ਨਵੀਂ ਦਿੱਲੀ— ਦਾਲਾਂ ਦੀ ਦਰਾਮਦ ਵਧਣ ਨਾਲ ਇਨ੍ਹਾਂ ਦੀ ਕੀਮਤ 5-10 ਫੀਸਦੀ ਥੱਲ੍ਹੇ ਆ ਗਈ ਹੈ। ਮਿੱਲਰਾਂ ਤੇ ਟ੍ਰੇਡਰਾਂ ਦਾ ਕਹਿਣਾ ਹੈ ਕਿ ਬੀਤੇ ਇਕ ਹਫਤੇ ਤੋਂ ਦਾਲਾਂ ਦੀ ਸਪਲਾਈ ਵਧੀ ਹੈ, ਜਿਸ ਕਾਰਨ ਕੀਮਤਾਂ 'ਚ ਗਿਰਾਵਟ ਹੈ। ਮਿਆਂਮਾਰ ਤੇ ਅਫਰੀਕਾ ਤੋਂ ਦਰਾਮਦ ਵਧੀ ਹੈ। ਉਨ੍ਹਾਂ ਕਿਹਾ ਕਿ ਸਤੰਬਰ ਦੇ ਸ਼ੁਰੂ ਤਕ ਸਪਲਾਈ 'ਚ ਹੋਰ ਤੇਜ਼ੀ ਦੀ ਸੰਭਾਵਨਾ ਹੈ, ਜਿਸ ਨਾਲ ਤਿਉਹਾਰੀ ਸੀਜ਼ਨ ਦੌਰਾਨ ਵੀ ਇਨ੍ਹਾਂ ਦੀ ਕੀਮਤ ਕਮਜ਼ੋਰ ਹੀ ਰਹਿ ਸਕਦੀ ਹੈ।
ਸਰਕਾਰ ਨੇ ਤਿਉਹਾਰੀ ਸੀਜ਼ਨ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਤੋਂ ਬਚਣ ਲਈ 31 ਅਕਤੂਬਰ ਤਕ 4 ਲੱਖ ਟਨ ਅਰਹਰ ਤੇ 1.5-1.5 ਲੱਖ ਟਨ ਮੂੰਗ ਤੇ ਮਾਂਹ ਦੀ ਦਰਾਮਦ ਕਰਨ ਦੀ ਮਨਜ਼ੂਰੀ ਦਿੱਤੀ ਹੋਈ ਹੈ। ਇਸ ਲਈ ਕੀਮਤਾਂ 'ਚ ਉਛਾਲ ਦੀ ਸੰਭਾਵਨਾ ਨਹੀਂ ਹੈ। 'ਸਰਬ ਦਾਲ ਮਿੱਲਰਜ਼ ਸੰਗਠਨ' ਮੁਤਾਬਕ, ਪਿਛਲੇ ਇਕ ਹਫਤੇ ਤੋਂ ਥੋਕ ਬਾਜ਼ਾਰ 'ਚ ਅਰਹਰ ਦਾਲ ਦੀ ਕੀਮਤ 5 ਫੀਸਦੀ ਘੱਟ ਕੇ 80 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ, ਜਦੋਂ ਕਿ ਇਸ ਦੌਰਾਨ ਮਾਂਹ ਤੇ ਮੂੰਗ ਦਾਲ 'ਚ ਲਗਭਗ 10 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ ਤੇ ਇਨ੍ਹਾਂ ਦੀ ਕੀਮਤ ਕ੍ਰਮਵਾਰ 60-65 ਰੁਪਏ ਪ੍ਰਤੀ ਕਿੱਲੋ ਚੱਲ ਰਹੀ ਹੈ।
ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਦਾਲ ਉਤਪਾਦਕ ਅਤੇ ਖਪਤਕਾਰ ਬਾਜ਼ਾਰ ਹੈ। 2018-19 'ਚ ਦਾਲ ਉਤਪਾਦਨ 232.2 ਲੱਖ ਟਨ ਰਿਹਾ ਹੈ। ਉੱਥੇ ਹੀ, ਖਪਤ ਦੀ ਗੱਲ ਕਰੀਏ ਤਾਂ 280-290 ਲੱਖ ਟਨ ਦਾਲ ਹਰ ਸਾਲ ਭਾਰਤ 'ਚ ਖਪਤ ਹੁੰਦੀ ਹੈ। ਦਾਲਾਂ ਦੇ ਇੰਪੋਰਟਰਾਂ ਨੇ ਕਿਹਾ ਕਿ ਕੀਮਤਾਂ 'ਚ ਗਿਰਾਵਟ ਤਿਉਹਾਰੀ ਸੀਜ਼ਨ ਦੀ ਮੰਗ ਨਾਲ ਸੀਮਤ ਹੋਵੇਗੀ। ਉਨ੍ਹਾਂ ਕਿਹਾ ਕਿ ਮਿਆਂਮਾਰ ਤੋਂ 30,000 ਟਨ ਅਰਹਰ ਦਾਲ ਅਗਸਤ ਤਕ ਅਤੇ ਬਾਕੀ 70,000 ਟਨ ਅਕਤੂਬਰ ਤਕ ਭਾਰਤ 'ਚ ਪਹੁੰਚ ਸਕਦੀ ਹੈ।ਇਸ ਤੋਂ ਇਲਾਵਾ, ਇਸ ਸਾਲ ਸਰਕਾਰ-ਤੋਂ-ਸਰਕਾਰ ਸਮਝੌਤੇ ਤਹਿਤ ਮੋਜ਼ਾਮਬੀਕ ਤੋਂ 175,000 ਟਨ ਹੋਰ ਅਰਹਰ ਦਾਲ ਦੀ ਦਰਾਮਦ ਕੀਤੀ ਜਾਵੇਗੀ।ਉੱਥੇ ਹੀ, ਅਗਸਤ ਤਕ ਮਿਆਂਮਾਰ ਤੋਂ 25,000 ਟਨ ਮਾਂਹ ਭਾਰਤ ਪਹੁੰਚ ਜਾਵੇਗੀ।ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ ਕੋਲ ਵੀ 37-39 ਲੱਖ ਟਨ ਦਾਲਾਂ ਦਾ ਭੰਡਾਰ ਮੌਜੂਦ ਹੈ, ਜਿਸ ਨਾਲ ਆਉਣ ਵਾਲੇ ਦਿਨਾਂ 'ਚ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਪੀ. ਐੱਸ.) ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ।
ਛੋਟੇ ਸ਼ਹਿਰਾਂ ’ਤੇ ਵੱਡਾ ਦਾਅ ਖੇਡ ਰਹੀਆਂ ਈ-ਕਾਮਰਸ ਕੰਪਨੀਆਂ
NEXT STORY