ਨਵੀਂ ਦਿੱਲੀ (ਭਾਸ਼ਾ) - ਘਰੇਲੂ ਬਾਜ਼ਾਰ ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਵੱਖ-ਵੱਖ ਤਿਉਹਾਰਾਂ ਦੀ 42 ਦਿਨਾ ਮਿਆਦ ਦੌਰਾਨ ਸਾਲਾਨਾ ਆਧਾਰ ’ਤੇ 21 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦਾ ਮੁੱਖ ਕਾਰਨ ਯਾਤਰੀ ਵਾਹਨਾਂ ਅਤੇ ਦੋਪਹੀਆ ਵਾਹਨਾਂ ਦੀ ਰਿਕਾਰਡ ਰਜਿਸਟ੍ਰੇਸ਼ਨ ਅਤੇ ਜੀ. ਐੱਸ. ਟੀ. ’ਚ ਤਬਦੀਲੀਆਂ ਨਾਲ ਵੱਖ-ਵੱਖ ਸ਼੍ਰੇਣੀਆਂ ’ਚ ਕੀਮਤਾਂ ’ਚ ਕਮੀ ਰਹੀ।
ਫੈੱਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਅਨੁਸਾਰ ਇਸ ਸਾਲ ਤਿਉਹਾਰਾਂ ਦੌਰਾਨ ਕੁੱਲ ਪ੍ਰਚੂਨ ਵਿਕਰੀ ਵਧ ਕੇ 52,38,401 ਇਕਾਈਆਂ ਹੋ ਗਈ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 43,25,632 ਇਕਾਈਆਂ ਸੀ। ਵਾਹਨ ਡੀਲਰਾਂ ਦੀ ਸੰਸਥਾ ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ,“2025 ਦੀ 42 ਦਿਨਾ ਤਿਉਹਾਰਾਂ ਦੀ ਮਿਆਦ ਦੇਸ਼ ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ ਲਈ ਮਹੱਤਵਪੂਰਨ ਸਾਬਤ ਹੋਈ। ਇਸ ’ਚ ਸਾਰੀਆਂ ਸ਼੍ਰੇਣੀਆਂ ’ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ।” ਇਸ ਮਿਆਦ ਦੌਰਾਨ ਯਾਤਰੀ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲਾਨਾ ਆਧਾਰ ’ਤੇ 23 ਫੀਸਦੀ ਵਧ ਕੇ 7,66,918 ਇਕਾਈਆਂ ਹੋ ਗਈ, ਜਦੋਂਕਿ ਪਿਛਲੇ ਸਾਲ ਇਹ ਇਸੇ ਮਿਆਦ ’ਚ 6,21,539 ਇਕਾਈਆਂ ਸੀ।
ਵਿਗਨੇਸ਼ਵਰ ਨੇ ਕਿਹਾ,“ਕਿਫਾਇਤੀ ਕੀਮਤਾਂ ਵਧਾਉਣ ਅਤੇ ਮੱਧ ਵਰਗ ਦੀ ਖਪਤ ਵਧਾਉਣ ਦੇ ਜੀ. ਐੱਸ. ਟੀ. 2.0 ਦੇ ਅਸਰ ਸਾਫ ਨਜ਼ਰ ਆਏ। ਕੰਪੈਕਟ ਅਤੇ ਸਬ-4 ਮੀਟਰ ਕਾਰਾਂ ’ਚ ਭਾਰੀ ਉਛਾਲ ਦੇਖਿਆ ਗਿਆ ਕਿਉਂਕਿ ਟੈਕਸ ਦੀਆਂ ਦਰਾਂ ਘਟਣ ਨਾਲ ਖਰੀਦਦਾਰੀ ਦਾ ਆਧਾਰ ਵਧਿਆ। ਕਈ ਡੀਲਰਾਂ ਨੇ ਦੱਸਿਆ ਕਿ ਕਈ ਮਾਡਲਾਂ ’ਚ ਪ੍ਰਚੂਨ ਵਿਕਰੀ ਦੀ ਰਫਤਾਰ ਸਪਲਾਈ ਤੋਂ ਵੱਧ ਰਹੀ।” ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 22 ਫੀਸਦੀ ਵਧ ਕੇ 40,52,503 ਇਕਾਈਆਂ ਹੋ ਗਈ, ਜੋ 2024 ’ਚ 33,27,198 ਇਕਾਈਆਂ ਸੀ। ਵਿਗਨੇਸ਼ਵਰ ਨੇ ਕਿਹਾ ਕਿ ਇਸ ਖੇਤਰ ਨੂੰ ਬਿਹਤਰ ਪੇਂਡੂ ਮਾਹੌਲ, ਬਿਹਤਰ ਨਕਦੀ ਅਤੇ ਜੀ. ਐੱਸ. ਟੀ. ਦੇ ਤਰਕਸੰਗਤ ਲਾਭ ਕਾਰਨ ਖਰੀਦਦਦਾਰੀ ’ਚ ਸੁਧਾਰ ਦਾ ਫਾਇਦਾ ਮਿਲਿਆ।
IRCTC ਦਾ ਵੱਡਾ ਬਦਲਾਅ, ਇਸ ਸਮੇਂ ਬਿਨਾਂ ਆਧਾਰ ਕਾਰਡ ਦੇ ਬੁੱਕ ਨਹੀਂ ਹੋਵੇਗੀ ਟਿਕਟ
NEXT STORY