ਨਵੀਂ ਦਿੱਲੀ- ਕਿਸਾਨਾਂ ਨੂੰ ਹੁਣ ਯੂਰੀਏ ਦੇ ਬੋਰੇ 'ਤੇ ਭਾਰੀ ਭਰਕਮ ਖ਼ਰਚ ਕਰਨ ਅਤੇ ਇਨ੍ਹਾਂ ਨੂੰ ਢੋਹਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਬਾਜ਼ਾਰ ਵਿਚ ਜਲਦ ਹੀ 'ਨੈਨੋ ਯੂਰੀਏ' ਦੀ ਬੋਤਲ ਆ ਰਹੀ ਹੈ, ਜਿਸ ਨੂੰ ਕਿਸਾਨ ਜੇਬ ਵਿਚ ਵੀ ਲਿਆ ਸਕਦੇ ਹਨ। ਇਸ ਨਾਲ ਟ੍ਰਾਂਸਪੋਰਟੇਸ਼ਨ ਅਤੇ ਭੰਡਾਰਣ ਲਾਗਤ ਵਿਚ ਵੀ ਕਮੀ ਆਵੇਗੀ। ਨੈਨੋ ਯੂਰੀਏ ਦਾ ਉਤਪਾਦਨ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਇਹ ਯੂਰੀਏ ਦੇ ਬੋਰੇ ਨਾਲੋਂ 10 ਫ਼ੀਸਦੀ ਸਸਤਾ ਹੋਵੇਗਾ। ਇਫਕੋ ਨੇ ਸੋਮਵਾਰ ਵਿਸ਼ਵ ਦਾ ਪਹਿਲਾ ਨੈਨੋ ਯੂਰੀਆ ਪੇਸ਼ ਕੀਤਾ ਹੈ।
ਇਹ ਤਰਲ ਰੂਪ ਵਿਚ 500 ਮਿਲੀਲਿਟਰ ਬੋਤਲ ਵਿਚ ਉਪਲਬਧ ਹੋਵੇਗਾ, ਜੋ 45 ਕਿਲੋ ਯੂਰੀਏ ਦੇ ਬਰਾਬਰ ਹੈ। ਕਿਸਾਨਾਂ ਨੂੰ 500 ਮਿਲੀਲਿਟਰ ਬੋਤਲ ਸਿਰਫ਼ 240 ਰੁਪਏ ਵਿਚ ਮਿਲੇਗੀ।
ਇਫਕੋ ਦੇ ਸਹਿਕਾਰੀ ਵਿਕਰੀ ਤੇ ਮਾਰਕੀਟਿੰਗ ਕੇਂਦਰਾਂ 'ਤੇ ਇਹ ਬੋਤਲ ਜਲਦ ਮਿਲਣੀ ਸ਼ੁਰੂ ਹੋ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਇਹ ਵਾਤਾਵਰਣ ਪੱਖੀ ਵੀ ਹੈ। ਇਫਕੋ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਕਿਸਾਨਾਂ ਦੀ ਲਾਗਤ ਵਿਚ ਕਮੀ ਆਵੇਗੀ। ਇਫਕੋ ਨੇ ਕਿਹਾ ਕਿ ਨੈਨੋ ਯੂਰੀਆ ਦਾ ਉਤਪਾਦਨ ਇਸ ਸਾਲ ਜੂਨ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੀ ਵਪਾਰਕ ਵਿਕਰੀ ਜਲਦ ਹੀ ਇਸ ਤੋਂ ਬਾਅਦ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਕਿਸਾਨਾਂ ਨੂੰ ਪਰਮਲ ਦੇ ਨਾਲ ਹੀ ਬਾਸਮਤੀ ਲਾਉਣਾ ਕਰ ਸਕਦਾ ਹੈ ਨੁਕਸਾਨ!
ਫ਼ਸਲਾਂ ਦੇ ਝਾੜ ਵਿਚ 8 ਫ਼ੀਸਦ ਵਾਧਾ-
ਇਫਕੋ ਨੇ ਕਿਹਾ ਕਿ ਇਹ ਪ੍ਰਾਡਕਟ ਨਾ ਸਿਰਫ਼ ਕਿਸਾਨਾਂ ਦੀ ਲਾਗਤ ਘੱਟ ਕਰੇਗਾ ਸਗੋਂ ਫ਼ਸਲਾਂ ਦੀ ਗੁਣਵੱਤਾ ਵਿਚ ਵੀ ਸੁਧਾਰ ਲਿਆਵੇਗਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖੇਗਾ, ਨਾਲ ਹੀ ਯੂਰੀਏ ਦੀ ਲੋੜ ਤੋਂ ਵੱਧ ਵਰਤੋਂ ਵਿਚ ਕਮੀ ਆਵੇਗੀ। ਨੈਨੋ ਯੂਰੀਏ ਦੇ ਤਰਲ ਰੂਪ ਵਿਚ ਹੋਣ ਨਾਲ ਫ਼ਸਲ ਨੂੰ ਸੰਤੁਲਤ ਮਾਤਰਾ ਵਿਚ ਪੋਸ਼ਕ ਤੱਤ ਮਿਲਣਗੇ। ਇਫਕੋ ਅਨੁਸਾਰ, ਖੇਤਰੀ ਪ੍ਰੀਖਣਾਂ ਤੋਂ ਬਾਅਦ ਨੈਨੋ ਯੂਰੀਆ ਨੂੰ ਸਰਕਾਰ ਦੇ ਖਾਦ ਕੰਟਰੋਲ ਆਰਡਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਪ੍ਰ੍ਭਾਵਸ਼ੀਲਤਾ ਨੂੰ ਪਰਖਣ ਲਈ ਪੂਰੇ ਭਾਰਤ ਵਿਚ 94 ਤੋਂ ਵੱਧ ਫਸਲਾਂ 'ਤੇ ਪ੍ਰੀਖਣ ਕੀਤੇ ਗਏ ਹਨ ਅਤੇ ਨਤੀਜਿਆਂ ਵਿਚ ਫਸਲਾਂ ਦੇ ਝਾੜ ਵਿਚ ਲਗਭਗ 8 ਫ਼ੀਸਦ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ- UAE ਜਾਣ ਦੀ ਉਡੀਕ ਹੋਈ ਲੰਮੀ, ਇੰਨੀ ਤਾਰੀਖ਼ ਤੱਕ ਉਡਾਣਾਂ 'ਤੇ ਵਧੀ ਪਾਬੰਦੀ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਗਲੋਬਲ ਚਿਪ ਸਪਲਾਈ ਦੀ ਕਮੀ ਦੂਰ ਕਰਨ 'ਚ ਲੱਗਣਗੇ ਸਾਲ : ਇੰਟੇਲ CEO
NEXT STORY