ਨਵੀਂ ਦਿੱਲੀ(ਭਾਸ਼ਾ)– ਭਾਰਤੀ ਅਰਥਵਿਵਸਥਾ ਨੂੰ ਕੋਰੋਨਾ ਵਾਇਰਸ ਮਹਾਮਾਰੀ ਦਾ ਪ੍ਰਭਾਵ ਲੰਮੇ ਸਮੇਂ ਤੱਕ ਝੱਲਣਾ ਹੋਵੇਗਾ। ਫਿਚ ਰੇਟਿੰਗਸ ਨੇ ਕਿਹਾ ਕਿ ਅਗਲੇ ਵਿੱਤੀ ਸਾਲ (2021-22) ਵਿਚ ਭਾਰਤੀ ਅਰਥਵਿਵਸਥਾ 11 ਫੀਸਦੀ ਦਾ ਚੰਗਾ ਵਾਧਾ ਦਰਜ ਕਰੇਗੀ ਪਰ ਉਸ ਤੋਂ ਬਾਅਦ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਸੁਸਤ ਪਵੇਗੀ। ਫਿਚ ਦਾ ਅਨੁਮਾਨ ਹੈ ਕਿ ਇਹ ਸੰਕਟ ਖਤਮ ਹੋਣ ਤੋਂ ਬਾਅਦ ਵੀ ਭਾਰਤ ਦੀ ਵਾਧਾ ਦਰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗੀ।
ਫਿਚ ਦੀ ਰਿਪੋਰਟ ‘ਭਾਰਤ ਦਰਮਿਆਨੀ ਮਿਆਦ ਦੇ ਸੁਸਤ ਵਾਧੇ ਦੇ ਰਾਹ ਉੱਤੇ’ ਵਿਚ ਕਿਹਾ ਗਿਆ ਹੈ ਕਿ ਅਗਲੇ ਵਿੱਤੀ ਸਾਲ ’ਚ ਚੰਗਾ ਵਾਧਾ ਦਰਜ ਕਰਨ ਤੋਂ ਬਾਅਦ ਵਿੱਤੀ ਸਾਲ 2022-23 ਤੋਂ 2025-26 ਤੱਕ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਸੁਸਤ ਪੈ ਕੇ 6.5 ਫੀਸਦੀ ਰਹੇਗੀ। ਭਾਰਤੀ ਅਰਥਵਿਵਸਥਾ ’ਤੇ ਟਿੱਪਣੀ ’ਚ ਫਿਚ ਰੇਟਿੰਗਸ ਨੇ ਕਿਹਾ ਕਿ ਸਪਲਾਈ ਪੱਖ ਦੇ ਨਾਲ ਮੰਗ ਪੱਖ ਦੀਆਂ ਰੁਕਾਵਟਾਂ ਜਿਵੇਂ ਕਿ ਵਿੱਤੀ ਖੇਤਰ ਦੀ ਕਮਜ਼ੋਰ ਸਥਿਤੀ ਕਾਰਣ ਭਾਰਤ ਦੇ ਕੁਲ ਘਰੇਲੂ ਉਤਪਾਦ ਦੀ ਵਾਧਾ ਦਰ ਮਹਾਮਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗੀ।
ਮਹਾਮਾਰੀ ਕਾਰਣ ਭਾਰਤ ’ਚ ਮੰਦੀ ਦੀ ਸਥਿਤੀ ਦੁਨੀਆ ’ਚ ਸਭ ਤੋਂ ਗੰਭੀਰ
ਫਿਚ ਨੇ ਕਿਹਾ ਕਿ ਮਹਾਮਾਰੀ ਕਾਰਣ ਭਾਰਤ ’ਚ ਮੰਦੀ ਦੀ ਸਥਿਤੀ ਦੁਨੀਆ ’ਚ ਸਭ ਤੋਂ ਗੰਭੀਰ ਹੈ। ਸਖਤ ਲਾਕਡਾਊਨ ਅਤੇ ਸੀਮਤ ਵਿੱਤੀ ਸਮਰਥਨ ਕਾਰਣ ਅਜਿਹੀ ਸਥਿਤੀ ਬਣੀ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਅਰਥਵਿਵਸਥਾ ਦੀ ਸਥਿਤੀ ’ਚ ਹੁਣ ਸੁਧਾਰ ਹੋ ਰਿਹਾ ਹੈ। ਅਗਲੇ ਕੁਝ ਮਹੀਨੇ ਦੌਰਾਨ ਵੈਕਸੀਨ ਆਉਣ ਕਾਰਣ ਇਸ ਨੂੰ ਹੋਰ ਸਮਰਥਨ ਮਿਲੇਗਾ। ਸਾਡਾ ਅਨੁਮਾਨ ਹੈ ਕਿ 2021-22 ’ਚ ਭਾਰਤੀ ਅਰਥਵਿਵਸਥਾ 11 ਫੀਸਦੀ ਦਾ ਵਾਧਾ ਦਰਜ ਕਰੇਗੀ। ਚਾਲੂ ਵਿੱਤੀ ਸਾਲ 2020-21 ’ਚ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ 9.4 ਫੀਸਦੀ ਦੀ ਗਿਰਾਵਟ ਆਵੇਗੀ।
ਕਈ ਵੈਕਸੀਨ ਆਉਣ ਦੀ ਉਮੀਦ ’ਚ ਅਨੁਮਾਨ ਨੂੰ ਵਧਾਇਆ
ਫਿਚ ਰੇਟਿੰਗਸ ਨੇ ਕਿਹਾ ਕਿ ਕੋਵਿਡ-19 ਸੰਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਅਰਥਵਿਵਸਥਾ ਹੇਠਾਂ ਆ ਰਹੀ ਹੈ। 2019-20 ’ਚ ਜੀ. ਡੀ. ਪੀ. ਦੀ ਵਾਧਾ ਦਰ ਘਟ ਕੇ 4.2 ਫੀਸਦੀ ’ਤੇ ਆ ਗਈ ਸੀ। ਇਸ ਤੋਂ ਪਿਛਲੇ ਵਿੱਤੀ ਸਾਲ ’ਚ ਇਹ 6.1 ਫੀਸਦੀ ਰਹੀ ਸੀ। ਫਿਚ ਦਾ ਅਨੁਮਾਨ ਹੈ ਕਿ 2022-23 ’ਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ 6.3 ਫੀਸਦੀ ਰਹੇਗੀ। ਇਸ ਤੋਂ ਅਗਲੇ 3 ਵਿੱਤੀ ਸਾਲਾਂ ’ਚ ਇਹ 6.6 ਫੀਸਦੀ ਰਹੇਗੀ। ਫਿਚ ਨੇ ਕਿਹਾ ਕਿ 2021 ’ਚ ਕਈ ਵੈਕਸੀਨ ਆਉਣ ਦੀ ਉਮੀਦ ’ਚ ਅਸੀਂ 2021-22 ਅਤੇ 2022-23 ਲਈ ਆਪਣੀ ਵਾਧਾ ਦਰ ਦੇ ਅਨੁਮਾਨ ਨੂੰ ਵਧਾਇਆ ਹੈ। 2022-23 ਲਈ ਵਾਧਾ ਦਰ ਦੇ ਅਨੁਮਾਨ ਨੂੰ 6 ਤੋਂ ਵਧਾ ਕੇ 6.3 ਫੀਸਦੀ ਕੀਤਾ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਪ੍ਰਭਾਵੀ ਤਰੀਕੇ ਨਾਲ ਕੋਵਿਡ-19 ਦੇ ਟੀਕੇ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਨਾਲ ਵਾਧੇ ਨੂੰ ਸਮਰਥਨ ਮਿਲੇਗਾ। ਹਾਲਾਂਕਿ ਇਹ ਸਿਹਤ ਸੰਕਟ ਸਮਾਪਤ ਹੋਣ ਤੋਂ ਬਾਅਦ ਵੀ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਰਹੇਗੀ।
ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਤਿੰਨ ਪੈਸੇ ਦੀ ਗਿਰਾਵਟ ਨਾਲ 73.07 ਪ੍ਰਤੀ ਡਾਲਰ ’ਤੇ ਖੁੱਲਿ੍ਹਆ
NEXT STORY