੀ ਸਾਂਝੇਦਾਰ ਐਮਾਜ਼ੋਨ ਨੇ ਮੋਰਚਾ ਖੋਲ੍ਹਿਆ ਹੋਇਆ ਹੈ। ਇਸ ਮਾਮਲੇ 'ਤੇ ਸਿੰਗਾਪੁਰ 'ਚ ਐਤਵਾਰ ਨੂੰ ਹੀ ਕੌਮਾਂਤਰੀ ਵਿਵਾਦ ਨਿਪਟਾਰਾ ਕੇਂਦਰ 'ਚ ਸੁਣਵਾਈ ਹੋਈ ਹੈ, ਜਿਸ ਤੋਂ ਬਾਅਦ ਸੌਦੇ 'ਤੇ ਅਸਥਾਈ ਰੋਕ ਲਾ ਦਿੱਤੀ ਗਈ।
ਐਮਾਜ਼ੋਨ ਦਾ ਦੋਸ਼ ਹੈ ਕਿ ਰਿਲਾਇੰਸ ਨਾਲ ਸੌਦਾ ਕਰਕੇ ਫਿਊਚਰ ਗਰੁੱਪ ਨੇ ਉਸ ਨਾਲ ਹੋਈਆਂ ਸ਼ਰਤਾਂ ਦਾ ਉਲੰਘਣ ਕੀਤਾ ਹੈ। ਸਿੰਗਾਪੁਰ 'ਚ ਸੁਣਵਾਈ ਦੌਰਾਨ ਐਮਾਜ਼ੋਨ ਨੇ ਕਿਹਾ ਕਿ ਫਿਊਚਰ ਨਾਲ ਜਦੋਂ 2019 'ਚ ਉਸ ਦਾ ਸੌਦਾ ਹੋਇਆ ਸੀ ਤਾਂ ਉਸ ਸਮੇਂ ਸ਼ਰਤਾਂ ਮੁਤਾਬਕ, ਰਿਲਾਇੰਸ ਉਨ੍ਹਾਂ ਕੰਪਨੀਆਂ 'ਚ ਸ਼ਾਮਲ ਸੀ, ਜਿਨ੍ਹਾਂ ਨਾਲ ਫਿਊਚਰ ਸੌਦਾ ਨਹੀਂ ਕਰ ਸਕਦਾ ਸੀ। ਇਸ ਸ਼ਰਤ ਦੇ ਬਾਵਜੂਦ ਫਿਊਚਰ ਗਰੁੱਪ ਨੇ ਰਿਲਾਇੰਸ ਨਾਲ 25,000 ਕਰੋੜ ਰੁਪਏ ਦਾ ਸੌਦਾ ਕਰ ਲਿਆ। ਐਮਾਜ਼ੋਨ ਨੇ ਕਿਹਾ ਕਿ ਉਸ ਨੇ ਸੌਦਾ ਫਿਊਚਰ ਕੂਪਨਸ ਨਾਲ ਕੀਤਾ ਸੀ ਪਰ ਇਨ੍ਹਾਂ ਸੌਦਿਆਂ 'ਚ ਫਿਊਚਰ ਰਿਟਲੇ ਸਾਂਝੇਦਾਰ ਸੀ। ਓਧਰ ਫਿਊਚਰ ਰਿਟੇਲ ਦਾ ਕਹਿਣਾ ਹੈ ਕਿ ਉਹ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ, ਜਿਸ ਦਾ ਹਵਾਲਾ ਦੇ ਕੇ ਐਮਾਜ਼ੋਨ ਨੇ ਇਹ ਕਾਨੂੰਨੀ ਵਿਵਾਦ ਖੜ੍ਹਾ ਕੀਤਾ ਹੈ।
ਖਬਰਾਂ ਦਾ ਇਹ ਵੀ ਕਹਿਣਾ ਹੈ ਕਿ ਫਿਊਚਰ ਸਮੂਹ ਰਿਲਾਇੰਸ ਰਿਟੇਲ ਨਾਲ ਸੌਦੇ 'ਤੇ ਉੱਠੇ ਵਿਵਾਦ ਨੂੰ ਸ਼ਾਂਤੀਪੂਰਵਕ ਢੰਗ ਨਾਲ ਸੁਲਝਾਉਣ ਦੀ ਦਿਸ਼ਾ 'ਚ ਕਦਮ ਵਧਾ ਸਕਦਾ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੌਦਾ ਫੇਲ੍ਹ ਹੁੰਦਾ ਹੈ ਅਤੇ ਕਿਸ਼ੋਰ ਬਿਆਨੀ ਆਪਣੇ ਰਿਟੇਲ ਕਾਰੋਬਾਰ ਨੂੰ ਬੰਦ ਕਰਨ ਤੇ ਜਾਇਦਾਦਾਂ ਵੇਚਣ ਦਾ ਫ਼ੈਸਲਾ ਲੈਂਦੇ ਹਨ ਤਾਂ ਇਸ ਨਾਲ 29,000 ਕਰਮਚਾਰੀਆਂ ਦੇ ਭਵਿੱਖ 'ਤੇ ਸੰਕਟ ਖੜ੍ਹਾ ਹੋ ਜਾਵੇਗਾ।
ਕਿਸਾਨਾਂ ਨੂੰ ਸੌਗਾਤ, ਸਬਜ਼ੀਆਂ ਦਾ ਘੱਟੋ-ਘੱਟ ਮੁੱਲ ਤੈਅ ਕਰੇਗਾ ਇਹ ਸੂਬਾ
NEXT STORY