ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਮੰਤਰੀ ਜਿਓਤਿਰਾਦਿਤਿਆ ਐੱਮ. ਸਿੰਧੀਆ ਨੇ ਕਿਹਾ ਕਿ ਭਾਰਤ ਦਾ ਆਪਣਾ 4-ਜੀ ਤਕਨੀਕੀ ਢਾਂਚਾ (ਸਟੈਕ) 2025 ਦੇ ਅੱਧ ਤੱਕ ਸਥਾਪਤ ਕਰ ਦਿੱਤਾ ਜਾਵੇਗਾ। ਸੰਚਾਰ ਮੰਤਰੀ ਸਿੰਧੀਆ ਨੇ ਏ. ਆਈ. ਐੱਮ. ਏ. ਰਾਸ਼ਟਰੀ ਪ੍ਰਬੰਧਨ ਸੰਮੇਲਨ ਦੇ 51ਵੇਂ ਐਡੀਸ਼ਨ ’ਚ ਦੇਸ਼ ਅਤੇ ਸਰਕਾਰ ਲਈ 3 ਪ੍ਰਮੁੱਖ ਟੀਚਿਆਂ ਨੂੰ ਵੀ ਉਭਾਰਿਆ ਹੈ।
ਉਨ੍ਹਾਂ ਕਿਹਾ, ‘‘ਭਾਰਤ ਨੇ ਆਪਣੀ ਹੋਂਦ ’ਚ ਪਹਿਲੀ ਵਾਰ ਆਪਣਾ ਖੁਦ ਦਾ 4-ਜੀ ਤਕਨੀਕੀ ਢਾਂਚਾ ਵਿਕਸਤ ਕੀਤਾ ਹੈ, ਜਿਸ ਨੂੰ ਅਗਲੇ ਸਾਲ ਦੇ ਅੱਧ ਤੱਕ ਸਥਾਪਤ ਕਰ ਦਿੱਤਾ ਜਾਵੇਗਾ।’’ ਸਿੰਧੀਆ ਨੇ ਕਿਹਾ ਕਿ ਨਾ ਸਿਰਫ ਤਕਨਾਲੋਜੀ ਨੂੰ ਲਾਗੂ ਕਰਨਾ ਮਹੱਤਵਪੂਰਨ ਹੈ, ਸਗੋਂ ਸਵਦੇਸ਼ੀ ਤਕਨੀਕ ਨੂੰ ਡਿਜ਼ਾਈਨ ਅਤੇ ਵਿਕਸਤ ਕਰਨਾ ਵੀ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ, ‘‘ਅਸੀਂ ਆਪਣੇ ਲਈ 3 ਟੀਚੇ ਤੈਅ ਕੀਤੇ ਹਨ। ਪਹਿਲਾ ਟੀਚਾ ਸੰਪੂਰਨਤਾ ਨੂੰ ਯਕੀਨੀ ਬਣਾਉਣਾ ਹੈ। ਸਾਡੇ ਦੇਸ਼ ਦੇ ਹਰ ਹਿੱਸੇ ਨੂੰ ਡਿਜੀਟਲ ਤਕਨੀਕ ਨਾਲ ਜੁੜਨਾ ਚਾਹੀਦਾ ਹੈ। ਹਰ ਵਿਅਕਤੀ ਨੂੰ ਡਿਜੀਟਲ ਕ੍ਰਾਂਤੀ ਨਾਲ ਹਰ ਮੌਕੇ ਦਾ ਫਾਇਦਾ ਚੁੱਕਣ ’ਚ ਸਮਰੱਥ ਹੋਣਾ ਚਾਹੀਦਾ ਹੈ।’’
ਸਿੰਧੀਆ ਨੇ ਕਿਹਾ ਕਿ ਭਾਰਤ ਨੇ ਪੂਰੇ ਦੇਸ਼ ’ਚ ਲੱਗਭਗ ਸਾਢੇ 4 ਲੱਖ ਟਾਵਰ ਲਾਏ ਹਨ। ਸਰਕਾਰ ਨੇ ਲੱਗਭਗ 20,000 ਹੋਰ ਟਾਵਰ ਲਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ ਅਤੇ ਇਸ ਪਹਿਲ ਲਈ 44,000 ਕਰੋਡ਼ ਰੁਪਏ ਅਲਾਟ ਕੀਤੇ ਹਨ। ਉਨ੍ਹਾਂ ਕਿਹਾ, ‘‘ਵਿੱਤੀ ਸਾਲ 2024-25 ਦੇ ਅੱਧ ਤੱਕ ਅਸੀਂ ਆਪਣੇ ਦੇਸ਼ ’ਚ 100 ਫ਼ੀਸਦੀ ਸੰਪੂਰਨਤਾ ਦਾ ਟੀਚਾ ਪ੍ਰਾਪਤ ਕਰ ਲਵਾਂਗੇ।’’
‘ਮੇਕ ਇਨ ਇੰਡੀਆ’ ’ਤੇ ਜ਼ੋਰ
ਸਿੰਧੀਆ ਨੇ ਕਿਹਾ ਕਿ ਦੂਜਾ ਟੀਚਾ ‘ਮੇਕ ਇਨ ਇੰਡੀਆ’ ’ਤੇ ਜ਼ੋਰ ਦੇਣਾ ਹੈ ਅਤੇ ਦੂਰਸੰਚਾਰ ਉਪਕਰਨ ਖੇਤਰ ’ਚ ਵੀ ਇਹੀ ਬਦਲਾਅ ਲਿਆਉਣਾ ਹੋਵੇਗਾ। ਉਨ੍ਹਾਂ ਕਿਹਾ, ‘‘ਤੀਜਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਭਾਰਤ ’ਚ ਭਵਿੱਖਮੁਖੀ ਤਕਨਾਲੋਜੀ ਹੋਵੇ, ਸਾਡੇ ਲਈ ਨਵੀਂ ਤਕਨਾਲੋਜੀ ਨੂੰ ਅਪਨਾਉਣਾ ਮਹੱਤਵਪੂਰਨ ਹੈ ਪਰ ਸਾਡੇ ਲਈ ਨਵੀਂ ਤਕਨਾਲੋਜੀ ਦੇ ਉਤਪਾਦਨ ਦੀਆਂ ਆਪਣੀਆਂ ਸਮਰੱਥਾਵਾਂ ਦੀ ਵਰਤੋਂ ਕਰਨੀ ਵੀ ਜ਼ਰੂਰੀ ਹੈ।’’
ਸਿੰਧੀਆ ਨੇ ਪੋਸਟ ਆਫਿਸ ਐਕਟ ਅਤੇ ਨਵੇਂ ਟੈਲੀਕਾਮ ਐਕਟ ਬਾਰੇ ਵੀ ਗੱਲ ਕੀਤੀ ਅਤੇ ਪਰਿਵਰਤਨਸ਼ੀਲ ਬਦਲਾਅ ਦਾ ਵਾਅਦਾ ਕੀਤਾ। ਸਿੰਧੀਆ ਨੇ ਕਿਹਾ, ‘‘ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਦਾ ਹਾਂ ਕਿ ਇਸ ਸਾਲ ਦਸੰਬਰ ਤੱਕ ਦੋਵਾਂ ਵਿਭਾਗਾਂ ਵੱਲੋਂ ਇਕ ਬਹੁਤ ਹੀ ਪਾਰਦਰਸ਼ੀ, ਦੂਰਦਰਸ਼ੀ ਨਿਯਮ ਪ੍ਰਣਾਲੀ ਲਾਗੂ ਕੀਤੀ ਜਾਵੇਗੀ, ਜਿਸ ਨਾਲ ਸਾਡੇ ਖੇਤਰ ’ਚ ਇਕ ਨਵਾਂ ਬਦਲਾਅ ਆਵੇਗਾ।’’
ਪੂਰੀ ਦੁਨੀਆ ’ਚ 6-ਜੀ ਸੇਵਾ ਪੇਟੈਂਟ ’ਚ ਭਾਰਤ ਦੀ ਨਜ਼ਰ 10 ਫ਼ੀਸਦੀ ਹਿੱਸੇਦਾਰੀ ’ਤੇ
ਸਿੰਧੀਆ ਨੇ ਕਿਹਾ ਕਿ ਸਭ ਤੋਂ ਤੇਜ਼ 5-ਜੀ ਸੇਵਾ ਲਿਆਉਣ ਤੋਂ ਬਾਅਦ ਭਾਰਤ ਛੇਵੀਂ ਪੀੜ੍ਹੀ ਦੀਆਂ ਮੋਬਾਈਲ ਸੇਵਾਵਾਂ ’ਚ ਪੂਰੀ ਦੁਨੀਆ ’ਚ ਹੋਏ ਪੇਟੈਂਟ ਦਾ 10ਵਾਂ ਹਿੱਸਾ ਹਾਸਲ ਕਰਨ ਦਾ ਟੀਚਾ ਬਣਾ ਰਿਹਾ ਹੈ। ਜਿੱਥੇ ਸਾਡੇ ਕੋਲ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ 5-ਜੀ ਨੈੱਟਵਰਕ ਹੈ, 22 ਮਹੀਨਿਆਂ ’ਚ 4.5 ਲੱਖ 4-ਜੀ ਟਾਵਰਾਂ ਦਾ ਨਿਰਮਾਣ ਕੀਤਾ ਗਿਆ ਹੈ, ਬੀ. ਐੱਸ. ਐੱਨ. ਐੱਲ. ਲਈ ਆਪਣੀ ਖੁਦ ਦੀ 4-ਜੀ ਤਕਨੀਕ ਦਾ ਨਿਰਮਾਣ ਕੀਤਾ ਗਿਆ ਹੈ, ਅਸੀਂ ਭਾਰਤ 6-ਜੀ ਅਲਾਇੰਸ ਨੂੰ ਸਥਾਪਤ ਕਰ ਕੇ 6-ਜੀ ਵੱਲ ਵੀ ਵਧ ਰਹੇ ਹਾਂ।
ਉਨ੍ਹਾਂ ਕਿਹਾ, ‘‘ਸਾਡਾ ਟੀਚਾ ਆਉਣ ਵਾਲੇ ਦਿਨਾਂ ’ਚ ਇਸ ‘ਭਾਰਤ 6-ਜੀ ਅਲਾਇੰਸ’ ਰਾਹੀਂ 6-ਜੀ ’ਚ ਭਾਰਤ ਲਈ 10 ਫ਼ੀਸਦੀ ਕੌਮਾਂਤਰੀ ਪੇਟੈਂਟ ਯਕੀਨੀ ਬਣਾਉਣਾ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਵਧਿਆ, ਨਿਫਟੀ ਵੀ 140 ਅੰਕ ਚੜ੍ਹਿਆ
NEXT STORY