ਚੰਡੀਗੜ (ਇੰਟ.)-ਖਪਤਕਾਰ ਨੂੰ ਮੈਡੀਕਲੇਮ ਦੇਣ 'ਚ ਨਾਂਹ-ਨੁੱਕਰ ਕਰਨ 'ਤੇ ਜ਼ਿਲਾ ਖਪਤਕਾਰ ਫੋਰਮ ਨੇ ਸਿਗਨਾ ਹੈਲਥ ਇੰਸ਼ੋਰੈਂਸ ਨੂੰ ਸ਼ਿਕਾਇਤਕਰਤਾ ਨੂੰ 44,251 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ। ਸ਼ਿਕਾਇਤਕਰਤਾ ਨੇ ਬੀਮਾ ਕੰਪਨੀ ਅਤੇ ਇਕ ਪ੍ਰਾਈਵੇਟ ਹਸਪਤਾਲ ਖਿਲਾਫ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ, ਫੋਰਮ ਵੱਲੋਂ ਹਸਪਤਾਲ ਦੇ ਖਿਲਾਫ ਸ਼ਿਕਾਇਤ ਨੂੰ ਖਾਰਿਜ ਕਰ ਦਿੱਤਾ ਗਿਆ ਸੀ।
ਕੀ ਹੈ ਮਾਮਲਾ
ਮਾਲੋਆ ਨਿਵਾਸੀ ਨੀਤਾ ਕੁਮਾਰ ਨੇ ਆਪਣੇ ਪਰਿਵਾਰ ਲਈ ਸਿਗਨਾ ਹੈਲਥ ਇੰਸ਼ੋਰੈਂਸ ਕੰਪਨੀ ਤੋਂ 5 ਲੱਖ ਰੁਪਏ ਦੇ ਰਿਸਕ ਕਵਰ ਦੇ ਨਾਲ ਇਕ ਪਾਲਸੀ ਖਰੀਦੀ ਸੀ। 24 ਫਰਵਰੀ, 2016 ਤੋਂ 22 ਫਰਵਰੀ 2017 ਤੱਕ ਲਈ ਵੈਲਿਡ ਇਸ ਪਾਲਿਸੀ ਲਈ ਉਸ ਨੇ ਪ੍ਰਤੀ ਮਹੀਨਾ 9 ਮਹੀਨਿਆਂ ਦਾ ਪ੍ਰੀਮੀਅਮ ਭਰਿਆ ਸੀ। 24 ਸਤੰਬਰ, 2016 ਨੂੰ ਨੀਤਾ ਕੁਮਾਰ ਅਚਾਨਕ ਬੀਮਾਰ ਹੋ ਗਿਆ ਅਤੇ ਉਸ ਦਾ ਇਲਾਜ ਇਕ ਪ੍ਰਾਈਵੇਟ ਹਸਪਤਾਲ 'ਚ ਹੋਇਆ। ਉਹ ਤਿੰਨ ਦਿਨ ਇਲਾਜ ਲਈ ਹਸਪਤਾਲ ਵਿਚ ਰਿਹਾ ਅਤੇ ਇਸ ਦੌਰਾਨ ਹੋਰ ਖਰਚਿਆਂ ਸਮੇਤ ਹਸਪਤਾਲ ਦਾ ਬਿੱਲ 29,251 ਬਣਿਆ। 25 ਸਤੰਬਰ 2016 ਨੂੰ ਬੀਮਾ ਕੰਪਨੀ ਨੇ ਉਸ ਦਾ ਕਲੇਮ ਮਨਜ਼ੂਰ ਕਰ ਲਿਆ ਸੀ ਪਰ ਕੰਪਨੀ ਨੇ ਰਕਮ ਜਾਰੀ ਨਹੀਂ ਕੀਤੀ। ਕੰਪਨੀ ਨੇ ਇਹ ਕਹਿੰਦਿਆਂ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਹਸਪਤਾਲ ਤੋਂ ਡਿਸਚਾਰਜ ਡਿਟੇਲ ਅਨੁਸਾਰ ਨੀਤਾ ਕੁਮਾਰ ਦੀ ਜਿਸ ਬੀਮਾਰੀ ਦਾ ਇਲਾਜ ਕੀਤਾ ਗਿਆ ਸੀ, ਉਸ ਨੂੰ ਆਮ ਤੌਰ 'ਤੇ ਚਿੰਤਾ ਅਤੇ ਤਣਾਅ ਸਬੰਧੀ ਵੱਕਾਰ ਕਿਹਾ ਜਾਂਦਾ ਹੈ ਤੇ ਇਹ ਬੀਮਾ ਕਵਰ ਦੇ ਅਧੀਨ ਨਹੀਂ ਆਉਂਦਾ। ਪ੍ਰੇਸ਼ਾਨ ਹੋ ਕੇ ਨੀਤਾ ਕੁਮਾਰ ਨੇ ਖਪਤਕਾਰ ਫਰੋਮ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸ਼ਿਕਾਇਤਕਰਤਾ ਦੇ ਹੱਕ 'ਚ ਸੁਣਾਇਆ। ਫੋਰਮ ਨੇ ਕਿਹਾ ਕਿ ਬੀਮਾ ਕਰਨ ਵੇਲੇ ਕੰਪਨੀ ਨੇ ਇਹ ਪਰਿਭਾਸ਼ਿਤ ਨਹੀਂ ਕੀਤਾ ਕਿ ਮਾਨਸਿਕ ਬੀਮਾਰੀ ਮੈਡੀਕਲੇਮ ਦੇ ਕਵਰ ਅਧੀਨ ਨਹੀਂ ਆਉਂਦੀ। ਇਸ ਲਈ ਕਲੇਮ ਰਾਸ਼ੀ ਜਾਰੀ ਨਾ ਕਰਨਾ ਸੇਵਾ 'ਚ ਕਮੀ ਦੇ ਤਹਿਤ ਆਉਂਦਾ ਹੈ। ਫੋਰਮ ਨੇ ਬੀਮਾ ਕੰਪਨੀ ਨੂੰ 29,251 ਰੁਪਏ ਮੈਡੀਕਲੇਮ ਦੇ ਸ਼ਿਕਾਇਤਕਰਤਾ ਨੂੰ ਦੇਣ ਦੇ ਨਾਲ ਹੀ 10,000 ਰੁਪਏ ਮੁਆਵਜ਼ਾ ਰਾਸ਼ੀ ਤੇ 5000 ਰੁਪਏ ਅਦਾਲਤੀ ਖਰਚੇ ਵਜੋਂ ਦੇਣ ਦਾ ਹੁਕਮ ਦਿੱਤਾ ਹੈ।
ਪਿਆਜ਼ ਦੇ ਘੱਟੋ-ਘੱਟ ਬਰਾਮਦ ਮੁੱਲ 'ਚ 150 ਡਾਲਰ ਟਨ ਦੀ ਕਮੀ
NEXT STORY