ਨਵੀਂ ਦਿੱਲੀ- APPLE ਲਈ ਆਈਫੋਨ ਬਣਾਉਣ ਵਾਲੀ ਤੇ ਸਪਲਾਇਰ ਤਾਈਵਾਨ ਦੀ ਪ੍ਰਮੁੱਖ ਇਲੈਕਟ੍ਰਾਨਿਕਸ ਕੰਪਨੀ ਪੇਗਾਟ੍ਰੋਨ ਚੇਨੱਈ ਵਿਚ ਆਪਣਾ ਪਹਿਲਾ ਆਈਫੋਨ ਪਲਾਂਟ ਲਾ ਰਹੀ ਹੈ।
ਸੂਤਰਾਂ ਮੁਤਾਬਕ, ਕੰਪਨੀ ਨੇ ਚੇਨੱਈ ਦੇ ਨਜ਼ਦੀਕ ਚੇਂਗਲਪੱਟੂ ਦੇ ਕਾਸਾਗ੍ਰੈਂਡ ਉਦਯੋਗਿਕ ਪਾਰਕ ਵਿਚ 500,000 ਵਰਗ ਫੁੱਟ ਜਗ੍ਹਾ ਪੱਟੇ 'ਤੇ ਲਈ ਹੈ, ਜਿਥੇ ਉਹ ਲਗਭਗ 1,100 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਪੇਗਾਟ੍ਰੋਨ ਦਾ ਇਹ ਪਲਾਂਟ 4 ਮਹੀਨਿਆਂ ਵਿਚ ਕੰਮ ਕਰਨ ਲਈ ਤਿਆਰ ਹੋ ਜਾਵੇਗਾ।
ਤਾਮਿਲਨਾਡੂ ਵਿਚ ਹਾਲ ਹੀ ਵਿਚ ਓਲਾ ਤੋਂ ਬਾਅਦ ਪੇਗਾਟ੍ਰੋਨ ਦੂਜਾ ਵੱਡਾ ਨਿਵੇਸ਼ਕ ਹੈ। ਓਲਾ ਨੇ ਕਰਨਾਟਕ ਦੀ ਸਰਹੱਦ ਦੇ ਨੇੜੇ ਹੋਸੂਰ ਵਿਚ ਇਲੈਕਟ੍ਰਿਕ ਟੂ-ਵ੍ਹੀਲਰ ਪਲਾਂਟ ਸਥਾਪਤ ਕਰਨ ਲਈ 2,400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਚੇਨੱਈ ਆਟੋਮੋਬਾਇਲ ਦਾ ਵੀ ਹੱਬ ਹੈ।
ਪੇਗਾਟ੍ਰੋਨ ਐਪਲ ਦੀਆਂ ਉਨ੍ਹਾਂ ਸਹਾਇਕ ਕੰਪਨੀਆਂ ਦੀ ਕਤਾਰ ਵਿਚ ਆ ਗਈ ਹੈ, ਜੋ ਭਾਰਤ ਵਿਚ ਆਈਫੋਨ ਬਣਾ ਰਹੀਆਂ ਹਨ। ਤਾਈਵਾਨ ਦੀ ਇਲੈਕਟ੍ਰਾਨਿਕਸ ਨਿਰਮਾਤਾ ਫਾਕਸਕਾਨ ਤਕਨਾਲੋਜੀ ਪਹਿਲਾਂ ਹੀ ਤਾਮਿਲਨਾਡੂ ਵਿਚ ਆਈਫੋਨ ਹੈਂਡਸੈੱਟ ਦਾ ਨਿਰਮਾਣ ਕਰ ਰਹੀ ਹੈ। ਪੇਗਾਟ੍ਰੋਨ ਐਪਲ ਲਈ ਆਈਫੋਨ ਐੱਸ. ਈ. ਦਾ ਨਿਰਮਾਣ ਕਰਦੀ ਹੈ। ਜਲਦ ਹੀ ਇਹ ਹੁਣ ਭਾਰਤ ਵਿਚ ਇਸ ਦਾ ਨਿਰਮਾਣ ਸ਼ੁਰੂ ਕਰੇਗੀ। ਉੱਥੇ ਹੀ, ਵਿਸਟ੍ਰੋਨ ਵੀ ਭਾਰਤ ਵਿਚ ਆਈਫੋਨ ਦੀ ਠੇਕਾ ਨਿਰਮਾਤਾ ਕੰਪਨੀ ਹੈ, ਜਿਸ ਦਾ ਪਲਾਂਟ ਕਰਨਾਟਕ ਵਿਚ ਹੈ। ਗੌਰਤਲਬ ਹੈ ਕਿ ਤਾਮਿਲਨਾਡੂ ਮੋਬਾਈਲ ਹੈਂਡਸੈੱਟਸ ਅਤੇ ਕੰਪੋਨੈਂਟਸ ਦਾ ਸਭ ਤੋਂ ਵੱਡਾ ਹੱਬ ਹੈ। ਸੂਬੇ ਵਿਚ ਨੋਕੀਆ, ਸੈਮਸੰਗ, ਫਲੈਕਸ, ਮੋਟੋਰੋਲਾ, ਬੀ. ਵਾਈ. ਡੀ. ਸਣੇ ਹੋਰ ਕਈ ਕੰਪਨੀਆਂ ਹਨ।
ਬਜਟ 2021 : ਇੰਪੋਰਟਡ ਗੱਡੀ ਹੋਵੇਗੀ ਹੋਰ ਮਹਿੰਗੀ, ਵੱਧ ਸਕਦੀ ਹੈ ਡਿਊਟੀ
NEXT STORY