ਨਵੀਂ ਦਿੱਲੀ— ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਪ੍ਰਦੂਸ਼ਣ ਮੁਕਤ ਟਰਾਂਸਪੋਰਟੇਸ਼ਨ ਨੂੰ ਉਤਸ਼ਾਹਤ ਕਰਨ ਲਈ ਇਲੈਕਟ੍ਰਿਕ ਵਾਹਨਾਂ (ਈ. ਵੀ.) ਤੋਂ ਇਲਾਵਾ ਹਾਈਬ੍ਰਿਡ ਅਤੇ ਸੀ. ਐੱਨ. ਜੀ. ਕਾਰਾਂ ਲਈ ਵੀ ਟੈਕਸ ਦਰਾਂ 'ਚ ਰਾਹਤ ਦੀ ਮੰਗ ਕੀਤੀ ਹੈ। ਕਾਰ ਕੰਪਨੀ ਦਾ ਕਹਿਣਾ ਹੈ ਕਿ ਫਿਲਹਾਲ ਸੀ. ਐੱਨ. ਜੀ. ਅਤੇ ਹਾਈਬ੍ਰਿਡ ਕਾਰਾਂ ਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਤਕਨੀਕ ਮਹਿੰਗੀ ਹੋਣ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਕੀਮਤ ਕਾਫੀ ਜ਼ਿਆਦਾ ਹੈ, ਜਿਸ ਕਾਰਨ ਇਨ੍ਹਾਂ ਨੂੰ ਲੋਕਾਂ 'ਚ ਜਗ੍ਹਾ ਬਣਾਉਣ ਲਈ ਸਮਾਂ ਲੱਗੇਗਾ।
ਉੱਥੇ ਹੀ, ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਜਿੱਥੇ ਉਹ 1.3 ਲਿਟਰ ਡੀਜ਼ਲ ਇੰਜਣ ਕਾਰਾਂ ਨੂੰ ਬੰਦ ਕਰਨ ਜਾ ਰਹੀ ਹੈ, ਉੱਥੇ ਹੀ ਪਾਪੁਲਰ ਗੱਡੀ ਵਿਟਾਰਾ ਬ੍ਰੇਜ਼ਾ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਕੰਪਨੀ ਡੀਜ਼ਲ ਕਾਰਾਂ ਬੰਦ ਕਰ ਦੇਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਵਿਟਾਰਾ ਬ੍ਰੇਜ਼ਾ ਨੂੰ ਬੰਦ ਕਰ ਦੇਵਾਂਗੇ ਇਹ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2019-20 ਖਤਮ ਹੋਣ ਤੋਂ ਪਹਿਲਾਂ ਵਿਟਾਰਾ ਬ੍ਰੇਜ਼ਾ ਨੂੰ ਪੈਟਰੋਲ ਇੰਜਣ 'ਚ ਲਾਂਚ ਕੀਤਾ ਜਾਵੇਗਾ ਤੇ ਇਸ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਮਾਰੂਤੀ ਸੁਜ਼ੂਕੀ ਨੇ ਉਮੀਦ ਜਤਾਈ ਕਿ ਸਰਕਾਰ ਗ੍ਰੀਨ ਕਾਰਾਂ ਨੂੰ ਉਤਸ਼ਾਹਤ ਕਰਨ ਲਈ ਜੀ. ਐੱਸ. ਟੀ. ਦਰਾਂ 'ਚ ਕਟੌਤੀ ਕਰੇਗੀ। ਕੰਪਨੀ ਨੇ ਕਿਹਾ ਕਿ ਹਾਈਬ੍ਰਿਡ ਲਈ ਵੀ ਰਾਹਤ ਦੀ ਜ਼ਰੂਰਤ ਹੈ ਕਿਉਂਕਿ ਇਸ ਨਾਲ ਤੇਲ ਦਰਾਮਦ 'ਚ ਕਾਫੀ ਕਮੀ ਕੀਤੀ ਜਾ ਸਕਦੀ ਹੈ। ਮਾਰੂਤੀ ਸੁਜ਼ੂਕੀ ਦਾ ਕਹਿਣਾ ਹੈ ਕਿ ਉਹ ਛੋਟੀ ਈ. ਵੀ. ਕਾਰ ਲਿਆਉਣ 'ਤੇ ਕੰਮ ਕਰ ਰਹੀ ਹੈ। ਕੰਪਨੀ ਸੀ. ਐੱਨ. ਜੀ. ਕਾਰਾਂ ਵੀ ਲਾਂਚ ਕਰਨਾ ਜਾਰੀ ਰੱਖੇਗੀ। ਸਮਾਲ ਸਾਈਜ਼ ਕਾਰਾਂ ਨੂੰ ਸੀ. ਐੱਨ. ਜੀ. 'ਚ ਕੀਤਾ ਜਾਵੇਗਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਵਿਟਾਰਾ ਮਾਡਲ ਨੂੰ ਬੰਦ ਨਹੀਂ ਕੀਤਾ ਜਾਵੇਗਾ।
ਇਸ ਹਫਤੇ ਸੰਸਾਰਕ ਘਟਨਾਕ੍ਰਮ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ : ਵਿਸ਼ੇਸ਼ਕ
NEXT STORY