ਨਵੀਂ ਦਿੱਲੀ - ਬੀਮਾ ਕੰਪਨੀਆਂ ਆਟੋ ਇੰਸ਼ੋਰੈਂਸ ਕਲੇਮ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। HDFC ERGO ਜਨਰਲ ਇੰਸ਼ੋਰੈਂਸ ਨੇ ਹਾਲ ਹੀ ਵਿੱਚ ਵਟਸਐਪ ਚੈਟਬੋਟ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਾਹਨਾਂ ਦੀ ਜਾਂਚ ਦੀ ਤਕਨੀਕ ਨੂੰ ਜੋੜਿਆ ਹੈ। ਇਸ ਦੇ ਨਾਲ, ਗਾਹਕਾਂ ਨੂੰ 20,000 ਰੁਪਏ ਤੱਕ ਦੇ ਮਾਮੂਲੀ ਨੁਕਸਾਨ ਲਈ ਦਾਅਵਿਆਂ ਦਾ ਤੁਰੰਤ ਨਿਪਟਾਰਾ ਮਿਲੇਗਾ। ਪਾਲਿਸੀਬਾਜ਼ਾਰ ਨੇ ਕਲੇਮ ਇੰਸ਼ੋਰੈਂਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਜਿੱਥੇ ਗਾਹਕਾਂ ਨੂੰ ਉਨ੍ਹਾਂ ਦੇ ਦਾਅਵਿਆਂ ਲਈ ਇੱਕ ਖ਼ਾਸ ਕਲੇਮ ਮੈਨੇਜਰ ਮਿਲੇਗਾ ਅਤੇ ਵਾਹਨ ਨੂੰ ਨੈੱਟਵਰਕ ਦੇ ਗੈਰੇਜ ਵਿੱਚ ਟੋਇੰਗ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਕੰਪਨੀਆਂ ਇਹ ਸਭ ਕਰ ਰਹੀਆਂ ਹਨ ਪਰ ਗਾਹਕਾਂ ਨੂੰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਅਤੇ ਉਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਨ੍ਹਾਂ ਦੇ ਦਾਅਵੇ ਰੱਦ ਹੋ ਸਕਦੇ ਹਨ।
ਦਾਅਵੇ ਖ਼ਾਰਜ ਹੋਣ ਦੇ ਮੁੱਖ ਕਾਰਨ
ਜੇਕਰ ਕੋਈ ਪਾਲਿਸੀ ਧਾਰਕ ਆਪਣੀ ਪਾਲਿਸੀ ਤੋਂ ਅਣਉਚਿਤ ਲਾਭ ਲੈਣ ਲਈ ਜਾਅਲੀ ਦਾਅਵਾ ਕਰਦਾ ਹੈ, ਤਾਂ ਬੀਮਾ ਕੰਪਨੀ ਇਸਨੂੰ ਰੱਦ ਕਰ ਦੇਵੇਗੀ। HDFC ERGO ਜਨਰਲ ਇੰਸ਼ੋਰੈਂਸ ਦੇ ਡਾਇਰੈਕਟਰ ਅਤੇ ਚੀਫ ਬਿਜ਼ਨਸ ਅਫਸਰ ਪਾਰਥੇਨਿਲ ਘੋਸ਼ ਨੇ ਕਿਹਾ, “ਜੇਕਰ ਪਾਲਿਸੀ ਦੇ ਜੋਖਮ ਦੀ ਮਿਆਦ ਖਤਮ ਹੋਣ ਤੋਂ ਬਾਅਦ ਦਾਅਵਾ ਕੀਤਾ ਜਾਂਦਾ ਹੈ, ਤਾਂ ਕੰਪਨੀ ਇਸਨੂੰ ਰੱਦ ਕਰ ਦੇਵੇਗੀ।
ਵਾਹਨਾਂ ਦੀਆਂ ਖਾਸ ਸ਼੍ਰੇਣੀਆਂ ਲਈ ਆਟੋ ਬੀਮਾ ਵੇਚਿਆ ਜਾਂਦਾ ਹੈ। ਜੇਕਰ ਤੁਸੀਂ ਨਿੱਜੀ ਕਾਰ ਲਈ ਬੀਮਾ ਲੈ ਰਹੇ ਹੋ, ਤਾਂ ਪ੍ਰੀਮੀਅਮ ਤੁਹਾਡੀ ਨਿੱਜੀ ਵਰਤੋਂ ਦੇ ਅਨੁਸਾਰ ਹੀ ਵਸੂਲਿਆ ਜਾਵੇਗਾ। ਐਕੋ ਇੰਸ਼ੋਰੈਂਸ ਦੇ ਚੀਫ ਅੰਡਰਰਾਈਟਿੰਗ ਅਫਸਰ ਅਨੀਮੇਸ਼ ਦਾਸ ਦੱਸਦੇ ਹਨ 'ਜੇਕਰ ਤੁਸੀਂ ਆਪਣੀ ਕਾਰ ਨੂੰ ਟੈਕਸੀ ਵਜੋਂ ਵਰਤਦੇ ਹੋ ਅਤੇ ਦੁਰਘਟਨਾ ਦਾ ਸਾਹਮਣਾ ਕਰਦੇ ਹੋ, ਤਾਂ ਤੁਹਾਡੇ ਦਾਅਵੇ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।'
ਥਰਡ ਪਾਰਟੀ ਇੰਸ਼ੋਰੈਂਸ ਤੋਂ ਬਿਨਾਂ ਡਰਾਈਵਿੰਗ ਕਰਨ ਲਈ ਦਾਅਵਿਆਂ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। Policybazaar.com ਦੇ ਮੁਖੀ (ਮੋਟਰ ਇੰਸ਼ੋਰੈਂਸ ਨਵਿਆਉਣ, ਦਾਅਵੇ ਅਤੇ ਗਾਹਕ ਅਨੁਭਵ) ਸੰਦੀਪ ਸਰਾਫ਼ ਕਹਿੰਦੇ ਹਨ, “ਮੋਟਰ ਵਹੀਕਲ ਐਕਟ ਅਨੁਸਾਰ, ਹਰੇਕ ਗਾਹਕ ਕੋਲ ਵੈਧ ਥਰਡ ਪਾਰਟੀ ਬੀਮਾ ਹੋਣਾ ਲਾਜ਼ਮੀ ਹੈ। ਜੇਕਰ ਗਾਹਕ ਇਸ ਤੋਂ ਬਿਨਾਂ ਕੋਈ ਦਾਅਵਾ ਕਰਦਾ ਹੈ, ਤਾਂ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।
ਮੋਟਰ ਵਹੀਕਲ ਐਕਟ ਦੀ ਪਾਲਣਾ ਕਰਦੇ ਹੋਏ ਹੀ ਵਾਹਨ ਜਨਤਕ ਸੜਕਾਂ 'ਤੇ ਚਲਾਏ ਜਾਣੇ ਚਾਹੀਦੇ ਹਨ। ਘੋਸ਼ ਕਹਿੰਦੇ ਹਨ, 'ਜੇਕਰ ਤੁਸੀਂ ਰਜਿਸਟ੍ਰੇਸ਼ਨ ਤੋਂ ਬਿਨਾਂ ਜਾਂ ਸ਼ਰਾਬ ਦੇ ਪ੍ਰਭਾਵ ਹੇਠ ਜਾਂ ਵੈਧ ਲਾਇਸੰਸ ਦੇ ਬਿਨਾਂ ਗੱਡੀ ਚਲਾਉਂਦੇ ਹੋ, ਤਾਂ ਤੁਹਾਡਾ ਦਾਅਵਾ ਵੀ ਰੱਦ ਹੋ ਸਕਦਾ ਹੈ।'
ਭਾਵੇਂ ਤੁਸੀਂ ਨੋ ਕਲੇਮ ਬੋਨਸ ਬਾਰੇ ਗਲਤ ਜਾਣਕਾਰੀ ਦਿੰਦੇ ਹੋ ਅਤੇ ਪ੍ਰੀਮੀਅਮ ਘਟਾਉਂਦੇ ਹੋ, ਤੁਹਾਡਾ ਦਾਅਵਾ ਰੱਦ ਹੋ ਸਕਦਾ ਹੈ। ਇਸ ਨੂੰ ਮਹੱਤਵਪੂਰਨ ਤੱਥਾਂ ਬਾਰੇ ਗਲਤ ਜਾਣਕਾਰੀ ਦੇਣਾ ਮੰਨਿਆ ਜਾਵੇਗਾ ਅਤੇ ਦਾਅਵਾ ਨਹੀਂ ਮੰਨਿਆ ਜਾਵੇਗਾ।
ਬੀਮੇ ਵਿੱਚ ਕੀ ਸ਼ਾਮਲ ਨਹੀਂ ਹੈ?
ਜੇਕਰ ਗਾਹਕ ਦਾ ਸਿਰਫ਼ ਥਰਡ ਪਾਰਟੀ ਇੰਸ਼ੋਰੈਂਸ ਹੈ ਤਾਂ ਉਸ ਦੀ ਕਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਬੀਮੇ ਰਾਹੀਂ ਨਹੀਂ ਕੀਤੀ ਜਾਵੇਗੀ। ਸਰਾਫ ਦੱਸਦਾ ਹੈ ਕਿ ਦੁਰਘਟਨਾ ਵਿੱਚ ਕਿਸੇ ਹੋਰ ਵਿਅਕਤੀ ਜਾਂ ਦੂਜਿਆਂ ਦੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਹੀ ਭਰਪਾਈ ਕੀਤੀ ਜਾ ਸਕਦੀ ਹੈ। ਜਿਨ੍ਹਾਂ ਗਾਹਕਾਂ ਕੋਲ ਵਿਆਪਕ (ਤੀਜੀ ਧਿਰ ਅਤੇ ਆਪਣਾ ਨੁਕਸਾਨ) ਬੀਮਾ ਹੈ, ਉਨ੍ਹਾਂ ਦੇ ਦਾਅਵੇ ਵੀ ਕੁਝ ਮਾਮਲਿਆਂ ਵਿੱਚ ਰੱਦ ਕੀਤੇ ਜਾ ਸਕਦੇ ਹਨ। ਦਾਸ ਦੱਸਦਾ ਹੈ, 'ਜੇਕਰ ਦੁਰਘਟਨਾ ਵਿੱਚ ਕਈ ਹਿੱਸੇ ਨੁਕਸਾਨੇ ਜਾਂਦੇ ਹਨ ਅਤੇ ਤੁਹਾਡੇ ਕੋਲ ਇੱਕ ਮਿਆਰੀ ਬੀਮਾ ਪਾਲਿਸੀ ਹੈ, ਤਾਂ ਬੀਮਾ ਕੰਪਨੀ ਪੂਰੇ ਬਿੱਲ ਦਾ ਭੁਗਤਾਨ ਨਹੀਂ ਕਰੇਗੀ। ਉਹ ਡੈਪਰੀਸਿਏਸ਼ਨ ਕਰੇਗੀ ਭਾਵ ਤੁਹਾਨੂੰ ਬਿੱਲ ਦਾ 25-30 ਫ਼ੀਸਦੀ ਆਪਣੀ ਜੇਬ ਵਿਚੋਂ ਚੁਕਾਉਣਾ ਪੈ ਸਕਦਾ ਹੈ।
ਵਾਹਨ ਦਾ ਆਮ ਰੱਖ-ਰਖਾਅ ਜਾਂ ਡ੍ਰਾਈਵਿੰਗ ਕਰਦੇ ਸਮੇਂ ਪੁਰਜ਼ਿਆਂ ਦਾ ਘੱਸਣਾ ਆਦਿ ਵੀ ਬੀਮੇ ਦੇ ਅਧੀਨ ਨਹੀਂ ਆਉਂਦੇ ਹਨ। ਹੜ੍ਹਾਂ ਨਾਲ ਭਰੀਆਂ ਸੜਕਾਂ 'ਤੇ ਗੱਡੀ ਚਲਾਉਣ ਲਈ ਦਾਅਵਿਆਂ ਨੂੰ ਵੀ ਰੱਦ ਕੀਤਾ ਜਾ ਸਕਦਾ ਹੈ। ਦਾਸ ਦੱਸਦੇ ਹਨ “ਜੇਕਰ ਤੁਸੀਂ ਪਾਣੀ ਭਰੇ ਹੋਏ ਖੇਤਰ ਵਿੱਚ ਗੱਡੀ ਚਲਾ ਰਹੇ ਹੋ ਅਤੇ ਪਾਣੀ ਤੁਹਾਡੇ ਇੰਜਣ ਵਿੱਚ ਦਾਖਲ ਹੋ ਜਾਂਦਾ ਹੈ ਅਤੇ ਇਸਨੂੰ ਜਾਮ ਕਰ ਦਿੰਦਾ ਹੈ, ਤਾਂ ਸਟੈਂਡਰਡ ਇੰਸ਼ੋਰੈਂਸ ਪਾਲਿਸੀ ਦਾ ਤੁਹਾਡੇ ਲਈ ਕੋਈ ਫਾਇਦਾ ਨਹੀਂ ਹੋਵੇਗਾ” । ਤੁਹਾਡੇ ਦਾਅਵੇ 'ਤੇ ਤਾਂ ਹੀ ਵਿਚਾਰ ਕੀਤਾ ਜਾਵੇਗਾ ਜੇਕਰ ਤੁਹਾਡੇ ਕੋਲ ਇੰਜਨ ਪ੍ਰੋਟੈਕਟ ਐਡ-ਆਨ ਹੈ।
ਸਾਵਧਾਨੀਆਂ ਵਰਤੋਂ
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੋਂ ਬਚੋ। ਆਈਸੀਆਈਸੀਆਈ ਲੋਂਬਾਰਡ ਦੇ ਹੈੱਡ (ਕਾਰਪੋਰੇਟ ਅੰਡਰਰਾਈਟਿੰਗ ਐਂਡ ਕਲੇਮ) ਗੌਰਵ ਅਰੋੜਾ ਦਾ ਕਹਿਣਾ ਹੈ, 'ਟ੍ਰੈਫਿਕ ਨੂੰ ਨਜ਼ਰਅੰਦਾਜ਼ ਕਰਨਾ, ਤੇਜ਼ ਰਫਤਾਰ, ਓਵਰਟੇਕਿੰਗ, ਗਲਤ ਸਾਈਡ 'ਤੇ ਗੱਡੀ ਚਲਾਉਣਾ ਅਤੇ ਸਮਰੱਥਾ ਤੋਂ ਜ਼ਿਆਦਾ ਲੋਕਾਂ ਨੂੰ ਵਾਹਨ ਵਿਚ ਬਿਠਾਉਣਾ ਅਜਿਹੀਆਂ ਗਲਤੀਆਂ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ । ਉਨ੍ਹਾਂ ਦੀ ਸਲਾਹ ਹੈ ਕਿ ਅਜਿਹੇ ਕਿਸੇ ਵੀ ਵਿਅਕਤੀ ਨੂੰ ਆਪਣਾ ਵਾਹਨ ਨਾ ਚਲਾਉਣ ਦਿਓ ਜਿਸ ਕੋਲ ਆਪਣਾ ਵੈਧ ਲਾਇਸੰਸ ਨਹੀਂ ਹੈ।
ਸਰਾਫ਼ ਨੇ ਹਾਦਸਾ ਹੁੰਦੇ ਹੀ ਕਾਰਵਾਈ ਕਰਨ ਦੀ ਸਲਾਹ ਦਿੱਤੀ। ਉਸ ਦਾ ਕਹਿਣਾ ਹੈ ਕਿ ਦੁਰਘਟਨਾ ਦੇ 24 ਤੋਂ 72 ਘੰਟਿਆਂ ਦੇ ਅੰਦਰ ਇਹ ਸੂਚਨਾ ਬੀਮਾ ਕੰਪਨੀ ਨੂੰ ਦੇਣੀ ਚਾਹੀਦੀ ਹੈ।
ਜੇਕਰ ਤੁਸੀਂ ਵਾਹਨ ਵਿੱਚ ਬਦਲਾਅ ਕਰਦੇ ਹੋ, ਜਿਵੇਂ ਕਿ ਇਸ ਵਿੱਚ ਸੀਐਨਜੀ ਕਿੱਟ ਲਗਾਉਣਾ, ਤਾਂ ਯਕੀਨੀ ਤੌਰ 'ਤੇ ਬੀਮਾ ਕੰਪਨੀ ਨੂੰ ਸੂਚਿਤ ਕਰੋ। ਸਰਾਫ ਦਾ ਕਹਿਣਾ ਹੈ, 'ਜੋ ਵੀ ਬਦਲਾਅ ਕੀਤੇ ਗਏ ਹਨ, ਉਨ੍ਹਾਂ ਨੂੰ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ.ਸੀ.) 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਬੀਮਾ ਕੰਪਨੀ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।'
ਗਲਤ ਜਾਣਕਾਰੀ ਦੇਣ ਤੋਂ ਵੀ ਬਚੋ। ਇਸ ਵਾਰ ਹੋਏ ਨੁਕਸਾਨ ਦੇ ਨਾਲ-ਨਾਲ ਪਹਿਲਾਂ ਵਾਹਨ ਦੇ ਹੋਏ ਨੁਕਸਾਨ ਦਾ ਦਾਅਵਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਬੀਮਾ ਕੰਪਨੀ ਨੂੰ ਸੂਚਿਤ ਕੀਤੇ ਬਿਨਾਂ ਮੁਰੰਮਤ ਸ਼ੁਰੂ ਨਾ ਕਰੋ ਕਿਉਂਕਿ ਹੋ ਸਕਦਾ ਹੈ ਕਿ ਦਾਅਵਾ ਸਵੀਕਾਰ ਕਰਨ ਤੋਂ ਪਹਿਲਾਂ ਉਹ ਕਿਸੇ ਨੂੰ ਤੁਹਾਡੀ ਕਾਰ ਦਾ ਮੁਆਇਨਾ ਕਰਨ ਲਈ ਭੇਜ ਸਕਦੇ ਹਨ ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਤੁਹਾਡੀ ਕਾਰ ਨੂੰ ਅਸਲ ਵਿੱਚ ਨੁਕਸਾਨ ਹੋਇਆ ਹੈ ਜਾਂ ਨਹੀਂ। ਦਾਸ ਦਾ ਕਹਿਣਾ ਹੈ ਕਿ ਦੁਰਘਟਨਾ ਵਿੱਚ ਖਰਾਬ ਹੋਈ ਕਾਰ ਨੂੰ ਨਾ ਚਲਾਓ। ਇਸ ਦੀ ਬਜਾਏ, ਇਸਨੂੰ ਇੱਕ ਕਰੇਨ ਦੀ ਵਰਤੋਂ ਕਰਕੇ ਸੇਵਾ ਕੇਂਦਰ ਵਿੱਚ ਪਹੁੰਚਾਓ। ਅਰੋੜਾ ਦੀ ਰਾਏ ਵਿੱਚ ਕੰਪਰੀਹੈਂਸਿਵ ਵਾਹਨ ਬੀਮਾ ਖਰੀਦਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਰੋਡ ਸਾਈਡ ਅਸਿਸਟੈਂਸ , ਰਿਟਰਨ ਟੁ ਇਨਵੁਆਇਸ, ਇੰਜਣ ਪ੍ਰੋਟੈਕਟ, ਜ਼ੀਰੋ ਡੈਪਰੀਸਿਏਸ਼ਨ ਵਰਗੇ ਐਡ ਆਨ ਜ਼ਰੂਰ ਲੈ ਲੈਣੇ ਚਾਹੀਦੇ ਹਨ।
LIC-SBI ਦੇ ਸ਼ੇਅਰ ਨੇ ਕੀਤਾ ਆਪਣੇ ਕੰਪੀਟੀਟਰਸ ਨਾਲੋਂ ਬਿਹਤਰ ਪ੍ਰਦਰਸ਼ਨ
NEXT STORY